ਏਕਤਾ ਕਪੂਰ ਦੀ ਫ਼ਿਲਮ ਕਰੇਗੀ ਨੁਸਰਤ

ਫ਼ਿਲਮ ਡਰੀਮ ਗਰਲ ਵਿੱਚ ਆਯੁਸ਼ਮਾਨ ਇੱਕ ਕਾਲ ਸੈਂਟਰ ‘ਚ ਨੌਕਰੀ ਕਰਦਾ ਹੈ ਅਤੇ ਉਹ ਕਸਟਮਰਜ਼ ਨਾਲ ਕੁੜੀਆਂ ਦੀ ਆਵਾਜ਼ ‘ਚ ਗੱਲਾਂ ਕਰਦਾ ਹੈ। ਫ਼ਿਲਮ ਕਾਫ਼ੀ ਦਿਲਚਸਪ ਹੋਵੇਗੀ ਅਤੇ ਨਿਰਮਾਤਾ ਨੂੰ ਇਸ ਤੋਂ ਵੱਡੀਆਂ ਆਸਾਂ ਹਨ। ਫ਼ਿਲਮ ਦੀ ਸ਼ੂਟਿੰਗ ਇਸ ਮਹੀਨੇ ਸ਼ੁਰੂ ਹੋ ਜਾਵੇਗੀ …
ਛੋਟੇ ਪਰਦੇ ‘ਤੇ ਕਈ ਅਭਿਨੇਤਰੀਆ ਦਾ ਕਰੀਅਰ ਬਣਾਉਣ ਵਾਲੀ ਏਕਤਾ ਕਪੂਰ ਹੁਣ ਫ਼ਿਲਮ ਸੋਨੂ ਕੇ ਟੀਟੂ ਕੀ ਸਵੀਟੀ ਨਾਲ ਆਪਣੀ ਪਛਾਣ ਬਣਾ ਚੁੱਕੀ ਨੁਸਰਤ ਭਰੂਚਾ ਦਾ ਕਰੀਅਰ ਬਣਾਏਗੀ। ਇਸ ਫ਼ਿਲਮ ਨੇ 100 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ ਸੀ। ਨੁਸਰਤ ਨੂੰ ਉਮੀਦ ਸੀ ਕਿ ਬੌਲੀਵੁਡ ‘ਚ ਇਸ ਸਫ਼ਲਤਾ ਤੋਂ ਬਾਅਦ ਉਸ ਨੂੰ ਕਈ ਫ਼ਿਲਮਾਂ ਮਿਲ ਜਾਣਗੀਆਂ, ਪਰ ਅਜਿਹਾ ਨਹੀਂ ਹੋਇਆ। ਨੁਸਰਤ ਨਾਲ ਕਈ ਫ਼ਿਲਮਾਂ ਬਣਾ ਚੁੱਕਾ ਨਿਰਦੇਸ਼ਕ ਲਵ ਰੰਜਨ ਵੀ ਆਪਣੀ ਅਗਲੀ ਫ਼ਿਲਮ ‘ਚ ਰਣਬੀਰ ਕਪੂਰ ਨੂੰ ਉਸ ਨਾਲ ਕੰਮ ਕਰਨ ਲਈ ਨਹੀਂ ਮਨਾ ਸਕਿਆ। ਲਵ ਰੰਜਨ ਦੀ ਅਗਲੀ ਫ਼ਿਲਮ ‘ਚ ਰਣਬੀਰ ਹੋਵੇਗਾ। ਅਜਿਹੇ ‘ਚ ਹੁਣ ਟੀਵੀ ਤੋਂ ਬਾਅਦ ਫ਼ਿਲਮਾਂ ਉੱਪਰ ਧਿਆਨ ਦੇ ਰਹੀ ਨਿਰਮਾਤਾ ਅਤੇ ਨਿਰਦੇਸ਼ਕ ਏਕਤਾ ਕਪੂਰ ਨੇ ਨੁਸਰਤ ਨੂੰ ਆਪਣੇ ਬੈਨਰ ਹੇਠ ਬਣ ਰਹੀ ਅਗਲੀ ਫ਼ਿਲਮ ‘ਚ ਲੀਡ ਰੋਲ ਦਿੱਤਾ ਹੈ। ਖ਼ਾਸ ਗੱਲ ਇਹ ਹੈ ਕਿ ਇਸ ਫ਼ਿਲਮ ਵਿੱਚ ਅੰਧਾਧੁੰਨ ਅਤੇ ਬਧਾਈ ਹੋ ਵਰਗੀਆਂ ਕਈ ਸਫ਼ਲ ਫ਼ਿਲਮਾਂ ਦੇ ਚੁੱਕਾ ਆਯੁਸ਼ਮਾਨ ਖੁਰਾਣਾ ਹੀਰੋ ਦੇ ਰੂਪ ‘ਚ ਪੇਸ਼ ਹੋਵੇਗਾ।
