ਚੰਡੀਗੜ : ਪੰਜਾਬ ਸਰਕਾਰ ਵਲੋਂ 200 ਸਮਾਰਟ ਪਿੰਡਾਂ ਦਾ ਵਿਕਾਸ ਕਰਨ ਅਤੇ ਪਿੰਡਾਂ ਦੀ ਚੋਣ ਕਰਨ ਲਈ ਕਮੇਟੀ ਗਠਿਤ ਕੀਤੀ ਹੈ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਪੰਜਾਬ ਪੇਂਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸਕੱਤਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਇਸ ਕਮੇਟੀ ਦੇ ਚੇਅਰਮੈਨ ਹਨ ਅਤੇ ਸ਼ਪੈਸ਼ਲ ਸਕੱਤਰ ਯੋਜਨਾ ਵਿਭਾਗ ਅਤੇ ਸ਼ਪੈਸ਼ਲ ਸਕੱਤਰ ਵਿੱਤ ਵਿਭਾਗ ਇਸ ਕਮੇਟੀ ਦੇ ਮੈਂਬਰ ਹਨ ਜਦੋਂ ਕਿ ਡਾਇਰੈਕਟਰ ਪੇਂਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਇਸ ਕਮੇਟੀ ਦੇ ਮੈਂਬਰ ਕਨਵੀਨਰ ਹਨ।
ਬੁਲਾਰੇ ਨੇ ਅੱਗੇ ਦੱਸਿਆ ਕਿ ਇਹ ਕਮੇਟੀ 15 ਦਿਨਾਂ ਵਿਚ ਸਮਾਰਟ ਕੀਤੇ ਜਾ ਰਹੇ 200 ਪਿੰਡਾਂ ਦੀ ਚੋਣ ਕਰਕੇ ਇਨ੍ਹਾਂ ਪਿੰਡਾਂ ਨੂੰ ਵਿਕਸਿਤ ਕਰਨ ਲਈ ਯੋਜਨਾ-ਬੱਧ ਤਰੀਕੇ ਨਾਲ ਨੀਤੀ ਤਿਆਰ ਕਰੇਗੀ। ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸਬੰਧੀ ਅਗਲੀ ਮੀਟਿੰਗ ਮਿਤੀ 18 ਮਈ, 2016 ਨੂੰ ਵਿਕਾਸ ਭਵਨ ਵਿਖੇ ਹੋਵੇਗੀ। ਇਨ੍ਹਾਂ ਸਮਾਰਟ ਪਿੰਡਾਂ ਵਿਚ ਅਤਿ-ਆਧੁਨਿਕ ਸੁਵਿਧਾਵਾਂ ਜਿਨ੍ਹਾਂ ਵਿਚ 4-ਜੀ ਕੁਨੈਕਟੀਵਿਟੀ, ਸੋਲਰ ਸਟਰੀਟ ਲਾਈਟ, ਸੇਵਾ ਕੇਂਦਰ, ਸੀਵਰੇਜ ਅਤੇ ਜਲ-ਨਿਕਾਸ ਸਹੂਲਤਾਂ, ਬੈਂਕ ਬ੍ਰਾਂਚ ਅਤੇ ਮਾਡਰਨ ਸਕੂਲ ਆਦਿ ਜਿਹੀਆਂ ਸਹੂਲਤਾਂ ਸ਼ਾਮਲ ਹਨ, ਮੁਹੱਈਆ ਕਰਵਾਈਆਂ ਜਾਣਗੀਆਂ।
ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਲੋਂ ਗਰਾਮ ਪੰਚਾਇਤਾਂ ਲਈ ਅਰੰਭੀ ਨਿਵੇਕਲੀ ਸਿਖਲਾਈ ਵਿਧੀ
