ਅੱਖਾਂ ਅਤੇ ਕੰਨਾਂ ਨਾਲ ਭਾਰ ਚੁੱਕਣ ਵਾਲਾ ਪੰਜਾਬੀ ਸ਼ੇਰ – ਰਾਕੇਸ਼ ਕੁਮਾਰ ਬੰਗਾ

sports-news-300x150 ”ਗਿੰਨਿਜ਼ ਬੁੱਕ ਵਿੱਚ ਨਾਂ ਦਰਜ ਕਰਾ ਕੇ ਨੌਕਰੀ ਲਈ ਮੈਂ ਪੰਜਾਬ ਸਰਕਾਰ ਦੇ ਮੌਜੂਦਾ ਮੁੱਖ-ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੂੰ ਜਾ ਕੇ ਚੰਡੀਗੜ੍ਹ ਮਿਲਿਆ। ਸਰਟੀਫ਼ਿਕੇਟ ਦਿਖਾਏ ਅਤੇ ਉਨ੍ਹਾਂ ਨੂੰ ਨੌਕਰੀ ਵਾਸਤੇ ਅਰਜ਼ ਕੀਤੀ ਤਾਂ ਕਿ ਆਪਣੀ ਕਲਾ ਨਾਲ ਭਾਰਤ ਦਾ ਨਾਂ ਹੋਰ ਉੱਚਾ ਕਰ ਸਕਾਂ। ਇਹ ਵੀ ਕਿਹਾ ਕਿ ਮੈਂ ਇੱਕ ਗ਼ਰੀਬ ਪਰਿਵਾਰ ਵਿੱਚੋਂ ਹਾਂ। ਜੇ ਕੁੱਝ ਵੀ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਸਪੋਰਟਸ-ਕੋਟੇ ਵਿੱਚੋਂ ਨੌਕਰੀ ਦੇ ਸਕਦੇ ਹੋ। ਭਾਰਤ ਵਿੱਚੋਂ ‘ਵਰਲਡ-ਰਿਕਾਰਡ’ ਅਤੇ ‘ਗਿੰਨੀਜ਼-ਬੁੱਕ’ ਵਿੱਚ ਦਰਜ ਸਾਰੇ ਸਰਟੀਫ਼ਿਕੇਟ ਵੇਖ ਕੇ ਬਾਦਲ ਸਾਹਿਬ ਕਹਿਣ ਲੱਗੇ, ‘ਹਾਲੇ ਕੋਈ ਨੌਕਰੀ ਨਹੀਂ, ਜਦੋਂ ਹੋਈ ਤਾਂ ਤੈਨੂੰ ਫ਼ੋਨ ਕਰਾਂਗੇ!’ ਹਾਲੇ ਤਕ ਕਿਸੇ ਨੇ ਮੈਨੂੰ ਫ਼ੋਨ ਨਹੀਂ ਕੀਤਾ! ਮੁੱਖ-ਮੰਤਰੀ ਸਾਹਿਬ ਦੇ ਫ਼ੋਨ ਦਾ ਇੰਤਜ਼ਾਰ ਕਰਦੇ ਨੂੰ ਕਈ ਸਾਲ ਹੋ ਗਏ ਨੇ। ਬਾਹਰ ਮੁੱਲਕਾਂ ਵਿੱਚੋਂ ਸ਼ੋਅ ਕਰਨ ਦੇ ਸੱਦੇ ਆ ਰਹੇ ਨੇ, ਪਰ ਮੈਨੂੰ ਪੂਰੀ ਆਸ ਹੈ ਕਿ ਜਿੰਦਗੀ ‘ਚ ਕਦੇ ਨਾ ਕਦੇ ਮਰਨ ਤੋਂ ਪਹਿਲਾਂ ਨੌਕਰੀ ਜ਼ਰੂਰ ਮਿਲੇਗੀ।” – ਇਹ ਵਿੱਚਾਰ ਰਾਕੇਸ਼ ਕੁਮਾਰ ਬੰਗਾ ਨੇ ਸਾਂਝੇ ਕੀਤੇ।
ਲੱਤਾਂ, ਬਾਹਾਂ ਨਾਲ ਤਾਂ ਭਾਰ ਚੁੱਕਦੇ ਵੇਖੇ ਹਨ, ਪਰ ਜੇ ਕਹੀਏ ਕਿ ਅੱਖਾਂ, ਕੰਨਾਂ ਜਾਂ ਨਹੁੰਆਂ ਨਾਲ ਭਾਰ ਚੁੱਕ ਕੇ ਭਾਰਤ ਦਾ ਨਾਂ ਕੋਈ ਬੰਦਾ ਗਿੰਨਿਜ਼ ਬੁੱਕ ਵਿੱਚ ਦਰਜ ਕਰਵਾਏਗਾ ਤਾਂ ਬੜੀ ਹੈਰਾਨੀ ਹੁੰਦੀ ਹੈ। ਇਸ ਕਰਾਮਾਤ ਦੇ ਸਹਾਰੇ ਉਹ ਭਾਰਤ ਤੋਂ ਬਾਹਰ ਕਈ ਮੁਲਕਾਂ ਦੇ ਚੱਕਰ ਵੀ ਲਾ ਚੁੱਕਾ ਹੈ ਤੇ ਲਾ ਵੀ ਰਿਹਾ ਹੈ। ਰਾਕੇਸ਼ ਕੁਮਾਰ ਦੇ ਦੱਸਣ ਅਨੁਸਾਰ ਭਾਰਤ ਤੋਂ ਬਾਹਰ ਦੂਜੇ ਮੁੱਲਕਾਂ ਦੇ ਗੋਰੇ ਲੋਕ ਬੜਾ ਹੌਸਲਾ ਦਿੰਦੇ ਹਨ, ਅਤੇ ਉਹਦੀ ਕਲਾ ਦੀ ਬੜੀ ਕਦਰ ਕਰਦੇ ਹਨ।
ਇੱਕ ਗ਼ਰੀਬ ਪਰਿਵਾਰ ਵਿੱਚ ਜਨਮੇ ਰਾਕੇਸ਼ ਨੇ ਮੁੱਢਲੀ ਤੋਂ ਅੱਠਵੀਂ ਤਕ ਦੀ ਪੜ੍ਹਾਈ ਲੁਧਿਆਣਾ ਦੇ ਸਰਕਾਰੀ ਹਾਈ ਸਕੂਲ ਤੋਂ ਦੂਜੀ ਪੁਜ਼ੀਸ਼ਨ ‘ਤੇ ਰਹਿ ਕੇ ਕੀਤੀ। ਪੈਸੇ ਵਲੋਂ ਘਰੇਲੂ ਹਾਲਾਤ ਠੀਕ ਨਾ ਹੋਣ ਕਰ ਕੇ ਅੱਗੇ ਨਾ ਪੜ੍ਹ ਸਕਿਆ। ਅੱਠਵੀਂ ਤੋਂ ਬਾਅਦ ਪੜ੍ਹਾਈ ਛੱਡ ਦਿਤੀ ਅਤੇ ਕੱਪੜੇ ਦੀ ਫ਼ੈਕਟਰੀ ਵਿੱਚ ਸੁਪਰਵਾਈਜ਼ਰ ਦੇ ਤੌਰ ‘ਤੇ ਚੌਦਾਂ ਸਾਲ ਕੰਮ ਕੀਤਾ। ਸੇਹਿਤ ਬਣਾਉਣ ਦਾ ਸ਼ੌਕ ਹੋਣ ਕਰ ਕੇ ਫ਼ੈਕਟਰੀ ‘ਚ ਕੰਮ ਕਰਨ ਦੇ ਨਾਲ ਨਾਲ ਐਕਸਰਸਾਈਜ਼ ਵੀ ਕਰਦਾ ਰਿਹਾ। ਜਿੰਮ ‘ਚ ਜਾ ਕੇ ਸ਼ਰੀਰ ਦੇ ਮਸਲ ਬਣਾਏ ਅਤੇ ਲੁਧਿਆਣੇ ਦਾ ਬੌਡੀ-ਬਿਲਡਿੰਗ ਮੁਕਾਬਲਾ ਲੜਿਆ। ਇਸ ਮੁਕਾਬਲੇ ਵਿੱਚੋਂ ਦੂਜੀ ਪੁਜ਼ੀਸ਼ਨ ਆਈ। ਭਾਰਤ ਦੇ ਬੌਡੀ-ਬਿਲਡਰ ਪ੍ਰੇਮ ਚੰਦ ਡੇਗਰੇ ਨੇ ਰਾਕੇਸ਼ ਨੂੰ ਇਹ ਮਾਣ ਬਖ਼ਸ਼ਿਆ ਜੋ ਉਸ ਮੁਕਾਬਲੇ ਦਾ ਮੁੱਖ-ਮਹਿਮਾਨ ਸੀ। ਬੌਡੀ-ਬਿਲਡਿੰਗ ਤੋਂ ਬਾਅਦ ਪੌਵਰ-ਲਿਫ਼ਟਿੰਗ ਵੱਲ ਨੂੰ ਝੁਕਾਅ ਹੋ ਗਿਆ। ਪੌਵਰ-ਲਿਫ਼ਟਿੰਗ ਮੁਕਾਬਲੇ ਵਿੱਚ 52 ਕਿਲੋਗ੍ਰਾਮ ਦੀ ਕੈਟੇਗਰੀ ਵਿੱਚ ਰਹਿ ਕੇ 90 ਕਿਲੋਗ੍ਰਾਮ ਦੀ ਬੈਂਚ-ਪਰੈੱਸ ਲਾ ਕੇ ਪਹਿਲਾ ਸਥਾਨ ਲੈ ਕੇ ‘ਮਿਸਟਰ ਪੰਜਾਬ’ ਬਣਿਆ।
ਉਸ ਮੁਕਾਬਲੇ ਤੋਂ ਬਾਅਦ ਪੰਜਾਬ ਸਰਕਾਰ ਨੂੰ ਉਸ ਨੇ ਨੌਕਰੀ ਵਾਸਤੇ ਚਿੱਠੀ ਲਿਖੀ ਕਿ ਉਹਦੇ ਕੋਲੋਂ ਖ਼ਰਚੇ ਝੱਲਣੇ ਮੁਸ਼ਕਲ ਹਨ। ਅਗਰ ਸਰਕਾਰ ਮੱਦਦ ਕਰੇ ਤਾਂ ਉਹ ਹੋਰ ਵੀ ਅੱਗੇ ਵੱਧ ਸਕਦਾ ਹੈ। ਇੱਕ ਇੱਕ ਚਿੱਠੀ ਪ੍ਰਧਾਨ-ਮੰਤਰੀ, ਮੁੱਖ ਮੰਤਰੀ ਅਤੇ ਸੈਂਟਰ-ਸਪੋਰਟਸ-ਕੋਟੇ ਨੂੰ ਵੀ ਭੇਜ ਦਿੱਤੀ। ਨੌਕਰੀ ਤਾਂ ਕੀ ਮਿਲਣੀ ਸੀ ਸਗੋਂ ਉਸ ਚਿੱਠੀ ਦਾ ਜਵਾਬ ਦੇਣ ਦੀ ਵੀ ਅੱਜ ਤਕ ਕਿਸੇ ਨੇ ਜ਼ਿਮੇਂਵਾਰੀ ਨਾ ਸਮਝੀ ਤੇ ਨਾ ਹੀ ਕੋਸ਼ਿਸ਼ ਕੀਤੀ। ਦਮ ਬਹੁਤ ਸੀ। ਕਿਸੇ ਨੇ ਕਦਰ ਨਾ ਪਾਈ। ਜੇ ਉਹ ਹੋਰ ਕਿਸੇ ਮੁੱਲਕ ਵਿੱਚ ਪੈਦਾ ਹੋਇਆ ਹੁੰਦਾ ਤਾਂ ਉਸ ਮੁੱਲਕ ਨੇ ਉਹਨੂੰ ਅੱਖਾਂ ‘ਤੇ ਚੁੱਕ ਲੈਣਾ ਸੀ। ਭਾਰਤ ਵਿੱਚ ਰਹਿ ਕੇ ਇਹ ਸੰਤਾਪ ਝੱਲਣਾ ਪਿਆ।
