ਜੇ ਤੁਹਾਨੂੰ ਸਲਾਹ ਚਾਹੀਦੀ ਹੈ ਤਾਂ ਉਹ ਤੁਹਾਨੂੰ ਹਮੇਸ਼ਾ ਪ੍ਰਾਪਤ ਹੋ ਸਕਦੀ ਹੈ। ਅਜਿਹੇ ਲੋਕਾਂ ਦੀ ਕੋਈ ਕਮੀ ਨਹੀਂ ਜੋ ਤੁਹਾਨੂੰ ਦੱਸਣਗੇ ਕਿ ਉਹ ਕੀ ਸੋਚਦੇ ਨੇ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਹੈ। ਬਹੁਤ ਘੱਟ ਲੋਕ ਇਸ ਬਾਰੇ ਚਿੰਤਾ ਕਰਦੇ ਹਨ ਕਿ ਕੀ ਉਹ ਸੱਚਮੁੱਚ ਕੁੱਝ ਵੀ ਸਹੀ ਜਾਂ ਢੁਕਵਾਂ ਕਹਿਣ ਲਈ ਲੋੜੀਂਦੀ ਜਾਣਕਾਰੀ ਰੱਖਦੇ ਨੇ ਜਾਂ ਨਹੀਂ। ਉਹ ਕਿਸੇ ਵੀ ਕਿਸਮ ਦੀ ਪੂਰਨ ਤਿਆਰੀ ਤੋਂ ਬਿਨਾ ਆਪਣੀ ਗੱਲ ਕਰ ਕੇ ਕਾਫ਼ੀ ਖ਼ੁਸ਼ ਹੁੰਦੇ ਨੇ। ਬਿਨਾ ਸੋਚੇ-ਵਿਚਾਰੇ ਕਹੀ ਗਈ ਕੋਈ ਵੀ ਗੱਲ, ਪਰ, ਇੱਕ ਅਜਿਹੀ ਸਲਾਹ ਹੋਵੇਗੀ ਜੋ ਤੁਹਾਨੂੰ ਅਸਲ ‘ਚ ਨਹੀਂ ਚਾਹੀਦੀ। ਜਿੱਥੇ ਵੀ ਕੋਈ ਮੁੱਦਾ ਸ਼ੱਕ ਪੈਦਾ ਕਰ ਰਿਹਾ ਹੈ, ਕਿਸੇ ਅਜਿਹੇ ਵਿਅਕਤੀ ਦੇ ਮਾਰਗਦਰਸ਼ਨ ਦੀ ਮੰਗ ਕਰੋ ਜੋ ਆਪਣੇ ਅਸਲ ਅਨੁਭਵ ਦਾ ਲਾਭ ਪੇਸ਼ ਕਰ ਸਕਦਾ ਹੋਵੇ।
ਜੇ ਤੁਹਾਨੂੰ ਇਹ ਹੀ ਨਾ ਪਤਾ ਹੋਵੇ ਕਿ ਤੁਸੀਂ ਖੜ੍ਹੇ ਕਿੱਥੇ ਹੋ ਤਾਂ ਤੁਸੀਂ ਉਸ ਜਗ੍ਹਾਂ ਦਾ ਨਕਸ਼ਾ ਕਿਵੇਂ ਤਿਆਰ ਕਰ ਸਕਦੇ ਹੋ? ਅਤੇ ਜੇਕਰ ਤੁਹਾਡੇ ਕੋਲ ਕੰਪਸ ਨਾ ਹੋਵੇ ਤਾਂ ਫ਼ਿਰ? ਅਤੇ ਜੇ ਲੋਕ ਸਾਈਨਪੋਸਟਾਂ ਨੂੰ ਇੱਕ ਥਾਂ ਤੋਂ ਦੂਜੇ ਸਥਾਨ ‘ਤੇ ਸ਼ਿਫ਼ਟ ਕਰਦੇ ਰਹਿਣ? ਇਹ ਤਾਂ ਇਸ ਤਰ੍ਹਾਂ ਹੈ ਜਿਵੇਂ ਤੁਹਾਡੇ ਭਾਵਨਾਤਮਕ ਸੰਦਰਭ ਬਿੰਦੂ ਉਲਝ ਕੇ ਰਹਿ ਗਏ ਹੋਣ। ਬੱਸ ਜਦੋਂ ਤੁਸੀਂ ਸੋਚਦੇ ਹੋ ਕਿ ਕਿਸੇ ਖ਼ਾਸ ਸਥਿਤੀ ਬਾਰੇ ਹੁਣ ਤੁਹਾਨੂੰ ਸਾਰੀ ਲੋੜੀਂਦੀ ਜਾਣਕਾਰੀ ਅਤੇ ਸਮਝ ਮਿਲ ਗਈ ਹੈ, ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਇੱਥੇ ਇੱਕ ਹੋਰ ਸੰਭਾਵਨਾ ਵੀ ਹੋ ਸਕਦੀ ਹੈ। ਪਾਣੀ ਦੇ ਇੱਕ ਗਿਲਾਸ ਬਾਰੇ ਸੋਚੋ ਜਿਸ ‘ਚ ਕਿਸੇ ਨੇ ਕੁੱਝ ਖੰਡ ਪਾ ਦਿੱਤੀ ਹੋਵੇ। ਅੰਤ ‘ਚ, ਇਹ ਜਾਂ ਤਾਂ ਘੁਲ ਜਾਵੇਗੀ ਜਾਂ ਫ਼ਿਰ ਉਸ ਗਿਲਾਸ ‘ਚ ਹੇਠਾਂ ਸੈਟਲ ਹੋ ਜਾਵੇਗੀ। ਪਹਿਲਾਂ, ਪਰ, ਬੱਦਲਵਾਈ ਰਹੇਗੀ। ਤੁਹਾਡੀ ਜ਼ਿੰਦਗੀ ‘ਚ ਉਲਝਣ ਉਹ ਸਮੱਸਿਆ ਨਹੀਂ ਜਿਸ ਦੀ ਤੁਸੀਂ ਕਲਪਨਾ ਕਰ ਰਹੇ ਹੋ। ਜਿਵੇਂ ਕਿ ਸਭ ਕੁੱਝ ਹੌਲੀ-ਹੌਲੀ ਸੁਲਝ ਜਾਂਦੈ, ਤੁਹਾਡੇ ਕੋਲ ਵੀ ਸਪੱਸ਼ਟਤਾ ਆ ਜਾਵੇਗੀ।
ਤੁਸੀਂ ਮਹਿਸੂਸ ਕਰ ਰਹੇ ਹੋ ਕਿ ਤੁਹਾਨੂੰ ਬਹੁਤ ਸਾਰੀਆਂ ਅਜਿਹੀਆਂ ਮੁਸ਼ਕਿਲਾਂ ਅਤੇ ਸਮੱਸਿਆਵਾਂ ਲਈ ਖ਼ੁਦ ਨੂੰ ਤਿਆਰ ਰੱਖਣ ਦੀ ਲੋੜ ਹੈ ਜੋ ਤੁਹਾਡੇ ਭਾਵਨਾਤਮਕ ਜੀਵਨ ‘ਚ ਜਲਦੀ ਹੀ ਖੜ੍ਹੀਆਂ ਹੋ ਸਕਦੀਆਂ ਹਨ। ਜਦੋਂ ਤੁਸੀਂ ਉਨ੍ਹਾਂ ਬਹੁਤ ਸਾਰੀਆਂ ਸੰਭਾਵੀ ਮੁਸ਼ਕਿਲਾਂ ਦੀ ਜਾਂਚ ਕਰ ਰਹੇ ਹੋ ਤਾਂ ਧਿਆਨ ਰੱਖਿਓ ਕਿ ਤੁਸੀਂ ਆਪਣੇ ਆਪ ਨੂੰ ਕੇਵਲ ਇਸ ਗੱਲ ਲਈ ਹੀ ਕਾਇਲ ਨਾ ਕਰਿਓ ਕਿ ਤੁਸੀਂ ਕੋਈ ਵੱਡੀ ਗ਼ਲਤੀ ਕਰ ਰਹੇ ਹੋ। ਤੁਸੀਂ ਅਜਿਹਾ ਕੁੱਝ ਨਹੀਂ ਕਰ ਰਹੇ। ਹਰ ਵਕਤ ਚੰਗੇ ਅਤੇ ਸਾਕਾਰਾਤਮਕ ਪਹਿਲੂ ਨੂੰ ਧਿਆਨ ‘ਚ ਰੱਖਣਾ ਬਹੁਤ ਜ਼ਰੂਰੀ ਹੈ। ਜ਼ਿੰਦਗੀ ਪ੍ਰਭਾਵਸ਼ਾਲੀ ਢੰਗ ਨਾਲ ਤੁਹਾਨੂੰ ਕੁੱਝ ਅਜਿਹਾ ਕਰਨ ਦੀ ਕੋਸ਼ਿਸ਼ ਕਰਨ ਦਾ ਸੱਦਾ ਦੇ ਰਹੀ ਹੈ ਜੋ ਅਸੰਭਵ ਹੈ। ਪਰ ਸਿਰਫ਼ ਇਹ ਸੋਚੋ ਕਿ ਦਿਲ, ਜੋ ਇਨਸਾਨ ਨੂੰ ਸੰਤੁਸ਼ਟੀ ਅਤੇ ਅਨੰਦ ਵੱਲ ਲੈ ਕੇ ਜਾਂਦਾ ਹੈ, ਦੇ ਰਸਤੇ ‘ਤੇ ਅਸੰਭਵ ਦੇ ‘ਅ ‘ਤੋਂ ਬਾਅਦ ਹਮੇਸ਼ਾ ਕੀ ਆਉਂਦਾ ਹੈ? ਸੰਭਵ!
ਸਾਨੂੰ ਬੱਚਿਆਂ ਦੀਆਂ ਪਰੀ ਕਹਾਣੀਆਂ ਨੂੰ ਸ਼ਾਬਦਿਕ ਰੂਪ ‘ਚ ਨਹੀਂ ਲੈਣਾ ਚਾਹੀਦਾ। ਅਜਿਹੀਆਂ ਕਹਾਣੀਆਂ ਵਿਚਲੀਆਂ ਘਟਨਾਵਾਂ ਅਤੇ ਉਨ੍ਹਾਂ ਦੇ ਪਾਤਰਾਂ ‘ਚ ਵਿਸ਼ਵਾਸ ਕਰਨ ਦੀ ਵਿਅਰਥਤਾ ਨੂੰ ਦਰਸਾਉਣ ਲਈ, ਆਮ ਤੌਰ ‘ਤੇ ਉਹ ਲਗਭਗ ਸਾਰੀਆਂ ਇਸ ਵਾਕ ਨਾਲ ਹੀ ਖ਼ਤਮ ਹੁੰਦੀਆਂ ਹਨ, ”ਅਤੇ ਫ਼ਿਰ ਉਹ ਸਾਰੇ ਸਦਾ ਲਈ ਖ਼ੁਸ਼ੀ-ਖ਼ੁਸ਼ੀ ਰਹਿਣ ਲੱਗੇ।” ਪਰ ਉਨ੍ਹਾਂ ਨੇ ਇਸ ਸਭ ਦਾ ਪ੍ਰਬੰਧ ਕਿਵੇਂ ਕੀਤਾ ਹੋਵੇਗਾ? ਕੋਈ ਵੀ ਇਸ ਦਾ ਪ੍ਰਬੰਧ ਕਿਵੇਂ ਕਰ ਸਕਦਾ ਹੈ? ਸਦਾ ਲਈ ਇੱਕ ਬਹੁਤ ਹੀ ਲੰਬਾ ਸਮਾਂ ਹੁੰਦੈ। ਅਤੇ ਖ਼ੁਸ਼ੀ ਕਦੇ ਹੱਥ ਨਾ ਆਉਣ ਲਈ ਮਸ਼ਹੂਰ ਇੱਕ ਅਵਸਥਾ ਹੈ। ਫ਼ਿਰ ਵੀ ਭਵਿੱਖ ‘ਚ ਵਾਪਰਣ ਵਾਲੀਆਂ ਘਟਨਾਵਾਂ ਅਜਿਹੇ ਖ਼ੁਸ਼ੀ ਵਾਲੇ ਮੂਡ ‘ਚ ਦਾਖ਼ਲ ਹੋਣ ਲਈ ਇੱਕ ਅਸਧਾਰਣ ਤੌਰ ‘ਤੇ ਵਧੀ ਹੋਈ ਯੋਗਤਾ ਦਰਸਾ ਰਹੀਆਂ ਹਨ। ਇਸ ਬਾਰੇ ਚਿੰਤਾ ਨਾ ਕਰੋ ਕਿ ਅਜਿਹਾ ਮੂਡ ਕਿੰਨਾ ਚਿਰ ਬਣਿਆ ਰਹੇਗਾ। ਬਸ ਇੱਕ ਪਰੀ ਕਹਾਣੀ ਵਰਗੇ ਕਿਸੇ ਨਤੀਜੇ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਤਿਆਰ ਰਹੋ।
ਅਸੀਂ ਸਾਰੇ ਯੋਜਨਾਵਾਂ ਬਣਾਉਂਦੇ ਹਾਂ, ਅਤੇ ਸਾਨੂੰ ਸਾਰਿਆਂ ਨੂੰ, ਜਲਦੀ ਜਾਂ ਬਾਅਦ ‘ਚ, ਇਸ ਗੱਲ ਦਾ ਅਹਿਸਾਸ ਹੋ ਜਾਂਦਾ ਹੈ ਕਿ ਉਨ੍ਹਾਂ ‘ਚੋਂ ਕੁੱਝ ਯੋਜਨਾਵਾਂ ਨੂੰ ਇਨੀ ਆਸਾਨੀ ਨਾਲ ਲਾਗੂ ਨਹੀਂ ਕੀਤਾ ਜਾ ਸਕਦਾ। ਕੀ ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਸਾਡੀ ਰਣਨੀਤਕ ਪੱਖੋਂ ਸੋਚਣ ਦੀ ਸਮਰੱਥਾ ‘ਚ ਹੀ ਕੋਈ ਕਮੀ ਹੈ? ਜਾਂ ਫ਼ਿਰ ਕੀ ਇਹ ਸਿਰਫ਼ ਬ੍ਰਹਿਮੰਡ ਦਾ ਸੁਭਾਅ ਹੈ? ਸ਼ਾਇਦ ਕੋਈ ਵੀ, ਬੇਸ਼ੱਕ ਉਨ੍ਹਾਂ ਦੀਆਂ ਨਿਰੀਖਣ ਅਤੇ ਵਿਸ਼ਲੇਸ਼ਣ ਦੀਆਂ ਸ਼ਕਤੀਆਂ ਕਿੰਨੀਆਂ ਵੀ ਬਲਵਾਨ ਕਿਉਂ ਨਾ ਹੋਣ, ਬ੍ਰਹਿਮੰਡ ਦੀ ਅਸਪਸ਼ਟਤਾ ਤੋਂ ਲਗਾਤਾਰ ਬੱਚ ਨਹੀਂ ਸਕਦਾ। ਜੇ ਕੁੱਝ ਕੰਮ ਨਹੀਂ ਕਰਦਾ ਜਾਪਦਾ ਤਾਂ ਇਹ ਸੋਚ ਕੇ ਆਪਣੀ ਕੀਮਤੀ ਊਰਜਾ ਬਰਬਾਦ ਨਾ ਕਰੋ ਕਿ ਤੁਸੀਂ ਕਿਵੇਂ ਜਾਂ ਕਿੱਥੇ ਅਸਫ਼ਲ ਹੋਏ ਸੀ। ਬਸ ਆਪਣੇ ਪਲੈਨ ਬੀ ਦੀ ਵਰਤੋਂ ਕਰੋ।














