ਆਰਥਿਕ ਤਰੱਕੀ ਤੋਂ ਬਿਨਾਂ ‘ਵਿਕਸਿਤ ਭਾਰਤ’ ਦੀ ਗੱਲ ਕਰਨਾ ਬਕਵਾਸ ਹੈ: ਪ੍ਰਿਯੰਕਾ

ਨਵੀਂ ਦਿੱਲੀ : ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸ਼ਨੀਵਾਰ ਨੂੰ ਕਿਹਾ ਕਿ ਵਿੱਤੀ ਸਾਲ 2024-25 ਵਿਚ ਆਰਥਿਕ ਵਿਕਾਸ ਦਰ 6.5 ਫ਼ੀਸਦੀ ਰਹੀ, ਜੋ ਕੋਰੋਨਾ ਕਾਲ ਤੋਂ ਬਾਅਦ ਸਭ ਤੋਂ ਜ਼ਿਆਦਾ ਸੁਸਤ ਹੈ। ਉਹਨਾਂ ਨੇ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਇਹ ਵੀ ਕਿਹਾ ਕਿ ਆਰਥਿਕ ਤਰੱਕੀ ਤੋਂ ਬਿਨਾਂ ਵਿਕਸਤ ਭਾਰਤ ਦੀ ਗੱਲ ਕਰਨਾ ਸਿਰਫ਼ ਹਵਾ-ਹਵਾਈ ਹੈ। ਨਿਰਮਾਣ ਖੇਤਰ ਵਿਚ ਕਮਜ਼ੋਰ ਪ੍ਰਦਰਸ਼ਨ ਨਾਲ ਦੇਸ਼ ਦੀ ਆਰਥਿਕ ਵਿਕਾਸ ਦਰ ਵਿੱਤੀ ਸਾਲ 2024-25 ਦੀ ਜਨਵਰੀ-ਮਾਰਚ ਤਿਮਾਹੀ ਵਿਚ ਹੌਲੀ ਹੋ ਕੇ 7.4 ਫ਼ੀਸਦੀ ਰਹਿ ਗਈ।
ਇਸ ਦੇ ਨਾਲ ਹੀ ਪੂਰੇ ਵਿੱਤੀ ਸਾਲ ਦੌਰਾਨ ਜੀਡੀਪੀ ਦੀ ਵਿਕਾਸ ਦਰ ਘੱਟ ਕੇ 4 ਸਾਲਾਂ ਦੇ ਹੇਠਲੇ ਪੱਧਰ 6.5 ਫ਼ੀਸਦੀ ‘ਤੇ ਆ ਗਈ। ਕਾਂਗਰਸੀ ਆਗੂ ਨੇ ਐਕਸ ‘ਤੇ ਪੋਸਟ ਸਾਂਝੀ ਕਰ ਰਿਹਾ ਕਿ ਦੇਸ਼ ਦੀ ਅਰਥਵਿਵਸਥਾ ਚਾਰ ਸਾਲ ਦੇ ਹੇਠਲੇ ਪੱਧਰ ਵਿਚ ਪਹੁੰਚ ਗਈ। ਸਰਕਾਰੀ ਅੰਕੜਿਆਂ ਅਨੁਸਾਰ ਵਿੱਤੀ ਸਾਲ 2024-25 ਵਿਚ ਜੀਡੀਪੀ ਵਿਕਾਸ ਦਰ 6.5 ਫ਼ੀਸਦੀ ਰਹੀ। ਕੋਰੋਨਾ ਕਾਲ ਦੇ ਬਾਅਦ ਇਹ ਸਭ ਤੋਂ ਹੌਲੀ ਰਫ਼ਤਾਰ ਸੀ। ਉਹਨਾਂ ਨੇ ਦਾਅਵਾ ਕੀਤਾ ਕਿ ਭਾਜਪਾ ਸਰਕਾਰ ਆਰਥਿਕ ਮੋਰਚੇ ‘ਤੇ ਲਗਾਤਾਰ ਅਸਫ਼ਲ ਹੋ ਰਹੀ ਹੈ। ਦੇਸ਼ ਭਰ ਵਿੱਚ ਉਦਯੋਗ-ਧੰਦੇ ਸੁੰਗੜ ਰਹੇ ਹਨ। ਉਦਯੋਗਿਕ ਉਤਪਾਦਨ ਅੱਠ ਮਹੀਨਿਆਂ ਦੇ ਹੇਠਲੇ ਪੱਧਰ ‘ਤੇ ਹੈ।
ਕਾਂਗਰਸ ਜਨਰਲ ਸਕੱਤਰ ਨੇ ਕਿਹਾ, ”ਪੂਰੇ ਦੇਸ਼ ਵਿੱਚ ਗੰਭੀਰ ਬੇਰੁਜ਼ਗਾਰੀ ਹੈ ਅਤੇ ਕੋਈ ਨਵੀਂਆਂ ਨੌਕਰੀਆਂ ਪੈਦਾ ਨਹੀਂ ਹੋ ਰਹੀਆਂ। ਲੋਕਾਂ ਦੀ ਆਮਦਨ ਘੱਟ ਰਹੀ ਹੈ ਅਤੇ ਆਰਥਿਕ ਅਸਮਾਨਤਾ ਤੇਜ਼ੀ ਨਾਲ ਵੱਧ ਰਹੀ ਹੈ, ਇਸ ਲਈ ਮੰਗ ਅਤੇ ਖਪਤ ਵੀ ਘੱਟ ਰਹੀ ਹੈ।” ਉਨ੍ਹਾਂ ਨੇ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਆਰਥਿਕ ਤਰੱਕੀ ਤੋਂ ਬਿਨਾਂ ਵਿਕਸਤ ਭਾਰਤ ਦੀ ਗੱਲ ਕਰਨਾ ਹਵਾ-ਹਵਾਈ ਹੈ।