”ਜਦੋਂ ਪਿਆਰ ਤੁਹਾਨੂੰ ਸੱਦੇ, ਉਸ ਦੇ ਪਿੱਛੇ ਚੱਲ ਪਓ ਹਾਲਾਂਕਿ ਉਸ ਦੇ ਪੰਧ ਬੜੇ ਮੁਸ਼ਕਿਲ ਹੁੰਦੇ ਨੇ … ਕਦੇ ਚੜ੍ਹਾਈ, ਕਦੇ ਉਤਰਾਈ। ਅਤੇ ਜਦੋਂ ਉਹ ਆਪਣੇ ਖੰਬ ਤੁਹਾਡੇ ਉੱਪਰ ਖਿਲਾਰੇ ਤਾਂ ਖ਼ੁਦ ਨੂੰ ਉਸ ਸਨਮੁੱਖ ਸਮੱਰਪਿਤ ਕਰ ਦਿਓ ਹਾਂਲਾਂਕਿ ਉਸ ਦੇ ਖੰਬਾਂ ‘ਚ ਛੁਪੀ ਸ਼ਮਸ਼ੀਰ ਤੁਹਾਨੂੰ ਜ਼ਖ਼ਮੀ ਵੀ ਕਰ ਸਕਦੀ ਹੈ। ਜਦੋਂ ਉਹ ਤੁਹਾਨੂੰ ਕੁਝ ਕਹੇ, ਉਸ ‘ਤੇ ਵਿਸ਼ਵਾਸ ਕਰੋ ਹਾਲਾਂਕਿ ਉਸ ਦੀ ਗੱਲ ਤੁਹਾਡੇ ਸਾਰੇ ਖ਼ਵਾਬ ਤੋੜ ਵੀ ਸਕਦੀ ਹੈ, ਜਿਵੇਂ ਉੱਤਰ ਵਲੋਂ ਵੱਗਣ ਵਾਲੀਆਂ ਹਵਾਵਾਂ ਵੱਡੇ-ਵੱਡੇ ਬਾਗ਼ਾਂ ਨੂੰ ਉਜਾੜ ਦਿੰਦੀਆਂ ਹਨ। ਕਿਉਂਕਿ ਜਿਵੇਂ ਪਿਆਰ ਤੁਹਾਨੂੰ ਤਾਜ ਪਹਿਨਾਉਂਦੈ, ਉਸੇ ਤਰ੍ਹਾਂ ਉਹ ਤੁਹਾਨੂੰ ਸਲੀਬ ‘ਤੇ ਵੀ ਟੰਗ ਦੇਵੇਗਾ। ਜਿਵੇਂ ਉਹ ਤੁਹਾਡੇ ਵਾਧੇ ਲਈ ਹੈ, ਉਵੇਂ ਹੀ ਤੁਹਾਨੂੰ ਛਾਂਗਣ ਲਈ ਵੀ।”ਅਜਿਹਾ ਕਹਿਣਾ ਸੀ ਕਵੀ ਅਤੇ ਫ਼ਿਲਾਸਫ਼ਰ ਖ਼ਲੀਲ ਜਿਬਰਾਨ ਦਾ। ਅਸੀਂ ਦੂਸਰਿਆਂ ਲਈ ਉਹ ਕਰ ਸਕਦੇ ਹਾਂ ਜੋ ਸ਼ਾਇਦ ਅਸੀਂ ਆਪਣੇ ਲਈ ਕਦੇ ਵੀ ਨਾ ਕਰੀਏ। ਅਸੀਂ ਖ਼ੁਦ ਨੂੰ ਕਮਜ਼ੋਰ ਬਣਾ ਲੈਂਦੇ ਹਾਂ, ਉਨ੍ਹਾਂ ਲੋਕਾਂ ਖ਼ਾਤਿਰ ਆਪਣੇ ਸੁਰੱਖਿਆ ਘੇਰੇ ਨੂੰ ਘਟਾ ਲੈਂਦੇ ਹਾਂ ਜੋ ਸਾਡੇ ਲਈ ਬਹੁਤ ਮਾਅਨੇ ਰੱਖਦੇ ਹਨ। ਪਿਆਰ ਨੇ, ਹਾਲ ਹੀ ‘ਚ, ਤੁਹਾਡੇ ਤੋਂ ਬਹੁਤ ਕੁਝ ਖੋਹ ਲਿਐ। ਉਹ ਜਲਦੀ ਹੀ ਤੁਹਾਨੂੰ, ਪਰ, ਸਭ ਕੁਝ ਵਾਪਿਸ ਦੇਣ ਵਾਲਾ ਹੈ।