ਨੁਸਰਤ ਅਤੇ ਏਕਤਾ ਦੀ ਦੋਸਤੀ 2010 ਤੋਂ ਹੈ ਜਦੋਂ ਉਹ ਬਾਲਾਜੀ ਦੀ ਫ਼ਿਲਮ ਲਵ ਸੈੱਕਸ ਔਰ ਧੋਖਾ ‘ਚ ਨਜ਼ਰ ਆਈ ਸੀ। ਏਕਤਾ ਨੇ ਨੁਸਰਤ ਅਤੇ ਆਯੁਸ਼ਮਾਨ ਖੁਰਾਣਾ ਨੂੰ ਆਪਣੀ ਅਗਲੀ ਕੌਮੇਡੀ ਫ਼ਿਲਮ ਡਰੀਮ ਗਰਲ ਲਈ ਸਾਈਨ ਕੀਤਾ ਹੈ। ਇਸ ਦਾ ਨਿਰਦੇਸ਼ਕ ਰਾਜ ਸ਼ਾਂਡਿਲਿਆ ਹੋਵੇਗਾ। ਵੈੱਲਕਮ ਬੈਕ (2015), ਫ਼ਰੀਕੀ ਅਲੀ (2016) ਅਤੇ ਭੂਮੀ (2018) ਫ਼ਿਲਮਾਂ ਦੇ ਡਾਇਲੌਗ ਲਿਖ ਚੁੱਕੇ ਰਾਜ ਦੀ ਨਿਰਦੇਸ਼ਕ ਵਜੋਂ ਇਹ ਪਹਿਲੀ ਫ਼ਿਲਮ ਹੋਵੇਗੀ। ਉਸ ਨੇ ਏਕਤਾ ਦੀ ਆਉਣ ਵਾਲੀ ਫ਼ਿਲਮ ਜਬਰੀਆ ਜੋੜੀ ਦੇ ਵੀ ਡਾਇਲੌਗ ਲਿਖੇ ਹਨ।
ਸੂਤਰਾਂ ਮੁਤਾਬਿਕ ਇਸ ਫ਼ਿਲਮ ਵਿੱਚ ਆਯੁਸ਼ਮਾਨ ਇੱਕ ਕਾਲ ਸੈਂਟਰ ‘ਚ ਨੌਕਰੀ ਕਰਦਾ ਹੈ ਅਤੇ ਉਹ ਕਸਟਮਰਜ਼ ਨਾਲ ਇੱਕ ਕੁੜੀ ਦੀ ਆਵਾਜ਼ ਵਿੱਚ ਗੱਲਾਂ ਕਰਦਾ ਹੈ। ਇਹ ਫ਼ਿਲਮ ਕਾਫ਼ੀ ਦਿਲਚਸਪ ਹੋਵੇਗੀ ਅਤੇ ਦਰਸ਼ਕਾਂ ਨੂੰ ਪਸੰਦ ਆਵੇਗੀ। ਇਸ ਦੀ ਸ਼ੂਟਿੰਗ ਇਸ ਮਹੀਨੇ ਸ਼ੁਰੂ ਹੋਵੇਗੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਅਦਾਕਾਰਾ ਨੁਸਰਤ ਨੇ ਇੱਕ ਹੋਰ ਫ਼ਿਲਮ ਸਾਈਨ ਕੀਤੀ ਹੈ ਜਿਸ ‘ਚ ਉਸ ਨਾਲ ਰਾਜਕੁਮਾਰ ਰਾਓ ਨਜ਼ਰ ਆਵੇਗਾ।