ਚੰਡੀਗੜ, 6 ਮਈ: ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਲੋਂ ਗਰਾਮ ਪੰਚਾਇਤਾਂ ਲਈ ਨਿਵੇਕਲੀ ਸਿਖਲਾਈ ਵਿਧੀ ਅਰੰਭੀ ਹੈ। ਇਸ ਗੱਲ ਦੀ ਜਾਣਕਾਰੀ ਦਿੰਦਿਆ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਵਿਭਾਗ ਪਿੰਡ ਦੀ ਸੱਥ ਤੋਂ ਸਿਖਲਾਈ ਸ਼ੁਰੂ ਕਰਕੇ ਉਪਰ ਤੱਕ ਪਹੁੰਚਾਉਣ ਲਈ ਪੜਾਅ ਵਾਰ ਟ੍ਰੇਨਿੰਗ ਸ਼ੁਰੂ ਕਰਨ ਦਾ ਟੀਚਾ ਮਿਥਿਆ ਹੈ। ਇਸ ਸਿਖਲਾਈ ਤਹਿਤ ਗਰਾਮ ਪੰਚਾਇਤਾਂ ਨੂੰ 14ਵੇਂ ਵਿੱਤ ਕਮਿਸ਼ਨ ਤਹਿਤ ਦਿੱਤੀਆਂ ਜਾਂਦੀਆਂ ਗਰਾਂਟਾਂ ਤੋਂ ਇਲਾਵਾ ਮਨਰੇਗਾ ਅਤੇ ਹੋਰ ਭਲਾਈ ਸਕੀਮਾਂ ਨੂੰ ਲਾਹੇਵੰਦ ਤਰੀਕੇ ਨਾਲ ਲਾਗੂ ਕਰਨ ਲਈ ਅਤੇ ਹੇਠਲੇ ਪੱਧਰ ਤੱਕ ਲੋਕਾਂ ਨੂੰ ਇਸ ਦਾ ਲਾਭ ਦੇਣ ਲਈ ਸਿਖਿਅਤ ਕੀਤਾ ਜਾ ਰਿਹਾ ਹੈ।
ਬੁਲਾਰੇ ਨੇ ਦੱਸਿਆ ਕਿ ਰਾਜ ਦੀਆਂ ਕੁਲ 13028 ਗਰਾਮ ਪੰਚਾਇਤਾਂ ਹਨ ਅਤੇ ਹਰੇਕ ਗਰਾਮ ਪੰਚਾਇਤਾਂ ਦਾ ਪਲੈਨਿੰਗ ਯੂਨਿਟ ਤਿਆਰ ਕੀਤਾ ਜਾ ਰਿਹਾ ਹੈ, ਜਿਸ ਵਿੱਚ ਸਰਪੰਚ, ਮੈਂਬਰ ਅਤੇ ਵੱਖ-ਵੱਖ ਵਿਭਾਗਾਂ ਦੇ ਨੂਮਾਇੰਦੇ ਹਨ।ਇਸ ਪੈਨਲ ਵਲੋਂ ਗਰਾਮ ਪੰਚਾਇਤਾਂ ਦੀ ਪੂਰੀ ਵਿਕਾਸ ਯੋਜਨਾ ਤਿਆਰ ਕਰਨਾ ਹੈ। ਪੰਜ ਜ਼ਿਲ੍ਹੇ ਸਾਹਿਬਜਾਦਾ ਅਜੀਤ ਸਿੰਘ ਨਗਰ (ਮੁਹਾਲੀ), ਪਟਿਆਲਾ, ਸ੍ਰੀ ਫ਼ਤਹਿਗੜ੍ਹ ਸਾਹਿਬ, ਰੋਪੜ ਅਤੇ ਲੁਧਿਆਣਾ ਦੇ 50 ਟ੍ਰੇਨਰਾਂ ਨੂੰ ਤਿੰਨ ਦਿਨਾਂ ਸਿਖਲਾਈ ਅਗਸਤ,2016 ਵਿਚ ਮੁਹੱਈਆ ਕਰਵਾਉਣ ਦਾ ਟੀਚਾ ਹੈ। ਕੁੱਲ 150 ਨੂੰ ਸਿਖਿਅਤ ਕਰਕੇ ਉਹ ਅੱਗੇ 90,000 ਨੂੰ ਸਿੱਖਿਅਤ ਕਰਨਗੇ।ਗਰਾਮ ਪੰਚਾਇਤਾਂ ਸਿਖਲਾਈ ਤੋਂ ਬਾਅਦ ਪੰਚਾਇਤਾਂ ਦੀਆਂ ਕੈਸ਼-ਬੁੱਕਾਂ ਆਨ ਲਾਈਨ ਕਰਨਗੇ ਅਤੇ ਕਰਾਮ ਪੰਚਾਇਤਾਂ ਕਿਤੇ ਵੀ ਬੈਠ ਕੇ ਪੰਚਾਇਤਾਂ ਦਾ ਖਾਤਾ ਦੇਖ ਸਕਣਗੀਆਂ। ਬੁਲਾਰੇ ਨੇ ਅੱਗੇ ਦੱਸਿਆ ਕਿ ਹਾਲ ਹੀ ਵਿਚ ਵਿਭਾਗ ਵਲੋਂ ਮਈ ਦੇ ਪਹਿਲੇ ਹਫ਼ਤੇ ਤਿੰਨ ਦਿਨਾਂ ਰਿਸੋਰਸ ਨੂੰ ਸਿਖਲਾਈ ਮੁਹੱਈਆ ਕਰਵਾਈ ਜਾ ਚੁੱਕੀ ਹੈ ਅਤੇ ਸਿਖਲਾਈ ਪ੍ਰਾਪਤ ਰਿਸੋਰਸ ਮਿਤੀ 16 ਮਈ, 2016 ਤੋਂ ਦੋ ਦਿਨਾਂ ਕੈਂਪ ਲਗਾਕੇ ਸਿਖਲਾਈ ਦੇਣਗੇ।















