ਸ੍ਵਰਾ ਨੂੰ ‘ਵੀਰੇ ਦੀ ਵੈਡਿੰਗ’ ਦੀ ਉਡੀਕ

ਸਿਨਮਾ ਵਿੱਚ ਕਮਰਸ਼ਲ ਫ਼ਿਲਮਾਂ ਦੀ ਬਜਾਏ ਮੁੱਦਿਆਂ ‘ਤੇ ਆਧਾਰਿਤ ਫ਼ਿਲਮਾਂ ਵਿੱਚ ਅਭਿਨੈ ਕਰਕੇ ਲਗਾਤਾਰ ਸਫ਼ਲਤਾ ਵੱਲ ਵਧ ਰਹੀ ਸ੍ਵਰਾ ਭਾਸਕਰ ਨੂੰ ਲੋਕਾਂ ਨੇ ‘ਰਾਂਝਣਾ’, ‘ਤਨੂ ਵੈੱਡਜ਼ ਮਨੂ’, ‘ਨਿਲ ਬਟੇ ਸੰਨਾਟਾ’ ਅਤੇ ‘ਅਨਾਰਕਲੀ ਆਫ਼ ਆਰਾ’ ਵਿੱਚ ਕਾਫ਼ੀ ਪਸੰਦ ਕੀਤਾ, ਪਰ ਜਦੋਂ ਵੀ ਉਸ ਨੇ ਕਮਰਸ਼ਲ ਫ਼ਿਲਮਾਂ ਕੀਤੀਆਂ, ਉਨ੍ਹਾਂ ਫ਼ਿਲਮਾਂ ਦੀ ਸਫ਼ਲਤਾ ਦਾ ਸਿਹਰਾ ਦੂਜੇ ਕਲਾਕਾਰ ਲੈ ਉੱਡੇ। ਹੁਣ ਸ੍ਵਰਾ ਭਾਸਕਰ ਸੋਨਮ ਕਪੂਰ ਨਾਲ ਕਮਰਸ਼ਲ ਫ਼ਿਲਮ ‘ਵੀਰੇ ਦੀ ਵੈਡਿੰਗ’ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ। ਉਸ ਦਾ ਦਾਅਵਾ ਹੈ ਕਿ ਇਸ ਫ਼ਿਲਮ ਤੋਂ ਬਾਅਦ ਸਾਰੇ ਸਮੀਕਰਣ ਬਦਲ ਜਾਣਗੇ। ਪੇਸ਼ ਹੈ ਉਸ ਨਾਲ ਹੋਈ ਗੱਲਬਾਤ ਦੇ ਅੰਸ਼:
-ਫ਼ਿਲਮ ‘ਅਨਾਰਕਲੀ ਆਫ਼ ਆਰਾ’ ਨੂੰ ਟਿਕਟ ਖਿੜਕੀ ਉੱਤੇ ਸਫ਼ਲਤਾ ਨਹੀਂ ਮਿਲੀ, ਇਸਦਾ ਕੀ ਕਾਰਨ ਰਿਹਾ?
– ਮੈਂ ਤੁਹਾਡੀ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਉਂਜ ਫ਼ਿਲਮਾਂ ਦੇ ਟਿਕਟ ਖਿੜਕੀ ਉੱਤੇ ਚੱਲਣ ਦਾ ਹਿਸਾਬ ਬਹੁਤ ਵੱਖ ਹੈ ਕਿਉਂਕਿ ਇਹ ਸਭ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਫ਼ਿਲਮ ਦੇ ਪਿੱਛੇ ਕਿਹੜਾ ਸਟੂਡਿਓ ਹੈ, ਫ਼ਿਲਮ ਦੇ ਕਿੰਨੇ ਪ੍ਰਿੰਟ ਰਿਲੀਜ਼ ਹੋ ਰਹੇ ਹਨ? ਕਿਸ ਸ਼ਹਿਰ ਦੇ ਕਿਸ ਇਲਾਕੇ ਵਿੱਚ ਕਿਸ ਸਮੇਂ ਰਿਲੀਜ਼ ਹੋ ਰਹੀ ਹੈ। ਫ਼ਿਲਮ ਦਾ ਮੁਕਾਬਲਾ ਕਿਸ ਤਰ੍ਹਾਂ ਦੀਆਂ ਫ਼ਿਲਮਾਂ ਨਾਲ ਹੈ। ਜਿੱਥੇ ਤਕ ਫ਼ਿਲਮ ‘ਅਨਾਰਕਲੀ ਆਫ਼ ਆਰਾ’ ਦਾ ਸਵਾਲ ਹੈ ਤਾਂ ਇਹ ਇੱਕ ਵਿਸ਼ਾ ਪ੍ਰਧਾਨ ਫ਼ਿਲਮ ਹੈ। ਇਸਨੂੰ ਇੱਕ ਕਲਾਸਿਕ ਫ਼ਿਲਮ ਦਾ ਦਰਜਾ ਵੀ ਦਿੱਤਾ ਜਾ ਸਕਦਾ ਹੈ। ‘ਜਾਨੇ ਵੀ ਦੋ ਯਾਰੋ’ ਅਤੇ ‘ਅੰਦਾਜ਼ ਅਪਨਾ ਅਪਨਾ’ ਨੂੰ ਵੀ ਟਿਕਟ ਖਿੜਕੀ ਉੱਤੇ ਸਫ਼ਲਤਾ ਨਹੀਂ ਮਿਲੀ ਸੀ, ਪਰ ਇਹ ਕਲਾਸਿਕ ਫ਼ਿਲਮਾਂ ਹਨ। ‘ਅਨਾਰਕਲੀ ਆਫ਼ ਆਰਾ’ ਦੀ ਡੀਵੀਡੀ ਕਾਫ਼ੀ ਵਿਕ ਰਹੀ ਹੈ, ਪਰ ਟਿਕਟ ਖਿੜਕੀ ਉੱਤੇ ਇਸਨੂੰ ਸਫ਼ਲਤਾ ਨਹੀਂ ਮਿਲੀ। ਇਹ ਸਾਨੂੰ ਪਤਾ ਸੀ ਕਿਉਂਕਿ ਸਾਡੇ ਨਾਲ ਕੋਈ ਸਟੂਡਿਓ ਨਹੀਂ ਸੀ। ਫ਼ਿਲਮ ਦਾ ਵਿਸ਼ਾ ਇੰਨਾ ਬੋਲਡ ਹੈ ਕਿ ਲੋਕਾਂ ਨੂੰ ਭਰੋਸਾ ਨਹੀਂ ਹੋ ਰਿਹਾ ਸੀ ਕਿ ਅਜਿਹੀ ਫ਼ਿਲਮ ਆ ਸਕਦੀ ਹੈ। ਪਰ ਜਦੋਂ ਫ਼ਿਲਮ ਰਿਲੀਜ਼ ਹੋਈ ਤਾਂ ਜਿਨ੍ਹਾਂ ਨੇ ਵੀ ਫ਼ਿਲਮ ਵੇਖੀ, ਉਨ੍ਹਾਂ ਨੇ ਇਸਦੀ ਚਰਚਾ ਕੀਤੀ। ਪੈਸਾ ਕਮਾਉਣ ਦੇ ਦ੍ਰਿਸ਼ਟੀਕੋਣ ਤੋਂ ਫ਼ਿਲਮ ਅਸਫ਼ਲ ਹੈ, ਪਰ ਫ਼ਿਲਮ ਇਸ ਹਿਸਾਬ ਨਾਲ ਸਫ਼ਲ ਹੈ ਕਿ ਇਸਨੇ ਲੋਕਾਂ ਦੀ ਮਾਨਸਿਕਤਾ ਨੂੰ ਬਦਲਿਆ। ਇੱਕ ਬਹਿਸ ਸ਼ੁਰੂ ਕੀਤੀ।
– ਇਸ ਫ਼ਿਲਮ ਦੀ ਅਸਫ਼ਲਤਾ ਤੋਂ ਕਲਾਕਾਰ ਦੇ ਤੌਰ ਉੱਤੇ ਤੁਹਾਨੂੰ ਕਿੰਨਾ ਨੁਕਸਾਨ ਹੋਇਆ ?
