ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1451

ਆਓ ਉਮੀਦ ਅਤੇ ਸ਼ੰਕੇ ਦੀ ਗੱਲ ਕਰੀਏ। ਜੇ ਉਮੀਦ ਇੱਕ ਗ਼ੁਬਾਰਾ ਹੈ ਤਾਂ ਸ਼ੰਕਾ ਇੱਕ ਪਿਨ, ਯਾਨੀ ਸੂਈ, ਹੈ। ਦੋਹਾਂ ਦਰਮਿਆਨ ਕੇਵਲ ਇੱਕ ਪਲ ਦੇ ਹਲਕੇ ਜਿਹੇ ਇੱਕ ਕੋਨੈਕਸ਼ਨ ਦੀ ਲੋੜ ਹੁੰਦੀ ਹੈ, ਮਾੜਾ ਜਿੰਨਾ ਛੂਹਣ ਦੀ। ਇਹ ਗ਼ੁਬਾਰਾ ਇੱਕ ਘਰ ਜਿੰਨਾ ਵੱਡਾ ਵੀ ਹੋ ਸਕਦੈ। ਪਿਨ ਦੇ ਰੂਪ ‘ਚ ਕਿਸੇ ਵੀ ਤਿੱਖੀ ਧਾਤ ਦੇ ਛੋਟੇ ਜਿਹੇ ਟੁਕੜੇ ‘ਚ ਥੋੜ੍ਹਾ ਜਿੰਨਾ ਉਭਾਰ ਹੋਣਾ ਚਾਹੀਦੈ। ਇਸ ਤੋਂ ਵੀ ਵੱਧ, ਸ਼ੰਕਾ ਅਵਿਨਾਸ਼ੀ ਹੈ, ਭਾਵ ਕਦੇ ਨਾ ਖ਼ਤਮ ਹੋਣ ਵਾਲਾ। ਤੁਹਾਨੂੰ ਚਾਹੇ ਜਿੰਨਾ ਮਰਜ਼ੀ ਯਕੀਨ ਦਿਵਾਇਆ ਜਾਏ, ਚੀਜ਼ਾਂ ਭਾਵੇਂ ਜਿਵੇਂ ਅਤੇ ਜਿੰਨੀਆਂ ਮਰਜ਼ੀ ਬਦਲ ਜਾਣ, ਸ਼ੰਕਾ ਕਾਇਮ ਰਹਿਣ ਦਾ ਕੋਈ ਨਾ ਕੋਈ ਕਾਰਨ ਜਾਂ ਬਹਾਨਾ ਲੱਭ ਹੀ ਲੈਂਦੀ ਹੈ ਅਤੇ ਇਸ ਤਰ੍ਹਾਂ ਉਹ ਹਰ ਸੁਪਨੇ ਨੂੰ ਨੇਸਤੋਨਾਬੂਦ ਕਰ ਦਿੰਦੀ ਹੈ। ਉਮੀਦ, ਦੂਜੇ ਪਾਸੇ, ਨਾਕਾਰਾਤਮਕਤਾ ਸਨਮੁੱਖ ਕਮਜ਼ੋਰ ਪੈ ਜਾਂਦੀ ਹੈ। ਚਲੋ ਛੱਡੋ। ਬਹੁਤ ਹੋਇਆ। ਮੈਨੂੰ ਭਰੋਸਾ ਹੈ ਕਿ ਗੱਲ ਤੁਹਾਡੇ ਪੱਲੇ ਪੈ ਗਈ ਹੋਣੀ ਐ। ਪਰ ਜ਼ਰੂਰ ਕੋਸ਼ਿਸ਼ ਕਇਓ ਕਿ ਉਸ ਹੱਦ ਤਕ ਜਾਇਆ ਹੀ ਨਾ ਜਾਵੇ!
