ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1394

ਮੇਰੇ ਕੋਲ ਤੁਹਾਡੇ ਲਈ ਇੱਕ ਮਹੱਤਵਪੂਰਨ ਸਵਾਲ ਹੈ। ਡੁਹਾਡੀਆਂ ਨਜ਼ਰਾਂ ‘ਚ ਪਿਆਰ ਦਾ ਕੀ ਮਾਅਨਾ ਹੈ? ਇਹ ਕੇਵਲ ਇੱਕ ਦੂਸਰੇ ਨੂੰ ਡੇਟ ‘ਤੇ ਲੈ ਕੇ ਜਾਣਾ ਜਾਂ ਵੱਡੀਆਂ-ਵੱਡੀਆਂ ਗੱਡੀਆਂ ‘ਚ ਝੂਟੇ ਦੇਣ ਤਕ ਹੀ ਸੀਮਿਤ ਨਹੀਂ। ਨਾ ਹੀ ਇਹ ਕੇਵਲ ਆਰਾਮਦਾਇਕ ਮਕਾਨਾਂ ‘ਚ ਰਹਿਣ ਅਤੇ ਆਨੰਦਮਈ ਘਰੇਲੂ ਬੰਦੋਬਸਤਾਂ ‘ਚ ਲੁਕਿਆ ਪਿਐ। ਪਿਆਰ ਗੁੱਸੈਲ ਗੱਲਾਂਬਾਤਾਂ, ਤੱਤੀਆਂ ਤਕਰਾਰਾਂ ਅਤੇ ਇੱਥੋਂ ਤਕ ਕਿ ਤਕਲੀਫ਼ਦੇਹ ਵਿਛੋੜਿਆਂ ‘ਚ ਵੀ ਪਾਇਆ ਜਾਂਦੈ। ਪਿਆਰ ਹਮੇਸ਼ਾ ਮਜ਼ੇਦਾਰ ਨਹੀਂ ਹੁੰਦਾ, ਨਾ ਹੀ ਹਰ ਵਾਰ ਇਹ ਸੌਖਾ ਹੀ ਹੁੰਦਾ ਹੈ, ਪਰ ਇਸ ਗ੍ਰਹਿ ਉੱਪਰ ਵਸਣ ਵਾਲੇ ਸਾਡੇ ਸਭਨਾਂ ਦੇ ਮਨਾਂ ਤੋਂ ਇਹ ਪਿਆਰ ਕਦੇ ਬਹੁਤਾ ਦੂਰ ਵੀ ਨਹੀਂ ਜਾਂਦਾ। ਤੁਹਾਡੀ ਜ਼ਿੰਦਗੀ ‘ਚ ਜਿਹੜਾ ਪਿਆਰ ਹੈ, ਹੋ ਸਕਦੈ ਕਿ ਉਹ ਮਿਸਾਲੀ ਨਾ ਹੋਵੇ, ਪਰ ਫ਼ਿਰ ਵੀ ਉਸ ‘ਚ ਕਾਫ਼ੀ ਸ਼ਕਤੀ ਹੈ। ਜੋ ਉਹ ਬਣਨ ਤੋਂ ਇਨਕਾਰੀ ਹੈ ਉਸ ਦਾ ਵਿਰੋਧ ਕਰਨ ਦੀ ਬਜਾਏ ਉਸ ਨੂੰ ਉਸ ਲਈ ਸਲਾਹੋ ਜੋ ਉਹ ਅਸਲ ‘ਚ ਹੈ।

ਅਸੀਂ ਲੋਕਾਂ ਨੂੰ ਅਕਸਰ ਪ੍ਰੇਮ ਦੇ ਦੇਵੀ-ਦੇਵਤਿਆਂ ਦੀ ਗੱਲ ਕਰਦੇ ਸੁਣਦੇ ਹਾਂ। ਅਸੀਂ ਉਨ੍ਹਾਂ ਨੂੰ ਖਿੱਚ ਜਾਂ ਆਕਰਸ਼ਣ ਦਾ ਪ੍ਰਤੀਕ ਚਿਤਰਦੇ ਦੇਖਿਆ ਹੈ। ਜਦੋਂ ਉਹ ਅਜਿਹਾ ਕਰਦੇ ਹਨ ਤਾਂ ਕੌਣ ਹੁੰਦੈ ਉਨ੍ਹਾਂ ਦੇ ਦਿਮਾਗ਼ਾਂ ‘ਚ? ਉਹ ਆਪਣੀ ਆਦਰਸ਼ ਕਲਪਨਾ ਦਾ ਆਧਾਰ ਕਿਸ ਨੂੰ ਬਣਾਉਂਦੇ ਹਨ? ਤੁਹਾਨੂੰ? ਜਾਂ ਸ਼ਾਇਦ, ਜੇ ਸਹੀ ਪੁੱਛਾਂ ਤਾਂ, ਤੁਹਾਡੀ ਸ਼ਖ਼ਸੀਅਤ ਦੇ ਉਸ ਪੱਖ ਨੂੰ ਜਿਸ ਦਾ ਮੁਜ਼ਾਹਰਾ ਤੁਸੀਂ ਕਦੇ-ਕਦਾਈਂ ਕਰਦੇ ਹੋ? ਤੁਹਾਡੇ ‘ਚੋਂ ਲਗਾਤਾਰ ਮਨੋਹਰਤਾ ਅਤੇ ਆਕਰਸ਼ਣ ਨਹੀਂ ਚੋਂਦੇ ਜੋ ਕਿ ਤੁਹਾਡੇ ਆਲੇ-ਦੁਆਲੇ ਦੇ ਨਾਸ਼ਵਾਨਾਂ ਲਈ ਵੀ ਸੱਚ ਹੈ। ਪਰ ਜਦੋਂ ਤੁਸੀਂ ਆਪਣੀ ਕਾਬਲੀਅਤ ਨੂੰ ਖੁੱਲ੍ਹਾ ਛੱਡਣ ਦਾ ਫ਼ੈਸਲਾ ਕਰ ਲੈਂਦੇ ਹੋ, ਤੁਹਾਡੇ ਤੋਂ ਕੋਈ ਵੀ ਰਸ਼ਕ ਕੀਤੇ ਬਿਨਾ ਨਹੀਂ ਰਹਿ ਸਕਦਾ। ਇਸ ਗੱਲ ਦਾ ਧਿਆਨ ਰੱਖੋ ਕਿ ਇਸ ਵੇਲੇ ਤੁਸੀਂ ਉਸ ਦਾ ਇਸਤੇਮਾਲ ਕਿਵੇਂ ਕਰਦੇ ਹੋ।

ਕਿਸੇ ਹੋਰ ਦੀ ਜ਼ਿੰਦਗੀ ਨੂੰ ਸੌਖਾ ਅਤੇ ਸੁਖਦ ਬਣਾਉਣ ਲਈ ਕੀ ਕੀਤਾ ਜਾ ਸਕਦੈ? ਤੁਹਾਨੂੰ ਇਹ ਤਾਂ, ਨਿਰਸੰਦੇਹ, ਪਤੈ ਕਿ ਉਹ ਤੁਹਾਡਾ ਜੀਵਨ ਖ਼ੁਸ਼ਹਾਲ ਬਣਾਉਣ ਲਈ ਕੀ ਕਰ ਸਕਦੇ ਹਨ, ਪਰ ਇਸ ਵਕਤ ਉਹ ਮਸਲਾ ਨਹੀਂ। ਅਤੇ ਇਹ ਓਦੋਂ ਮਸਲਾ ਨਹੀਂ ਬਣਨ ਵਾਲਾ ਜਦੋਂ ਤਕ, ਸ਼ਾਇਦ, ਤੁਸੀਂ ਉਸ ਪਹਿਲੇ ਵਾਲੇ ਸੁਝਾਅ ਦੀ ਪੜਚੋਲ ਨਹੀਂ ਕਰ ਲੈਂਦੇ। ਉਸ ਲਈ ਤੁਹਾਨੂੰ ਕੁਝ ਲੈਣ ਦੀ ਬਜਾਏ ਦੇਣ ‘ਚ ਵਧੇਰੇ ਦਿਲਚਪਸੀ ਦਿਖਾਉਣੀ ਪਵੇਗੀ। ਇਸ ਤਰ੍ਹਾਂ ਇਹ ਕੁਝ ਹੱਦ ਤਕ ਤੁਹਾਡੀ ਕਮਜ਼ੋਰੀ ਨੂੰ ਵੀ ਨੰਗਿਆਂ ਕਰੇਗਾ ਜਿਸ ਤੋਂ ਤੁਸੀਂ ਉਂਝ ਸ਼ਾਇਦ ਬੱਚ ਸਕੋ। ਪਰ ਫ਼ਿਰ, ਤੁਸੀਂ ਤਾਂ ਤੁਸੀਂ ਹੋ। ਤੁਸੀਂ ਖ਼ਤਰਿਆਂ ਨਾਲ ਖੇਡਣਾ ਪਸੰਦ ਕਰਦੇ ਹੋ ਅਤੇ ਚੁਣੌਤੀਆਂ ‘ਚ ਆਨੰਦ ਮਾਣਦੇ ਹੋ। ਅਜਿਹਾ ਹੀ ਇੱਕ ਜੋਖ਼ਮ, ਜਿਸ ਵਿੱਚ ਤੁਹਾਨੂੰ ਹਿੰਮਤ ਦਿਖਾਉਣ ਦਾ ਕੋਈ ਫ਼ਾਇਦਾ ਹੋਵੇਗਾ, ਹੈ … ਤੁਹਾਡੀ ਜ਼ਿੰਦਗੀ!

ਕੀ ਕੋਈ ਤੁਹਾਡੇ ਨਾਲ ਅਣਉਚਿਤ ਵਿਹਾਰ ਕਰ ਰਿਹੈ? ਤੁਸੀਂ ਉਨ੍ਹਾਂ ਨਾਲ ਕਿੰਨੇ ਕੁ ਨਿਆਂਪੂਰਨ ਹੋ ਰਹੇ ਹੋ? ਕੀ ਤੁਸੀਂ ਕੇਵਲ ਉਹੀ ਦੇਖ ਰਹੇ ਹੋ ਜਿਸ ਨੂੰ ਤੁਸੀਂ ਸੋਚਦੇ ਹੋ ਕਿ ਤੁਸੀਂ ਅਣਡਿਠਾ ਨਹੀਂ ਕਰ ਸਕਦੇ ਅਤੇ ਉਸ ਨੂੰ ਅਣਗੌਲਿਆਂ ਕਰ ਰਹੇ ਹੋ ਜਿਸ ਨੂੰ ਤੁਸੀਂ ਦੇਖ ਸਕਣ ਦੇ ਸਮਰੱਥ ਨਹੀਂ? ਜੇਕਰ ਮਾਮਲਾ ਇਹ ਹੈ, ਤੁਹਾਨੂੰ ਆਪਣੇ ਜੀਵਨ ਵਿਚਲੇ ਕਿਸੇ ਅਸੰਤੁਲਨ ਦੀ ਪਛਾਣ ਕਰਨੀ ਅਤੇ ਉਸ ਨੂੰ ਸੁਧਾਰਣਾ ਪਵੇਗਾ। ਸ਼ਾਇਦ ਤੁਹਾਨੂੰ ਕਿਸੇ ਵਿਵਾਦ ਨੂੰ ਆਪਣੀ ਸਮਝ ਨੂੰ ਡੂੰਘੇਰਾ ਕਰਨ ਦਾ ਇੱਕ ਨਿਯੋਤਾ ਸਮਝਣਾ ਚਾਹੀਦੈ। ਹਾਂ ਜੇਕਰ ਤੁਸੀਂ ਕਿਸੇ ਪ੍ਰਤੱਖ ਤੌਰ ‘ਤੇ ਨਾਮੁਮਕਿਨ ਸਥਿਤੀ ਦਾ ਮਜ਼ਾ ਲੈ ਰਹੇ ਹੋ ਤਾਂ ਫ਼ਿਰ ਗੱਲ ਹੋਰ ਹੈ। ਜੇਕਰ ਸੂਰਤੇਹਾਲ ਇਹ ਹੈ ਤਾਂ ਫ਼ਿਰ ਸ਼ਾਇਦ ਸਿਆਣਪ ਇਹ ਵਿਚਾਰਨ ‘ਚ ਹੋਵੇ ਕਿ ਕੀ ਕੋਈ ਦੂਸਰਾ ਵੀ ਉਸ ‘ਚ ਆਨੰਦ ਲੈ ਰਿਹੈ ਜਾਂ ਨਹੀਂ।

ਨਿਰਬਲਤਾ ਦਾ ਅਹਿਸਾਸ ਸਾਨੂੰ ਪਸੰਦ ਨਹੀਂ ਇਸ ਲਈ ਅਸੀਂ ਆਪਣੀਆਂ ਕਮਜ਼ੋਰੀਆਂ ਛੁਪਾਉਣ ਲਈ ਤਕਨੀਕਾਂ ਘੜਦੇ ਹਾਂ। ਅਤੇ ਉਨ੍ਹਾਂ ‘ਚੋਂ ਸਭ ਤੋਂ ਵੱਧ ਪ੍ਰਭਾਵਸ਼ਾਲੀ ਤਕਨੀਕ ਉਹ ਹੈ ਜਿਸ ਵਿੱਚ ਉਨ੍ਹਾਂ ਨੂੰ ਖ਼ੁਦ ਤੋਂ ਲੁਕਾਉਣਾ ਸ਼ਾਮਿਲ ਹੁੰਦੈ। ਜੇਕਰ ਅਸੀਂ ਇਹ ਨਾਟਕ ਕਰ ਸਕੀਏ ਕਿ ਕੋਈ ਸ਼ੈਅ ਸਾਡੇ ਲਈ ਬਹੁਤਾ ਮਾਅਨਾ ਨਹੀਂ ਰੱਖਦੀ, ਅਸੀਂ ਆਪਣੇ ਆਪ ਨੂੰ ਇਹ ਯਕੀਨ ਦਿਵਾ ਸਕਦੇ ਹਾਂ ਕਿ ਸੱਚਮੁੱਚ ਉਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਜੇ ਉਸ ਨਾਲ ਪੈਂਦੈ ਤਾਂ ਫ਼ਿਰ ਗੱਲ ਦੂਸਰੀ ਹੈ। ਭੁਲੇਖਾ ਓਨਾ ਚਿਰ ਕਾਇਮ ਰਹਿੰਦੈ ਜਦੋਂ ਤਕ ਉਸ ਨੂੰ ਪਰਖ ‘ਚ ਨਾ ਪਾਇਆ ਜਾਵੇ। ਫ਼ਿਰ, ਅਸੀਂ ਇਹ ਦੇਖ ਕੇ ਹੈਰਾਨ ਹੁੰਦੇ ਹਾਂ ਕਿ ਅਸੀਂ ਉਸ ਤੋਂ ਕਿੰਨੇ ਔਖੇ ਸਾਂ। ਤੁਹਾਡੇ ਲਈ ਕਿਸੇ ਚਿੰਤਾ ਨੂੰ ਛੁਪਾਉਣ ਦੀ ਬਜਾਏ ਉਸ ਨੂੰ ਜ਼ਾਹਿਰ ਕਰਨਾ ਸਿਆਣਪ ਹੋਵੇਗੀ।