ਇੱਕ ਜ਼ਮਾਨਾ ਹੁੰਦਾ ਸੀ ਜਦੋਂ ਸਾਰੇ ਨਵੇਂ ਕੱਪੜੇ ਮਾਪ ਅਨੁਸਾਰ ਸਿਵਾਏ ਜਾਂਦੇ ਸਨ। ਅੱਜਕੱਲ੍ਹ, ਸਾਡੇ ‘ਚੋਂ ਬਹੁਤੇ ਬੱਸ ਸਟੋਰਾਂ ‘ਚ ਲਟਕਦਾ ਰੈਡੀਮੇਡ ਮਾਲ ਹੀ ਖ਼ਰੀਦ ਲੈਂਦੇ ਹਨ। ਅਸੀਂ ਇੱਕ ਅਜਿਹੇ ਸਟੋਰ ਦੀ ਭਾਲ ਕਰਦੇ ਹਾਂ ਜਿਸ ਬਾਰੇ ਅਸੀਂ ਸੋਚਦੇ ਹਾਂ ਕਿ ਉੱਥੋਂ ਦੇ ਸਾਈਜ਼ ਸਾਡੇ ਮੇਚੇ ਲਈ ਫ਼ਿੱਟ ਬੈਠਦੇ ਨੇ, ਜਾਂ ਅਸੀਂ ਕੋਈ ਅਜਿਹਾ ਪਹਿਰਾਵਾ ਖ਼ਰੀਦਦੇ ਹਾਂ ਜਿਹੜਾ ਲਗਭਗ ਸਾਡਾ ਕੰਮ ਸਾਰ ਸਕਦੈ ਹੋਵੇ ਅਤੇ ਫ਼ਿਰ ਉਸ ਦੀ ਮਾੜੀ-ਮੋਟੀ ਐਡਜਸਟਮੈਂਟ ਕਰਵਾ ਲੈਂਦੇ ਹਾਂ। ਜਿਵੇਂ ਕੱਪੜਿਆਂ ਨਾਲ, ਉਸੇ ਤਰ੍ਹਾਂ ਪ੍ਰਬੰਧਾਂ ਨਾਲ। ਆਪਣੇ ਭਾਵਨਾਤਮਕ ਜੀਵਨ ਵਿਚਲੇ ਮੁੱਦਿਆਂ ਨਾਲ ਨਜਿੱਠਣ ਦੀ ਕੋਸ਼ਿਸ਼ ‘ਚ, ਇਸ ਮੌਕੇ ਲਈ ਵਿਸ਼ੇਸ਼ ਰੂਪ ਨਾਲ ਤਿਆਰ ਕੀਤੇ ਹੱਲਾਂ ਦੀ ਖੋਜ ‘ਚ ਖ਼ੁਦ ਨੂੰ ਥਕਾਓ ਨਾ। ਇਸ ਦੀ ਬਜਾਏ, ਉਸ ਨਾਲ ਮਿਲਦੀ-ਜੁਲਦੀ ਕਿਸੇ ਸ਼ੈਅ ਨੂੰ ਕਬੂਲ ਕਰੋ ਅਤੇ ਫ਼ਿਰ ਉਸ ‘ਚ ਥੋੜ੍ਹੀ ਐਡਜਸਟਮੈਂਟ ਕਰਾਓ ਤਾਂ ਕਿ ਉਹ ਫ਼ਿੱਟ ਹੋ ਸਕੇ। ਫ਼ਿਰ ਜ਼ਿੰਦਗੀ ਤੁਹਾਡੇ ਲਈ ਉਸ ਨੂੰ ਹਾਸਿਲ ਕਰਨਾ ਤੁਹਾਡੀ ਉਮੀਦ ਤੋਂ ਕਿਤੇ ਜ਼ਿਆਦਾ ਆਸਾਨ ਬਣਾ ਦੇਵੇਗੀ ਜਿਸ ਦੀ ਤੁਹਾਨੂੰ ਅਸਲ ‘ਚ ਸਭ ਤੋਂ ਵੱਧ ਲੋੜ ਹੈ।
