
ਸੋਸ਼ਲ ਮੀਡੀਆ ‘ਤੇ ਇਸ ਗੱਲ ਦੀ ਚਰਚਾ ਕਾਫ਼ੀ ਬਣੀ ਰਹੀ ਕਿ ਪੰਜਾਬ ਦੇ ਚੋਟੀ ਦੇ ਕਲਾਕਾਰ ਕਿਸਾਨਾਂ ਦੇ ਧਰਨਿਆਂ ‘ਚ ਸ਼ਮੂਲੀਅਤ ਕਿਉਂ ਨਹੀਂ ਕਰ ਰਹੇ। ਇਨ੍ਹਾਂ ‘ਚੋਂ ਇੱਕ ਨਾਂ ਸੀ ਕਰਨ ਔਜਲਾ ਦਾ ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਵੀ ਇਹ ਮੰਗ ਸੀ ਕਿ ਉਹ ਕਿਸਾਨਾਂ ਦਾ ਸਾਥ ਦੇਵੇ। ਇਸ ਨੂੰ ਦੇਖਦਿਆਂ ਕਰਨ ਔਜਲਾ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ ਅਤੇ ਇਹ ਵੀ ਦੱਸ ਦਿੱਤਾ ਹੈ ਕਿ ਉਹ ਕਦੋਂ ਪੰਜਾਬ ਆ ਰਿਹਾ ਹੈ।
ਅਸਲ ‘ਚ ਬੀਤੇ ਦਿਨੀਂ ਕਰਨ ਔਜਲਾ ਨੇ ਆਪਣੇ ਪਿਤਾ ਦੇ ਬਾਂਹ ‘ਤੇ ਬਣਵਾਏ ਟੈਟੂ ਦੀ ਤਸਵੀਰ ਸਾਂਝੀ ਕਰਦਿਆਂ ਇੱਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ‘ਚ ਕਰਨ ਔਜਲਾ ਨੇ ਲਿਖਿਆ, ”ਮੈਨੂੰ ਪਤੈ ਕਿ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਮੈਂ ਕਿਸਾਨਾਂ ਦਾ ਦਰਦ ਜ਼ਾਹਿਰ ਨਹੀਂ ਕਰ ਸਕਦਾ, ਪਰ ਮੈਂ ਵਿਕਾਊ ਮੀਡੀਆ ਦੇ ਇਸ ਮਸਲੇ ‘ਤੇ ਨਾ ਬੋਲਣ ਕਰ ਕੇ ਆਪਣੇ ਰਾਹੀਂ ਇਹ ਦੱਸਣਾ ਚਾਹੁੰਦਾ ਹਾਂ ਕਿ ਮੇਰੇ ਪਿਓ ਦੇ ਬਣਾਏ ਹੋਏ ਦੋ ਕੀਲੇ ਮੈਂ ਭੁੱਲਿਆ ਨਹੀਂ। ਉਸ ਜ਼ਮੀਨ ‘ਚੋਂ ਮੈਨੂੰ ਅੱਜ ਵੀ ਉਸ ਦੀ ਮਹਿਕ ਆਉਂਦੀ ਹੈ ਅਤੇ ਇਸ ਕਰ ਕੇ ਮੈਂ ਆਪਣੇ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ ਨਾਲ ਮੋਢਾ ਜੋੜ ਕੇ ਖੜ੍ਹਾ ਹਾਂ ਤੇ ਖੜ੍ਹਦਾ ਰਹਾਂਗਾ।”
ਕੇਂਦਰ ਸਰਕਾਰ ਦਾ ਜ਼ਿਕਰ ਕਰਦਿਆਂ ਕਰਨ ਔਜਲਾ ਨੇ ਅੱਗੇ ਲਿਖਿਆ, ”ਦਿੱਲੀ ਮੁੱਢ ਤੋਂ ਸਾਡੇ ਨਾਲ ਬੇਇਨਸਾਫ਼ੀ ਕਰਦੀ ਆ ਰਹੀ ਹੈ ਅਤੇ ਅਸੀਂ ਮੁੱਢ ਤੋਂ ਵਹਿਮ ਕੱਢਦੇ ਆਏ ਹਾਂ। ਇਤਿਹਾਸ ਇਸ ਚੀਜ਼ ਦਾ ਗਵਾਹ ਹੈ। ਦਿੱਲੀ ਵਾਲਿਆਂ ਨੂੰ ਸਾਡੀ ਬੇਨਤੀ ਨਹੀਂ ਸਗੋਂ ਸਲਾਹ ਹੈ ਕਿ ਸਾਡੇ ਹੱਕ ਦੇ ਦਿਓ ਨਹੀਂ ਤਾਂ ਸਾਨੂੰ ਹੱਕ ਦਿਵਾਉਣੇ ਵੀ ਆਉਂਦੇ ਨੇ ਅਤੇ ਲੈਣੇ ਵੀ। ਮੇਰੀ ਸਾਰੇ ਚਾਹੁਣ ਵਾਲਿਆਂ ਨੂੰ ਬੇਨਤੀ ਹੈ ਕਿ ਸਾਰੇ ਜ਼ਰੂਰ ਦਿੱਲੀ ਪਹੁੰਚਣ ਅਤੇ ਮੈਨੂੰ ਵੀ ਕੋਵਿਡ ਦੇ ਚੱਲਦਿਆਂ ਕੁੱਝ ਕਾਰਨਾਂ ਕਰ ਕੇ ਪੰਜਾਬ ਆਉਣ ‘ਚ ਥੋੜ੍ਹਾ ਸਮਾਂ ਜ਼ਰੂਰ ਲੱਗ ਰਿਹਾ ਹੈ, ਪਰ ਮੈਂ ਬਹੁਤ ਜਲਦ ਆ ਰਿਹਾ ਹਾਂ ਅਤੇ ਮੇਰੇ ਸਾਰੇ ਕਿਸਾਨ ਵੀਰਾਂ ਨਾਲ ਇੱਕਜੁੱਟ ਹੋ ਕੇ ਬੈਠਾਂਗਾ। ਜੇ ਕੁੱਝ ਗ਼ਲਤ ਲਿਖਿਆ ਗਿਆ ਹੋਵੇ ਤਾਂ ਮੁਆਫ਼ੀ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ,” ਕਰਨ ਔਜਲਾ
ਦੱਸਣਯੋਗ ਹੈ ਕਿ ਬੀਤੇ ਦਿਨੀਂ ਬੱਬੂ ਮਾਨ ਵੀ ਅਚਾਨਕ ਕੈਨੇਡਾ ਤੋਂ ਦਿੱਲੀ ਪਹੁੰਚੇ ਜਿਨ੍ਹਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ। ਬੱਬੂ ਮਾਨ ਸੋਸ਼ਲ ਮੀਡੀਆ ਰਾਹੀਂ ਸਮੇਂ-ਸਮੇਂ ‘ਤੇ ਕਿਸਾਨ ਸੰਘਰਸ਼ ਦਾ ਸਮਰਥਨ ਕਰਦੇ ਰਹੇ ਹਨ ਅਤੇ ਉਨ੍ਹਾਂ ਦਾ ਧਰਨੇ ‘ਚ ਪਹੁੰਚਣਾ ਉਨ੍ਹਾਂ ਦੇ ਚਾਹੁਣ ਵਾਲਿਆਂ ‘ਚ ਵੀ ਵੱਖਰਾ ਜੋਸ਼ ਭਰੇਗਾ।











