ਤੁਹਾਡਾ ਦਿਨ ਚੰਗਾ ਰਹੇ। ਇਹ ਕਥਨ ਨਾ ਤਾਂ ਕਿਸੇ ਸੁਖਦ ਕਾਮਨਾ ਦਾ ਪ੍ਰਗਟਾਵਾ ਹੈ ਅਤੇ ਨਾ ਹੀ ਕੋਈ ਆਦੇਸ਼। ਇਹ ਇੱਕ ਭਵਿੱਖਬਾਣੀ ਹੈ। ਤੁਹਾਡਾ ਦਿਨ ਵਧੀਆ ਰਹੇਗਾ, ਬਸ਼ਰਤੇ ਤੁਸੀਂ ਕਿਸੇ ਅਜਿਹੀ ਸਕ੍ਰਿਪਟ ਨਾਲ ਚਿਪਕੇ ਰਹਿਣ ਦੀ ਕੋਸ਼ਿਸ਼ ਨਾ ਕਰੋ ਜਿਸ ਦੀ, ਤੁਹਾਡੀ ਜਾਚੇ, ਤੁਸੀਂ ਪਾਲਣ ਕਰਨ ਲਈ ਮਜਬੂਰ ਹੋ। ਅਸੀਂ ਸਾਰੇ ਭੂਮਿਕਾਵਾਂ ਨਿਭਾਉਂਦੇ ਹਾਂ, ਅਸੀਂ ਸਾਰੇ ਆਪੋ-ਆਪਣੇ ਹਿੱਸੇ ਦੇ ਰੋਲ ਅਦਾ ਕਰਦੇ ਹਾਂ, ਅਸੀਂ ਸਾਰੇ ਅਜਿਹੇ ਨਾਟਕਾਂ ‘ਚ ਸ਼ਾਮਿਲ ਹੁੰਦੇ ਹਾਂ ਜਿਨ੍ਹਾਂ ਦੇ ਕਥਾਨਕ ਨਿਰਾਸ਼ਾ ਦੀ ਹੱਦ ਤਕ ਗੁਆਚੇ ਹੋਏ ਜਾਪਦੇ ਨੇ। ਜਦੋਂ ਅਸੀਂ ਕਿਸੇ ਅਜਿਹੇ ਨਾਟਕ ਦੇ ਕਥਾਨਕ ਬਾਰੇ ਅੰਦਾਜ਼ਾ ਲਗਾਉਣ ਦੀ ਕੋਸ਼ਿਸ਼ ਕਰਦੇ ਹਾਂ ਜਿਸ ਦੀ ਕਹਾਣੀ ਦਾ ਖ਼ੁਲਾਸਾ ਹਾਲੇ ਹੋ ਰਿਹਾ ਹੋਵੇ, ਅਸੀਂ ਬਹੁਤ ਹੀ ਹੇਠਲੇ ਪੱਧਰ ਦਾ ਪ੍ਰਦਰਸ਼ਨ ਕਰਦੇ ਹਾਂ। ਪਰ ਜਦੋਂ ਅਸੀਂ ਸਿਰਫ਼ ਪ੍ਰੇਰਨਾ ਨੂੰ ਸੱਦਦੇ ਹਾਂ ਅਤੇ ਆਪਣੇ ਆਪ ‘ਚ ਸੁਧਾਰ ਲਿਆਉਂਦੇ ਹਾਂ, ਅਸੀਂ ਦਰਸ਼ਕਾਂ ਅਤੇ ਸ੍ਰੋਤਿਆਂ ਦੀ ਵਾਹ-ਵਾਹ ਖੱਟਦੇ ਹਾਂ! ਤੁਸੀਂ ਛੇਤੀ ਹੀ ਕਿਸੇ ਕਹਾਣੀ ਦੇ ਇੱਕ ਪ੍ਰਮੁੱਖ ਕਿਰਦਾਰ ਜਾਂ ਸਿਤਾਰੇ ਬਣਨ ਵਾਲੇ ਹੋ।
”ਜੇਕਰ ਤੁਹਾਡੇ ਕੋਲ ਕੇਵਲ ਇਹ ਹੁੰਦਾ, ਜੇਕਰ ਤੁਹਾਡੇ ਕੋਲ ਸਿਰਫ਼ ਉਹ ਹੁੰਦਾ।” ”ਜੇਕਰ ਕੇਵਲ ਤੁਸੀਂ ਇੱਥੇ ਆ ਸਕਦੇ, ਜੇਕਰ ਤੁਸੀਂ ਸਿਰਫ਼ ਉੱਥੇ ਜਾ ਸਕਦੇ।” ਉਹ ਦਿਨ ਤੁਹਾਡੇ ਸੋਚਣ ਨਾਲੋਂ ਵੀ ਬਹੁਤ ਜਲਦੀ ਆ ਸਕਦਾ ਹੈ ਜਦੋਂ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਜੋ ਹੁਣ ਅਸੰਭਵ ਜਾਪਦੀਆਂ ਹਨ, ਕਿਸੇ ਤਰ੍ਹਾਂ, ਅਚਾਨਕ ਸੰਭਵ ਹੋ ਜਾਣ। ਪਰ ਜਦੋਂ ਉਹ ਦਿਨ ਆਵੇਗਾ ਤਾਂ ਕੀ ਤੁਸੀਂ ਯਕੀਨੀ ਤੌਰ ‘ਤੇ ਖ਼ੁਸ਼ ਹੋਵੋਗੇ? ਜਾਂ ਫ਼ਿਰ ਕੀ ਓਦੋਂ ਤੁਸੀਂ ਕਿਸੇ ਹੋਰ, ਦੂਰ ਦਿਸਹੱਦੇ ‘ਤੇ ਖੜ੍ਹੀ, ਸ਼ੈਅ ‘ਤੇ ਆਪਣੀਆਂ ਬੇਚੈਨ ਨਜ਼ਰਾਂ ਟਿਕਾ ਲਓਗੇ? ਕਦੇ-ਕਦੇ, ਜ਼ਿੰਦਗੀ ‘ਚ, ਸਭ ਤੋਂ ਵਧੀਆ ਭਾਵਨਾਵਾਂ ਉਹ ਨਹੀਂ ਹੁੰਦੀਆਂ ਜੋ ਸਾਡੇ ਕਿਸੇ ਜਗ੍ਹਾ ‘ਤੇ ਪਹੁੰਚਣ ਮਗਰੋਂ ਸਾਡੇ ਅੰਦਰ ਪੈਦਾ ਹੁੰਦੀਆਂ ਹਨ। ਉਹ ਤਾਂ ਉਹ ਹੁੰਦੀਆਂ ਹਨ ਜਿਹੜੀਆਂ ਉਸ ਵਕਤ ਪੈਦਾ ਹੁੰਦੀਆਂ ਨੇ ਜਦੋਂ ਅਸੀਂ ਸੋਚਦੇ ਹਾਂ ਕਿ ਅਸੀਂ ਲਗਭਗ ਉੱਥੇ ਪਹੁੰਚ ਚੁੱਕੇ ਹਾਂ!
ਮੈਨੀਊ ‘ਤੇ ਬਹੁਤ ਸਾਰੇ ਲੁਭਾਉਣੇ ਪਕਵਾਨ ਦਰਜ ਹਨ। ਮੁਸੀਬਤ ਇਹ ਹੈ, ਤੁਹਾਨੂੰ ਸਿਰਫ਼ ਇੰਨੀ ਕੁ ਭੁੱਖ ਹੈ ਕਿ ਤੁਸੀਂ ਉਨ੍ਹਾਂ ‘ਚੋਂ ਕੇਵਲ ਇੱਕ-ਅੱਧਾ ਕੋਈ ਪਕਵਾਨ ਹੀ ਖਾ ਸਕਦੇ ਹੋ। ਇੱਕ ਵਾਰ ਜਦੋਂ ਤੁਸੀਂ ਆਪਣੀ ਪਸੰਦ ਦੀ ਕਿਸੇ ਇੱਕ ਆਈਟਮ ਨੂੰ ਚੁਣ ਲਿਆ ਅਤੇ ਆਰਡਰ ਕਰ ਦਿੱਤਾ ਤਾਂ ਤੁਸੀਂ ਦੂਸਰੇ ਵਿਕਲਪਾਂ ‘ਚੋਂ ਕਿਸੇ ਦਾ ਵੀ ਆਨੰਦ ਨਹੀਂ ਮਾਣ ਸਕੋਗੇ। ਇਸ ਵਿੱਚ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਤੁਸੀਂ ਮੈਨੀਊ ਨੂੰ ਥੋੜ੍ਹਾ ਸਮਾਂ ਹੋਰ ਘੋਖਣਾ ਚਾਹੁੰਦੇ ਹੋ – ਪਰ ਇਸ ਤੋਂ ਪਹਿਲਾਂ ਕਿ ਤੁਸੀਂ ਮੈਨਿਊ ਨੂੰ ਚੈੱਕ ਕਰਨ ਦੀ ਪ੍ਰਕਿਰਿਆ ਮੁੜ ਸ਼ੁਰੂ ਕਰੋ, ਇੱਕ ਸਵਾਲ ਹੈ ਜੋ ਜ਼ਰੂਰ ਪੁੱਛਿਆ ਜਾਣਾ ਚਾਹੀਦਾ ਹੈ। ਕੀ ਤੁਸੀਂ ਅਸਲ ‘ਚ ਕਿਸੇ ਰੈਸਟੋਰੈ੬ਟ ‘ਚ ਹੋ? ਜਾਂ ਕੀ ਤੁਸੀਂ ਕੇਵਲ ਆਪਣੀ ਕਲਪਨਾ ਦੇ ਇੱਕ ਬਿੱਲ ਨੂੰ ਦੇਖ ਰਹੇ ਹੋ? ਬ੍ਰਹਿਮੰਡ ਇਹ ਪਤਾ ਲਗਾਉਣ ‘ਚ ਤੁਹਾਡੀ ਮਦਦ ਕਰਨ ਵਾਲਾ ਹੈ ਕਿ ਰਸੋਈ ‘ਚ ਅਸਲ ‘ਚ ਪਕ ਕੀ ਰਿਹੈ!
ਗੋਲ ਪੋਸਟਾਂ ਨੂੰ ਇੱਕ ਵਾਰ ਫ਼ਿਰ ਤੋਂ ਚੁੱਕ ਕੇ ਅੱਗੇ ਪਿੱਛੇ ਮੂਵ ਕੀਤਾ ਜਾ ਰਿਹੈ। ਜੇ ਉਹ ਇੰਝ ਹੀ ਗੋਲ ਪੋਸਟਾਂ ਦੀ ਜਗ੍ਹਾ ਤਬਦੀਲ ਕਰਦੇ ਰਹੇ ਤਾਂ ਤੁਸੀਂ ਆਪਣੀ ਖੇਡ ਕਿਵੇ੬ ਖੇਡ ਸਕੋਗੇ? ਤੁਸੀਂ ਤਾਂ ਬੱਸ ਇਸ ਗੱਲ ਦਾ ਫ਼ੈਸਲਾ ਕਰ ਸਕਦੇ ਹੋ ਕਿ ਇਸ ਖੇਡ ਦਾ ਨਾਮ ਆਓ ਗੋਲ ਪੋਸਟ ਮੂਵ ਕਰੀਏ ਹੋਣਾ ਚਾਹੀਦਾ ਹੈ। ਜੇ ਦੂਸਰੇ ਇਹ ਗੇਮ ਖੇਡ ਸਕਦੇ ਹਨ ਤਾਂ ਤੁਸੀਂ ਵੀ ਅਜਿਹਾ ਕਰ ਸਕਦੇ ਹੋ। ਉਸ ਵਿੱਚ ਪੂਰੇ ਉਤਸ਼ਾਹ ਨਾਲ ਹਿੱਸਾ ਲਓ ਅਤੇ ਓਦੋਂ ਤਕ ਖੇਡਣਾ ਜਾਰੀ ਰੱਖੋ ਜਦੋਂ ਤਕ ਮੂਵ ਕਰਨ ਲਈ ਕੋਈ ਗੋਲ ਪੋਸਟ ਬਚੇ ਹੀ ਨਾ। ਇੱਕ ਵਾਰ ਜਦੋਂ ਉਹ ਸਾਰੀਆਂ ਗੋਲ ਪੋਸਟਾਂ ਚਲੀਆਂ ਜਾਂਦੀਆਂ ਹਨ ਤਾਂ ਖੇਡਣ ਲਈ ਬਹੁਤੀ ਖੇਡ ਬਚਣੀ ਹੀ ਨਹੀਂ – ਪਰ ਫ਼ਿਰ ਇਸ ਸਮੇ੬ ਆਖਰੀ ਚੀਜ਼ ਜਿਹੜੀ ਤੁਸੀਂ ਕਰਨਾ ਚਾਹੋਗੇ, ਉਹ ਹੈ ਖੇਡਾਂ ਖੇਡਣੀਆਂ। ਕਿਸੇ ਬਹੁਤ ਹੀ ਅਸਲੀ ਚੀਜ਼ ਨਾਲ ਕਿਸੇ ਨਕਲੀ ਚੀਜ਼ ਨੂੰ ਬਦਲਣ ਲਈ ਤਿਆਰ ਰਹੋ।
ਕਿੰਨੇ ਮਜ਼ੇ ਦੀ ਗੱਲ ਹੈ ਕਿ ਕਿਵੇ੬ ਦੂਜੇ ਲੋਕਾਂ ਦੀਆਂ ਜ਼ਿੰਦਗੀਆਂ ਸਾਡੇ ਲਈ ਹਮੇਸ਼ਾਂ ਬਹੁਤ ਜ਼ਿਆਦਾ ਦਿਲਚਸਪੀ ਦਾ ਬਾਇਸ ਬਣੀਆਂ ਰਹਿੰਦੀਆਂ ਹਨ। ਜਾਂ ਤਾਂ ਅਸੀਂ ਚਾਹੁੰਦੇ ਹਾਂ ਕਿ ਸਾਡੇ ਕੋਲ ਵੀ ਉਹ ਸਾਰੀਆਂ ਚੀਜ਼ਾਂ, ਸੰਪਤੀਆਂ ਅਤੇ ਲਾਭ ਹੋਣ ਜੋ ਉਨ੍ਹਾਂ ਨੂੰ ਹਾਸਿਲ ਹਨ – ਜਾਂ ਫ਼ਿਰ ਅਸੀਂ ਖ਼ੁਸ਼ਕਿਸਮਤੀ ਦੇ ਆਪਣੇ ਸਿਤਾਰਿਆਂ ਦਾ ਧੰਨਵਾਦ ਕਰਦੇ ਹਾਂ ਕਿ ਰੱਬਾ ਸ਼ੁਕਰ ਹੈ, ਅਸੀਂ ਉਨ੍ਹਾਂ ਲੋਕਾਂ ਵਾਲੀ ਸਥਿਤੀ ਦਾ ਸਾਹਮਣਾ ਨਹੀਂ ਕਰ ਰਹੇ। ਪਰ ਬਹੁਤ ਹੀ ਘੱਟ ਅਸੀਂ ਖ਼ੁਦ ਨੂੰ ਦੂਸਰਿਆਂ ਦੇ ਕੰਮਾਂ ‘ਚ ਬਿਲਕੁਲ ਵੀ ਦਿਲਚਸਪੀ ਨਾ ਰੱਖਦਾ ਹੋਇਆ ਪਾਉਂਦੇ ਹਾਂ। ਜੇਕਰ ਤੁਸੀਂ ਹੁਣ ਵੱਖੋ-ਵੱਖਰੇ ਵਿਅਕਤੀਆਂ ਨੂੰ ਦੇਖ ਰਹੇ ਹੋ ਤਾਂ ਸੰਭਾਵਨਾ ਇਹੀ ਹੈ ਕਿ ਉਹ ਵੀ ਤੁਹਾਨੂੰ ਦੇਖ ਰਹੇ ਹਨ। ਉਹ ਕੀ ਸੋਚ ਰਹੇ ਹਨ? ਤੁਸੀਂ ਕੀ ਸੋਚ ਰਹੇ ਹੋ? ਇਨ੍ਹਾਂ ‘ਚੋਂ ਕੋਈ ਵੀ ਰਾਏ ਕਿੰਨੀ ਚੰਗੀ ਹੈ? ਅੱਜ ਤੁਸੀਂ ਕੇਵਲ ਇੱਕ ਹੀ ਚੀਜ਼ ਬਣ ਸਕਦੇ ਹੋ। ਅਤੇ ਉਹ ਹੈ ਆਪਣਾ ਆਪ।














