ਡਾ. ਕੇਵਲ ਅਰੋੜਾ
9417695299
ਹਟਜਾ ਡਾਕਟਰ ਹਟਜਾ
ਗੁਰਪ੍ਰੀਤ ਬਹੁਤ ਵਧੀਆ ਬੰਦਾ ਸੀ, ਬਹੁਤ ਚੰਗੀ ਜਾਇਦਾਦ ਦਾ ਮਾਲਕ। ਸੌ ਏਕੜ ਤੋਂ ਉੱਅਪਰ ਹੋਵੇਗੀ। ਬਹੁਤ ਹੀ ਮਿਹਨਤੀ ਤੇ ਮਾਪਿਆਂ ਦਾ ਇਕੱਲਾ ਪੁੱਤ। ਉਮਰ ਵੀ 50 ਤੋਂ ਉੱਪਰ ਹੋਵੇਗੀ, ਪਰ ਪੈਸੇ ਧੇਲੇ ਦਾ ਅਖ਼ਤਿਆਰ ਅਜੇ ਵੀ ਵੱਡੇ ਬਾਪੂ ਕੋਲ ਸੀ। ਬਾਪੂ ਪੈਸੇ ਚਿੱਟੇ ਰੁਮਾਲ ‘ਚ ਜਾਂ ਘਰ ਅਲਮਾਰੀ ‘ਚ ਰੱਖਦਾ, ਅਤੇ ਅਲਮਾਰੀ ਦੀ ਚਾਬੀ ਸਦਾ ਵੱਡੇ ਬਾਪੂ ਕੋਲ ਹੀ ਰਹਿੰਦੀ ਜੋ ਸਿਰੇ ਦਾ ਕੰਜੂਸ ਸੀ, ਪਰ ਰਹਿੰਦਾ ਹਮੇਸ਼ਾ ਬਣ ਠਣ ਕੇ। ਪੁਰਾਣੀ ਬੈਠਕ ਅਤੇ ਦਰਵਾਜ਼ਾ ਉਹ ਹਮੇਸ਼ਾ ਰੰਗ ਰੋਗਨ ਕਰਵਾ ਕੇ ਰੱਖਦਾ ਜੋ ਸਾਰੇ ਪਿੰਡ ਤੋਂ ਵੱਖਰੀ ਟੌਹਰ ਬਣਾਉਂਦਾ ਸੀ। ਲਾਹੌਰ ਤੋਂ ਲਿਆਂਦੀ ਪੁਰਾਣੇ ਤਵਿਆਂ ਵਾਲੀ ਮਸ਼ੀਨ ਉਸ ਨੇ ਅਲਮਾਰੀ ‘ਚ ਸਾਂਭ ਕੇ ਰੱਖੀ ਹੋਈ ਸੀ, ਪਰ ਪੁਰਾਣਾ ਇੰਗਲੈਂਡ ਦਾ ਬਣਿਆਂ ਰੇਡੀਓ ਅਤੇ ਪੁਰਾਣੇ ਮੀਨਾਕਾਰੀ ਕੀਤੇ ਸੋਫ਼ੇ ਬੈਠਕ ਦੀ ਵਿਰਸਤੀ ਦਿੱਖ ਸਨ। ਖ਼ਾਨਦਾਨੀ ਕੁਰਸੀਆਂ ਬੈਠਕ ਦੇ ਬਾਹਰ ਬਣੇ ਵਰਾਂਡੇ ‘ਚ ਸਾਰਾ ਦਿਨ ਬਾਪੂ ਵਾਲੀ ਕੁਰਸੀ ਨੂੰ ਛੱਡ ਕੇ ਖਾਲ਼ੀ ਹੀ ਰਹਿੰਦੀਆਂ ਸਨ।
ਬਾਪੂ ਅਖ਼ਬਾਰ ਪੜ੍ਹਨ ਦਾ ਸ਼ੌਕੀਨ ਸੀ, ਬੇਸ਼ੱਕ ਸਾਡੇ ਪਿੰਡਾਂ ‘ਚ ਅਖ਼ਬਾਰ ਦੁਪਹਿਰ ਵੇਲੇ ਤਕ ਪਹੁੰਚਦਾ ਸੀ। ਉਨ੍ਹਾਂ ਘਰ ਮੱਝਾਂ, ਗਊਆਂ (ਦੇਸੀ ਅਤੇ ਵਲੈਤੀ) ਬੱਕਰੀਆਂ, ਮੁਰਗੀਆਂ, ਅਸੀਲ ਮੁਰਗੇ, ਖਰਗੋਸ਼, ਬਾਂਦਰ, ਤਿੰਨ ਚਾਰ ਨਸਲਾਂ ਦੇ ਕੁੱਤੇ ਦੇਸੀ ਨਸਲ ਤੋਂ ਲੈ ਕਿ ਬਾਹਰਲੀਆਂ ਨਸਲਾਂ ਤਕ ਜਿਵੇਂ ਥ੍ਰੀ ਟੀਅਰ ਸੈਕਿਓਰਿਟੀ ਲੱਗੀ ਹੋਵੇ। ਬਾਪੂ ਬੱਕਰੇ ਦੇ ਮੀਟ ਦਾ ਬਹੁਤ ਸ਼ੋਕੀਨ ਸੀ। ਅਚਾਰ ਤਾਂ ਸਾਰਾ ਸਿਆਲ ਪਵਾਈ ਰੱਖਦਾ, ਹਫ਼ਤੇ ‘ਚ ਦੋ ਤਿੰਨ ਵਾਰ ਮੀਟ ਵੀ ਬਣਵਾਉਂਦਾ ਰਸੋਈਏ ਤੋਂ … ਕਰਤਾਰ ਝਟਕਈ ਨੂੰ ਬੱਕਰਾ ਫ਼ੜਾ ਕਿ ਕਹਿੰਦਾ ਇਸ ਦਾ ਮੀਟ ਜੋਖ ਲਵੀਂ, ਮੈਂ ਜਿੰਨੀ ਲੋੜ ਹੋਵੇ ਮੰਗਵਾ ਲਿਆ ਕਰੂੰਗਾ। ਤਕਰੀਬਨ ਮਣ ਪੱਕੇ ਮੀਟ ਵਾਲਾ ਬੱਕਰਾ ਉਸ ਨੂੰ ਫ਼ੜ੍ਹਾਈ ਰੱਖਦਾ ਅਤੇ ਨਾਲ ਹੀ ਕਹਿ ਦਿੰਦਾ ਕਿ ਕਰਤਾਰ, ਖੱਲ ਅਤੇ ਪੇਟੀ ਤੇਰੀ, ਪਤਾਲੂ ਤੇ ਕਲੇਜੀ ਮੇਰੀ … ਇਹ ਸੌਦਾ ਬਾਪੂ ਦੀ ਜਵਾਨੀਂ ਤੋਂ ਹੀ ਚੱਲਿਆ ਆ ਰਿਹਾ ਸੀ।
ਕਰਤਾਰ ਵੀ ਬਾਪੂ ਤੋਂ ਥੋੜ੍ਹਾ ਹੀ ਛੋਟਾ ਸੀ ਅਤੇ ਹੁਣ ਉਸ ਨਾਲ ਉਸ ਦਾ ਪੋਤਰਾ ਵੀ ਝਟਕਈ ਬਣ ਗਿਆ ਸੀ। ਇਸ ਪਰਿਵਾਰ ਦੇ ਪਸ਼ੂਆਂ ਦਾ ਡਾਕਟਰੀ ਇਲਾਜ ਮੈਂ ਹੀ ਕਰਨਾ ਹੁੰਦਾ ਸੀ ਜੋ ਮਰਜ਼ੀ ਹੋਵੇ ਵਿਸ਼ਵਾਸ ਵੀ ਮੇਰੇ ‘ਤੇ ਹੀ ਕਰਦੇ ਸੀ। ਪੁਰਾਣੀਆਂ ਗੱਲਾਂ ਬਾਪੂ ਨੂੰ ਬਹੁਤ ਯਾਦ ਸਨ। ਲਹੌਰ ਉਹਨਾਂ ਦਾ ਆਮ ਹੀ ਆਉਣ-ਜਾਣ ਸੀ। ਬਾਪੂ ਨੇ ਭਾਵੇਂ BA ਨਹੀਂ ਸੀ ਕੀਤੀ ਹੋਈ ਪਰ ਗਿਆਨ ਚੰਗਾ ਸੀ। ਦੇਸੀ ਟੋਟਕੇ ਬਹੁਤ ਵਰਤਦਾ ਸੀ। ਪੰਜੀਰੀ ਤਾਂ ਸਾਰਾ ਸਾਲ ਹੀ ਬਣਵਾਈ ਰੱਖਦਾ। ਗਰਮੀਆਂ ‘ਚ ਠੰਡੀ ਪੰਜੀਰੀ ਅਤੇ ਸਰਦੀਆਂ ‘ਚ ਗਰਮ ਪੰਜੀਰੀ, ਕੋਈ ਖ਼ਾਸ ਫ਼ਾਰਮੂਲਾ ਸੀ ਉਸ ਕੋਲ। ਮੱਝ ਦੇ ਜ਼ੇਰ ਨਹੀਂ ਸੀ ਪਈ ਅਤੇ ਬਾਪੂ ਦੋ-ਤਿੰਨ ਦਿਨ ਕਾਹੜੇ ਹੀ ਦਵਾਈ ਗਿਆ ਅਤੇ ਜਦੋਂ ਮੱਝ ਦਾ ਹਵਾਨਾ ਚੁੱਕਿਆ ਗਿਆ ਅਤੇ ਕੱਟੀ ਨੂੰ ਵੀ ਦੁੱਧ ਚੁੰਘਾਉਣਾ ਬੰਦ ਕਰ ਦਿੱਤਾ ਤਾਂ ਬਾਪੂ ਨੇ ਗੁਰਪ੍ਰੀਤ ਨੂੰ ਹੁਕਮ ਦਿੱਤਾ ਕਿ ਅਪਣੇ ਡਾਕਟਰ ਨੂੰ ਲੈ ਕੇ ਆ। ਗੁਰਪ੍ਰੀਤ ਮੈਨੂੰ ਛੇ ਸੱਤ ਕਿਲੋਮੀਟਰ ਤੋਂ ਸਾਡੇ ਹਸਪਤਾਲ ‘ਚੋਂ ਸੱਦ ਕੇ ਲੈ ਗਿਆ। ਰਾਹ ‘ਚ ਮੈਂ ਉਸ ਨੂੰ ਬਾਪੂ ਦੀਆਂ ਗੱਲਾਂ ਕਰ ਕਰ ਛੇੜਦਾ ਰਿਹਾ।
ਘਰ ਆ ਪਹੁੰਚੇ। ਮੱਝ ਦਾ ਇਲਾਜ ਕਰਨ ਵੇਲੇ ਦੋ ਸੀਰੀ, ਗੁਰਪ੍ਰੀਤ ਦਾ ਮੁੰਡਾ ਅਤੇ ਬਾਪੂ ਜੀ ਵੀ ਆ ਗਏ। ਬਾਪੂ ਆਖਣ ਲੱਗਾ, ”ਡਾਕਟਰ, ਜੋ ਵੀ ਦਵਾਈ ਲਾਉਣੀ ਹੈ ਅੱਜ ਹੀ ਲਾ ਦੇ ਕੱਲ੍ਹ ਨੂੰ ਨਾ ਆਉਣਾ ਪਵੇ।” ਮੈਂ ਬਾਪੂ ਨੂੰ ਸਮਝਾਇਆ ਕਿ ਪੂਰੇ ਇਲਾਜ ਬਿਨਾਂ ਦੁੱਧ ਅਤੇ ਅਗਲਾ ਸੂਆ ਲੈਣ ‘ਚ ਦਿੱਕਤ ਆ ਸਕਦੀ ਹੈ। ਚਲੋ ਬਾਪੂ ਮੰਨ ਗਿਆ। ਜਦੋਂ ਮੱਝ ਦਾ ਇਲਾਜ ਹੋ ਗਿਆ ਤਾਂ ਵਰਾਂਡੇ ‘ਚੋਂ ਬਾਹਰ ਬੈਠੀ ਗਾਂ ਵੱਲ ਇਸ਼ਾਰਾ ਕਰ ਕੇ ਗੁਰਪ੍ਰੀਤ ਨੇ ਬਾਪੂ ਨੂੰ ਪੁੱਛਿਆ ਕਿ ਇਸ ਦਾ ਇਲਾਜ ਵੀ ਕਰਵਾ ਲਈਏ ਬਾਪੂ ਜੀ? ਅੱਗੋਂ ਬਾਪੂ ਆਖਣ ਲੱਗਾ, ”ਗੁਰਪ੍ਰੀਤ, ਬੁੱਢੀ ਗਾਂ ਐ, ਥਣ ਤਿੰਨ ਦਿਨ ਹੋ ਗਏ ਸੁੱਜੇ ਪਏ ਆ, ਕਿਓਂ ਐਂਵੇਂ ਪੈਸੇ ਪੁੱਟਣ ਲੱਗਾਂ? ”ਕੋਲ ਖੜ੍ਹਾ 25 ਕੁ ਸਾਲ ਦਾ ਪੋਤਰਾ ਬੋਲ ਪਿਆ, ”ਬਾਪੂ ਸਾਰੀ ਉਮਰ ਦੁੱਧ ਪੀਤਾ ਐ ਏਹਦਾ, ਇਲਾਜ ਕਰਵਾ ਲਈਏ? ”ਜਦੋਂ ਬਾਪੂ ਦਾ ਕੋਈ ਹੁੰਗਾਰਾ ਨਾ ਆਇਆ ਤਾਂ ਮੈਂ ਕਿਹਾ, ”ਇੰਝ ਕਰੋ ਬਈ, ਮਗਰੋਂ ਤਿੰਨੋਂ ਜਣੇ ਮਨ ਬਣਾ ਲੈਣਾ। ਮੈਂ ਦੋ ਤਰਾਂ ਦੇ ਅੱਠ ਟੀਕੇ ਲਿਖ ਦਿੱਤੇ ਐ।” ਗੁਰਪ੍ਰੀਤ ਕਹਿੰਦਾ, ”ਡਾ.ਸਾਹਿਬ ਲਾਉਣੇ ਕਿਵੇਂ ਆਂ ਇਹ ਵੀ ਦੱਸੋ? ”ਮੈਂ ਵੀ ਮਜ਼ਾਕੀਏ ਲਹਿਜੇ ‘ਚ ਕਹਿ ਦਿੱਤਾ, ”ਦੋ ਟੀਕੇ ਬਾਪੂ ਦੇ ਉੱਠਣ ਤੋਂ ਪਹਿਲਾਂ ਅਤੇ ਦੋ ਟੀਕੇ ਬਾਪੂ ਦੇ ਸੌਣ ਤੋਂ ਬਾਅਦ ਸੁਭਾ ਸ਼ਾਮ ਕਰ ਕੇ ਇਸ ਗਾਂ ਦੇ ਦੋ ਦਿਨ ਲਾਉਣੇ ਆ।”
”ਡਾ. ਸਾਹਿਬ ਇਸ ਦਾ ਸਾਡੇ ਬਾਪੂ ਦੇ ਉੱਠਣ ਅਤੇ ਸੌਣ ਨਾਲ ਕੀ ਸੰਬੰਧ ਹੈ? ”ਗੁਰਪ੍ਰੀਤ ਨੇ ਹੈਰਾਨੀ ਨਾਲ ਪੁੱਛਿਆ।” ਗੁਰਪ੍ਰੀਤ, ਮੈਨੂੰ ਗਾਂ ਦੇ ਨਾਲ-ਨਾਲ ਬਾਪੂ ਦਾ ਵੀ ਫ਼ਿਕਰ ਆ, ਜੇ ਬਾਪੂ ਦੇ ਸਾਹਮਣੇ ਗਊ ਦੇ ਟੀਕੇ ਲਾਂਵਾਂਗੇ ਤਾਂ ਬਾਪੂ ਦੇ ਮਨ ‘ਤੇ ਵੀ ਬੋਝ ਪਾਵਾਂਗੇ …”
ਬਾਪੂ ਮੇਰੇ ਵੱਲ ਵੇਖ ਕੇ ਅੱਖਾਂ ਰਾਹੀਂ ਹੱਸਿਆ ਤੇ ਬੋਲਿਆ, ”ਹਟ ਜਾ ਡਾਕਟਰ ਹਟਜਾ।” ਚਲੋ ਖ਼ੈਰਬਾਪੂ ਨੇ ਗਊ ਦਾ ਬਜਟ ਵੀ ਪਾਸ ਕਰ ਦਿੱਤਾ। ਗਊ ਅਤੇ ਮੱਝ ਦੋਵੇਂ ਠੀਕ ਹੋ ਕੇ ਵਧੀਆ ਦੁੱਧ ਦੇਣ ਲੱਗ ਪਈਆਂ। ਫ਼ਿਰ ਜਦ ਵੀ ਮੈਂ ਜਾਣਾ ਤੇ ਹੱਸ ਕੇ ਪੁੱਛਣਾ ਕਿਵੇਂ ਕਰਨਾ ਬਾਪੂ? ਉਹਨੇ ਫ਼ਿਰ ਹੱਸ ਕੇ ਕਹਿਣਾ, ”ਹਟ ਜਾ ਡਾਕਟਰ ਹਟ ਜਾ … ਜਿਵੇਂ ਮਰਜ਼ੀ ਕਰ।” ਬਾਪੂ ਦੀ ਯਾਦਾਂ ਅੱਜ ਵੀ ਮੇਰੇ ਮਨ ‘ਚ ਵੱਸੀਆਂ ਹੋਈਆਂ ਨੇ, ਭਾਵੇਂ ਬਾਪੂ ਹੁਣ ਨਹੀਂ ਰਿਹਾ।