– ਬਹੁਤ ਤਕਲੀਫ਼ ਹੋਈ। ਅਸੀਂ ਇਹ ਫ਼ਿਲਮ ਬਹੁਤ ਮਿਹਨਤ ਨਾਲ ਕੀਤੀ ਸੀ। ਜਦੋਂ ਇਸ ਤਰ੍ਹਾਂ ਦੀ ਫ਼ਿਲਮ ਨਾਲ ਅਜਿਹਾ ਹੁੰਦਾ ਹੈ ਤਾਂ ਨੁਕਸਾਨ ਤਾਂ ਹੁੰਦਾ ਹੀ ਹੈ। ਫ਼ਿਲਮ ਨੂੰ ਸਫ਼ਲ ਬਣਾਉਣ ਵਾਲਾ ਗਣਿਤ ਸਾਡੇ ਕੋਲ ਨਹੀਂ ਸੀ, ਪਰ ਮੇਰਾ ਮੰਨਣਾ ਹੈ ਕਿ ਵਿਸ਼ਾ ਪ੍ਰਧਾਨ ਫ਼ਿਲਮਾਂ ਦਾ ਕਲਾਕਾਰ ਦੇ ਕਰੀਅਰ ਉੱਤੇ ਭੈੜਾ ਅਸਰ ਨਹੀਂ ਪੈਂਦਾ। ਬਲਕਿ ਇਹ ਉਸ ਨੂੰ ਸਫ਼ਲਤਾ ਅਤੇ ਅਸਫ਼ਲਤਾ ਤੋਂ ਦੂਰ ਲੈ ਜਾਂਦਾ ਹੈ। ‘ਅਨਾਰਕਲੀ ਆਫ਼ ਆਰਾ’ ਵਿੱਚ ਇਹੀ ਗੱਲ ਹੈ। ਇਸ ਲਈ ਮੇਰੇ ਕਰੀਅਰ ਉੱਤੇ ਭੈੜਾ ਅਸਰ ਨਹੀਂ ਪਿਆ। ਇਸਤੋਂ ਪਹਿਲਾਂ ਮੇਰੀ ਸਫ਼ਲ ਫ਼ਿਲਮ ‘ਨਿਲ ਬਟੇ ਸੰਨਾਟਾ’ ਆਈ ਸੀ। ਇਸਦਾ ਵਿਸ਼ਾ ਵੀ ਬਹੁਤ ਚੰਗਾ ਸੀ। ਮੈਂ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਦੀਆਂ ਵਿਸ਼ਾ ਪ੍ਰਧਾਨ ਫ਼ਿਲਮਾਂ ਕਰਨਾ ਚਾਹੁੰਦੀ ਹਾਂ।
-ਫ਼ਿਲਮ ‘ਅਨਾਰਕਲੀ ਆਫ਼ ਆਰਾ’ ਨੂੰ ਕਈ ਫ਼ਿਲਮ ਮੇਲਿਆਂ ਵਿੱਚ ਵਿਖਾਇਆ ਗਿਆ। ਉੱਥੇ ਲੋਕਾਂ ਤੋਂ ਤੁਹਾਨੂੰ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਮਿਲੀ ?
– ਬਹੁਤ ਚੰਗੀ ਪ੍ਰਤੀਕਿਰਿਆ ਮਿਲੀ। ਹਰ ਫ਼ਿਲਮ ਫ਼ੈਸਟੀਵਲ ਵਿੱਚ ਹਰ ਕਿਸੇ ਨੇ ਫ਼ਿਲਮ ਦੇ ਅੰਤਿਮ ਹਿੱਸੇ ਵਿੱਚ ਜਦੋਂ ਅਨਾਰਕਲੀ ਲੰਬਾ ਸਮਾਂ ਚੱਲਦੀ ਹੈ, ਇਸ ਦ੍ਰਿਸ਼ ਦੀ ਕਾਫ਼ੀ ਤਾਰੀਫ਼ ਕੀਤੀ। ਇਹ ਦ੍ਰਿਸ਼ ਫ਼ਿਲਮ ਦੀ ਪਟਕਥਾ ਵਿੱਚ ਨਹੀਂ ਸੀ, ਬਲਕਿ ਮੈਂ ਇਸਨੂੰ ਜੁੜਵਾਇਆ ਸੀ। ਕੈਮਰਾਮੈਨ ਨਾਲ ਝਗੜਨਾ ਵੀ ਪਿਆ ਸੀ ਕਿਉਂਕਿ ਉਹ ਲਾਈਟਿੰਗ ਅਤੇ ਸਮੇਂ ਦੀ ਘਾਟ ਦੀ ਗੱਲ ਕਰ ਰਿਹਾ ਸੀ। ਉਹ ਫ਼ਿਲਮ ਦੀ ਸ਼ੂਟਿੰਗ ਦਾ ਆਖਰੀ ਦਿਨ ਅਤੇ ਆਖਰੀ ਦ੍ਰਿਸ਼ ਸੀ। ਇਸ ਦ੍ਰਿਸ਼ ਲਈ ਪੂਰੀ ਸੜਕ ਉੱਤੇ ਲਾਈਟਿੰਗ ਕਰਾਉਣੀ ਪਈ। ਜਦੋਂ ਲੋਕਾਂ ਨੇ ਇਸ ਦ੍ਰਿਸ਼ ਦੀ ਪ੍ਰਸ਼ੰਸਾ ਕੀਤੀ ਤਾਂ ਮੈਨੂੰ ਲੱਗਿਆ ਕਿ ਮੇਰਾ ਵਿਸ਼ਵਾਸ ਠੀਕ ਸੀ। ਜਦੋਂ ਮੈਂ ਨੇਪਾਲ ਦੇ ਕਾਠਮੰਡੂ ਸ਼ਹਿਰ ਵਿੱਚ ਇੱਕ ਸੈਮੀਨਾਰ ਵਿੱਚ ਹਿੱਸਾ ਲੈਣ ਗਈ ਹੋਈ ਸੀ ਤਾਂ ਉੱਥੇ ਇੱਕ ਸੈਕਸ ਵਰਕਰ ਵੀ ਪਹੁੰਚੀ ਹੋਈ ਸੀ, ਉਸਨੇ ਮੈਨੂੰ ਸਮੀਖਿਅਕ ਦੇ ਤੌਰ ਉੱਤੇ ਜੋ ਕਿਹਾ, ਉਸਨੇ ਮੇਰੇ ਦਿਮਾਗ਼ ਨੂੰ ਹਿਲਾ ਦਿੱਤਾ। ਉਸਨੇ ਕਿਹਾ, ‘ਤੁਸੀਂ ਫ਼ਿਲਮ ਵਿੱਚ ਜਿਵੇਂ ਦਿਖਾਇਆ ਹੈ, ਅਸਲੀਅਤ ਵਿੱਚ ਉਹੋ ਜਿਹਾ ਨਹੀਂ ਹੁੰਦਾ ਹੈ। ਅਸਲੀਅਤ ਵਿੱਚ ਇਸ ਤੋਂ ਵੀ ਜ਼ਿਆਦਾ ਸ਼ੋਸ਼ਣ ਅਤੇ ਜ਼ੁਲਮ ਹੁੰਦਾ ਹੈ।’ ਉਸਦੀ ਗੱਲ ਸੁਣਕੇ ਮੇਰੀ ਸਮਝ ਵਿੱਚ ਆਇਆ ਕਿ ਜਿਸ ਇਨਸਾਨ ਉੱਤੇ ਗੁਜ਼ਰੀ ਹੈ, ਉਹੀ ਜਾਣਦਾ ਹੈ ਕਿ ਸੱਚਾਈ ਕਿੰਨੀ ਕਾਲੀ ਹੈ।
-ਤਾਂ ਕੀ ਹੁਣ ਤੁਸੀਂ ਮੰਨਦੇ ਹੋ ਕਿ ਫ਼ਿਲਮ ‘ਅਨਾਰਕਲੀ ਆਫ਼ ਆਰਾ’ ਹਕੀਕਤ ਤੋਂ ਕਾਫ਼ੀ ਦੂਰ ਰਹੀ ?
– ਨਹੀਂ ! ਮੈਨੂੰ ਲੱਗਦਾ ਹੈ ਕਿ ਕਲਾ ਦਾ ਕੰਮ ਸਿਰਫ਼ ਸਚਾਈ ਨੂੰ ਪਰਦੇ ਉੱਤੇ ਦਿਖਾਉਣਾ ਨਹੀਂ ਹੈ, ਸਗੋਂ ਕਲਾ ਦਾ ਕੰਮ ਲੋਕਾਂ ਨੂੰ ਇੱਕ ਰਸਤਾ ਦਿਖਾਉਣਾ ਵੀ ਹੈ। ਕਲਾ ਦਾ ਕੰਮ ਲੋਕਾਂ ਦੇ ਅੰਦਰ ਇੱਕ ਉਮੀਦ ਜਗਾਉਣਾ ਵੀ ਹੈ। ਫ਼ਿਲਮ ਦਾ ਮਕਸਦ ਤਬਦੀਲੀ ਦੀ ਉਮੀਦ ਦੇਣਾ ਹੁੰਦਾ ਹੈ ਜਿਸ ਵਿੱਚ ਸਾਡੀ ਫ਼ਿਲਮ ਸਫ਼ਲ ਰਹੀ।
-ਤੁਸੀਂ ਕਹਿ ਰਹੇ ਹੋ ਕਿ ਤੁਸੀਂ ਵਿਸ਼ਾ ਪ੍ਰਧਾਨ ਸਿਨਮਾ ਕਰਦੇ ਰਹੋਗੇ? ਪਰ ਅੱਜਕੱਲ੍ਹ ਤੁਸੀਂ ਇੱਕ ਕਮਰਸ਼ਲ ਫ਼ਿਲਮ ‘ਵੀਰੇ ਦੀ ਵੈਡਿੰਗ’ ਕਰ ਰਹੇ ਹੋ ?
