ਚੰਡੀਗੜ੍ਹ : ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਜਨਤਕ ਖੇਤਰ ਦੇ ਖਾਦ ਉਤਪਾਦਕਾਂ ਆਰਸੀਐਫ ਅਤੇ ਐਨਐਫਐਲ ਵਲੋਂ ਤੁਰੰਤ ਪ੍ਰਭਾਵ ਨਾਲ ਡੀਏਪੀ ਖਾਦ ਦਾ ਘੱਟੋ-ਘੱਟ ਖਰੀਦ ਮੁੱਲ 2500 ਰੁਪਏ ਪੀਐਮਟੀ, ਐਨਪੀਕੇ ਖਾਦ ਦਾ 1000 ਰੁਪਏ ਅਤੇ ਐਮਓਪੀ ਦਾ 5000 ਰੁਪਏ ਪੀਐਮਟੀ ਤੱਕ ਘਟਾਏ ਜਾਣ ਦੀ ਸ਼ਲਾਘਾ ਕੀਤੀ ਹੈ।
ਇਸ ਕਦਮ ਨੂੰ ਦੇਸ਼ ਦੇ ਕਿਸਾਨੀ ਖੇਤਰ ਖਾਸ ਕਰਕੇ ਪੰਜਾਬ ਦੀ ਖੁਸ਼ਹਾਲੀ ਪੱਖੋ ਬੇਹੱਦ ਅਹਿਮ ਦੱਸਦੇ ਹੋਏ ਸ੍ਰੀਮਤੀ ਬਾਦਲ ਨੇ ਕਿਹਾ ਕਿ ਹੁਣ ਐਮਓਪੀ ਦੀ 50 ਕਿਲੋ ਦੀ ਬੋਰੀ ਉੱਤੇ 250 ਰੁਪਏ ਅਤੇ ਡੀ ਏ ਪੀ ਦੀ 50 ਕਿਲੋ ਦੀ ਬੋਰੀ ਉੱਤੇ 125 ਰੁਪਏ ਘੱਟ ਚੁਕਾਉਣੇ ਪੈਣਗੇ।
ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਸ੍ਰੀ ਅਨੰਤ ਕੁਮਾਰ ਤੇ ਕੇਂਦਰੀ ਰਸਾਇਣ ਅਤੇ ਖਾਦ ਰਾਜ ਮੰਤਰੀ, ਸ੍ਰੀ ਹੰਸ ਰਾਜ ਗੰਗਾ ਰਾਮ ਅਹੀਰ ਦਾ ਧੰਨਵਾਦ ਕਰਦੇ ਹੋਏ ਸ੍ਰੀਮਤੀ ਬਾਦਲ ਨੇ ਕਿਹਾ ਕਿ ਇਸ ਕਿਸਾਨ ਪੱਖੀ ਫੈਸਲੇ ਨਾਲ ਕੇਂਦਰ ਸਰਕਾਰ ਨੇ ਦਿਖਾ ਦਿੱਤਾ ਹੈ ਕਿ ਉਸ ਨੂੰ ਦੇਸ਼ ਦੇ ਕਿਸਾਨਾਂ ਦੇ ਹਿੱਤ ਪਿਆਰੇ ਹਨ ਅਤੇ ਕਿਸਾਨ, ਖੇਤੀਬਾੜੀ ਦੇ ਲਾਹੇਵੰਦ ਧੰਦਾ ਬਣਨ ਦੀ ਉਮੀਦ ਕਰ ਸਕਦੇ ਹਨ। ਉਨ੍ਹਾਂ ਅਗਾਂਹ ਕਿਹਾ ਕਿ ਇਹ 15 ਵਰ੍ਹਿਆਂ ਵਿਚ ਪਹਿਲੀ ਵਾਰ ਹੋਇਆ ਹੈ ਕਿ ਡੀਏਪੀ, ਐਨਪੀਕੇ ਅਤੇ ਐਮਓਪੀ ਦੀਆਂ ਕੀਮਤਾਂ ਘਟਾਈਆਂ ਗਈਆਂ ਹਨ। ਇਸ ਕ੍ਰਾਂਤੀਕਾਰੀ ਕਦਮ ਨਾਲ ਦੇਸ਼ ਦੀ ਕਿਸਾਨੀ ਨੂੰ 4500 ਕਰੋੜ ਰੁਪਏ ਤੱਕ ਦਾ ਲਾਭ ਪੁੱਜੇਗਾ।
ਸ੍ਰੀਮਤੀ ਬਾਦਲ ਨੇ ਇਹ ਵੀ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੀ ਕੇਂਦਰ ਸਰਕਾਰ ਦੀ ਇਸੇ ਸੋਚ ਦੇ ਹਾਮੀ ਹਨ ਕਿ ਕਿਸਾਨੀ ਦੀ ਭਲਾਈ ਹਿੱਤ ਹਮੇਸ਼ਾਂ ਕਦਮ ਪੁੱਟੇ ਜਾਣੇ ਚਾਹੀਦੇ ਹਨ ਕਿਉਂ ਜੋ ਕਿਸਾਨੀ ਦੇਸ਼ ਦੇ ਅਰਥਚਾਰੇ ਦੀ ਰੀੜ੍ਹ ਦੀ ਹੱਡੀ ਹੈ।















