ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਕਨਵੀਨਰ ਦੇ ਨਾਮ ਦਾ ਐਲਾਨ ਹੁੰਦੇ ਹੀ ‘ਆਪ’ ਪਾਰਟੀ ਦੀ ਪੰਜਾਬ ਇਕਾਈ ਵਿਚ ਵਿਰੋਧ ਦੀਆਂ ਸੁਰਾਂ ਉਭਰ ਕੇ ਸਾਹਮਣੇ ਆਉਣ ਲੱਗੀਆਂ ਹਨ| ਪਾਰਟੀ ਦੇ ਸੀਨੀਅਰ ਨੇਤਾ ਅਤੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਪਾਰਟੀ ਦੇ ਚੀਫ ਵ੍ਹੀਪ ਤੇ ਬੁਲਾਰੇ ਦੇ ਅਹੁਦੇ ਛੱਡ ਦਿੱਤੇ ਹਨ| ਦੂਸਰੇ ਪਾਸੇ ਕਨਵੀਨਰ ਦਾ ਅਹੁਦਾ ਖੋਹੇ ਜਾਣ ਤੋਂ ਬਾਅਦ ਗੁਰਪ੍ਰੀਤ ਸਿੰਘ ਵੜੈਚ ਵੀ ਨਾਰਾਜ਼ ਚੱਲ ਰਹੇ ਹਨ| ਉਨ੍ਹਾਂ ਦਾ ਕਹਿਣਾ ਹੈ ਕਿ ਉਹ ਭਗਵੰਤ ਮਾਨ ਨੂੰ ਅਹੁਦੇ ਦਿੱਤੇ ਜਾਣ ਦਾ ਸ਼ੁਰੂ ਤੋਂ ਹੀ ਵਿਰੋਧ ਕਰਦੇ ਆ ਰਹੇ ਹਨ|
ਇਸ ਦੌਰਾਨ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਸਕੱਤਰ ਵਿਨੀਤ ਜੋਸ਼ੀ ਨੇ ਅੱਜ ਇਥੇ ਦਾਅਵਾ ਕੀਤਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੇ 11 ਵਿਧਾਇਕ ਉਨ੍ਹਾਂ ਦੇ ਸੰਪਰਕ ਵਿਚ ਹਨ| ਆਪ ਪਾਰਟੀ ਦੇ ਭਗਵੰਤ ਮਾਨ ਦੇ ਪੰਜਾਬ ਵਿਚ ਪ੍ਰਧਾਨ ਬਣਨ ਦੇ ਇਕ ਦਿਨ ਬਾਅਦ ਹੀ ਜੋਸ਼ੀ ਨੇ ਇਹ ਦਾਅਵਾ ਪਾਰਟੀ ਲਈ ਨਵੀਂ ਮੁਸ਼ਕਿਲ ਬਣ ਸਕਦਾ ਹੈ| ਜੋਸ਼ੀ ਨੇ ਮੀਡੀਆ ਨਾਲ ਗੱਲਬਾਤ ਵਿਚ ਕਿਹਾ ਕਿ ਇਹ ਪਾਰਟੀ ਹੁਣ ਖਤਮ ਹੋ ਚੁੱਕੀ ਹੈ ਅਤੇ ਅਗਲੀਆਂ ਚੋਣਾਂ ਵਿਚ ਉਹ ਕੁਝ ਨਹੀਂ ਕਰ ਸਕਦੀ|
ਉਨ੍ਹਾਂ ਨੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਲੰਬੇ ਸਮੇਂ ਤੋਂ ਭਾਜਪਾ ਦੇ ਸੰਪਰਕ ਵਿਚ ਚੱਲ ਰਹੇ ਹਨ| ਪੰਜਾਬ ਵਿਚ ਵੱਖ-ਵੱਖ ਸਥਾਨਾਂ ਤੇ ਵੱਖ-ਵੱਖ ਸਮੇਂ ਵਿਚ ਬੈਠਕਾਂ ਹੋ ਚੁੱਕੀਆਂ ਹਨ| ਉਨ੍ਹਾਂ ਦਾ ਕਹਿਣਾ ਸੀ ਕਿ ਵਿਧਾਇਕਾਂ ਵਿਚ ਚੋਣਾਂ ਦੇ ਨਤੀਜੇ ਆਉਂਦੇ ਹੀ ਵਿਰੋਧ ਦੇ ਸੁਰ ਉਭਰਨ ਲੱਗੇ ਸਨ| ਇਕ ਤਾਂ ਪਾਰਟੀ ਜੋ ਸਰਕਾਰ ਬਣਾਉਣ ਦਾ ਸੁਫਨਾ ਲੈ ਰਹੀ ਸੀ ਸਿਮਟ ਕੇ 20 ਵਿਧਾਇਕਾਂ ਤੱਕ ਰਹਿ ਗਈ ਹੈ| ਦੂਸਰਾ ਬਾਹਰੀ ਨੇਤਾਵਾਂ ਦਾ ਪਾਰਟੀ ਵਿਚ ਬਹੁਤ ਬੋਲਬਾਲਾ ਚੱਲ ਰਿਹਾ ਸੀ| ਇਸ ਕਾਰਨ ਵਿਧਾਇਕਾਂ ਵਿਚ ਨਿਰਾਸ਼ਾ ਸੀ|
ਵਿਨੀਤ ਜੋਸ਼ੀ ਨੇ ਫਿਲਹਾਲ ਵਿਧਾਇਕਾਂ ਦੇ ਨਾਮ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ|















