ਕੈਪਟਨ ਸਰਕਾਰ ਅਧੂਰੀ ਵਾਰਡਬੰਦੀ ਨਾਲ ਚੋਣ ਕਰਵਾ ਕੇ ਜਿੱਤੇਗੀ ਨਹੀਂ : ਕੋਹਾੜ

ਜਲੰਧਰ— ਸਥਾਨਕ ਸਰਕਟ ਹਾਊਸ ਵਿਚ ਅਕਾਲੀ ਵਰਕਰਾਂ ਨਾਲ ਬੈਠਕ ‘ਚ ਜ਼ਿਲਾ ਨਿਗਮ ਚੋਣ ਲਈ ਅਕਾਲੀ ਦਲ ਹਾਈਕਮਾਨ ਵੱਲੋਂ ਗਠਿਤ ਕਮੇਟੀ ਦੇ ਮੈਂਬਰ ਅਜੀਤ ਸਿੰਘ ਕੋਹਾੜ ਅਤੇ ਬੀਬੀ ਜਗੀਰ ਕੌਰ ਨੇ ਵਰਕਰਾਂ ਅਤੇ ਨਿਗਮ ਚੋਣਾਂ ਵਿਚ ਟਿਕਟਾਂ ਦੇ ਦਾਅਵੇਦਾਰਾਂ ਨੂੰ ਕਿਹਾ ਕਿ ਤਿਆਰੀ ਕਰ ਲਵੋ ਅਤੇ ਨਿਗਮ ਚੋਣ ਵਿਚ ਪਾਰਟੀ ਦੀ ਜਿੱਤ ਲਈ ਯਤਨ ਤੇਜ਼ ਕਰ ਦਿਓ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੋਹਾੜ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਅਧੂਰੀ ਵਾਰਡਬੰਦੀ ਕਾਰਵਾਈ ਹੈ, ਜੋ ਕਿ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਇਸ ਵਾਰਡਬੰਦੀ ਤੋਂ ਖੁਸ਼ ਨਹੀਂ ਹੈ ਪਰ ਮਜਬੂਰਨ ਉਸ ਨੂੰ ਚੋਣ ਵਿਚ ਹਿੱਸਾ ਲੈਣਾ ਪੈ ਰਿਹਾ ਹੈ। ਕੋਹਾੜ ਨੇ ਕਿਹਾ ਕਿ ਬੀਤੇ ਦਿਨੀਂ ਉਹ ਕੈਪਟਨ ਨੂੰ ਮਿਲੇ ਸਨ ਕਿ ਵਾਰਡਬੰਦੀ ਦੁਬਾਰਾ ਸਹੀ ਤਰੀਕੇ ਨਾਲ ਕਰਵਾਈ ਜਾਵੇ ਪਰ ਕੈਪਟਨ ਨਵਜੋਤ ਸਿੱਧੂ ਦੇ ਇਸ਼ਾਰਿਆਂ ‘ਤੇ ਨੱਚ ਰਿਹਾ ਹੈ, ਜਿਸ ਦਾ ਕਾਂਗਰਸ ਨੂੰ ਕੋਈ ਫਾਇਦਾ ਨਹੀਂ ਮਿਲਣ ਵਾਲਾ। ਇਸ ਮੌਕੇ ਉਨ੍ਹਾਂ ਅਕਾਲੀ ਵਰਕਰਾਂ ਨੂੰ ਕਿਹਾ ਕਿ ਜਲਦ ਹੀ ਅਕਾਲੀ ਦਲ ਭਾਜਪਾ ਦੇ ਆਗੂ ਆਪਸ ਵਿਚ ਬੈਠਕ ਕਰ ਕੇ ਵਾਰਡਾਂ ਦੀ ਵੰਡ ਕਰਨਗੇ ਅਤੇ ਅਕਾਲੀ ਦਲ ਦੇ ਹਿੱਸੇ ਜਿੰਨੇ ਵੀ ਵਾਰਡ ਆਏ ਹਨ, ਉਨ੍ਹਾਂ ਨੂੰ ਢੁੱਕਵੇਂ ਚੋਣ ਮੈਦਾਨ ਵਿਚ ਉਤਾਰਿਆ ਜਾਵੇਗਾ।
ਕੋਹਾੜ ਅਤੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਅਕਾਲੀ ਦਲ ਕੋਲੋਂ ਸੀਟਾਂ ਸੀਮਤ ਹੋਣਗੀਆਂ, ਇਸ ਲਈ ਵਰਕਰ ਆਪਸ ਵਿਚ ਟਿਕਟ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਖਿੱਚੋਤਾਣ ਨਾ ਕਰਨ। ਇਸ ਮੌਕੇ ਸੀ. ਆਗੂਆਂ ਨੇ ਓਬਰਾਏ ਪਤੀ-ਪਤਨੀ ਨੂੰ ਵਾਪਸ ਅਕਾਲੀ ਦਲ ਵਿਚ ਆਉਣ ‘ਤੇ ਸਨਮਾਨਿਤ ਕੀਤਾ। ਇਸ ਦੌਰਾਨ ਕੁਲਵੰਤ ਸਿੰਘ ਮੰਨਣ, ਸੁਰਜੀਤ ਸਿੰਘ ਗੋਲਡੀ, ਸਰਬਜੀਤ ਸਿੰਘ ਮੱਕੜ, ਕੁਲਦੀਪ ਸਿੰਘ ਓਬਰਾਏ, ਅਰਵਿੰਦ ਕੌਰ ਓਬਰਾਏ, ਪਰਮਜੀਤ ਸਿੰਘ ਰਾਏਪੁਰ, ਸੇਠ ਸਤਪਾਲ ਮੱਲ, ਪਵਨ ਟੀਨੂ, ਰਣਜੀਤ ਸਿੰਘ ਰਾਣਾ, ਬਲਜੀਤ ਨੀਲਾਮਹਿਲ, ਗੁਰਪ੍ਰੀਤ ਸਿੰਘ ਖਾਲਸਾ ਆਦਿ ਮੌਜੂਦ ਸਨ।