ਉਹਦੇ ਵਿੱਚ ਤਾਕਤ ਤੇ ਫ਼ੁਰਤੀ ਹੈ। ਉਹਨੇ ਇੱਕ ਮਿੰਟ ਵਿੱਚ ਇੱਕ ਬਾਂਹ ਨਾਲ ਸੌ ਡੰਡ ਕੱਢਿਆ। ਇੱਕ ਕੰਨ ਨਾਲ 82 ਕਿਲੋਗ੍ਰਾਮ ਭਾਰ ਚੁੱਕਿਆ ਅਤੇ ਇੱਕ ਅੱਖ ਨਾਲ 15 ਕਿਲੋਗ੍ਰਾਮ ਭਾਰ ਚੁੱਕ ਕੇ ਸਭ ਨੂੰ ਹੈਰਾਨ ਕੀਤਾ। ਲੁਧਿਆਣੇ ਹੱਥ ਦੇ ਅਗੂੰਠੇ ਦੇ ਨਹੁੰ ਨਾਲ ਕਾਰ ਖਿੱਚੀ।
ਦੇਸ਼ ਵਿਦੇਸ਼ ਵਿੱਚ ਪਸੰਦ ਕੀਤੇ ਜਾਂਦੇ ਟੀ.ਵੀ. ਪ੍ਰੋਗਰਾਮ ‘ਐਂਟਰਟੇਨਮੈਂਟ ਕੇ ਲਈ ਕੁਛ ਭੀ ਕੇਰੇਗਾ’ ਪ੍ਰੋਗਰਾਮ ਵਿੱਚ ਅਨੂ ਮਲਿਕ ਅਤੇ ਫ਼ਰਹਾ ਖ਼ਾਨ ਨੂੰ ਅੱਠ ਟਨ ਭਾਰੇ ਟਰੱਕ ਵਿੱਚ ਬਹਾ ਕੇ ਇੱਕ ਕੰਨ ਨਾਲ ਖਿੱਚਿਆ। ਭਾਰਤ ਦੇ ਸ਼ਾਬਾਸ਼ ਇੰਡੀਆ ਦੇ ਜ਼ੀ ਟੀ. ਵੀ ਤੋਂ ਇਲਾਵਾ ਵਿਦੇਸ਼ੀ ਚੈਨਲ ਇਟਲੀ ਦੇ ‘ਲੋਅ-ਸ਼ੋਅ’ ਅਤੇ ‘ਫ਼ਾਈਵ-ਜ਼ੀਰੋ’ ਚੈਨਲ ਵਾਲਿਆਂ ਨੇ ਵੀ ਵਿਖਾਇਆ। ਇਟਲੀ ਦੇ ਪ੍ਰਸ਼ਾਸ਼ਨ ਅਤੇ ਮੀਡੀਏ ਨੇ ਇਹ ਗੱਲ ਕਹੀ ਕਿ ਇਹ (ਰਾਕੇਸ਼ ਕੁਮਾਰ) ਉੱਥੋਂ ਦੀ ਧਰਤੀ ਤੋਂ ਆਇਆ ਹੈ ਜਿੱਥੋਂ ਦੀ ਧਰਤੀ ਨੂੰ ਪੀਰਾਂ, ਪੈਗੰਬਰਾਂ ਅਤੇ ਔਲੀਆਂ ਦਾ ਵਰਦਾਨ ਹੈ। ਇਹ ਸੁਣ ਕੇ ਰਾਕੇਸ਼ ਦੀਆਂ ਅੱਖਾਂ ‘ਚ ਪਾਣੀ ਆ ਗਿਆ ਕਿ ਵਿਦੇਸ਼ੀ ਲੋਕੀ ਵੀ ਸਾਡੀ ਧਰਤੀ ਅਤੇ ਰਹਿਬਰਾਂ ਨੂੰ ਜਾਣਦੇ ਨੇ।
ਪੰਜਾਬੀਆਂ ਦੀ ਕਲਾ ਨੂੰ ਸਾਰੀ ਦੁਨੀਆਂ ਵਿੱਚ ਉੱਚਾ ਕੀਤਾ। ਇਸੇ ਤਰ੍ਹਾਂ ਹੀ ਇੱਕ ਕੰਨ ਨਾਲ ਅੱਠ ਟਨ ਭਾਰਾ ਕਿੰਗਫ਼ਿਸ਼ਰ ਜਹਾਜ਼ ਦਿੱਲੀ ਵਿੱਚ ਖਿੱਚਿਆ। ਇਸੇ ਖ਼ੁਸ਼ੀ ‘ਚ ਕਿੰਗਫ਼ਿਸ਼ਰ ਏਅਰ-ਲਾਇਨ ਵਾਲਿਆਂ ਨੇ ਲੰਡਨ ਦੀ ਟਿਕਟ ਫ਼ਰੀ ਦਿੱਤੀ।