– ਬਿਲਕੁਲ ਠੀਕ ਕਿਹਾ। ਮੈਂ ਕਮਰਸ਼ਲ ਫ਼ਿਲਮ ਜ਼ਰੂਰ ਕਰ ਰਹੀ ਹਾਂ, ਨਾਲ ਹੀ ਇਸਦਾ ਕਿਰਦਾਰ ਵੀ ਬਹੁਤ ਵੱਖ ਹੈ। ਹੁਣ ਤਕ ਮੈਂ ਇਸ ਤਰ੍ਹਾਂ ਦਾ ਕੋਈ ਕਿਰਦਾਰ ਨਹੀਂ ਨਿਭਾਇਆ। ਹੁਣ ਤਕ ਮੈਂ ਫ਼ਿਲਮਾਂ ਵਿੱਚ ਹੇਠਲੇ ਜਾਂ ਦਰਮਿਆਨੇ ਕਿਰਦਾਰ ਜਾਂ ਮਜ਼ਦੂਰ ਵਰਗ ਦੀ ਔਰਤ ਦੇ ਕਿਰਦਾਰ ਨਿਭਾਏ ਹਨ, ਪਰ ਫ਼ਿਲਮ ‘ਵੀਰੇ ਦੀ ਵੈਡਿੰਗ’ ਵਿੱਚ ਮੈਂ ਇੱਕ ਅਮੀਰ ਵਰਗ ਦੀ ਔਰਤ ਦਾ ਕਿਰਦਾਰ ਨਿਭਾਇਆ ਹੈ। ਅਤਿ ਮਹਿੰਗੇ ਕੱਪੜੇ ਅਤੇ ਗਹਿਣੇ ਆਦਿ ਪਹਿਨਕੇ ਆਪਣੇ ਆਪ ਨੂੰ ਅਤਿ ਅਮੀਰ ਔਰਤ ਦੇ ਰੂਪ ਵਿੱਚ ਪੇਸ਼ ਕਰਨਾ ਮੇਰੇ ਲਈ ਵੱਖ ਅਤੇ ਚੰਗਾ ਅਨੁਭਵ ਰਿਹਾ। ਕਲਾਕਾਰ ਦੇ ਤੌਰ ਉੱਤੇ ਸਾਨੂੰ ਹਰ ਤਰ੍ਹਾਂ ਦੇ ਕਿਰਦਾਰ ਨਿਭਾਉਣੇ ਚਾਹੀਦੇ ਹਨ। ਮੇਰੇ ਲਈ ਕਮਰਸ਼ਲ ਫ਼ਿਲਮ ‘ਵੀਰੇ ਦੀ ਵੈਡਿੰਗ’ ਕਰਨਾ ਕਾਫ਼ੀ ਮੁਸ਼ਕਿਲ ਰਿਹਾ। ਇਹ ਮੰਨਣਾ ਕਿ ਕਮਰਸ਼ਲ ਫ਼ਿਲਮਾਂ ਕਰਨਾ ਆਸਾਨ ਹੁੰਦਾ ਹੈ, ਗ਼ਲਤ ਹੈ। ਸੱਚ ਕਹਾਂ ਤਾਂ ਇਸ ਫ਼ਿਲਮ ਦੀ ਸ਼ੂਟਿੰਗ ਦੇ ਦੌਰਾਨ ਮੈਂ ਮਹਿਸੂਸ ਕੀਤਾ ਕਿ ਜਿਸ ਤਰ੍ਹਾਂ ਦੀ ਮਿਹਨਤ ਸੋਨਮ ਕਪੂਰ ਅਤੇ ਕਰੀਨਾ ਕਪੂਰ ਆਪਣੇ ਕਿਰਦਾਰ ਦੇ ਨਾਲ ਨਾਲ ਆਪਣੀ ਫ਼ਿੱਟਨੈੱਸ ਨੂੰ ਲੈ ਕੇ ਕਰਦੀਆਂ ਹਨ ਜਾਂ ਜਿਸ ਤਰ੍ਹਾਂ ਨਾਲ ਉਹ ਆਪਣੀ ਦਿਖ ਉੱਤੇ ਧਿਆਨ ਦਿੰਦੀਆਂ ਹਨ, ਉਸਦੇ ਸਾਹਮਣੇ ਮੈਂ ਬਹੁਤ ਘੱਟ ਹਾਂ। ਮੈਂ ਤਾਂ ਇੰਨਾ ਕੁਝ ਵੀ ਨਹੀਂ ਕਰਦੀ। ਇਹ ਦੇਖ ਕੇ ਮੈਨੂੰ ਲੱਗਾ ਕਿ ਕਮਰਸ਼ਲ ਫ਼ਿਲਮਾਂ ਦੀਆਂ ਹੀਰੋਇਨਾਂ ਬਹੁਤ ਜ਼ਿਆਦਾ ਮਿਹਨਤ ਕਰਦੀਆਂ ਹਨ। ਇਹ ਗ਼ਲਤ ਹੈ ਕਿ ਉਹ ਪਰਦੇ ਉੱਤੇ ਸਿਰਫ਼ ਸੁੰਦਰ ਵਿਖਣ ਲਈ ਆ ਜਾਂਦੀਆਂ ਹਨ।
– ‘ਵੀਰੇ ਦੀ ਵੈਡਿੰਗ’ ਦੇ ਕਿਰਦਾਰ ਨੂੰ ਲੈ ਕੇ ਕੀ ਕਹੋਗੇ?
