ਡਾਇਰੀ ਦਾ ਪੰਨਾ
ਨਿੰਦਰ ਘੁਗਿਆਣਵੀ
ਜਿਸ ਕਿਤਾਬ ਦਾ ਟਾਇਟਲ ਤੁਸੀਂ ਦੇਖ ਰਹੇ ਹੋ, ਇਹ ਇੱਕ ਤਰਾਂ ਦਾ MPhil ਦੀ ਖੋਜ ਕਰਨ ਦੇ ਬਰਾਬਰ ਦਾ ਕਾਰਜ ਹੈ। ਮੈਂ ਜਦ 2018 ‘ਚ ਚੰਡੀਗੜ੍ਹ ਪੰਜਾਬ ਆਰਟਸ ਕੌਂਸਲ ‘ਚ ਮੀਡੀਆ ਅਧਿਕਾਰੀ ਦੀ ਨੌਕਰੀ ਕਰਨ ਆਇਆ ਤਾਂ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ.ਅਰੁਣ ਕੁਮਾਰ ਗਰੋਵਰ ਨੂੰ ਡਾ.ਸਰਦਾਰਾ ਸਿੰਘ ਜੌਹਲ ਜੀ, (ਓਦੋਂ ਚਾਂਸਲਰ ਕੇਂਦਰੀ ਯੂਨੀਵਰਸਿਟੀ ਬਠਿੰਡਾ), ਨੇ ਫ਼ੋਨ ਕਰ ਕੇ ਆਖਿਆ ਕਿ ਨਿੰਦਰ ਮੇਰਾ ਅਜ਼ੀਜ਼ ਹੈ ਅਤੇ ਆਪ ਨੂੰ ਮਿਲਣ ਆਏਗਾ। ਇਸ ਸੁਨੇਹੇ ਮਗਰੋਂ ਮੈਂ ਵਾਈਸ ਚਾਂਸਲਰ ਦੇ ਦਫ਼ਚਰ ਵੱਲੀਂ ਮਿਥੇ ਹੋਏ ਵਕਤ ‘ਤੇ ਵਾਈਸ ਚਾਂਸਲਰ ਸਾਹਿਬ ਨੂੰ ਮਿਲਣ ਚਲਾ ਗਿਆ। VC ਸਾਹਬ ਦੇ PA ਨੇ ਮੈਨੂੰ ਬੜੇ ਅਦਬ ਨਾਲ ਵੇਟਿੰਗ ਰੂਮ ‘ਚ ਬਿਠਾਇਆ ਅਤੇ ਅੱਗੇ VC ਸਾਹਬ ਨੂੰ ਸੁਨੇਹਾ ਲਾਇਆ। ਮੈਂ ਹੱਕਾ ਬੱਕਾ ਹੀ ਰਹਿ ਗਿਆ ਜਦੋਂ ਵਾਈਸ ਚਾਂਸਲਰ ਡਾ.ਗਰੋਵਰ ਜੀ ਖ਼ੁਦ ਚਲ ਕੇ ਵੇਟਿੰਗ ਰੂਮ ‘ਚ ਆਏ ਅਤੇ ਗਰਮਜੋਸ਼ੀ ਨਾਲ ਹੱਥ ਮਿਲਾਂਦੇ ਹੋਏ ਆਪਣੇ ਦਫ਼ਤਰ ‘ਚ ਲੈ ਗਏ। ਪਾਣੀ ਤੋਂ ਬਾਅਦ ਕੁੱਝ ਗੱਲਾਂ ਬਾਤਾਂ ਹੋਈਆਂ ਅਤੇ ਫ਼ਿਰ ਗਰੀਨ-ਟੀ ਆ ਗਈ। ਡਾ.ਗਰੋਵਰ ਬੋਲੇ, ”ਨਿੰਦਰ ਜੀ, ਡਾ.ਜੌਹਲ ਸਾਹਬ ਨੇ ਆਖਿਆ ਏ ਕਿ ਨਿੰਦਰ ਅਜਕਲ੍ਹ ਚੰਡੀਗੜ੍ਹ ਆ ਗਿਆ ਹੈ ਅਤੇ ਇਹਦੇ ਕੋਲੋਂ ਆਪਣੀ ਯੂਨੀਵਰਸਿਟੀ ਵਾਸਤੇ ਕੋਈ ਕੰਮ ਲਵੋ। ਆਪ ਹੀ ਦੱਸੋ, ਕੀ ਕਰੋਗੇ ਸਾਡਾ ਆਪ ਜੀ? ”
ਮੈਂ ਯੱਭਲ, ਭੋਲਾ ਭਾਲਾ, ਨੌਕਰੀ ਵੀ ਨਾ ਮੰਗ ਸਕਿਆ ਅਤੇ ਇਹੋ ਆਖਿਆ ਕਿ ਆਪ ਦੀ ਯੁਨੀਵਰਸਿਟੀ ਵਾਸਤੇ ਮੈਂ ਇੱਕ ਕਿਤਾਬ ਪੰਜਾਬ ਦੇ ਲੋਕ ਸੰਗੀਤ ਬਾਰੇ ਲਿਖਾਂਗਾ। ਵਾਈਸ ਚਾਂਸਲਰ ਸਾਹਿਬ ਪਾਸ ਬੜੀਆਂ ਪਾਵਰਾਂ ਹੁੰਦੀਆਂ ਨੇ, ਉਹ ਕਿਸਟ ਨੂੰ, ਕਿਤੇ ਵੀ, ਕਿਸੇ ਵੀ ਜਗਾ ‘ਤੇ ਲਾ ਸਕਦਾ ਹੈ। ਤੇ ਲਓ ਜੀ, ਮੇਰਾ ਪ੍ਰੌਜੈਕਟ ਮਨਜ਼ੂਰ ਹੋ ਗਿਆ, ਜਿਸ ‘ਚ ਨਾ ਕੁਛ ਕੱਢਣ ਨੂੰ ਅਤੇ ਨਾ ਪਾਉਣ ਨੂੰ, ਮੁਫ਼ਤੋ ਮੁਫ਼ਤੀਆ ਖੋਜ ਕਾਰਜ। ਇਹੋ ਜਿਹੇ ਪ੍ਰੌਜੈਕਟ ਅਤੇ ਖੋਜ ਕਾਰਜ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਭਾਸ਼ਾ ਵਿਭਾਗ ਪੰਜਾਬ ਸਰਕਾਰ ਅਤੇ ਦਿੱਲੀ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਖ਼ਾਤਿਰ ਕਰ ਚੁੱਕਾ ਹੋਇਆ ਸੀ। ਖ਼ੈਰ, ਪੰਜਾਬੀ ਵਿਭਾਗ ਦੇ ਚੇਅਰਮੈਨ ਡਾ.ਯੋਗਰਾਜ ਜੀ ਸਨ, ਉਹ ਆਖਣ ਲੱਗੇ ਕਿ ਸਾਡੇ ਵਿਭਾਗ ‘ਚ ਆ ਜਾਇਆ ਕਰ, ਏਥੇ ਬੈਠ ਕੇ ਲਿਖ ਵਧੀਆ ਕਿਤਾਬ ਤੂੰ, ਡਾ.ਸਰਬਜੀਤ ਸਿੰਘ ਪੁਰਾਣੇ ਮਿਤਰ ਅਤੇ ਅੱਜਕੱਲ੍ਹ ਚੇਅਰਮੈਨ ਪੰਜਾਬੀ ਵਿਭਾਗ ਹਨ, ਆਖਣ ਲਗੇ, ”ਹੈ ਤਾਂ ਏਹ MPhil ਅਤੇ PhD ਵਾਲਾ ਖੋਜ ਕਾਰਜ ਈ ਐ ਪਤੰਦਰਾ, ਪਰ ਤੂੰ ਛੇ ਮਹੀਨਿਆਂ ‘ਚ ਝਟਕਾ ਦੇਣੈ ਇਹ ਕੰਮ, ਜੇ ਤੂੰ ਅੱਗੇ ਤੀਕ ਪੜ੍ਹਿਆ ਹੁੰਦਾ ਤਾਂ ਹੁਣ ਨੂੰ ਕਿਤੇ ਪ੍ਰੋਫ਼ੈਸਰ ਲੱਗਿਆ ਹੁੰਦਾ।”
ਡਾ.ਸਰਬਜੀਤ ਨੇ ਹਾਸੇ ਹਾਸੇ ਆਖਿਆ, ”ਕਮਲਿਆ, ਹੁਣ ਤੇਰੀਆਂ ਲਿਖੀਆਂ ਕਿਤਾਬਾਂ ‘ਤੇ ਖੋਜਾਂ ਕਰਕੇ ਲੋਕੀ ਪ੍ਰੋਫ਼ੈਸਰ ਤੇ ਲੈਕਚਰਾਰ ਲੱਗੀ ਜਾਂਦੇ ਆ।”ਡਾ.ਸਰਬਜੀਤ ਦੇ ਕਹੇ ‘ਤੇ ਮੈਂ ਸੱਚੀਓਂ ਛੇ ਮਹੀਨੇ ‘ਚ ਉਹ ਕਿਤਾਬ ਸਿਰੇ ਲਗਾ ਦਿੱਤੀ। ਮੈਂ ਇਹਦਾ ਨਾਂ ਕੁੱਝ ਹੋਰ ਧਰਿਆ ਸੀ, ਪਰ ਗੁਰਭਜਨ ਗਿੱਲ ਨੇ ਕਿਹਾ, ”ਇਹ ਖੋਜ ਕਾਰਜ ਹੈ ਬੇਟਾ, ਇਹਦਾ ਨਾਂ ਹੋਣਾ ਚਾਹੀਦਾ ਏ ਪੰਜਾਬ ਦਾ ਲੋਕ ਸੰਗੀਤ-ਵਿਰਸਾ ਅਤੇ ਵਤਮਰਤਮਾਨ।”ਇਸੇ ਨਾਂ ਹੇਠ ਕਿਤਾਬ ਛਪੀ ਅਤੇ ਪ੍ਰੈੱਸ ਦੇ ਮੈਨੇਜਰ ਡਾ.ਜਤਿੰਦਰ ਮੌਦਗਿਲਾਮ ਆਖਣ ਲੱਗੇ ਕਿ ਸਾਡੀ ਪੰਜਾਬ ਯੂਨਿਵਰਸਿਟੀ ਦੀ ਪੰਜਾਬ ਦੇ ਲੋਕ ਸੰਗੀਤ ਬਾਬਤ ਏਹ ਪਹਿਲੀ ਪੁਸਤਕ ਐ ਵੀਰਿਆ। ਵਾਈਸ ਚਾਂਸਲਰ ਡਾ.ਗਰੋਵਰ ਨੇ ਆਪਣੇ ਹੱਥੀਂ ਦਫ਼ਤਰ ‘ਚ ਰਿਲੀਜ .ਕੀਤੀ। ਮੈਨੂੰ ਖ਼ੁਸ਼ੀ ਭਰਿਆ ਅਨੁਭਵ ਸੀ ਕਿ ਕਹਿੰਦੀ ਕਹਾਉਂਦੀ ਪੰਜਾਬ ਯੂਨੀਵਰਸਿਟੀ ਨੇ ਮੇਰੀ ਕਿਤਾਬ ਛਾਪ ਕੇ ਇਸ ਨੂੰ ਰਿਲੀਜ਼ ਕਰ ਦਿੱਤਾ ਹੈ।
ਅਖਬਾਰੀ ਖਬਰ ਪੜ੍ਹ ਕੇ ਗੁਰਭਜਨ ਗਿੱਲ ਦਾ ਫ਼ੋਨ ਆਇਆ, ”ਪੁਤਰਾ, ਝਾਤੀ ਮਾਰ ਕੇ ਦੇਖ ਕਿ ਹੁਣ ਤੀਕ ਪੰਜਾਬ ਯੂਨੀਵਰਸਿਟੀ ਨੇ ਪੰਜਾਬੀ ਦੇ ਕਿੰਨੇ ਕੁ ਲੇਖਕ ਛਾਪੇ ਨੇ? ਤੂੰ ਭਾਗਸ਼ਾਲੀ ਏਂ ਪੁੱਤਰਾ ਅਤੇ ਏਹ ਮਾਣ ਵਾਲੀ ਗੱਲ ਏ ਸਾਡੇ ਵਾਸਤੇ। ਵੀ ਸਾਬਾਸ਼ ਮੇਰਾ ਬੱਚਾ, ਜੁਗ ਜੁਗ ਜੀਵੇਂ। ਇਹ ਕਿਤਾਬ ਪੰਜਾਬੀ ਲੋਕ ਸੰਗੀਤ ਦੇ ਖੋਜੀਆਂ ਖ਼ਾਤਿਰ ਸਹਾਈ ਹੋ ਸਕਦੀ ਹੈ। ਮੇਰੇ ਪਾਸ ਇਸ ਦੀਆਂ ਇੱਕ-ਦੋ ਕਾਪੀਆਂ ਹੀ ਨੇ, ਉਹ ਵੀ ਉਹ ਨੇ ਜਿਨਾਂ ਉਤੇ ਵਾਈਸ ਚਾਂਸਲਰ ਗਰੋਵਰ ਸਾਹਬ ਅਤੇ ਮਹਿਮਾਨਾਂ ਨੇ ਦਸਖ਼ਤ ਕੀਤੇ ਸਨ, ਜੇ ਕਦੇ ਮੈਨੂੰ ਲੋੜ ਪੈਂਦੀ ਐ ਤਾਂ ਯੂਨੀਵਰਸਿਟੀ ਦੇ ਪਬਲੀਕੇਸ਼ਨ ਵਿਭਾਗ ਤੋਂ ਮੁੱਲ ਖ਼ਰੀਦ ਲੈਂਦਾ ਹਾਂ। ਮੁਫ਼ਤ ‘ਚ ਲਿਖੀ ਹੋਈ ਕਿਤਾਬ ਮੁੱਲ ਖ਼ਰੀਦੇ, ਅਤੇ ਉਹ ਵੀ ਉਹਦਾ ਲੇਖਕ, ਇਹ ਵੀ ਬੜੀ ਸੁਆਦਲੀ ਬਾਤ ਹੈ, ਦੋਸਤੋ। ਅਗਲੀ ਵਾਰ ਕਿਸੇ ਹੋਰ ਕਿਤਾਬ ਦੀ ਬਾਤ ਪਾਵਾਂਗੇ ਆਪਾਂ!