ਕਿਲ੍ਹਾ ਰਾਏਪੁਰ ਦੀਆਂ ਖੇਡਾਂ ਵਿੱਚ ਇੱਕ ਵਾਰ ਕਰਤਬ ਦਿਖਾਉਣ ਦਾ ਮੌਕਾ ਮਿਲਿਆ। ਸਮਾਪਤੀ ਤੋਂ ਬਾਅਦ ਪ੍ਰਬੰਧਕਾਂ ਨੇ ਉਹਨੂੰ ਪੰਜ ਸੌ ਰੁਪਿਆ ਦਿੱਤਾ ਤੇ ਕਿਹਾ ਕਿ ਬਾਕੀ ਗੇੜੀ ਮਾਰ ਕੇ ਲੋਕਾਂ ਤੋਂ ‘ਕੱਠੇ ਕਰ ਲਵੇ। ਬੱਸ ਦਾ ਕਿਰਾਇਆ, ਖਾਣ-ਪੀਣ ਤੋਂ ਇਲਾਵਾ ਥੋੜ੍ਹੇ ਜਿਹੇ ਪੈਸੇ ਬਚੇ ਜੋ ਘਰ ਨੂੰ ਲੈ ਗਿਆ। ਉੱਥੇ ਇੱਕ ਹੋਰ ਮੁੰਡਾ, ਜੋ ਦੂਰੋਂ ਆਇਆ ਹੋਇਆ ਸੀ, ਦੰਦਾਂ ਨਾਲ ਸਟੀਲ ਦਾ ਗਿਲਾਸ ਪਾੜ ਦਿੰਦਾ ਸੀ। ਉਸ ਮੁੰਡੇ ਨੇ ਦੰਦਾਂ ਨਾਲ ਗਿਲਾਸ ਪਾੜਿਆ। ਉਹਦੇ ਮੂੰਹ ਵਿੱਚੋਂ ਖ਼ੂਨ ਨਿਕਲ ਰਿਹਾ ਸੀ। ਕਿਲ੍ਹਾ ਰਾਏਪੁਰ ਦੀ ਕਮੇਟੀ ਨੇ ਉਹਨੂੰ ਵੀ ਪੰਜ ਸੌ ਰੁਪਿਆ ਦਿੱਤਾ ਤੇ ਕਿਹਾ ਕਿ ਬਾਕੀ ਲੋਕਾਂ ਤੋਂ ‘ਕੱਠੇ ਕਰ ਲਵੇ। ਰਾਕੇਸ਼ ਉਹਦੇ ਕੋਲ ਗਿਆ ਤਾਂ ਬੜਾ ਤਰਸ ਆਇਆ। ਪਤਾ ਨੀ ਉਹ ਕਿੰਨੀ ਕੁ ਦੂਰੋਂ ਆਇਆ ਹੋਇਆ ਹੋਵੇਗਾ, ਰਾਕੇਸ਼ ਨੇ ਸੋਚਿਆ! ਥੋੜ੍ਹੇ ਜਿਹੇ ਪੈਸੇ ਉਹਨੂੰ ਰਾਕੇਸ਼ ਨੇ ਆਪਣੀ ਜੇਬ੍ਹ ਵਿੱਚੋਂ ਕੱਢ ਕੇ ਉਸ ਮੁੰਡੇ ਨੂੰ ਦਿੱਤੇ ਅਤੇ ਉਹਦਾ ਨੰਬਰ ਵੀ ਲੈ ਲਿਆ। ਰਾਕੇਸ਼ ਨੇ ਖੇਡਾਂ ‘ਚ ਸ਼ੌਕ ਰੱਖਣ ਵਾਲੇ ਕਿਸੇ ਗੋਰੇ ਨਾਲ ਗੱਲ ਕੀਤੀ। ਉਹਨੇ ਉਹਨੂੰ ਪੇਪਰ ਭੇਜ ਦਿੱਤੇ ਅਤੇ ਉਹਦਾ ਬਾਹਰ ਦਾ ਵੀਜ਼ਾ ਲੱਗ ਗਿਆ। ਹੁਣ ਉਹ ਗ਼ਰੀਬ ਇਨਸਾਨ ਰਾਕੇਸ਼ ਉਸ ਗੋਰੇ ਨੂੰ ਲੱਖ ਲੱਖ ਅਸੀਸਾਂ ਦੇ ਰਿਹੈ। (ਰਾਕੇਸ਼ ਕੁਮਾਰ ਦਾ ਨੰਬਰ 347-421-7015 ਹੈ)
ਬਾਕੀ ਅਗ਼ਲੇ ਹਫ਼ਤੇ …