ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1492

ਕਲਪਨਾ ‘ਚ ਕਿਸੇ ਵੀ ਸ਼ਰਾਬ ਨਾਲੋਂ ਕਿਤੇ ਵੱਧ ਨਸ਼ਾ ਹੁੰਦੈ, ਅਤੇ ਇਸ ਦਾ ਅਮਲ ਕਿਸੇ ਕਿਸਮ ਦੀ ਵੀ ਡਰੱਗ ਦੀ ਲਤ ਨਾਲੋਂ ਵੱਧ। ਕਿਸੇ ਨਾ ਕਿਸੇ ਤਰ੍ਹਾਂ, ਅਸੀਂ ਸਾਰੇ ਸੁਪਨਿਆਂ ਦੇ ਜਾਲ ‘ਚ ਫ਼ਸੇ ਹੋਏ ਹਾਂ। ਜਿਹੜੇ ਲੋਕ ਇਸ ਗੱਲੋਂ ਇਨਕਾਰੀ ਹਨ ਅਤੇ ਜਿਹੜੇ ਦਾਅਵਾ ਕਰਦੇ ਹਨ ਕਿ ਹਕੀਕਤ ‘ਤੇ ਉਨ੍ਹਾਂ ਦੀ ਪਕੜ ਪ੍ਰਤੱਖ ਰੂਪ ‘ਚ ਬਹੁਤ ਮਜ਼ਬੂਤ ਹੈ, ਦਰਅਸਲ ਬਹੁਤ ਖ਼ਤਰਨਾਕ ਹੱਦ ਤਕ ਗੁਮਰਾਹ ਹਨ। ਉਹ ਸੁਪਨਾ ਨਾ ਦੇਖਣ ਦਾ ਸੁਪਨਾ ਦੇਖ ਰਹੇ ਹਨ! ਖ਼ਵਾਬ ਦੇਖਣ ਲਈ ਖ਼ਿਮਾ ਨਾ ਮੰਗੋ। ਉਸ ਨੂੰ ਅਣਗੌਲਿਆ ਨਾ ਕਰੋ ਜਾਂ ਦਬਾਓ ਵੀ ਨਾ। ਤੁਸੀਂ ਆਪਣੀ ਖਾਹਿਸ਼ ਰੱਖਣ ਦੇ ਪੂਰਨ ਹੱਕਦਾਰ ਹੋ, ਅਤੇ ਉਸ ਨੂੰ ਪੂਰਾ ਕਰਨ ਦਾ ਤੁਹਾਨੂੰ ਫ਼ਾਇਦਾ ਹੋ ਸਕਦੈ। ਪਲ ਭਰ ਦੀ ਕਲਪਨਾ ਨਾਲ ਚਿਰਸਥਾਈ ਲਾਭ ਹੋ ਸਕਦਾ ਹੈ। ਭਵਿੱਖ ਤੋਂ ਡਰਨ ਦੀ ਕੋਈ ਲੋੜ ਨਹੀਂ।

ਅੱਜ ਦੇ ਆਧੁਨਿਕ ਯੁਗ ‘ਚ ਕਿਸੇ ਨਾ ਕਿਸੇ ਇਲੈਕਟ੍ਰੌਨਿਕ ਡੀਵਾਈਸ ਤੋਂ ਹੁਕਮ ਲਏ ਬਿਨਾਂ ਤੁਸੀਂ ਬਹੁਤਾ ਅੱਗੇ ਨਹੀਂ ਜਾ ਸਕਦੇ। ਕੈਸ਼ ਮਸ਼ੀਨਾਂ, ਆਂਸਰਿੰਗ ਮਸ਼ੀਨਾਂ, ਵੌਇਸ ਮੇਲ, ਕੰਪਿਊਟਰ ਅਤੇ ਇੱਥੋਂ ਤਕ ਕਿ ਅੱਜਕੱਲ੍ਹ ਤਾਂ ਵਾਸ਼ਿੰਗ ਮਸ਼ੀਨਾਂ ਅਤੇ ਫ਼ਰਿੱਜ ਵੀ … ਸਾਰੇ ਇਸ ਗੱਲ ‘ਤੇ ਜ਼ੋਰ ਦਿੰਦੇ ਹਨ ਕਿ ਅਸੀਂ ਚੀਜ਼ਾਂ ਕਿਸੇ ਇੱਕ ਖ਼ਾਸ ਕ੍ਰਮ ‘ਚ ਕਰੀਏ, ਨਹੀਂ ਤਾਂ ਉਹ ਸਾਨੂੰ ਸਹਿਯੋਗ ਨਹੀਂ ਦੇਣਗੇ। ਇਹ ਭੁੱਲਣਾ ਸੌਖਾ ਹੈ ਕਿ ਅਸਲ ਮਨੁੱਖ (ਜਦੋਂ ਤੁਸੀਂ ਉਨ੍ਹਾਂ ਨੂੰ ਲੱਭ ਸਕੋ) ਲਚਕੀਲੇ ਹੁੰਦੇ ਨੇ। ਪਰ ਲਚਕਦਾਰ ਅਸੀਂ ਸੱਚਮੁੱਚ ਹਾਂ, ਭਾਵੇਂ ਕਦੇ-ਕਦੇ ਇੰਝ ਲੱਗਦੈ ਜਿਵੇਂ ਅਸੀਂ ਇੱਕ ਅਜਿਹੇ ਸੰਸਾਰ ‘ਚ ਰਹਿੰਦੇ ਹਾਂ ਜਿਹੜਾ ਬਿਲਕੁਲ ਵੀ ਲਚਕੀਲਾ ਨਹੀਂ। ਇਸ ਵਕਤ ਆਪਣੇ ਭਾਵਨਾਤਮਕ ਜੀਵਨ ‘ਚ ਰਸਮੋ-ਰਿਵਾਜ ਨੂੰ ਤਿਆਗੋ ਅਤੇ ਪ੍ਰੋਟੋਕੌਲ ਨੂੰ ਲਾਂਭੇ ਰੱਖੋ। ਕੇਵਲ ਦਿਲ ਨੂੰ ਦਿਲ ਨਾਲ ਇੱਕ ਇਮਾਨਦਾਰ ਸੰਵਾਦ ਕਰਨ ਦਿਓ।
ਉਹ ਅਜੋਕੇ ਸਮੇਂ ਨੂੰ ਸੂਚਨਾ ਯੁੱਗ ਦਾ ਨਾਮ ਦਿੰਦੇ ਹਨ। ਵੈਸੇ ਤਾਂ ਇਹ ਓਦੋਂ ਵੀ ਕਾਫ਼ੀ ਔਖਾ ਸੀ ਜਦੋਂ ਸਾਡੇ ਕੋਲ ਪੜਚੋਣਨ ਲਈ ਕੇਵਲ ਢੇਰ ਸਾਰੀਆਂ ਕਿਤਾਬਾਂ ਅਤੇ ਲਾਇਬ੍ਰੇਰੀਆਂ ਹੀ ਹੁੰਦੀਆਂ ਸਨ। ਹੁਣ ਤਾਂ ਸਾਡੇ ਕੋਲ ਬੇਅੰਤ ਵੈੱਬ ਪੇਜਿਜ਼ ਅਤੇ ਸੋਸ਼ਲ ਮੀਡੀਆ ਨੈੱਟਵਰਕ ਦੇ ਬੇਮਿਸਾਲ ਪਲੈਟਫ਼ੌਰਮਜ਼ ਮੌਜੂਦ ਹਨ। ਫ਼ਿਰ ਵੀ, ਇਸ ਗੱਲ ਦੀ ਇੱਕ ਸੀਮਾ ਹੈ ਕਿ ਸਾਡੇ ‘ਚੋਂ ਕੋਈ ਵੀ ਕਿੰਨਾ ਕੁ ਸਵੀਕਾਰ ਕਰ ਸਕਦਾ ਹੈ। ਕੀ ਸਾਨੂੰ ਇਸ ਬਾਰੇ ਚਿੰਤਾ ਕਰਨੀ ਚਾਹੀਦੀ ਹੈ? ਜਿਸ ਚੀਜ਼ ਨੂੰ ਦੇਖਣ ਲਈ ਸਾਡੇ ਕੋਲ ਸਮਾਂ ਹੀ ਨਹੀਂ, ਜੇ ਓਹੀ ਚੀਜ਼ ਦੇਖਣ ਦੀ ਸਾਨੂੰ ਸਭ ਤੋਂ ਵੱਧ ਲੋੜ ਹੋਵੇ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਸ਼ਾਇਦ ਸਾਨੂੰ ਤੇਜ਼ੀ ਨਾਲ ਪੜ੍ਹਨਾ ਸਿੱਖ ਲੈਣਾ ਚਾਹੀਦੈ। ਜਾਂ ਫ਼ਿਰ, ਸ਼ਾਇਦ, ਸਾਨੂੰ ਕੇਵਲ ਸ਼ਾਂਤ ਰਹਿਣਾ ਚਾਹੀਦਾ ਹੈ। ਤੁਹਾਡੀਆਂ ਭਾਵਨਾਵਾਂ ਕਾਫ਼ੀ ਮਜ਼ਬੂਤ ਹਨ। ਸੋਚ ਦਾ ਬਹੁਤ ਜ਼ਿਆਦਾ ਪਾਣੀ ਪਾ ਕੇ ਉਨ੍ਹਾਂ ਨੂੰ ਪਤਲਾ ਨਾ ਕਰੋ।

ਆਈਫ਼ਲ ਟਾਵਰ ਨੂੰ ਦੇਖਣ ਲਈ ਦੁਨੀਆਂ ਭਰ ਤੋਂ ਸੈਲਾਨੀ ਪੈਰਿਸ ‘ਚ ਇਕੱਤਰ ਹੁੰਦੇ ਨੇ। ਪੈਰਿਸ ਦੇ ਲੋਕ ਹਰ ਰੋਜ਼ ਇਸ ਇਤਿਹਾਸਕ ਸਥਾਨ ਦੇ ਕੋਲੋਂ ਲੰਘਦੇ ਹਨ, ਪਰ ਉਹ ਇਸ ‘ਤੇ ਇੱਕ ਸਰਸਰੀ ਜਿਹੀ ਨਜ਼ਰ ਮਾਰਨ ਦੀ ਵੀ ਜ਼ਹਿਮਤ ਨਹੀਂ ਉਠਾਉਂਦੇ। ਜਦੋਂ ਕੋਈ ਸ਼ੈਅ ਸਾਡੇ ਲਈ ਜਾਣੀ-ਪਹਿਚਾਣੀ ਹੁੰਦੀ ਹੈ, ਅਸੀਂ ਬਹੁਤ ਹੀ ਘੱਟ ਉਸ ਵੱਲ ਕਿਸੇ ਕਿਸਮ ਦਾ ਉਚੇਚਾ ਧਿਆਨ ਦੇਣ ਦੀ ਖੇਚਲ ਕਰਦੇ ਹਾਂ। ਲੋਕ ਅਤੇ ਯਾਦਾਂ, ਵੀ, ਸਾਡੇ ਜੀਵਨ ਦੇ ਲੈਂਡਸਕੇਪ ਦਾ ਸਿਰਫ਼ ਇੱਕ ਹਿੱਸਾ ਹੀ ਬਣ ਸਕਦੇ ਨੇ। ਕਿਸੇ ਖ਼ਾਸ ਘਟਨਾ ਨੂੰ ਅਸੀਂ ਬਾਰ-ਬਾਰ ਯਾਦ ਤਾਂ ਕਰ ਸਕਦੇ ਹਾਂ, ਪਰ ਜੇ ਉਸ ਨੂੰ ਅਸੀਂ ਹਰ ਵਾਰ ਇੱਕੋ ਹੀ ਕੋਣ ਤੋਂ ਦੇਖਦੇ ਰਹਾਂਗੇ ਤਾਂ ਅਸੀਂ ਕਦੇ ਵੀ ਉਸ ਤੋਂ ਕੁਝ ਨਹੀਂ ਸਿੱਖਾਂਗੇ। ਤੁਸੀਂ ਆਪਣੇ ਭਾਵਾਤਮਕ ਜੀਵਨ ਦੇ ਇੱਕ ਪਹਿਲੂ ਦੇ ਇਤਿਹਾਸਕ ਪਿਛੋਕੜ ਅਤੇ ਭਵਿੱਖੀ ਸੰਭਾਵਾਨਾਵਾਂ ‘ਤੇ ਇੱਕ ਦਿਲਚਸਪ ਅਤੇ ਸਹਾਇਕ ਪਰ ਨਵਾਂ ਦ੍ਰਿਸ਼ਟੀਕੋਣ ਪ੍ਰਾਪਤ ਕਰਨ ਵਾਲੇ ਹੋ।