– ਕਿਰਦਾਰ ਇਹੀ ਹੈ ਅਮੀਰ ਔਰਤ ਦਾ ਜੋ ਮਹਿੰਗੇ ਕੱਪੜੇ ਪਹਿਨਦੀ ਹੈ। ਫ਼ਿਲਮ ਦੀ ਕਹਾਣੀ ਚਾਰ ਸਹੇਲੀਆਂ ਦੀ ਹੈ। ਇਨ੍ਹਾਂ ਚਾਰ ਸਹੇਲੀਆਂ ਵਿੱਚ ਮੈਂ , ਕਰੀਨਾ ਕਪੂਰ, ਸੋਨਮ ਕਪੂਰ ਅਤੇ ਸ਼ਿਖਾ ਤਲਸਾਨਿਆ ਹਨ। ਇਹ ਇੱਕ ਕਾਮੇਡੀ ਫ਼ਿਲਮ ਹੈ। ਇਸ ਫ਼ਿਲਮ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਵਿੱਚ ਸਾਡੇ ਚਾਰਾਂ ਦੇ ਕਿਰਦਾਰ ਇੱਕਸਮਾਨ ਹਨ, ਕਿਸੇ ਦਾ ਕਿਰਦਾਰ ਛੋਟਾ ਜਾਂ ਵੱਡਾ ਨਹੀਂ ਹੈ। ਪਹਿਲੀ ਵਾਰ ਮੈਨੂੰ ਇਸ ਫ਼ਿਲਮ ਵਿੱਚ ਸਭ ਤੋਂ ਜ਼ਿਆਦਾ ਅਭਿਨੈ ਕਰਨਾ ਪਿਆ। ਇਸਦੇ ਇਲਾਵਾ ਸੋਨਮ ਕਪੂਰ ਨਾਲ ਇਹ ਮੇਰੀ ਤੀਜੀ ਫ਼ਿਲਮ ਹੈ।
-ਤੁਹਾਨੂੰ ਸੋਨਮ ਕਪੂਰ ਕਿਵੇਂ ਲੱਗਦੀ ਹੈ ?
– ਉਹ ਮੈਨੂੰ ਬਹੁਤ ਪਸੰਦ ਹੈ। ਉਹ ਚੰਗੀ ਅਦਾਕਾਰਾ ਅਤੇ ਵੱਡੀ ਸਟਾਰ ਹੋਣ ਨਾਲੋਂ ਕਿਧਰੇ ਜ਼ਿਆਦਾ ਚੰਗੀ ਕੁੜੀ ਹੈ। ਬੌਲੀਵੁੱਡ ਦੇ ਸੰਦਰਭ ਵਿੱਚ ਕਹਾਂ ਤਾਂ ਸੋਨਮ ਕਪੂਰ ਨੇ ਮੇਰੇ ਲਈ ਬਹੁਤ ਸਾਕਾਰਾਤਮਕ ਰੁਖ਼ ਅਪਣਾਇਆ ਹੈ। ਉਸਦੀ ਵਜ੍ਹਾ ਨਾਲ ਮੈਂ ਆਪਣੇ ਆਪ ਨੂੰ ਮੁੱਖ ਸਿਨਮਾ ਦਾ ਹਿੱਸਾ ਮੰਨਦੀ ਹਾਂ। ਉਸਨੇ ਮੇਰਾ ਆਤਮ ਵਿਸ਼ਵਾਸ ਵਧਾਇਆ। ਉਸਨੇ ਮੈਨੂੰ ਹਮੇਸ਼ਾਂ ਇਹੀ ਕਿਹਾ ਕਿ ਮੈਨੂੰ ਆਪਣੇ ਆਪ ਨੂੰ ਕਮਰਸ਼ਲ ਫ਼ਿਲਮਾਂ ਵਿੱਚ ਸਿਰਫ਼ ਸਹਾਇਕ ਕਲਾਕਾਰ ਦੇ ਰੂਪ ਵਿੱਚ ਨਹੀਂ ਸੋਚਣਾ ਚਾਹੀਦਾ, ਸਗੋਂ ਉਸਤੋਂ ਅੱਗੇ ਸੋਚਣਾ ਚਾਹੀਦਾ ਹੈ।
-ਬੌਲੀਵੁੱਡ ਵਿੱਚ ਮੰਨਿਆ ਜਾਂਦਾ ਹੈ ਕਿ ਤੁਸੀਂ ਜੋ ਵੀ ਕਮਰਸ਼ਲ ਫ਼ਿਲਮਾਂ ਕੀਤੀਆਂ ਹਨ, ਉਨ੍ਹਾਂ ਦੀ ਸਫ਼ਲਤਾ ਦਾ ਸਿਹਰਾ ਦੂਜੇ ਕਲਾਕਾਰ ਲੈ ਗਏ ?
