ਫ਼ਿਲਮ ਨਿਰਮਾਤਾ ਸੰਜੇ ਲੀਲਾ ਭੰਸਾਲੀ ਤੇ ਅਦਾਕਾਰਾ ਦੀਪਿਕਾ ਪਾਦੁਕੋਣ ਨੂੰ ਮਿਲਣ ਵਾਲੀਆਂ ਧਮਕੀਆਂ ਦਾ ਦੌਰ ਜਾਰੀ ਹੈ। ‘ਪਦਮਾਵਤੀ’ ਉੱਤੇ ਵਿਵਾਦ ਵਧਦਾ ਹੀ ਗਿਆ ਹੈ। ਹੁਣ ਤੱਕ ਦੀਪਿਕਾ ਨੇ ਇਸ ਵਿਸ਼ੇ ਉਤੇ ਕੁਝ ਨਹੀਂ ਕਿਹਾ ਸੀ, ਪਰ ਹੁਣ ਉਹ ਖੁੱਲ੍ਹ ਕੇ ਬੋਲਣ ਲੱਗੀ ਹੈ। ਉਸ ਦਾ ਕਹਿਣਾ ਹੈ ਕਿ ਅਜਿਹੇ ਵਿਵਾਦਾਂ ਨਾਲ ਉਸ ਦੇ ਕੰਮ ‘ਤੇ ਕੋਈ ਅਸਰ ਨਹੀਂ ਪੈਂਦਾ। ਇਸ ਫ਼ਿਲਮ ਨਗਰੀ ਵਿੱਚ ਆਏ ਉਸ ਨੂੰ 10 ਸਾਲ ਹੋ ਗਏ ਹਨ ਤੇ ਇੱਕ ਕਲਾਕਾਰ ਵਜੋਂ ਉਹ ਰੋਜ਼ ਕੁਝ ਨਾ ਕੁਝ ਨਵਾਂ ਸਿੱਖਦੀ ਰਹਿੰਦੀ ਹੈ। ਜੇ ਸਾਰਿਆਂ ਨੂੰ ਲੱਗਦਾ ਹੈ ਕਿ ‘ਪਦਮਾਵਤੀ’ ਦੇ ਮਾਮਲੇ ਵਿੱਚ ਫ਼ਿਲਮ ਨਾਲ ਜੁੜੇ ਲੋਕ ਡਰ ਗਏ ਹਨ ਤਾਂ ਘੱਟੋ-ਘੱਟ ਉਹ ਇਨ੍ਹਾਂ ਗੱਲਾਂ ਤੋਂ ਨਹੀਂ ਡਰਦੀ। ਉਹ ਕਹਿੰਦੀ ਹੈ, ”ਫ਼ਿਲਮ ਬਣਾਉਣ ‘ਚ ਅਸੀਂ ਕਾਫ਼ੀ ਮਿਹਨਤ ਕੀਤੀ ਹੈ। ਮੈਂ ਹਾਲੀਵੁੱਡ ਦੀ ਫ਼ਿਲਮ ਵੀ ਠੁਕਰਾ ਦਿੱਤੀ ਸੀ। ਹੁਣ ਜੋ ਹੋਵੇਗਾ, ਦੇਖਿਆ ਜਾਵੇਗਾ।”
ਇਸ ਫ਼ਿਲਮ ਵਿੱਚ ਰਣਵੀਰ ਸਿੰਘ ਨੇ ਦਿੱਲੀ ਸਲਤਨਤ ਦੇ ਸ਼ਾਸਕ ਅਲਾਊਦੀਨ ਖਿਲਜੀ ਦੀ ਭੂਮਿਕਾ ਨਿਭਾਈ ਹੈ, ਜਿਸ ਨੂੰ ਬਹੁਤ ਜ਼ਾਲਮ ਤੇ ਗਰਮ ਮਿਜਾਜ ਮੰਨਿਆ ਜਾਂਦਾ ਸੀ। ਫ਼ਿਲਮ ਵਿੱਚ ਭੂਮਿਕਾ ਨਿਭਾਉਂਦੇ ਹੋਏ ਅਸਲ ਜ਼ਿੰਦਗੀ ਵਿੱਚ ਵੀ ਰਣਵੀਰ ਗੁੱਸੇ ਵਾਲਾ ਬਣ ਗਿਆ ਸੀ ਤੇ ਗੱਲ ਗੱਲ ਉਤੇ ਚਿੜ੍ਹ ਜਾਂਦਾ ਸੀ। ‘ਪਦਮਾਵਤੀ’ ਦੀ ਪ੍ਰਮੋਸ਼ਨ ਦੌਰਾਨ ਇੱਕ ਗੱਲਬਾਤ ਵਿੱਚ ਦੀਪਿਕਾ ਨੇ ਵੀ ਮੰਨਿਆ ਕਿ ਇਸ ਫ਼ਿਲਮ ਵਿੱਚ ਨਿਭਾਏ ਗਏ ਕਿਰਦਾਰਾਂ ਦਾ ਸਾਰਿਆਂ ‘ਤੇ ਕਿਤੇ ਨਾ ਕਿਤੇ ਜ਼ਿਆਦਾ ਹੀ ਅਸਰ ਹੋਇਆ ਹੈ। ਰਣਵੀਰ ਸਿੰਘ ‘ਤੇ ਅਲਾਊਦੀਨ ਖਿਲਜੀ ਦਾ ਕੁਝ ਜ਼ਿਆਦਾ ਅਸਰ ਹੋਇਆ ਹੈ। ਇੱਕ ਸਮੇਂ ਉਹ ਛੋਟੀਆਂ ਛੋਟੀਆਂ ਗੱਲਾਂ ‘ਤੇ ਚਿੜ੍ਹ ਜਾਂਦਾ ਸੀ। ਕਹਿੰਦੇ ਹਨ ਕਿ ਇਸ ਕਾਰਨ ਉਸ ਦੀ ਆਪਣੀ ਖਾਸ ਦੋਸਤ ਦੀਪਿਕਾ ਨਾਲ ਇੱਕ ਦੋ ਵਾਰ ਗੁੱਸਾ ਗਿਲਾ ਵੀ ਹੋਇਆ। ਦੀਪਿਕਾ ਨੇ ਫ਼ਿਰ ਇਸ ਗੱਲ ਨੂੰ ਸਮਝ ਲਿਆ ਕਿ ਰਣਵੀਰ ਦੇ ਵਤੀਰੇ ‘ਚ ਕਿਸ ਕਾਰਨ ਤਬਦੀਲੀ ਆਈ ਹੈ। ਦੀਪਿਕਾ ਨੇ ਮੰਨਿਆ ਕਿ ਪਦਮਾਵਤੀ ਵਰਗੇ ਰੋਲ ਇੱਕ ਮਹਿਲਾ ਕਲਾਕਾਰ ਦੀ ਜ਼ਿੰਦਗੀ ਵਿੱਚ ਵਾਰ ਵਾਰ ਨਹੀਂ ਆਉਂਦੇ। ਉਸ ਨੇ ਇਸ ਨੂੰ ਮਹਿਸੂਸ ਕੀਤਾ ਹੈ ਤੇ ਇਸ ਦਾ ਜਸ਼ਨ ਮਨਾਇਆ ਹੈ।
ਪੂਰੇ ਦੇਸ਼ ਵਿੱਚ ਦੀਪਿਕਾ ਉਤੇ ਰਾਣੀ ਪਦਮਾਵਤੀ ਦੇ ਰੋਲ ਦੇ ਗਲਤ ਚਿਤਰਨ ਦਾ ਦੋਸ਼ ਲਾ ਕੇ ਵਿਰੋਧ ਕੀਤਾ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਅਲਾਊਦੀਨ ਖਿਲਜੀ ਅਤੇ ਰਾਣੀ ਪਦਮਾਵਤੀ ਦੇ ਪ੍ਰੇਮ ਪ੍ਰਸੰਗ ਦਿਖਾ ਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪੁਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਫ਼ਿਲਮ ਦੀ ਰਿਲੀਜ਼ ਨੂੰ ਫ਼ਿਲਹਾਲ ਟਾਲ ਦਿੱਤਾ ਦਿੱਤਾ ਗਿਆ ਹੈ।