ਇਲਾਸਟਿਕ ਦੇ ਇੱਕ ਟੁਕੜੇ ਦਾ ਇੱਕ ਸਿਰਾ ਫ਼ੜੋ ਅਤੇ ਉਸ ਦਾ ਦੂਸਰਾ ਸਿਰਾ ਕਿਸੇ ਵੀ ਨਾ ਹਿੱਲ ਸਕਣ ਵਾਲੀ, ਜ਼ਮੀਨ ‘ਚ ਗੱਡੀ ਹੋਈ ਪੱਕੀ ਅਤੇ ਮਜ਼ਬੂਤ ਸ਼ੈਅ ਨਾਲ ਬੰਨ੍ਹ ਦਿਓ। ਹੁਣ, ਜਿੰਨੇ ਜ਼ੋਰ ਨਾਲ ਖਿੱਚ ਸਕਦੇ ਹੋ ਉਸ ਨੂੰ ਆਪਣੇ ਵਾਲੇ ਖਿੱਚੋ। ਕੀ ਹੋਵੇਗਾ? ਜਾਂ ਤਾਂ ਇਲਾਸਟਿਕ ਟੁੱਟ ਜਾਵੇਗਾ, ਜਿਸ ਸੂਰਤ ‘ਚ ਤੁਸੀਂ ਪਿੱਛੇ ਵੱਲ ਨੂੰ ਹਵਾ ‘ਚ ਉਡਦੇ ਹੋਏ ਜਾਓਗੇ, ਜਾਂ ਤੁਹਾਨੂੰ ਉਸ ਇਲਾਸਟਿਕ ਨੂੰ ਛੱਡਣਾ ਪਵੇਗਾ, ਜਿਸ ਸੂਰਤ ‘ਚ ਉਹ ਜ਼ੋਰ ਦੀ ਜਾ ਕੇ ਉਸ ਸ਼ੈਅ ਨਾਲ ਟਕਰਾਏਗਾ ਜਿਸ ਨਾਲ ਤੁਸੀਂ ਉਸ ਨੂੰ ਬੰਨ੍ਹਿਆ ਸੀ, ਅਤੇ ਅਜਿਹਾ ਕਰਦਿਆਂ ਉਹ ਇੱਕ ਨਾਟਕੀ ਪ੍ਰਭਾਵ ਵੀ ਛੱਡੇਗਾ। ਇੱਥੇ ਇਲਾਸਟਿਕ ਦੀ ਜਗ੍ਹਾ ਪੜ੍ਹੋ ਤੁਹਾਡੀ ਭਾਵਨਾਤਮਕ ਜ਼ਿੰਦਗੀ ‘ਚ ਕਿਸੇ ਚੀਜ਼ ਨੂੰ ਇਸ ਵਕਤ ਉਸ ਤੋਂ ਜ਼ਿਆਦਾ ਲੰਬਾ ਖਿੱਚਿਆ ਜਾ ਰਿਹੈ ਜਿੰਨਾ ਉਸ ਨੂੰ ਖਿੱਚੇ ਜਾਣ ਦੀ ਲੋੜ ਹੈ। ਕਿਸੇ ਨਾ ਕਿਸੇ ਤਰ੍ਹਾਂ, ਟੈਨਸ਼ਨ ਕਿਸੇ ਨਾ ਕਿਸੇ ਸ਼ੈਅ ਨੂੰ ਤੋੜ ਦੇਵੇਗੀ। ਪਰ ਅੰਤ ‘ਚ, ਇਹ ਇੱਕ ਚੰਗੀ ਖ਼ਬਰ ਹੋਵੇਗੀ।

ਹਰ ਕਹਾਣੀ ਦੇ ਦੋ ਪਹਿਲੂ ਹੁੰਦੇ ਹਨ। ਜਾਂ ਸਾਨੂੰ ਅਜਿਹਾ ਦੱਸਿਆ ਜਾਂਦੈ। ਕਾਸ਼, ਇਹ ਗੱਲ ਸੱਚ ਹੁੰਦੀ। ਸੋਚੋ ਫ਼ਿਰ ਜੀਵਨ ਕਿੰਨਾ ਸੌਖਾ ਹੋ ਗਿਆ ਹੁੰਦਾ। ਤੁਸੀਂ ਕਿਸੇ ਸੰਵੇਦਨਸ਼ੀਲ ਮਾਮਲੇ ‘ਚ ਇੱਕ ਮੁਸ਼ਕਿਲ ਅਤੇ ਚੁਣੌਤੀਪੂਰਣ ਸੱਚ ਬਾਰੇ ਬਹੁਤ ਉਤਸੁਕਤਾ ਨਾਲ ਸੁਚੇਤ ਹੋ। ਇਸ ਕਹਾਣੀ ਦੇ ਕੋਈ ਦੋ ਪਹਿਲੂ ਨਹੀਂ, ਨਾ ਹੀ ਇਸ ਗਾਥਾ ਦੇ 22 ਪਹਿਲੂ ਹਨ ਸਗੋਂ ਇਸ ਦੇ ਤਾਂ ਹਨ 2222 ਪਹਿਲੂ। ਸਾਰੇ ਦੇ ਸਾਰੇ ਚੌਰਸ ਕੱਟੇ ਹੋਏ – ਅਤੇ ਫ਼ਿਰ ਬੁਲਬੁਲੇ ਬਣਾਉਂਦੀ ਹੋਈ ਉਲਝਣ ਅਤੇ ਵਿਚਾਰਾਂ ਦੀ ਸੌਸ ‘ਚ ਪੂਰੀ ਤਰ੍ਹਾਂ ਨਾਲ ਮੈਰੀਨੇਟ ਕੀਤੇ ਹੋਏ। ਜੇਕਰ ਜੀਵਨ ‘ਚ ਕੁੱਝ ਵੀ ਸਪੱਸ਼ਟ ਰੂਪ ਕਾਲਾ ਜਾਂ ਚਿੱਟਾ ਨਹੀਂ ਅਤੇ ਹਰ ਜਗ੍ਹਾ ਸਾਨੂੰ ਸਲੇਟੀ ਹੀ ਮਿਲਣੈ ਤਾਂ ਅਸੀਂ ਕਿਵੇਂ ਕਦੇ ਵੀ ਕਿਸੇ ਠੋਸ ਜਾਂ ਅੰਤਮ ਫ਼ੈਸਲੇ ‘ਤੇ ਅੱਪੜ ਸਕਦੇ ਹਾਂ? ਦਰਅਸਲ, ਤੁਸੀਂ ਇਹ ਕਰ ਸਕਦੇ ਹੋ। ਅਤੇ ਤੁਸੀਂ ਕਰੋਗੇ ਵੀ!
ਸਾਡੇ ਸਾਰਿਆਂ ਦੇ ਆਪੋ ਆਪਣੇ ਕਾਰਨ ਹੁੰਦੇ ਹਨ ਕਿ ਅਸੀਂ ਕੁੱਝ ਖ਼ਾਸ ਚੀਜ਼ਾਂ ਕਿਓਂ ਨਹੀਂ ਕਰ ਸਕਦੇ – ਜਾਂ ਕਿਓਂ ਨਹੀਂ ਕਰਾਂਗੇ। ਆਮ ਤੌਰ ‘ਤੇ, ਇਹ ਉਨ੍ਹਾਂ ਵਾਅਦਿਆਂ ‘ਤੇ ਆਧਾਰਿਤ ਠੋਸ ਕਾਰਨ ਹੁੰਦੇ ਹਨ ਜਿਹੜੇ ਅਸੀਂ ਖ਼ੁਦ ਨਾਲ ਜਾਂ ਦੂਸਰਿਆਂ ਨਾਲ ਕੀਤੇ ਹੁੰਦੇ ਹਨ। ਪਰ ਕਈ ਵਾਰ ਇਹ ਕਾਰਨ ਬਹੁਤ ਮੂਰਖਤਾ ਭਰਪੂਰ ਵੀ ਹੁੰਦੇ ਨੇ। ਭੈਅ ਜਾਂ ਗ਼ਲਤਫ਼ਹਿਮੀ ‘ਤੇ ਆਧਾਰਿਤ ਕੋਰੀ ਬਹਾਨੇਬਾਜ਼ੀ। ਮੁਸੀਬਤ ਇਹ ਹੈ ਕਿ ਅਸੀਂ ਆਸਾਨੀ ਨਾਲ ਉਨ੍ਹਾਂ ਦੇ ਅਸਲੀ ਗੁਣਾਂ ਨੂੰ ਦੇਖ ਨਹੀਂ ਸਕਦੇ। ਅਸੀਂ ਖ਼ੁਦ ਨੂੰ ਸੌਖਿਆਂ ਹੀ ਇਸ ਗੱਲ ਲਈ ਮਨਾ ਲੈਂਦੇ ਹਾਂ ਕਿ ਅਸੀਂ ਇੱਕ ਵੱਡਾ ਅਤੇ ਉੱਤਮ ਵਿਰੋਧ ਖੜ੍ਹਾ ਕਰ ਰਹੇ ਹਾਂ ਜਦੋਂ ਕਿ ਅਸੀਂ ਕੇਵਲ ਨਵੇਂ ਸਿਰਿਓਂ ਕੋਸ਼ਿਸ਼ ਕਰਨ ਤੋਂ ਕਤਰਾ ਰਹੇ ਹੁੰਦੇ ਹਾਂ। ਅੱਗੇ ਵਾਪਰਣ ਵਾਲੀਆਂ ਘਟਨਾਵਾਂ ਤੁਹਾਨੂੰ ਸਾਰੀਆਂ ਅਣਲੋੜੀਂਦੀਆਂ ਸੀਮਾਵਾਂ ਤੋਂ ਮੁਕਤ ਕਰ ਦੇਣਗੀਆਂ।

ਇਹ ਸੰਸਾਰ ਚੰਗੇ ਖ਼ਿਆਲਾਂ ਨਾਲ ਲੈਸ ਲੋਕਾਂ ਨਾਲ ਭਰਿਆ ਪਿਐ। ਕਈ ਵਾਰ, ਪਰ, ਉਹ ਸਾਡੇ ਸਿਰ ਦੇ ਉੱਪਰੋਂ ਦੀ ਹੀਲੀਅਮ ਗੈਸ ਨਾਲ ਭਰੇ ਉਨ੍ਹਾਂ ਗ਼ੁਬਾਰਿਆਂ ਵਾਂਗ ਲੰਘ ਜਾਂਦੇ ਹਨ ਜਿਹੜੇ ਆਪਣੇ ਧਾਗਿਆਂ ਤੋਂ ਖ਼ੁਦ ਨੂੰ ਤੁੜਵਾ ਚੁੱਕੇ ਹੋਣ। ਭੈੜੇ ਵਿਚਾਰਾਂ ਨੂੰ ਫ਼ੜਨਾ ਵਧੇਰੇ ਸੌਖਾ ਹੁੰਦੈ। ਉਹ ਆਸਮਾਨ ‘ਚ ਬਹੁਤ ਹੇਠਾਂ ਹੋ ਕੇ ਉਡਦੇ ਨੇ। ਉਨ੍ਹਾਂ ਦੇ ਧਾਗੇ ਵੀ ਚਿਪਚਿਪੇ ਹੁੰਦੇ ਨੇ। ਸਾਨੂੰ ਦੇਖਣਾ ਇਹ ਚਾਹੀਦੈ ਕਿ ਅਸੀਂ ਫ਼ੜ ਕਿਹੜੀ ਸ਼ੈਅ ਨੂੰ ਰਹੇ ਹਾਂ! ਇਸ ਵਕਤ, ਤੁਹਾਨੂੰ ਕੇਵਲ ਇੱਕ ਹੀ ਚੀਜ਼ ਦਰਕਾਰ ਹੈ। ਤੁਸੀਂ ਉਸ ਨੂੰ ਹਾਸਿਲ ਕਰ ਸਕਦੇ ਹੋ, ਜਿੰਨਾ ਚਿਰ ਤੁਹਾਨੂੰ ਇਹ ਪਤੈ ਕਿ ਤੁਸੀਂ ਭਾਲ ਕੀ ਰਹੇ ਹੋ। ਉਹ ਕੀਮਤੀ ਵਸਤੂ ਆਖਿਰ ਹੈ ਕੀ? ਭਾਵਨਾਤਮਕ ਸਪੱਸ਼ਟਤਾ। ਉਸ ਨੂੰ ਭਾਲੋ, ਅਤੇ ਤੁਹਾਨੂੰ ਸਿਰਫ਼ ਸਹੀ ਉੱਤਰ ਹੀ ਮਿਲਣਗੇ।