ਕਾਲੀ ਕੱਟੀ ਖੋਜੀਆਂ ਦੀ

ਯਾਦਾਂ ਦਾ ਝਰੋਖਾ
ਡਾ.ਕੇਵਲ ਅਰੋੜਾ
94176 95299
ਇਹ ਓਦੋਂ ਦੀ ਗੱਲ ਹੈ ਜਦੋਂ ਸਾਡਾ ਪਰਿਵਾਰ ਮਾਨ ਸਿੰਘ ਵਾਲੇ ਤੋਂ ਸਾਦਿਕ ਆ ਚੁੱਕਾ ਸੀ, ਅਤੇ ਮੇਰੀ ਪੋਸਟਿੰਗ ਲੁਬਾਣਿਆਂ ਵਾਲੀ ਇੱਕ ਵੈਟਨਰੀ ਡਾਕਟਰ ਵਜੋਂ ਹੋ ਗਈ ਸੀ। ਸਾਦਿਕ ਨੂੰ ਸਾਡੇ ਹਿਠਾੜ ਇਲਾਕੇ ਦਾ ਦਿਲ ਕਿਹਾ ਜਾਂਦਾ ਹੈ। ਚਾਰੇ ਚੁਫ਼ੇਰੇ ਪਿੰਡਾਂ ਦੇ ਲੋਕਾਂ ਲਈ ਇੱਕੋ ਮੰਡੀ ਹੈ ਜੋ ਸਾਡੇ ਦੇਖਦੇ ਦੇਖਦੇ ਹੀ ਵਿਕਸਿਤ ਹੋਈ।
ਇੱਕ ਦਿਨ ਅੱਧੀ ਰਾਤ ਨੂੰ ਸਾਡਾ ਬੂਹਾ ਖੜਕਿਆ ਅਤੇ ਫ਼ੇਰ ਉੱਚੀ ਉੱਚੀ ਅਵਾਜ਼ਾਂ ਆਉਣ ਲੱਗੀਆਂ, “ਬਾਈ ਡਾਕਟਰ ਨੂੰ ਲੈ ਕੇ ਜਾਣਾ ਐਂ, ਅਸੀਂ ਮਰਾੜ੍ਹ ਪਿੰਡ ਤੋਂ ਆਏ ਆਂ।” ਮੈਨੂੰ ਸੁੱਤੇ ਪਏ ਨੂੰ ਘਰ ਦਿਆਂ ਨੇ ਉਠਾਇਆ ਅਤੇ ਮੈਂ ਅੱਧ ਸੁੱਤੇ ਨੇ ਬਾਹਰ ਜਾ ਕੇ ਵੇਖਿਆ ਕਿ ਮਰਾੜ੍ਹਾ ਵਾਲਾ ਘੁੱਕਰ ਟਰੈਕਟਰ ‘ਤੇ 3-4 ਬੰਦਿਆਂ ਨਾਲ ਖੜ੍ਹਾ ਸੀ। ਉਹ ਬੋਲਿਆ, “ਚੱਲ ਬਾਈ ਡਾਕਟਰਾ, ਮੱਝ ਬਹੁਤ ਔਖੀ ਹੈ ਮਰ ਜਾਊ ਤੇਰੇ ਬਿਨਾ … ਪੰਚਾਇਤ ਆਈ ਆ ਬਾਈ ਧੱਕੀਂ ਨਾ ਸਾਨੂੰ।” ਤੇ ਅਸੀਂ ਅੱਧੀ ਰਾਤ ਨੂੰ ਮਰਾੜ੍ਹ ਨੂੰ ਚੱਲ ਪਏ। ਜਦ ਪਹੁੰਚ ਕੇ ਮੱਝ ਚੈੱਕ ਕੀਤੀ ਤਾਂ ਮੱਝ ਕੱਟੀ ਪੈਦਾ ਕਰ ਚੁੱਕੀ ਸੀ। ਮੈਂ ਉਹਨਾਂ ਨੂੰ ਸਮਝਾਇਆ ਕਿ ਇਹ ਤਾਂ ਦੋ ਕੁ ਘੰਟੇ ਪਹਿਲਾਂ ਸੂਈ ਹੋਈ ਆ, ਕੱਟੀ ਲੱਭੋ … ਕਾਲੀ ਬੋਲੀ ਰਾਤ ਸੀ ਅਤੇ ਬਿਜਲੀ ਵੀ ਬੰਦ ਸੀ। ਉਹਨਾਂ ਨੇ ਮੇਰੇ ਕਹੇ ਪੰਜ ਕੁ ਮਿੰਟ ਬੈਟਰੀਆਂ ਮਾਰੀਆਂ ਅਤੇ ਕਹਿਣ ਲੱਗੇ ਕਿ ਡਾ. ਸਾਹਿਬ ਬਾਹਰ ਤਾਂ ਹੈ ਨਹੀਂ ਕੱਟੀ ਕਿਤੇ ਵੀ। ਤੁਸੀਂ ਮੱਝ ਚੋਂ ਹੀ ਭਾਲੋ। ਇੰਨੇ ਨੂੰ ਅੰਦਰੋਂ ਮਾਤਾ ਦੀ ਅਵਾਜ਼ ਆਈ, “ਵੇ ਪੁੱਤ ਹਨੇਰੇ ‘ਚ ਤਾਂ ਆਲੇ ਚੋਂ ਬੁਝਿਆ ਦੀਵਾ ਨਹੀਂ ਥਿਆਉਂਦਾ, ਕੀ ਪਤਾ ਐ ਅੰਦਰ ਫ਼ਲ ਦਾ … ਦਿਨ ਚੜ੍ਹੇ ਭਾਲ ਲਿਓ … ਇੱਕ ਅੱਗ ਲੱਗੜੀ ਬਿਜਲੀ ਵੀ ਹੈਨੀ … ਡਾਕਟਰ ਨੂੰ ਮੰਜਾ ਡਾਹ ਦਿਓ, ਕਿੱਥੇ ਅੱਧੀ ਰਾਤ ਨੂੰ ਛੱਡਣ ਜਾਓਂਗੇ।”
ਮੈਂ ਆਖਿਆ, “ਮਾਤਾ ਸਾਡੇ ਤਾਂ ਪੋਟੇ ਹੀ ਅੱਖਾਂ ਹੋ ਜਾਂਦੇ ਆ ਤੇ ਬਿੱਲੀ ਵਾਂਗੂੰ ਦਿਨ ਰਾਤ ਇੱਕੋ ਜਿਹਾ ਹੀ ਦਿਸਦਾ ਹੈ ਇਹਨਾਂ ਨੂੰ।” ਘੁੱਕਰ ਬੋਲਿਆ, “ਨਹੀਂ ਚਾਚੀ ਡਾਕਟਰ ਨੂੰ ਤਾਂ ਆਪਾਂ ਛੱਡ ਕੇ ਹੀ ਆਵਾਂਗੇ, ਇਹਦੇ ਵਿਚਾਰੇ ਦੇ ਘਰਦੇ ਫ਼ਿਕਰ ਕਰਨਗੇ। ਨਾਲੇ ਅਪਣੇ ਘਰੇ ਕਿਹੜਾ ਟੈਲੀਫ਼ੋਨ ਲੱਗਿਆ ਜਿਹੜਾ ਇਹਨਾਂ ਦੇ ਘਰੇ ਸੁਨੇਹਾ ਲੱਗ ਜੂ … ਸੂਰਜ ਦੀ ਟਿੱਕੀ ਚੜ੍ਹਦੇ ਫ਼ੇਰ ਲੈ ਆਵਾਂਗੇ ਜਾ ਕੇ … ਅਪਣੇ ਪਿੰਡਾਂ ਦਾ ਤਾਂ ਹੈਗਾ।” ਦੋ ਜਣੇ ਮੈਨੂੰ ਵਾੋਪਸ ਛੱਡਣ ਤੁਰ ਪਏ ਇੱਕ ਘੁੱਕਰ ਤੇ ਦੂਜਾ ਡਰਾਇਵਰ।
ਘਰ ਵਾਲਿਆਂ ਦੇ ਮਨ ‘ਚ ਏਹੀ ਸੀ ਕਿ ਇਹਦੇ ਨਾਲੋਂ ਤਾਂ ਕੋਈ ਪੁਰਾਣਾ ਮਾਂਦਰੀ ਹੀ ਲੱਭ ਲੈਂਦੇ … ਬਸ ਏਹੀ ਪੁੱਛਿਆ ਕਿ ਅੰਦਰੋਂ ਬਹੁਤਾ ਪਾਣੀ ਤਾਂ ਨਹੀਂ ਆਇਆ, ਪੰਜ ਮਿੰਟ ਵੀ ਨਹੀਂ ਲਾਏ ਅਤੇ ਕਹਿੰਦਾ ਮੱਝ ਦੇ ਅੰਦਰੋਂ ਕੱਟੀ ਨਹੀਂ ਥਿਆਇਆ … ਅਖੇ ਤੁਹਾਡੀ ਮੱਝ ਨੇ ਕੱਟੀ ਪੈਦਾ ਕਰ ਦਿੱਤਾ … ਜਿਵੇਂ ਮੱਝ ਦਾ ਕੱਟੀ ਜੰਮ ਕੇ ਅਸਮਾਨ ਨੂੰ ਉੱਡ ਗਿਆ ਹੋਵੇ! ਮਰਨ ਵਾਲਾ ਬਾਬਾ ਬੰਤਾ ਦੋ ਦੋ ਘੰਟੇ ਮੱਝ ਨਾਲ ਘੁਲਦਾ ਰਹਿੰਦਾ ਸੀ ਪਰ ਕਦੇ ਜਿਉਂਦਾ ਹੋਵੇ ਭਾਵੇਂ ਮਰਿਆ ਹੋਵੇ, ਕੱਟੀ ਕੱਢਣੋਂ ਨਹੀ ਸੀ ਛੱਡਿਆ ਅਤੇ ਇਹਨਾਂ ਨੂੰ ਪੰਜ ਪੰਜ ਸਾਲ ਅੰਗਰੇਜ਼ੀ ਵਾਲੀਆਂ ਕਿਤਾਬਾਂ ਨਾਲ ਮੱਥਾ ਮਰਾਈ ਜਾਂਦੇ ਐ, ਫ਼ੇਰ ਦੇ ਦੇ ਤਨਖ਼ਾਹਾਂ ਪਿੰਡਾਂ ‘ਚ ਲਾਈ ਜਾਂਦੇ ਆ, ਚਲੋ ਦਿਨ ਚੜ੍ਹਦੇ ਨਾਲ ਹੀ ਪਿੰਡੀ ਵਾਲੇ ਪ੍ਰੇਮੀ ਨੂੰ ਲਿਆਵਾਂਗੇ। ਜਦੋਂ ਉਹਨੇ ਕੱਟੀ ਕੱਢਿਆ ਫ਼ੇਰ ਸਾਰੇ ਪਿੰਡ ਦੇ ਸਾਹਮਣੇ ਇਹਨੂੰ ਵਿਖਾਵਾਂਗੇ ਵੱਡੇ ਡਾਕਟਰ ਨੂੰ।
ਖੈਰ! ਮੈਂ ਅਪਣੇ ਘਰ ਪਹੁੰਚ ਗਿਆ ਅਤੇ ਝੱਟ ਹੀ ਨੀਂਦ ਆ ਗਈ। ਸੁਭਾ ਉੱਠ ਕੇ ਤਿਆਰ ਹੋ ਗਿਆ ਅਤੇ ਅਪਣੀਂ ਡਿਊਟੀ ਉਤੇ ਲੁਬਾਣਿਆਂ ਵਾਲੀ ਚਲਾ ਗਿਆ, ਪਰ ਰਾਹ ‘ਚ ਸੋਚਦਾ ਗਿਆ ਕਿ ਉਨਾਂ ਸਵੇਰੇ ਕੋਈ ਦੱਸਿਆ ਹੀ ਨਹੀਂ ਕਿ ਕੀ ਬਣਿਆ। ਸੋ ਮੈਂ ਜਾ ਕੇ ਕੰਮ ‘ਚ ਮਸਤ ਹੋ ਗਿਆ। ਦੋ ਦਿਨ ਬਾਅਦ ਕਿ ਐਤਵਾਰ ਦਾ ਦਿਨ ਸੀ ਅਤੇ ਮੈਂ ਸਾਦਿਕ ਅੱਡੇ ‘ਚ ਖੜ੍ਹਾ ਸੀ। ਘੁੱਕਰ ਭੱਜਿਆ ਭੱਜਿਆ ਆਇਆ, “ਵਾਹ ਬਈ ਸ਼ੇਰਾ ਵਾਹ … ਇਹ ਹੁੰਦੀ ਆ ਪੜ੍ਹਾਈ, ਤੇਰੀ ਤਾਂ ਹੋ ਗਈ ਆ ਬਈ ਸਾਡੇ ਪਿੰਡ ‘ਚ ਚੜ੍ਹਾਈ … ਤੇਰੀ ਗੱਲ ਸੱਚੀ ਹੋਈ ਜਦੋਂ ਤੜਕੇ ਪੱਠੇ ਪਾਉਣ ਲੱਗੇ ਤਾਂ ਕੱਟੀ ਉਹਨਾਂ ਦੇ ਤੂੜੀ ਵਾਲੇ ਕੋਠੇ ‘ਚੋਂ ਥਿਆਈ। ਉਹਨਾਂ ਨੇ ਤਾਂ ਬਾਈ ਸ਼ਰਮ ਦਿਆਂ ਮਾਰਿਆ ਨੇ ਕਿਸੇ ਨੂੰ ਨਹੀਂ ਦੱਸਿਆ।”
ਏਨੀ ਗੱਲ ਕਹਿ ਕੇ ਘੁੱਕਰ ਉੱਚੀ ਉੱਚੀ ਹੱਸਿਆ, “ਤਾਹੀਂ ਡਾਕਟਰ ਸਾਹਿਬ ਇਹਨਾਂ ਨੂੰ ਖੋਜੀ ਕਹਿੰਦੇ ਆ।” ਖੋਜੀ ਦੀ ਅੱਲ ਸੁਣ ਕੇ ਮੇਰੀ ਉਤਸੁਕਤਾ ਹੋਰ ਵਧ ਗਈ। ਮੈਂ ਕਿਹਾ, “ਘੁੱਕਰ ਸਿਆਂ, ਖੋਜੀ ਵਾਲੀ ਗੱਲ ਸੁਣਾ ਮੈਨੂੰ ਕੀ ਹੋਇਆ ਸੀ? “ਘੁੱਕਰ ਨੇ ਗੱਲ ਸ਼ੁਰੂ ਕਰ ਦਿੱਤੀ, “ਡਾਕਟਰ ਸਾਹਿਬ, ਏਹ ਪੁਰਾਣੀ ਗੱਲ ਆ ਰੌਲੇ ਤੋਂ ਪਹਿਲਾਂ ਦੀ … ਇਹਨਾਂ ਦੀ ਬੋਤੀ ਖੁੱਲ੍ਹ ਗਈ ਅਤੇ ਪਿੰਡ ‘ਚ ਰੌਲਾ ਪੈ ਗਿਆ ਕਿ ਬੋਤੀ ਚੋਰੀ ਹੋ ਗਈ, ਪਿੰਡ ਦੇ ਲੋਕ ਇਕੱਠੇ ਹੋ ਕੇ ਭਾਲਣ ਤੁਰ ਪਏ … ਵੱਡਾ ਬਾਬਾ ਮਾੜੀ ਮੋਟੀ ਪੈੜ ਕੱਢ ਲੈਂਦਾ ਸੀ … ਅਹਿਲ ਜਾ ਕੇ ਇੱਕ ਪੈੜ ਮਿਲ ਗਈ ਅਤੇ ਸਾਰੇ ਉਸ ਪੈੜ ਦੇ ਮਗਰ ਲਾ ਲਏ … ਅਹਿਲ, ਕਾਨਿਆਂ ਵਾਲੀ ਸ਼ਰੀਂਹ ਵਾਲਾ ਹੁੰਦੇ ਹੋਏ ਗੁਰੂਹਰਸਹਾਏ ਪਹੁੰਚ ਗਏ ਅਤੇ ਪੈੜ ਬਾਣੀਆਂ ਦੇ ਘਰ ‘ਚ ਵੜ ਗਈ … ਓਦੋਂ ਗੰਗਾਨਗਰ ਵਾਲੀ ਨਹਿਰ ਨਹੀਂ ਸੀ ਬਣੀ ਅਤੇ ਕੱਚੇ ਰਾਹ ਤੇ ਡੰਡੀਆਂ ਈ ਹੁੰਦੀਆਂ ਸੀ। ਸਾਰਾ ਇਲਾਕਾ ਬਰਾਨੀਂ ਪਿਆ ਹੀ ਸੀ ਅਤੇ ਫ਼ੇਰ ਬਾਣੀਆਂ ਦੇ ਘਰੋਂ ਮਿਲ ਗਈ ਬੋਤੀ। ਮੈਂ ਘੁੱਕਰ ਨੂੰ ਗੱਲ ਅੱਗੇ ਤੋਰਨ ਲਈ ਪੁੱਛਿਆ ਤਾਂ ਉਹ ਫ਼ੇਰ ਜ਼ੋਰ ਦੀ ਹੱਸਿਆ, “ਮਿਲਣੀ ਕਿੱਥੋਂ ਸੀ, ਬਾਬਾ ਆਖੇ ਬਾਣੀਆਂ ਨੂੰ ਕਿ ਸਾਡੀ ਬੋਤੀ ਮੋੜੋ ਤੁਹਾਡੇ ਮੁਹੱਲੇ ‘ਚ ਸਾਡੀ ਬੋਤੀ ਦੀ ਪੈੜ ਵੜੀ ਆ, ਪਰ ਉਹਨਾਂ ਦੇ ਮਰਲੇ ਮਰਲੇ ਦੇ ਘਰ ਤੇ ਛੇ ਛੇ ਫ਼ੁੱਟ ਉੱਚੇ ਦਰਵਾਜ਼ੇ, ਬੋਤੀ ਕਿੱਥੇ ਲੁਕਾਉਂਦੇ ਵਿਚਾਰੇ? ਨਾਲ ਬਾਣੀਏ ਤਾਂ ਊਠ ਨੂੰ ਪ੍ਰੇਤ ਮੰਨਦੇ ਆ। ਫ਼ੇਰ ਸੋਢੀਆਂ ਨੇ ਆ ਕੇ ਬਾਣੀਏ ਦਾ ਖਹਿੜਾ ਛੁਡਾਇਆ।”
“ਪਰ ਘੁੱਕਰ ਸਿਆਂ ਬੋਤੀ ਦਾ ਕੀ ਬਣਿਆ?” ਮੈਂ ਉਤਸੁਕਤਾ ਨਾਲ ਪੁੱਛਿਆ ਤਾਂ ਉਹ ਬੋਲਿਆ, “ਬਣਨਾ ਕੀ ਸੀ ਬੋਤੀ ਤਾਂ ਇਹਨਾਂ ਦੇ ਘਰ ਕੋਲ ਝਿੜੀ ‘ਚ ਖੜੀ ਸੀ ਹੁਣ ਪਿੰਡ ਵਾਲੇ ਫ਼ੇਰ ਉਹਨਾਂ ਨੂੰ ਬੋਲੀ ਪਾ ਪਾ ਛੇੜੀ ਜਾਂਦੇ ਆ … ਰਾਈ ਰਾਈ ਰਾਈ … ਕਾਲੀ ਕੱਟੀ ਖੋਜੀਆਂ ਦੀ, ਤੂੜੀ ਵਾਲੇ ਕੋਠੇ ‘ਚੋਂ ਥਿਆਈ।”