ਮੈਲਬੌਰਨ : ਵਿਦੇਸ਼ਾਂ ਵਿਚ ਭਾਰਤੀਆਂ ਉਤੇ ਨਸਲੀ ਹਮਲੇ ਲਗਾਤਾਰ ਜਾਰੀ ਹਨ| ਇਸ ਦੌਰਾਨ ਆਸਟ੍ਰੇਲੀਆ ਵਿਚ ਤਾਜ਼ਾ ਨਸਲੀ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਕੈਬ ਡਰਾਈਵਰ ਪ੍ਰਦੀਪ ਸਿੰਘ ਨਾਮਕ 25 ਸਾਲਾ ਨੌਜਵਾਨ ਉਤੇ ਹਮਲਾ ਕਰਕੇ ਉਸ ਨੂੰ ਬੇਹੋਸ਼ ਕਰ ਦਿੱਤਾ ਗਿਆ| ਪ੍ਰਦੀਪ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ|
ਦੱਸਣਯੋਗ ਹੈ ਕਿ ਪ੍ਰਦੀਪ ਸਿੰਘ ਪੜ੍ਹਾਈ ਕਰਨ ਆਸਟ੍ਰੇਲੀਆ ਗਿਆ ਸੀ, ਜਿਥੇ ਉਹ ਕੈਬ ਡਰਾਈਵਰ ਵਜੋਂ ਵੀ ਕੰਮ ਕਰਨ ਲੱਗ ਪਿਆ, ਪਰ ਇਸ ਦੌਰਾਨ ਸ਼ਨੀਵਾਰ ਰਾਤ ਨੂੰ ਇਕ ਜੋੜੇ ਨੇ ਉਸ ਉਤੇ ਤਸਮਨੀਆ ਦੇ ਸੈਂਡੀ ਬੇ ਖੇਤਰ ਵਿਚ ਹਮਲਾ ਕਰ ਦਿੱਤਾ| ਪ੍ਰਦੀਪ ਨੇ ਕਿਹਾ ਕਿ ਇਸ ਦੌਰਾਨ ਮੁਸਾਫਰਾਂ ਨੇ ਉਸ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਸ ਗੱਡੀ ਨੂੰ ਵੀ ਨੁਕਸਾਨ ਪਹੁੰਚਾਇਆ| ਔਰਤ ਯਾਤਰੀ ਨੇ ਪ੍ਰਦੀਪ ਨੂੰ ਖੂਨੀ ਭਾਰਤੀ ਵੀ ਕਿਹਾ|
ਗੰਭੀਰ ਰੂਪ ਵਿਚ ਜ਼ਖਮੀ ਹੋਏ ਪ੍ਰਦੀਪ ਨੂੰ ਕੁਝ ਲੋਕਾਂ ਨੇ ਬਾਅਦ ਵਿਚ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ| ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਵਿਚ ਭਾਰੀ ਰੋਸ ਹੈ|















