‘ਆਪ’ ਪੰਜਾਬ ਦੇ ਸੰਗਠਨ ‘ਚ ਹੁਣ ਤੱਕ ਦਾ ਸਭ ਤੋਂ ਵੱਡਾ ਬਦਲਾਅ, ਸੌਂਪੀਆਂ ਵੱਡੀਆਂ ਜ਼ਿੰਮੇਵਾਰੀਆਂ

ਜਲੰਧਰ/ਚੰਡੀਗੜ੍ਹ- ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਸੰਗਠਨ ‘ਚ ਹੁਣ ਤੱਕ ਦਾ ਸਭ ਤੋਂ ਵੱਡਾ ਬਦਲਾਅ ਕੀਤਾ ਗਿਆ ਹੈ। ਪਾਰਟੀ ਨੇ ਜ਼ਮੀਨੀ ਪੱਧਰ ਦੀ ‘ਆਪ’ ਨਾਲ ਜੁੜੇ ਪਾਰਟੀ ਵਰਕਰਾਂ ਨੂੰ ਸੰਗਠਨ ‘ਚ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਹਨ। ਪਾਰਟੀ ਨੇ 9 ਆਗੂਆਂ ਨੂੰ ਜਨਰਲ ਸਕੱਤਰ ਅਤੇ ਸਕੱਤਰ, 5 ਜੁਝਾਰੂ ਵਿਧਾਇਕਾਂ ਨੂੰ ਸੂਬਾ ਉੱਪ ਪ੍ਰਧਾਨ, 13 ਲੋਕ ਸਭਾ ਹਲਕਿਆਂ ‘ਚ ਨਵੇਂ ਇੰਚਾਰਜ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਇਸ ਦੇ ਨਾਲ ਹੀ ਪਾਰਟੀ ਨੇ 27 ਹਲਕਿਆਂ ਦੇ ਜ਼ਿਲ੍ਹਾ ਇੰਚਾਰਜ ਵੀ ਲਗਾਏ ਹਨ।
ਮਨੀਸ਼ ਸਿਸੋਦੀਆ ਵੱਲੋਂ ਟਵਿੱਟਰ ‘ਤੇ ਪੋਸਟ ਕਰਦਿਆਂ ਹੈ ਕਿ ਇਹ ਕੋਈ ਤਬਦੀਲੀ ਨਹੀਂ ਹੈ, ਇਹ ਇਕ ਸੰਕਲਪ ਹੈ। ਆਮ ਆਦਮੀ ਪਾਰਟੀ ਹੁਣ ਇਹ ਸੰਗਠਿਤ ਸੋਚ ਅਤੇ ਇਮਾਨਦਾਰ ਰਾਜਨੀਤੀ ਨੂੰ ਹਰ ਪਿੰਡ, ਹਰ ਨੌਜਵਾਨ, ਹਰ ਪਰਿਵਾਰ ਤੱਕ ਲੈ ਜਾਵੇਗਾ। ਅੱਗੇ ਲਿਖਿਆ ਹੈ ਕਿ ਅਰਵਿੰਦ ਕੇਜਰੀਵਾਲ ਦਾ ਸੁਫ਼ਨਾ ਅਤੇ ਭਗਵੰਤ ਮਾਨ ਦਾ ਸੰਕਲਪ ਰਾਜਨੀਤੀ ਨੂੰ ਸੇਵਾ ਦਾ ਮਾਧਿਅਮ ਬਣਾਉਣਾ ਹੈ, ਸੱਤਾ ਦਾ ਨਹੀਂ। ਨਵੀਂ ਟੀਮ ਦਾ ਹਰ ਮੈਂਬਰ ਸਿਰਫ਼ ਇਕ ਜ਼ਿੰਮੇਵਾਰ ਅਧਿਕਾਰੀ ਨਹੀਂ ਹੋਵੇਗਾ ਸਗੋਂ ਉਹ ਸਰਕਾਰ ਅਤੇ ਜਨਤਾ ਵਿਚਕਾਰ, ਜਵਾਬਦੇਹੀ ਅਤੇ ਵਿਸ਼ਵਾਸ ਵਿਚਕਾਰ ਇਕ ਪੁਲ ਹੋਣਗੇ।
ਉਨ੍ਹਾਂ ਨੇ ਅੱਗੇ ਲਿਖਿਆ ਕਿ ਅਸੀਂ ਅਗਲੀਆਂ ਚੋਣਾਂ ਲਈ ਰਾਜਨੀਤੀ ਨਹੀਂ ਬਣਾ ਰਹੇ ਸਗੋਂ ਅਗਲੇ 25 ਸਾਲਾਂ ਲਈ ਜਿੱਥੇ ਹਰ ਵਰਕਰ ਵਿਚਾਰਾਂ ਦੁਆਰਾ ਪ੍ਰੇਰਿਤ ਹੋਵੇਗਾ ਅਤੇ ਜਨਤਕ ਸੇਵਾ ਲਈ ਜੀਵੇਗਾ। ਸਾਰੇ ਸਾਥੀਆਂ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ। ਤੁਹਾਡੀ ਨਿਯੁਕਤੀ ਪੰਜਾਬ ਵਿੱਚ ਸ਼ੁਰੂ ਹੋਈ ਇਤਿਹਾਸਕ ਤਬਦੀਲੀ ਦਾ ਹਿੱਸਾ ਬਣਨ ਦਾ ਇਕ ਮੌਕਾ ਹੈ।
ਤੁਹਾਨੂੰ ਇਹ ਯਾਦ ਰੱਖਣਾ ਪਵੇਗਾ ਕਿ ਜਦੋਂ ਕੋਈ ਪਾਰਟੀ ਚੋਣ ਜਿੱਤਦੀ ਹੈ ਤਾਂ ਸਰਕਾਰ ਬਣਦੀ ਹੈ ਪਰ ਜਦੋਂ ਵਿਚਾਰਧਾਰਾ ਜਿੱਤਦੀ ਹੈ… ਤਾਂ ਇਕ ਸੰਗਠਨ ਬਣਦਾ ਹੈ। ਇਥੇ ਇਹ ਵੀ ਦੱਸ ਦੱਈਏ ਕਿ 19 ਜੂਨ ਨੂੰ ਲੁਧਿਆਣਾ ਵਿਚ ਜ਼ਿਮਨੀ ਚੋਣ ਹੋਣ ਜਾ ਰਹੀ ਹੈ, ਜਿਸ ਨੂੰ ਲੈ ਕੇ ਪੰਜਾਬ ਵਿਚ ਸਿਆਸੀ ਅਖਾੜਾ ਪੂਰੀ ਤਰ੍ਹਾਂ ਭੱਖਿਆ ਹੋਇਆ ਹੈ।