ਕੁਝ ਸਭਿਆਚਾਰਾਂ ‘ਚ, ਰਿਵਾਇਤੀ ਤੌਰ ‘ਤੇ, ਇਮਾਰਤਾਂ ਦੀਆਂ ਉਸਾਰੀਆਂ ਕਦੇ ਵੀ ਮੁਕੰਮਲ ਨਹੀਂ ਕੀਤੀਆਂ ਜਾਂਦੀਆਂ ਅਤੇ ਕਲਾ ਦੇ ਮਹਾਨ ਚਿੱਤਰਾਂ ‘ਚੋਂ ਬੁਰੱਸ਼ ਦੀ ਕੋਈ ਛੋਟੀ ਜਿਹੀ ਡੀਟੇਲ ਬਾਹਰ ਛੱਡ ਕੇ ਉਨ੍ਹਾਂ ਨੂੰ ਅਧੂਰਾ ਰਹਿਣ ਦਿੱਤਾ ਜਾਂਦਾ ਹੈ। ਕਿਸੇ ਚੀਜ਼ ਨੂੰ ਉਸ ਦੇ ਅੰਜਾਮ ਤਕ ਪਹੁੰਚਾਉਣਾ ਇੱਕ ਖ਼ਤਰਨਾਕ ਬਿਆਨ ਦੇਣ ਦੇ ਬਰਾਬਰ ਹੁੰਦਾ ਹੈ। ਨਿਰਣਾਇਕ ਅਤੇ ਅਣਸੁਲਝੇ ਲਈ ਕਹਿਣ ਲਈ ਬਹੁਤ ਕੁਝ ਹੁੰਦਾ ਹੈ। ਪਰ ਬਹੁਤੇ ਲੋਕ, ਅਜਿਹਾ ਲਗਦਾ ਹੈ, ਨਿਸ਼ਚਿਤਤਾਵਾਂ ਨਾਲ ਨਜਿੱਠਣ ਨੂੰ ਤਰਜੀਹ ਦਿੰਦੇ ਹਨ, ਭਾਵੇਂ ਉਹ ਨਿਸ਼ਚਿਤਤਾਵਾਂ ਅਸਲ ‘ਚ ਹੈਰਾਨੀਜਨਕ ਹੱਦ ਤਕ ਅਨਿਸ਼ਚਿਤਤਾ ਭਰਪੂਰ ਹੁੰਦੀਆਂ ਹਨ। ਕਿਸੇ ਵੀ ਸ਼ੈਅ, ਜਾਂ ਵਿਅਕਤੀ, ਨੂੰ ਹਾਲੇ ਅੰਤਿਮ ਜਵਾਬ ਵੱਲ ਨਾ ਧੱਕੋ। ਤੁਸੀਂ ਜਿੰਨੇ ਜ਼ਿਆਦਾ ਲਚਕਦਾਰ ਰਹਿ ਸਕਦੇ ਹੋ, ਓਨੇ ਹੀ ਜ਼ਿਆਦਾ ਅਚੰਭਿਆਂ ਨਾਲ ਤੁਸੀਂ ਦੋਚਾਰ ਹੋਵੋਗੇ।
ਕੀ ਗੁਪਤ ਰੂਪ ‘ਚ ਤੁਸੀਂ ਇੱਕ ਨਜੂਮੀ ਹੋ? ਕੀ ਤੁਸੀਂ ਆਪਣੇ ਆਲੇ ਦੁਆਲੇ ਦੇ ਲੋਕਾਂ ਦੀਆਂ ਰੂਹਾਂ ਅੰਦਰ ਝਾਤੀ ਮਾਰ ਸਕਦੇ ਹੋ? ਕੀ ਤੁਸੀਂ ਉਨ੍ਹਾਂ ਦੇ ਮਨਾਂ ਨੂੰ ਪੜ੍ਹ ਸਕਦੇ ਹੋ ਅਤੇ ਉਹਨਾਂ ਦੇ ਲੁਕਵੇਂ ਇਰਾਦਿਆਂ ਦਾ ਮੁਲਾਂਕਣ ਕਰ ਸਕਦੇ ਹੋ? ਮੈਂ ਇਹ ਇਸ ਤਰ੍ਹਾਂ ਪੁੱਛ ਰਿਹਾਂ ਜਿਵੇਂ ਇਹ ਕੋਈ ਸਵਾਲ ਹੋਵੇ। ਪਰ ਤੁਸੀਂ ਅਤੇ ਮੈਂ ਦੋਹੇਂ ਉਪ੍ਰੋਕਤ ਸਵਾਲਾਂ ਦੇ ਜਵਾਬ ਜਾਣਦੇ ਹਾਂ। ਬੇਸ਼ੱਕ, ਅਜਿਹੇ ਸਮੇਂ ਹੁੰਦੇ ਹਨ ਜਦੋਂ ਤੁਸੀਂ ਅਜਿਹਾ ਕਰ ਸਕਦੇ ਹੋ। ਅਤੇ ਅਜਿਹੇ ਸਮੇਂ ਵੀ ਹੁੰਦੇ ਨੇ ਜਦੋਂ ਤੁਸੀਂ ਇਹ ਨਹੀਂ ਕਰ ਸਕਦੇ। ਤੁਸੀਂ ਆਪਣੇ ਨਿਰਣੇ ‘ਤੇ ਕਿਸ ਹੱਦ ਤਕ ਭਰੋਸਾ ਕਰ ਸਕਦੇ ਹੋ? ਇਸ ਵਕਤ ਸਾਵਧਾਨ ਰਹੋ, ਕਿਸੇ ਅਜਿਹੇ ਖ਼ਿਆਲ ਤੋਂ ਜੋ ਸੰਪੂਰਨ ਅਤੇ ਅਵਿਵਾਦਪੂਰਨ ਜਾਪ ਰਿਹੈ। ਇਹ ਅਸਲ ‘ਚ ਸਿਰਫ਼ ਅੰਸ਼ਕ ਹੈ, ਅਤੇ ਤੁਹਾਡੇ ਕੋਲ ਮੌਜੂਦ ਜਾਣਕਾਰੀ ਦੀ ਵਿਆਖਿਆ ਕਰਨ ਦੇ ਕਈ ਵੱਖੋ-ਵੱਖਰੇ ਤਰੀਕੇ ਹਨ।
ਡਰ ਨਾਲੋਂ ਪ੍ਰੇਰਨਾ ਦੁਆਰਾ ਪ੍ਰੇਰਿਤ ਹੋਣਾ ਹਮੇਸ਼ਾਂ ਬਿਹਤਰ ਹੁੰਦੈ। ਜੇਕਰ ਤੁਸੀਂ ਆਪਣੀ ਮੌਜੂਦਾ ਸਥਿਤੀ ‘ਤੇ ਇੱਕ ਚੰਗੀ ਝਾਤ ਮਾਰੋ ਤਾਂ ਤੁਸੀਂ ਦੇਖੋਗੇ ਕਿ ਤੁਹਾਡੇ ਸਾਹਮਣੇ ਸਿਰਫ਼ ਇੱਕ ਹੀ ਵਿਕਲਪ ਮੌਜੂਦ ਹੈ, ਭਾਵੇਂ ਤੁਸੀਂ ਉਸ ਨੂੰ ਆਪਣੀ ਸਭ ਤੋਂ ਵੱਡੀ ਚਿੰਤਾ ਸਮਝੋ ਜਾਂ ਸਭ ਤੋਂ ਵੱਡੀ ਉਮੀਦ। ਤੁਸੀਂ ਅਜੇ ਇਹ ਨਹੀਂ ਦੱਸ ਸਕਦੇ ਕਿ ਚੀਜ਼ਾਂ ‘ਚ ਸੁਧਾਰ ਹੋਣ ਵਾਲਾ ਹੈ ਜਾਂ ਨਹੀਂ, ਪਰ ਤੁਸੀਂ ਇਹ ਦੇਖ ਸਕਦੇ ਹੋ ਕਿ ਜੇਕਰ ਤੁਸੀਂ ਇੱਕ ਖ਼ਾਸ ਕਾਰਵਾਈ ਕਰਦੇ ਹੋ ਤਾਂ ਤੁਸੀਂ ਬਹੁਤ ਬਿਹਤਰ ਸਥਿਤੀ ‘ਚ ਪਹੁੰਚ ਜਾਵੋਗੇ। ਮੁਸੀਬਤ ਕੇਵਲ ਇਹ ਹੈ … ਤੁਹਾਨੂੰ ਇਹ ਯਕੀਨ ਨਹੀਂ ਕਿ ਜੋ ਤੁਸੀਂ ਸੋਚਦੇ ਹੋ ਤੁਸੀਂ ਦੇਖ ਸਕਦੇ ਹੋ, ਤੁਸੀਂ ਉਸ ‘ਤੇ ਯਕੀਨ ਕਰ ਸਕਦੇ ਹੋ। ਕੀ ਤੁਹਾਨੂੰ ਆਪਣੀ ਸਭ ਤੋਂ ਡੂੰਘੀ, ਸਭ ਤੋਂ ਮਜ਼ਬੂਤ, ਬੁੱਧੀਮਾਨ ਪ੍ਰਵਿਰਤੀ ‘ਤੇ ਭਰੋਸਾ ਕਰਨਾ ਚਾਹੀਦੈ? ਬਿਲਕੁਲ!














