ਨਵੀਂ ਦਿੱਲੀ – ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਦੇਸ਼ ‘ਚ ਵਧਦੀ ਮਹਿੰਗਾਈ ਨੂੰ ਲੈ ਕੇ ਭਾਜਪਾ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਭਾਜਪਾ ਧਿਆਨ ਭਟਕਾਉਣ ਵਾਲੇ ਸਟੰਟ ਅਤੇ ਬੇਕਾਰ ਗੱਲਾਂ ‘ਚ ਲੋਕਾਂ ਨੂੰ ਉਲਝਾ ਕੇ ਆਪਣੀਆਂ ਕਰਤੂਤਾਂ ‘ਤੇ ਪਰਦਾ ਪਾਉਣਾ ਚਾਹੁੰਦੀ ਹੈ ਪਰ ਕਾਂਗਰਸ ਅਤੇ ਜਨਤਾ ਮਹਿੰਗਾਈ ਦੇ ਮੁੱਦੇ ‘ਤੇ ਸਵਾਲ ਪੁੱਛਦੀ ਰਹੇਗੀ। ਖੜਗੇ ਨੇ ਤਿਉਹਾਰਾਂ ਵਿਚਾਲੇ ਆਮ ਆਦਮੀ ਦੀ ਰਸੋਈ ‘ਤੇ ਪੈ ਰਹੇ ਮਹਿੰਗਾਈ ਦੇ ਅਸਰ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਪਿਆਜ਼ ਦੀਆਂ ਕੀਮਤਾਂ ਇਕ ਸਾਲ ‘ਚ 59 ਫੀਸਦੀ ਤੱਕ ਵਧ ਗਈਆਂ ਹਨ ਅਤੇ ਕਈ ਸ਼ਹਿਰਾਂ ‘ਚ ਇਹ 50 ਤੋਂ 60 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ।
ਉਨ੍ਹਾਂ ਨੇ ਖੰਡ ਦੀ ਕੀਮਤ 60 ਤੋਂ 70 ਰੁਪਏ ਪ੍ਰਤੀ ਕਿਲੋ ਅਤੇ ਕੁਝ ਥਾਵਾਂ ‘ਤੇ 72 ਰੁਪਏ ਤੱਕ ਪਹੁੰਚਣ ਦਾ ਦਾਅਵਾ ਕੀਤਾ। ਉੱਥੇ ਹੀ ਸਰ੍ਹੋਂ ਦੇ ਤੇਲ ਦੀ ਕੀਮਤ 200 ਰੁਪਏ ਪ੍ਰਤੀ ਲੀਟਰ ਤੋਂ ਵੱਧ ਹੋਣ ਦੀ ਗੱਲ ਕਹੀ। ਕਾਂਗਰਸ ਪ੍ਰਧਾਨ ਨੇ ਭੋਜਨ ਮਹਿੰਗਾਈ ਦਰ 5.52 ਫੀਸਦੀ ਅਤੇ ਥੋਕ ਮਹਿੰਕਾਈ ਦਰ 9.78 ਫੀਸਦੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪਿਛਲੇ 12 ਸਾਲਾਂ ਤੋਂ ਭਾਜਪਾ ਦੀ ਸਰਕਾਰ ਹੈ ਪਰ ‘ਚੰਗੇ ਦਿਨਾਂ ‘ਚ ਕਦੇ ਦਾਲ, ਕਦੇ ਸਬਜ਼ੀ, ਕਦੇ ਤੇਲ ਅਤੇ ਕਦੇ ਖੰਡ ਆਮ ਆਦਮੀ ਦਾ ਬਜਟ ਵਿਗਾੜਦੀ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਧਿਆਨ ਭਟਕਾਉਣ ਦੀ ਬਜਾਏ ਮਹਿੰਗਾਈ ‘ਤੇ ਜਵਾਬ ਦੇਣਾ ਚਾਹੀਦਾ ਅਤੇ ਜਨਤਾ ਨੂੰ ਰਾਹਤ ਦੇਣ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ।