– ਪਹਿਲੀ ਗੱਲ ਤਾਂ ਮੈਂ ਅਜਿਹਾ ਨਹੀਂ ਮੰਨਦੀ, ਪਰ ਜੇਕਰ ਲੋਕਾਂ ਨੂੰ ਅਜਿਹਾ ਲੱਗ ਰਿਹਾ ਹੈ ਤਾਂ ‘ਵੀਰੇ ਦੀ ਵੈਡਿੰਗ’ ਦੇ ਰਿਲੀਜ਼ ਹੋਣ ਤੋਂ ਬਾਅਦ ਲੋਕ ਇਹ ਸਭ ਭੁੱਲ ਜਾਣਗੇ। ਮੈਂ ਕਮਰਸ਼ਲ ਫ਼ਿਲਮਾਂ ਵਿੱਚ ਛੋਟੇ ਕਿਰਦਾਰ ਨਿਭਾਏ ਹਨ, ਪਰ ਮੈਨੂੰ ਪ੍ਰਸ਼ੰਸਾ ਉਸਤੋਂ ਕਿਤੇ ਜ਼ਿਆਦਾ ਮਿਲੀ ਹੈ। ਹੁਣ ਫ਼ਿਲਮ ‘ਪ੍ਰੇਮ ਰਤਨ ਧਨ ਪਾਇਓ’ ਹੀ ਲਓ। ਮੇਰਾ ਕਿਰਦਾਰ ਬਹੁਤ ਛੋਟਾ ਸੀ, ਪਰ ਮੇਰੇ ਕਿਰਦਾਰ ਦੀ ਚਰਚਾ ਬਹੁਤ ਜ਼ਿਆਦਾ ਹੋਈ। ਮੈਂ ਜਦੋਂ ਬਾਹਰ ਨਿਕਲਦੀ ਹਾਂ ਤਾਂ ਲੋਕ ਮੈਨੂੰ ‘ਪ੍ਰੇਮ ਰਤਨ ਧਨ ਪਾਇਓ’ ਦੀ ਵਜ੍ਹਾ ਨਾਲ ਹੀ ਯਾਦ ਕਰਦੇ ਹਨ। ਇਸ ਤਰ੍ਹਾਂ ‘ਰਾਂਝਣਾ’ ਵਿੱਚ ਮੇਰਾ ਕਿਰਦਾਰ ਬਹੁਤ ਪਸੰਦ ਕੀਤਾ ਗਿਆ। ਖੈਰ, ਸਭ ਕੁਝ ‘ਵੀਰੇ ਦੀ ਵੈਡਿੰਗ’ ਦੇ ਬਾਅਦ ਬਦਲ ਜਾਏਗਾ।
– ਤੁਸੀਂ ਹੋਰ ਕਿਹੜੀਆਂ ਫ਼ਿਲਮਾਂ ਕਰ ਰਹੇ ਹੋ?