ਇਸ ਤੋਂ ਪਹਿਲਾਂ ਕਿ ਮੈਂ ਆਪਣੀ ਲਿਖਤ ਸ਼ੁਰੂ ਕਰਾਂ, ਮੈਨੂੰ ਤੁਹਾਡੇ ਤੋਂ ਸੈਕਿਓਰਿਟੀ ਨਾਲ ਸਬੰਧਤ ਕੁਝ ਸਵਾਲ ਪੁੱਛ ਲੈਣੇ ਚਾਹੀਦੇ ਹਨ। ਕੀ ਤੁਸੀਂ ਆਪਣੇ ਨਾਮ ਦੀ ਪੁਸ਼ਟੀ ਕਰ ਸਕਦੇ ਹੋ? ਕੀ ਤੁਹਾਨੂੰ ਇਸ ਗੱਲ ਦਾ ਪੂਰਾ ਯਕੀਨ ਹੈ? ਕੀ ਤੁਹਾਡੇ ਕੋਲ ਕੋਈ ਸਬੂਤ ਹੈ? ਨਹੀਂ, ਖ਼ਿਮਾ ਚਾਹਾਂਗਾ, ਮੈਂ ਉਸ ਦਸਤਾਵੇਜ਼ ਨੂੰ ਸਵੀਕਾਰ ਨਹੀਂ ਕਰ ਸਕਦਾ। ਜਿਨ੍ਹਾਂ ਨੇ ਤੁਹਾਨੂੰ ਇਹ ਜਾਰੀ ਕੀਤਾ ਹੈ, ਹੋ ਸਕਦਾ ਹੈ ਤੁਸੀਂ ਉਨ੍ਹਾਂ ਲੋਕਾਂ ਨੂੰ ਮੂਰਖ ਬਣਾ ਕੇ ਇਹ ਹਾਸਿਲ ਕਰ ਲਿਆ ਹੋਵੇ। ਨਹੀਂ, ਮੈਂ ਇਹ ਨਹੀਂ ਸਮਝਾ ਸਕਦਾ ਕਿ ਤੁਹਾਨੂੰ ਕੁਝ ਪੜ੍ਹਨ ਲਈ ਦੇਣ ਵਾਸਤੇ ਸਾਨੂੰ ਉਪ੍ਰੋਕਤ ਸਾਰੀ ਜਾਣਕਾਰੀ ਕਿਉਂ ਚਾਹੀਦੀ ਹੈ। ਜਾਂ ਸ਼ਾਇਦ ਮੈਂ ਇਹ ਸਮਝਾ ਵੀ ਸਕਦਾ ਹਾਂ – ਅਤੇ ਤੁਹਾਡੇ ਲਈ ਅਜਿਹਾ ਕਰ ਕੇ ਮੈਂ ਖ਼ੁਸ਼ੀ ਵੀ ਮਹਿਸੂਸ ਕਰਾਂਗਾ, ਪਰ ਕੇਵਲ ਤੁਹਾਡੀ ਪਛਾਣ ਸਥਾਪਿਤ ਕਰਨ ਤੋਂ ਬਾਅਦ ਹੀ। ਪਰੇਸ਼ਾਨ ਹੋ ਗਏ? ਡੂੰਘੇ-ਡੂੰਘੇ ਸਾਹ ਭਰੋ। ਤੁਹਾਡੇ ਭਾਵਨਾਤਮਕ ਜੀਵਨ ਵਿਚਲੀ ਇੱਕ ਅਜਿਹੀ ਹੀ ਬੇਤੁਕੀ ਸਥਿਤੀ ਜਲਦੀ ਖ਼ੁਦ-ਬ-ਖ਼ੁਦ ਹੱਲ ਹੋ ਜਾਵੇਗੀ।