ਜੇ ਲੋਕ ਕੇਵਲ ਖ਼ੁਸ਼ ਰਹਿਣ ਲਈ ਹੀ ਪੈਦਾ ਹੋਏ ਹਨ ਤਾਂ ਉਨ੍ਹਾਂ ‘ਚੋਂ ਬਹੁਤੇ ਬੇਚੈਨੀ ਮਹਿਸੂਸ ਕਰਨ ‘ਚ ਇੰਨਾ ਸਮਾਂ ਕਿਉਂ ਬਿਤਾਉਂਦੇ ਹਨ? ਸਾਨੂੰ ਸਾਰਿਆਂ ਨੂੰ ਸ਼ਿਕਾਇਤ ਕਰਨ ਲਈ ਇੰਨਾ ਜ਼ਿਆਦਾ ਮਸਾਲਾ ਕਿਉਂ ਅਤੇ ਕਿੱਥੋਂ ਲੱਭ ਜਾਂਦੈ? ਜਾਂ ਫ਼ਿਰ ਇੰਝ ਕਹਿ ਲਓ ਕਿ ਅਫ਼ਸੋਸ ਕਰਨ ਲਈ ਇੰਨਾ ਕੁਝ ਕਿੱਥੋਂ ਮਿਲ ਜਾਂਦੈ? ਸ਼ਾਇਦ ਅਸੀਂ ਦੁਖੀ ਹੋਣ ਪ੍ਰਤੀ ਆਪਣੇ ਆਕਰਸ਼ਣ ‘ਤੇ ਕਾਬੂ ਪਾ ਕੇ ਸੰਤੁਸ਼ਟੀ ਪ੍ਰਾਪਤ ਕਰ ਸਕਦੇ ਹਾਂ! ਕਿਸੇ ਅਜਿਹੀ ਚੀਜ਼ ਨੂੰ ਦੇਖਣ ਦੀ ਬਜਾਏ ਜਿਸ ਨੂੰ ਅਸੀਂ ਪਸੰਦ ਹੀ ਨਾ ਕਰਦੇ ਹੋਈਏ ਜਾਂ ਉਸ ਚੀਜ਼ ਨੂੰ ਕਿਸੇ ਨਿਰਾਸ਼ਾਵਾਦੀ ਰਾਏ ਦੀ ਪੁਸ਼ਟੀ ਕਰ ਲੈਣ ਦੇਣ ਦੀ ਥਾਂ, ਕੀ ਸਾਨੂੰ ਸਿਰਫ਼ ਚੀਜ਼ਾਂ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਨ ਦੀ ਲੋੜ ਨਹੀਂ? ਅਸਮਾਨ ਇਸ ਵਕਤ ਤੁਹਾਨੂੰ ਇੱਕ ਗੰਭੀਰ ਪ੍ਰਤੀਤ ਹੋਣ ਵਾਲੀ ਸਥਿਤੀ ਦਾ ਚਮਕਦਾਰ ਪਹਿਲੂ ਦੇਖਣ ਦਾ ਮੌਕਾ ਬਖ਼ਸ ਰਿਹਾ ਹੈ। ਆਪਣੀ ਉਮੀਦ ਕਾਇਮ ਰੱਖਣ ਜੋਗੇ ਬਹਾਦਰ ਤਾਂ ਬਣੋ।
ਜੇਕਰ ਤੁਹਾਨੂੰ ਬਚਾਅ ਦੀ ਲੋੜ ਨਹੀਂ ਤਾਂ ਤੁਸੀਂ ਨਹੀਂ ਚਾਹੋਗੇ ਕਿ ਘੁੜਸਵਾਰ ਤੁਹਾਡੀ ਰੱਖਿਆ ਲਈ ਆਉਣ। ਉਸ ਸੂਰਤ ‘ਚ, ਉਹ ਸਾਰੇ ਬੇਲੋੜੇ ਘੋੜੇ ਅਤੇ ਉਨ੍ਹਾਂ ‘ਤੇ ਸਵਾਰ ਸਿਪਾਹੀ ਸਿਰਫ਼ ਇੱਕ ਦੇਣਦਾਰੀ ਬਣ ਕੇ ਰਹਿ ਜਾਣਗੇ। ਜਦੋਂ ਉਹ ਤੁਹਾਡੇ ਘਰ ਦੇ ਪਿੱਛਲੇ ਪਾਸੇ ਵਾਲੇ ਲਾਅਨ ‘ਚ ਆਪਣੇ ਡੇਰੇ ਲਾਉਣਗੇ ਤਾਂ ਤੁਹਾਨੂੰ ਉਹਨਾਂ ਲਈ ਭੋਜਨ ਅਤੇ ਆਸਰੇ ਦਾ ਪ੍ਰਬੰਧ ਕਰਨਾ ਪਏਗਾ। ਤੁਹਾਨੂੰ ਆਪਣੇ ਗੁਆਂਢੀਆਂ ਨੂੰ ਵੀ ਕਾਫ਼ੀ ਕੁਝ ਸਮਝਾਉਣਾ ਪਵੇਗਾ। ਪਰ ਜੇਕਰ ਤੁਹਾਡੇ ਬਚਾਅ ਲਈ ਕਿਸੇ ਵੀ ਘੁੜਸਵਾਰ ਦੇ ਬਹੁੜਨ ਦੀ ਕੋਈ ਸੰਭਾਵਨਾ ਹੀ ਨਹੀਂ ਤਾਂ ਕੋਸ਼ਿਸ਼ ਕਰੋ ਕਿ ਤੁਸੀਂ ਖ਼ੁਦ ਨੂੰ ਕਿਸੇ ਕਿਸਮ ਦੀ ਮੁਸੀਬਤ ‘ਚ ਨਾ ਪੈਣ ਦਿਓ। ਆਦਰਸ਼ਕ ਤੌਰ ‘ਤੇ, ਤੁਸੀਂ ਚਾਹੋਗੇ ਕਿ ਤੁਹਾਡੀਆਂ ਮੁਸੀਬਤਾਂ ਅਤੇ ਉਨ੍ਹਾਂ ਦੇ ਹੱਲ ਇਕੱਠਿਆਂ ਆਉਣ।
ਕਈ ਵਾਰ, ਅਸੀਂ ਆਪਣੇ ਭਵਿੱਖ ਪ੍ਰਤੀ ਬਹੁਤ ਸਾਰੇ ਡਰ ਪਾਲ ਕੇ ਖ਼ੁਦ ਨੂੰ ਅਣਕਹੇ ਅਤੇ ਬੇਲੋੜੇ ਦੁਖਾਂ ‘ਚ ਧੱਕ ਸਕਦੇ ਹਾਂ। ਕਿਸੇ ਵੀ ਸਥਿਤੀ ਦੇ ਹਰ ਇੱਕ ਪਲ ਨੂੰ ਉਸ ਦੀ ਫ਼ੇਸ ਵੈਲਿਊ ‘ਤੇ ਲੈਣ ਦੀ ਬਜਾਏ, ਅਸੀਂ ਉਸ ਵਿੱਚ ਅਰਥ ਦੇ ਬੇਅੰਤ ਪੱਧਰਾਂ ਨੂੰ ਜੋੜ ਲੈਂਦੇ ਹਾਂ। ਅਸੀਂ ਇੱਕ ਅਜਿਹੇ ਭਵਿੱਖ ਦਾ ਪੂਰਵ-ਅਨੁਮਾਨ ਲਗਾਉਂਦੇ ਹਾਂ ਅਤੇ ਉਸ ਲਈ ਨਾਰਾਜ਼ ਹੁੰਦੇ ਹਾਂ ਜੋ ਹਾਲੇ ਆਉਣੈ ਪਰ ਵਾਪਰਿਆ ਨਹੀਂ, ਅਤੇ ਫ਼ਿਰ ਹੈਰਾਨ ਹੁੰਦੇ ਹਾਂ ਕਿ ਅਸੀਂ ਇੰਨੇ ਘਿਰੇ ਹੋਏ ਕਿਉਂ ਮਹਿਸੂਸ ਕਰ ਰਹੇ ਹਾਂ ਅਤੇ ਇੰਨੀ ਸਖ਼ਤ ਮਿਹਨਤ ਕਿਉਂ ਕਰ ਰਹੇ ਹਾਂ। ਹਰ ਸੰਭਾਵੀ ਘਟਨਾ ਲਈ ਜਿੰਨੀ ਔਖੀ ਯੋਜਨਾ ਬਣਾਉਣ ਦੀ ਤੁਸੀਂ ਕੋਸ਼ਿਸ਼ ਕਰੋਗੇ, ਓਨਾ ਹੀ ਜ਼ਿਆਦਾ ਤੁਸੀਂ ਚੰਗੀ ਕਿਸਮਤ ਦੇ ਆਪਣੀ ਜ਼ਿੰਦਗੀ ‘ਚ ਅਚਾਨਕ ਦਾਖਲੇ ਨੂੰ ਔਖਾ ਬਣਾ ਦਿਓਗੇ। ਫ਼ਿਰ ਵੀ, ਇਸ ਵਕਤ, ਤੁਹਾਡੀ ਭਾਵਨਾਤਮਕ ਜ਼ਿੰਦਗੀ ‘ਚ ਕੁਝ ਸਾਕਾਰਾਤਮਕ ਜਾਦੂਈ ਤਬਦੀਲੀਆਂ ਦੀ ਪੇਸ਼ਕਸ਼ ਹੋ ਰਹੀ ਹੈ।
ਲੋਕ ਕਈ ਕਾਰਨਾਂ ਕਰ ਕੇ ਸੋਟੀ ਦੇ ਗ਼ਲਤ ਸਿਰੇ ਨੂੰ ਫ਼ੜ ਸਕਦੇ ਹਨ। ਉਹ ਗ਼ਲਤ ਸਮਝ ਸਕਦੇ ਹਨ ਕਿ ਕੀ ਕਿਹਾ ਜਾ ਰਿਹਾ ਹੈ। ਜਾਂ ਉਹ ਕਿਸੇ ਖ਼ਾਸ ਵਾਕ ‘ਚ, ਕਿਸੇ ਖ਼ਾਸ ਸ਼ਬਦ ਦੁਆਰਾ ਇੰਨੇ ਜ਼ਿਆਦਾ ਉਤਸਾਹਿਤ ਹੋ ਸਕਦੇ ਹਨ ਕਿ ਉਨ੍ਹਾਂ ਨੂੰ ਹੋਰ ਕੁਝ ਵੀ ਸੁਣਾਈ ਨਾ ਦੇਵੇ। ਕਦੇ-ਕਦੇ, ਇੱਛਾਪੂਰਣ ਸੋਚ ਉਨ੍ਹਾਂ ‘ਤੇ ਹਾਵੀ ਹੋ ਜਾਂਦੀ ਹੈ। ਕਈ ਵਾਰ, ਡਰ ਜਾਂ ਪੱਖਪਾਤ ਉਹਨਾਂ ਦੀ ਵਿਸ਼ਲੇਸ਼ਣਾਤਮਕ ਯੋਗਤਾ ਨਾਲ ਸਮਝੌਤਾ ਕਰ ਲੈਂਦਾ ਹੈ। ਤੁਹਾਡੀ ਭਾਵਨਾਤਮਕ ਅਤੇ ਨਿੱਜੀ ਜ਼ਿੰਦਗੀ ‘ਚ, ਤੁਹਾਡੀ ਦੁਨੀਆਂ ‘ਚ ਕੋਈ ਵਿਅਕਤੀ ਇਸ ਵੇਲੇ ਇੱਕ ਗ਼ਲਤ ਰੁਖ਼ ਵੱਲ ਮੂੰਹ ਕਰ ਕੇ ਭੌਂਕ ਰਿਹਾ ਜਾਪਦੈ। ਉਸ ਵਿਅਕਤੀ ਵੱਲ ਵਾਪਿਸ ਭੌਂਕਣ ਤੋਂ ਪਹਿਲਾਂ ਇਹ ਸਮਝਣਾ ਸਮਝਦਾਰੀ ਹੋ ਸਕਦੀ ਹੈ ਕਿ ਆਖ਼ਿਰ ਉਹ ਅਜਿਹਾ ਕਰ ਕਿਉਂ ਰਹੇ ਹਨ।
ਜੇ ਤੁਸੀਂ ਪਰਵਾਹ ਨਹੀਂ ਕਰਦੇ ਤਾਂ ਤੁਸੀਂ ਕਿਤੇ ਵੀ ਨਹੀਂ ਪਹੁੰਚ ਸਕਦੇ। ਜੇ ਤੁਸੀਂ ਬਹੁਤ ਜ਼ਿਆਦਾ ਚਿੰਤਾ ਕਰਦੇ ਹੋ ਤਾਂ ਤੁਸੀਂ ਇੱਕ ਗ਼ਲਤ ਨਤੀਜਾ ਪ੍ਰਾਪਤ ਕਰ ਸਕਦੇ ਹੋ। ਜਨੂੰਨ ਅਤੇ ਦ੍ਰਿਸ਼ਟੀਕੋਣ ਆਪਸ ‘ਚ ਨਿਵੇਕਲੇ ਹਨ। ਜਿਵੇਂ ਹੀ ਤੁਸੀਂ ਇੱਕ ਪ੍ਰਾਪਤ ਕਰਦੇ ਹੋ, ਦੂਜਾ ਅਲੋਪ ਹੋ ਜਾਂਦੈ। ਅਸਲ ‘ਚ ਵਿਹਾਰਾਤਮਕ ਬਣਨ ਲਈ ਤੁਹਾਨੂੰ ਆਪਣੇ ਆਪ ਨੂੰ ਸਾਰੀਆਂ ਤੀਬਰ ਭਾਵਨਾਵਾਂ ਤੋਂ ਮੁਕਤ ਕਰਨਾ ਚਾਹੀਦੈ। ਤੁਸੀਂ ਇਸ ਲਈ ਆਪਣੇ ਮਨ ‘ਚ ਥੋੜ੍ਹੀ ਗੁੰਜਾਇਸ਼ ਪੈਦਾ ਕਰ ਸਕਦੇ ਹੋ, ਪਰ ਤੁਸੀਂ ਉਸ ‘ਚ ਪੂਰੀ ਤਰ੍ਹਾਂ ਗਰਕ ਨਹੀਂ ਹੋ ਸਕਦੇ। ਡੂੰਘਾਈ ਨਾਲ ਵਚਨਬੱਧ ਹੋਣ ਲਈ ਤੁਹਾਨੂੰ ਆਪਣੇ ਬਾਕੀ ਦੇ ਸਾਰੇ ਵਿਕਲਪਾਂ ਅਤੇ ਦੂਸਰੀਆਂ ਚੋਣਾਂ ਬਾਰੇ ਪੂਰੀ ਤਰ੍ਹਾਂ ਭੁੱਲ ਜਾਣਾ ਪਵੇਗਾ। ਜਿੰਨਾ ਘੱਟ ਤੁਸੀਂ ਹੁਣ ਕਿਸੇ ਭਾਵਨਾਤਮਕ ਚਿੰਤਾ ਬਾਰੇ ਪਰੇਸ਼ਾਨ ਹੋਵੋਗੇ, ਤੁਹਾਡੇ ਸਫ਼ਲ ਹੋਣ ਦੀ ਸੰਭਾਵਨਾ ਓਨੀ ਹੀ ਪ੍ਰਬਲ ਹੋਵੇਗੀ।














