ਸਵਾਈਨ ਫਲੂ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਦੀ ਅਪੀਲ

ਮੋਹਾਲੀ : ਮੌਸਮੀ ਫਲੂ ਅਤੇ ਸਵਾਈਨ ਫਲੂ ਤੋਂ ਬਚਾਅ ਲਈ ਜ਼ਿਲ੍ਹਾ ਟੀਕਾਕਰਨ ਅਫ਼ਸਰ ਗਿਰੀਸ਼ ਡੋਗਰਾ ਅਤੇ ਪ੍ਰੋਗਰਾਮ ਅਫਸਰ ਡਾ. ਹਰਮਨਦੀਪ ਕੌਰ ਨੇ ਜ਼ਿਲ੍ਹਾ ਵਾਸੀਆਂ ਨੂੰ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸਵਾਈਨ ਫਲੂ ਇਨਫਲੂਐਂਜ਼ਾ ਵਾਇਰਸ ਕਾਰਨ ਹੋਣ ਵਾਲੀ ਸਾਹ ਪ੍ਰਣਾਲੀ ਦੀ ਛੂਤ ਦੀ ਬਿਮਾਰੀ ਹੈ ਅਤੇ ਐੱਚ.1 ਐੱਨ.1 ਇਸ ਦਾ ਪ੍ਰਮੁੱਖ ਰੂਪ ਹੈ। ਇਹ ਖੰਘਣ, ਛਿੱਕਣ ਜਾਂ ਗੱਲ ਕਰਨ ਦੌਰਾਨ ਨਿਕਲਣ ਵਾਲੀਆਂ ਸਾਹ ਦੀਆਂ ਬੂੰਦਾਂ ਰਾਹੀਂ ਫੈਲ ਸਕਦਾ ਹੈ। ਉਨ੍ਹਾਂ ਦੱਸਿਆ ਕਿ ਬੁਖ਼ਾਰ, ਖੰਘ, ਗਲੇ ’ਚ ਦਰਦ, ਨੱਕ ਵਗਣਾ ਜਾਂ ਬੰਦ ਹੋਣਾ, ਸਿਰ ਦਰਦ, ਸਰੀਰ ’ਚ ਦਰਦ ਅਤੇ ਥਕਾਵਟ ਇਸ ਦੇ ਮੁੱਖ ਲੱਛਣ ਹਨ। ਅਜਿਹੇ ਲੱਛਣ ਸਾਹਮਣੇ ਆਉਣ ’ਤੇ ਘਬਰਾਉਣ ਦੀ ਬਜਾਏ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਸਾਹ ਲੈਣ ’ਚ ਤਕਲੀਫ਼, ਲਗਾਤਾਰ ਤੇਜ਼ ਬੁਖਾਰ ਜਾਂ ਸਿਹਤ ’ਚ ਤੇਜ਼ੀ ਨਾਲ ਗਿਰਾਵਟ ਹੋਣ ’ਤੇ ਤੁਰੰਤ ਹਸਪਤਾਲ ਨਾਲ ਸੰਪਰਕ ਕੀਤਾ ਜਾਵੇ।
ਸਿਹਤ ਅਧਿਕਾਰੀਆਂ ਨੇ ਲੋਕਾਂ ਨੂੰ ਖੰਘਣ ਜਾਂ ਛਿੱਕਣ ਸਮੇਂ ਮੂੰਹ ਤੇ ਨੱਕ ਨੂੰ ਰੁਮਾਲ ਜਾਂ ਟਿਸ਼ੂ ਨਾਲ ਢੱਕਣ, ਹੱਥਾਂ ਨੂੰ ਵਾਰ-ਵਾਰ ਸਾਬਣ ਨਾਲ ਧੋਣ ਅਤੇ ਅੱਖਾਂ, ਨੱਕ ਤੇ ਮੂੰਹ ਨੂੰ ਬਿਨਾਂ ਧੋਤੇ ਹੱਥਾਂ ਨਾਲ ਨਾ ਛੂਹਣ ਦੀ ਸਲਾਹ ਦਿੱਤੀ। ਭੀੜ ਵਾਲੀਆਂ ਥਾਵਾਂ ਤੋਂ ਪਰਹੇਜ਼ ਕਰਨ ਅਤੇ ਬੀਮਾਰ ਹੋਣ ਦੀ ਸੂਰਤ ’ਚ ਘਰ ਰਹਿਣ ਲਈ ਵੀ ਕਿਹਾ ਗਿਆ। ਛੋਟੇ ਬੱਚਿਆਂ, ਬਜ਼ੁਰਗਾਂ, ਗਰਭਵਤੀ ਔਰਤਾਂ ਅਤੇ ਪਹਿਲਾਂ ਤੋਂ ਗੰਭੀਰ ਬੀਮਾਰੀ ਤੋਂ ਪੀੜਤ ਲੋਕਾਂ ਨੂੰ ਵਿਸ਼ੇਸ਼ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਸਰਕਾਰੀ ਸਿਹਤ ਸੰਸਥਾਵਾਂ ’ਚ ਇਸ ਬਿਮਾਰੀ ਦੀ ਜਾਂਚ ਅਤੇ ਇਲਾਜ ਮੁਫ਼ਤ ਹੈ। ਵਧੇਰੇ ਜਾਣਕਾਰੀ ਲਈ ਮੈਡੀਕਲ ਹੈਲਪਲਾਈਨ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ।