ਨਵੀਂ ਦਿੱਲੀ – ਦਿੱਲੀ ਦੇ ਪ੍ਰਾਈਵੇਟ ਸਕੂਲਾਂ ‘ਚ ਐਡਮਿਸ਼ਨ ਲਈ ਮੈਨੇਜਮੈਂਟ ਕੋਟਾ ਖ਼ਤਮ ਕਰਨ ਦੇ ਦਿੱਲੀ ਸਰਕਾਰ ਦੇ ਫੈਸਲੇ ਤੋਂ ਬੱਚਿਆਂ ਦੇ ਮਾਤਾ-ਪਿਤਾ ‘ਚ ਕੁਝ ਚੀਜ਼ਾਂ ਨੂੰ ਲੈ ਕੇ ਅਸਹਿਜਤਾ ਦੀ ਸਥਿਤੀ ਬਣ ਗਈ ਸੀ। ਜਿਸ ਨੂੰ ਦੂਰ ਕਰਨ ਲਈ ਮੁੱਖ ਮੰਤਰੀ ਕੇਜਰੀਵਾਲ ਤੇ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਸਕੂਲੀ ਬੱਚਿਆਂ ਦੇ ਮਾਤਾ ਪਿਤਾ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਇਸ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਸਕੂਲਾਂ ‘ਚ ਐਡੀਮਿਸ਼ਨ ਲਈ ਸਿਫਾਰਿਸ਼ਾਂ ਹੁੰਦੀਆਂ ਸਨ। ਕਈ ਲੋਕ ਉਨ੍ਹਾਂ ਕੋਲ ਸਿਫਾਰਿਸ਼ਾਂ ਲੈ ਕੇ ਆਏ ਪਰ ਹੁਣ ਸਿਫ਼ਾਰਿਸ਼ਾਂ ਨਹੀਂ ਚੱਲਣਗੀਆਂ। ਕੇਜਰੀਵਾਲ ਨੇ ਕਿਹਾ ਕਿ ਮੈਨੇਜਮੈਂਟ ਕੋਟਾ ਦੇ ਨਾਮ ‘ਤੇ ਸਕੂਲ ਖ਼ੂਬ ਮਨਮਾਨੀ ਕਰਦੇ ਹਨ। ਮਿਡਲ ਕਲਾਸ ਦੇ ਲੋਕਾਂ ਨੂੰ ਬੇਵਜ੍ਹਾ ਪ੍ਰੇਸ਼ਾਨ ਕੀਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਅਜਿਹਾ ਨਹੀਂ ਹੋਵੇਗਾ, ਜੇ ਸਕੂਲਾਂ ਨੇ ਸਰਕਾਰ ਦਾ ਆਦੇਸ਼ ਨਹੀਂ ਮੰਨਿਆ ਤਾਂ ਉਨ੍ਹਾਂ ਦੀ ਮਾਨਤਾ ਰੱਦ ਕਰ ਦਿੱਤੀ ਜਾਵੇਗੀ। ਕੇਜਰੀਵਾਲ ਨੇ ਸਕੂਲਾਂ ਨੂੰ ਇਹ ਵੀ ਕਿਹਾ ਕਿ ਸਮੱਸਿਆ ਸਹੀ ਹੈ ਤਾਂ ਉਨ੍ਹਾਂ ਨੂੰ ਹੱਲ ਕਰਨ ਲਈ ਉਨ੍ਹਾਂ ਤੋਂ ਚੰਗੀ ਸਰਕਾਰ ਕੋਈ ਨਹੀਂ ਹੈ ਤੇ ਜੇ ਦਿਲ ਕਾਲਾ ਹੈ ਤਾਂ ਉਨ੍ਹਾਂ ਤੋਂ ਬੁਰੀ ਸਰਕਾਰ ਵੀ ਕੋਈ ਨਹੀਂ ਹੈ।















