ਰੋਮ : ਇਟਲੀ ਦੇ ਜਹਾਜ਼ਾਂ ਨੇ ਪਿਛਲੇ 24 ਘੰਟਿਆਂ ‘ਚ ਉੱਤਰੀ ਅਫਰੀਕਾ ਤੋਂ ਕਿਸ਼ਤੀਆਂ ਵਿਚ ਆਉਣ ਵਾਲੇ ਕਰੀਬ 1800 ਸ਼ਰਨਾਰਥੀਆਂ ਨੂੰ ਭੂ-ਮੱਧ ਸਾਗਰ ਵਿਚ ਡੁੱਬਣ ਤੋਂ ਬਚਾਅ ਲਿਆ ਹੈ। ਉੱਤਰੀ ਅਫਰੀਕਾ ਤੋਂ ਇਟਲੀ ਆਉਣ ਵਾਲੇ ਸ਼ਰਨਾਰਥੀਆਂ ਦੀ ਗਿਣਤੀ ਗਰਮੀ ਦੇ ਮੌਸਮ ਦੇ ਨਾਲ ਵੀ ਹੋਰ ਵਧ ਗਈ ਹੈ। ਇਟਲੀ ਦੀ ਨੇਵੀ ਨੇ ਦੱਸਿਆ ਕਿ 1769 ਸ਼ਰਨਾਰਥੀਆਂ ਨੂੰ ਇਟਲੀ ਦੀ ਨੇਵੀ, ਤੱਟ ਰੱਖਿਆ ਬਲ ਅਤੇ ਪੁਲਸ ਨੇ ਬਚਾਅ ਲਿਆ। ਇਟਲੀ ਦੇ ਜਹਾਜ਼ ਇਨ੍ਹਾਂ ਸ਼ਰਨਾਰਥੀਆਂ ਨੂੰ ਹੁਣ ਸ਼ਿਸਲੀ ਦੀ ਅਗਸਤਾ ਬੰਦਰਗਾਹ ਲਿਜਾ ਰਹੇ ਹਨ, ਜਿੱਥੇ ਉਨ੍ਹਾਂ ਦੇ ਸ਼ਨੀਵਾਰ ਤੱਕ ਪਹੁੰਚਣ ਦੀ ਸੰਭਾਵਨਾ ਹੈ। ਇਨ੍ਹਾਂ ਸ਼ਰਨਾਰਥੀਆਂ ਨੂੰ ਸ਼ਿਸਲੀ ਦੇ ਜਲਡਮਰੂ ਤੋਂ ਬਚਾਇਆ ਗਿਆ ਹੈ। ਇਸ ਸਾਲ ਇਟਲੀ ਵਿਚ ਤਕਰੀਬਨ 30 ਹਜ਼ਾਰ ਸ਼ਰਨਾਰਥੀ ਆ ਚੁੱਕੇ ਹਨ। ਸ਼ਰਨਾਰਥੀਆਂ ਦੀ ਇਹ ਗਿਣਤੀ 2015 ਦੀ ਤੁਲਨਾ ਵਿਚ ਕਿਤੇ ਜ਼ਿਆਦਾ ਹੈ।