– ਇੱਕ ਪ੍ਰੇਮ ਕਹਾਣੀ ਪ੍ਰਧਾਨ ਫ਼ਿਲਮ ਦੀ ਪਟਕਥਾ ਲਿਖ ਰਹੀ ਹਾਂ। ਇਸਤੋਂ ਇਲਾਵਾ ਇੱਕ ਹੋਰ ਵੱਖ ਤਰ੍ਹਾਂ ਦੀ ਕਹਾਣੀ ਲਿਖ ਰਹੀ ਹਾਂ। ਮੈਂ ਇੱਕ ਲਘੂ ਫ਼ਿਲਮ ਦੀ ਕਹਾਣੀ ਵੀ ਲਿਖ ਰਹੀ ਹਾਂ। ਇਸ ਫ਼ਿਲਮ ਦੀ ਪਟਕਥਾ ਪੂਰੀ ਹੋਣ ਤੋਂ ਬਾਅਦ ਮੈਂ ਆਪਣੇ ਆਪ ਇਸਦਾ ਨਿਰਮਾਣ ਕਰਨ ਵਾਲੀ ਹਾਂ। ਇੱਕ ਵੈੱਬ ਸੀਰੀਜ਼ ਵਿੱਚ ਵੀ ਅਭਿਨੈ ਕਰਨ ਵਾਲੀ ਹਾਂ।
-ਤੁਸੀਂ ਪਿਛਲੇ ਸਾਲ ਰਿਲੀਜ਼ ਹੋਈ ਵੈੱਬ ਸੀਰੀਜ਼ ‘ਇਟਸ ਨੌਟ ਮੀ’ ਕੀਤੀ ਸੀ ?
– ਜੀ ਹਾਂ ! ਇਸਨੂੰ ਬਹੁਤ ਜ਼ਿਆਦਾ ਸਫ਼ਲਤਾ ਮਿਲੀ। ਇਸ ਵਿੱਚ ਇੱਕ ਅਜਿਹੀ ਗ੍ਰਹਿਣੀ ਦੀ ਕਹਾਣੀ ਹੈ ਜਿਸਦਾ ਵਿਆਹੁਤਾ ਜੀਵਨ ਬਹੁਤ ਬੁਰੀ ਹਾਲਤ ਵਿੱਚ ਹੈ। ਇਸ ਵਿੱਚ ਵਿਆਹ ਤੋਂ ਬਾਹਰੇ ਸਬੰਧਾਂ ਨੂੰ ਇੱਕ ਔਰਤ ਦੇ ਨਜ਼ਰੀਏ ਤੋਂ ਚਿਤਰਣ ਕੀਤਾ ਗਿਆ ਹੈ। ਤੁਹਾਨੂੰ ਭਰੋਸਾ ਨਹੀਂ ਆਏਗਾ, ਪਰ ਇਸ ਵੈੱਬ ਸੀਰੀਜ਼ ਨੂੰ ਛੋਟੇ ਸ਼ਹਿਰਾਂ ਜਬਲਪੁਰ, ਰਾਏਪੁਰ, ਭੋਪਾਲ, ਇੰਦੌਰ, ਕਾਨਪੁਰ ਵਿੱਚ ਜ਼ਿਆਦਾ ਵੇਖਿਆ ਗਿਆ। ਛੋਟੇ ਸ਼ਹਿਰਾਂ ਵਿੱਚ ਔਰਤਾਂ ਨੇ ਤਾਂ ਆਪਣੀਆਂ ਕਿੱਟੀ ਪਾਰਟੀਆਂ ਵਿੱਚ ਇਸਦਾ ਪ੍ਰਦਰਸ਼ਨ ਕੀਤਾ। ਹੁਣ ਅਸੀਂ ਉਸਦਾ ਦੂਜਾ ਸੀਜ਼ਨ ਕਰ ਰਹੇ ਹਾਂ।
-ਵੈੱਬ ਸੀਰੀਜ਼ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ?
– ਇਹ ਭਵਿੱਖ ਹੈ। ਵੈੱਬ ਸੀਰੀਜ਼ ਦਾ ਪ੍ਰਚਲਣ ਤੇਜ਼ੀ ਨਾਲ ਵਧਣਾ ਤੈਅ ਹੈ। ਜਿੰਨੀ ਗਿਣਤੀ ਵਿੱਚ ਸਮਾਰਟ ਫ਼ੋਨ ਵਧਣਗੇ , ਓਨੀ ਹੀ ਤੇਜ਼ੀ ਨਾਲ ਵੈੱਬ ਸੀਰੀਜ਼ ਦੇ ਦਰਸ਼ਕ ਵਧਣਗੇ। ਨੈੱਟਫ਼ਲਿਕਸ ਅਤੇ ਐਮੇਜ਼ਨ ਨੇ ਤਾਂ ਬੌਲੀਵੁੱਡ ਦਾ ਨਕਸ਼ਾ ਬਦਲ ਦਿੱਤਾ ਹੈ। .