ਮੋਹਾਲੀ/ਚੰਡੀਗੜ੍ਹ : ਅੱਜ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਸੈਕਟਰ 69 ਤੋਂ ਅੱਜ ਆਮ ਆਦਮੀ ਪਾਰਟੀ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਯੂਥ ਵੈਲਫੇਅਰ ਕਲੱਬ ਵੱਲੋਂ ਇੱਕ ਭ੍ਰਿਸ਼ਟਾਚਾਰ ਅਤੇ ਨਸ਼ਿਆਂ ਵਿਰੋਧੀ ਕਾਰ ਰੈਲੀ ਕੱਢੀ ਗਈ। ਇਸ ਰੈਲੀ ਨੂੰ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਕਨਵੀਨਰ ਸ ਸੁੱਚਾ ਸਿੰਘ ਛੋਟੇਪੁਰ , ਐਡਵੋਕੇਟ ਨਿਰਮਲ ਸਿੰਘ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਯੂਥ ਵੈਲਫੇਅਰ ਕਲੱਬ ਦੇ ਪ੍ਰਧਾਨ ਐਡਵੋਕੇਟ ਮਨਿੰਦਰਪ੍ਰੀਤ ਸਿੰਘ ਵੱਲੋਂ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਨੌਜਵਾਨ ਹਾਜਰ ਹੋਏ ਅਤੇ ਇਸ ਰੈਲੀ ਵਿਚ ਸ਼ਿਰਕਤ ਕੀਤੀ।
ਇਸ ਮੌਕੇ ਬੋਲਦਿਆਂ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਸ੍ਰੋਮਣੀ ਅਕਾਲੀ ਦਲ ਬਾਦਲ ਦੁਆਰਾ ਕੀਤੀਆਂ ਜਾ ਰਹੀਆਂ ਰੈਲੀਆਂ ‘ਤੇ ਵਿਅੰਗ ਕਸਦੇ ਹੋਏ ਇਨ੍ਹਾਂ ਰੈਲੀਆਂ ਨੂੰ ਸਦਭਾਵਨਾ ਦੀ ਜਗਾ ਮੰਦਭਾਵਨਾ ਰੈਲੀਆ ਦਾ ਨਾਂ ਦਿੱਤਾ ਅਤੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਆਮ ਲੋਕਾਂ ਦੀ ਰੈਲੀ ਮਾਘੀ ਮੌਕੇ ਕੀਤੀ ਜਾਵੇਗੀ ਜੋ ਅਕਾਲੀ ਦਲ ਬਾਦਲ ਅਤੇ ਕਾਂਗਰਸ ਦੀਆਂ ਰੈਲੀਆਂ ਤੋਂ ਵੱਡੀ ਹੋਵੇਗੀ। ਉਨ੍ਹਾਂ ਕਿਹਾ ਕਿ ‘ਆਪ’ 2017 ਦੀਆਂ ਚੋਣਾਂ ਆਪਣੇ ਬਲਬੂਤੇ ‘ਤੇ ਲੜੇਗੀ ਅਤੇ ਇਸ ਵਾਸਤੇ ਪੰਜਾਬ ਦੀ ਜਨਤਾ ਪੂਰਨ ਮਨ ਬਣਾ ਚੁੱਕੀ ਹੈ ਅਤੇ ਆਮ ਆਦਮੀ ਦੀ ਸਰਕਾਰ ਬਣੇਗੀ। ਇਸ ਕਾਰ ਰੈਲੀ ਵਿਚ ਵੱਡੀ ਗਿਣਤੀ ਵਿਚ ਨੌਜਵਾਨ ਹਾਜਰ ਹੋਏ ਅਤੇ ਆਮ ਆਦਮੀ ਪਾਰਟੀ ਦੇ ਵਿਚਾਰਾਂ ਨਾਲ ਸਹਿਮਤੀ ਪ੍ਰਗਟਾਈ।
ਇਸ ਮੌਕੇ ਸਾਹਿਬਜ਼ਾਦਾ ਅਜੀਤ ਸਿੰਘ ਯੂਥ ਵੈਲਫੇਅਰ ਕਲੱਬ ਦੇ ਪ੍ਰਧਾਨ ਐਡਵੋਕੇਟ ਮਨਿੰਦਰਪ੍ਰੀਤ ਸਿੰਘ ਦੀ ਅਗਵਾਈ ਵਿਚ ਇਹ ਰੈਲੀ ਰਵਾਨਾ ਹੋਈ ਅਤੇ ਸ਼ਹਿਰ ਦੇ ਵੱਖ ਵੱਖ ਫੇਜ਼ਾਂ ਤੋਂ ਦੀ ਹੁੰਦੀ ਹੋਈ ਸੈਕਟਰ 70 ਦੀ ਮਾਰਕੀਟ ਵਿਚ ਸਮਾਪਤ ਹੋਈ। ਇਸ ਰੈਲੀ ਵਿਚ ਬਲਵਿੰਦਰ ਸਿੰਘ ਕੁੰਬੜਾ, ਹਰਮਿੰਦਰ ਸਿੰਘ ਮਾਵੀ, ਐਡਵੋਕੇਟ ਧਾਲੀਵਾਲ, ਗੁਰਮੁੱਖ ਸਿੰਘ, ਕਰਨਵੀਰ ਸਿੰਘ, ਇੰਦਰ ਸਿੰਘ, ਹਰਚੰਦ ਸਿੰਘ, ਜਸਵਿੰਦਰ ਸਿੰਘ ਹੀਰਾ, ਸੁਰਜੀਤ ਸਿੰਘ, ਅਮਰੀਕ ਸਿੰਘ, ਹਰਪਾਲ ਸਿੰਘ ਗਿੱਲ, ਬਾਬੂ ਸਿੰਘ ਬਰਾੜ ਆਦਿ ਤੋਂ ਇਲਾਵਾ ਆਮ ਆਦਮੀ ਪਾਰਟੀ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਯੂਥ ਵੈਲਫੇਅਰ ਕਲੱਬ ਦੇ ਮੈਂਬਰ ਹਾਜਰ ਹੋਏ।















