ਅਮਨ, ਕਾਨੂੰਨ ਅਤੇ ਆਪਸੀ ਭਾਈਚਾਰਕ ਸਾਂਝ ਪੰਜਾਬ ਸਰਕਾਰ ਦਾ ਮੁੱਖ ਏਜੰਡਾ ਸੀ ਤੇ ਰਹੇਗਾ: ਸੁਖਬੀਰ

3ਪੋਜੇਵਾਲ : ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਇੱਥੇ ਸਵਾਮੀ ਬ੍ਰਹਮਾਨੰਦ ਭੂਰੀ ਵਾਲਿਆਂ ਦੀ ਚੌਦਵੀਂ ਬਰਸੀ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸ੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਸਰਕਾਰ ਦਾ ਮੁੱਖ ਏਜੰਡਾ ਅਮਨ, ਕਾਨੂੰਨ ਅਤੇ ਆਪਸੀ ਭਾਈਚਾਰਕ ਸਾਂਝ ਬਰਕਰਾਰ ਰੱਖਣਾ ਰਿਹਾ ਹੈ ਅਤੇ ਅੱਗੋਂ ਵੀ ਪੰਜਾਬ ਨੂੰ ਇੱਕ ਖੁਸ਼ਹਾਲ ਅਤੇ ਅਮਨਪਸੰਦ ਸੂਬਾ ਬਣਾਈ ਰੱਖਣ ਲਈ ਸਭ ਧਰਮਾਂ ਦੇ ਲੋਕਾਂ ਵਿੱਚ ਭਾਈਚਾਰਕ ਸਾਂਝ ਅਤੇ ਪਿਆਰ ਕਾਇਮ ਰੱਖਿਆ ਜਾਵੇਗਾ। ਕਿਸੇ ਵੀ ਸਰਕਾਰ ਲਈ ਸਾਰੇ ਧਰਮਾਂ ਦੇ ਲੋਕਾਂ ਨੂੰ ਇੱਕ ਲੜੀ ਵਿੱਚ ਪ੍ਰੋ ਕੇ ਰੱਖਣਾ ਅਤੇ ਸ਼ਾਂਤੀ ਸਥਾਪਿਤ ਕਰਨੀ ਸਭ ਤੋਂ ਅਹਿਮ ਰਾਜ ਧਰਮ ਹੁੰਦਾ ਹੈ ਅਤੇ ਇਸ ਵਿੱਚ ਸ੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਸਰਕਾਰ ਪੂਰੀ ਸਫ਼ਲ ਰਹੀ ਹੈ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਅਤੇ ਹਰੇਕ ਧਰਮ ਦੇ ਖਾਸ ਅਤੇ ਮਹਾਨ ਦਿਨਾਂ ਨੂੰ ਸਰਕਾਰੀ ਪੱਧਰ ‘ਤੇ ਮਨਾਉਣਾ ਸ਼ੁਰੂ ਕੀਤਾ ਗਿਆ ਹੈ। ਉਨ•ਾਂ ਕਿਹਾ ਕਿ ਜਿੰਨੀਆਂ ਯਾਦਗਾਰਾਂ ਅਤੇ ਧਾਰਮਿਕ ਸੰਸਥਾਨ ਮੌਜੂਦਾ ਸਰਕਾਰ ਨੇ ਸਥਾਪਿਤ ਕੀਤੇ ਹਨ, ਇਹ ਆਪਣੇ ਆਪ ਵਿੱਚ ਇੱਕ ਮਿਸਾਲ ਹੈ।
ਉੱਪ ਮੁੱਖ ਮੰਤਰੀ ਨੇ ਸਵਾਮੀ ਬ੍ਰਹਮਾਨੰਦ ਭੂਰੀ ਵਾਲਿਆਂ ਨੂੰ ਇੱਕ ਪਰਉਪਕਾਰੀ ਇਨਸਾਨ, ਇਲਾਕੇ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਵਾਲੇ ਅਤੇ ਸਮਾਜ ਭਲਾਈ ਦੇ ਕੰਮਾਂ ਵਿੱਚ ਗਊਸ਼ਾਲਾਵਾਂ ਅਤੇ ਵਿਦਿਅਕ ਸੰਸਥਾਨ ਖੋਲ• ਕੇ ਅਹਿਮ ਭੂਮਿਕਾ ਨਿਭਾਉਣ ਵਾਲੇ ਮਹਾਂਪੁਰਸ਼ ਆਖਿਆ। ਉਨ•ਾਂ ਕਿਹਾ ਕਿ ਭੂਰੀ ਵਾਲੇ ਮਹਾਂਪੁਰਸ਼ਾਂ ਤੋਂ ਲਈ ਪ੍ਰੇਰਨਾ ਸਦਕਾ ਹੀ ਪੰਜਾਬ ਸਰਕਾਰ ਨੇ ਸਾਰੇ ਸੂਬੇ ਵਿੱਚ ਸਰਕਾਰੀ ਗਊਸ਼ਾਲਾਵਾਂ ਬਣਾਈਆਂ ਹਨ ਜੋ ਅਗਲੇ ਮਹੀਨੇ ਕਾਰਜਸ਼ੀਲ ਹੋ ਜਾਣਗੀਆਂ। ਸਵਾਮੀ ਬ੍ਰਹਮਾਨੰਦ ਦੀ ਯਾਦ ਨੂੰ ਚਿਰ ਸਥਾਈ ਬਣਾਉਣ ਅਤੇ ਉਨ•ਾਂ ਦੇ ਸਮਾਜ ਭਲਾਈ ਕਾਰਜਾਂ ਨੂੰ ਰੂਪਮਾਨ ਕਰਨ ਦੇ ਪੰਜਾਬ ਸਰਕਾਰ ਦੇ ਨਿੱਕੇ ਜਿਹੇ ਯਤਨ ਵਜੋਂ ਬ੍ਰਹਮ ਸਰੂਪ ਧਾਮ ਪੋਜੇਵਾਲ ਵਿੱਚ ਉਨ•ਾਂ ਦੀ ਯਾਦ ਵਿੱਚ ਮਿਊਜ਼ੀਅਮ ਅਤੇ ਲਾਇਬਰੇਰੀ ਕਾਇਮ ਕਰਨ ਲਈ ਦੋ ਕਰੋੜ ਰੁਪਏ ਦੇ ਪ੍ਰਾਜੈਕਟ ਦਾ ਐਲਾਨ ਕੀਤਾ ਜਿਸ ਨੂੰ ਨੇਪਰੇ ਚਾੜ•ਨ ਵਿੱਚ ਪੰਜਾਬ ਦਾ ਸੈਰ ਸਪਾਟਾ ਵਿਭਾਗ ਅਹਿਮ ਭੂਮਿਕਾ ਨਿਭਾਏਗਾ।
ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਲੋਕ ਭਲਾਈ ਕਾਰਜਾਂ ਵਿੱਚ ਪਿਛਲੇ ਨੌ ਸਾਲਾਂ ਦੌਰਾਨ ਜੋ ਅਹਿਮ ਯੋਗਦਾਨ ਪਾਇਆ ਗਿਆ ਹੈ। ਪੰਜਾਬ ਨੂੰ ਵਾਧੂ ਬਿਜਲੀ ਵਾਲਾ ਸੂਬਾ ਅਤੇ ਪੰਜਾਬ ਦੀਆਂ ਸੜ•ਕਾਂ ਨੂੰ ਵਿਸ਼ਵ ਪੱਧਰ ਦੇ ਹਾਣ ਦੀਆਂ ਬਣਾ ਕੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਹਨ। ਉਨ•ਾਂ ਕਿਹਾ ਕਿ 4 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਜਲਦ ਹੀ ਸਾਰੇ ਸ਼ਹਿਰਾਂ ਅਤੇ ਕਸਬਿਆਂ ਨੂੰ 100 ਫ਼ੀਸਦੀ ਸੀਵਰੇਜ ਅਤੇ ਪੀਣ ਵਾਲਾ ਪਾਣੀ ਮੁਹੱਈਆ ਕਰਵਾ ਦਿੱਤਾ ਜਾਵੇਗਾ। ਸ. ਬਾਦਲ ਨੇ ਕਿਹਾ ਕਿ ਬਲਾਚੌਰ ਹਲਕੇ ਦੇ ਸਰਬਪੱਖੀ ਵਿਕਾਸ ਲਈ 24 ਕਰੋੜ ਰੁਪਏ ਹਲਕੇ ਦੀ ਨੁਮਾਇੰਦਗੀ ਕਰ ਰਹੇ ਮੁੱਖ ਪਾਰਲੀਮਾਨੀ ਸਕੱਤਰ ਚੌ. ਨੰਦ ਲਾਲ ਦੀਆਂ ਸਿਫ਼ਾਰਸ਼ਾਂ ‘ਤੇ ਖਰਚੇ ਜਾ ਰਹੇ ਹਨ। ਉਨ•ਾਂ ਕਿਹਾ ਕਿ ਭੂਰੀ ਵਾਲੇ ਸੰਪਰਦਾ ਦੇ ਮਹਾਂਪੁਰਸ਼ਾਂ ਨੂੰ ਸੱਚੀ ਸ਼ਰਧਾਂਜਲੀ ਵਜੋਂ ਕਾਨ•ਪੁਰ ਖੂਹੀ ਤੋਂ ਟਿੱਬਾ ਟੱਪਰੀਆਂ ਤੱਕ 18 ਕਰੋੜ ਰੁਪਏ ਦੀ ਲਾਗਤ ਨਾਲ ਸੜ•ਕ ਜਲਦ ਬਣਾਏ ਜਾਣ ਤੋਂ ਇਲਾਵਾ ਸੰਪਰਦਾ ਦੀ ਸਰਪ੍ਰਸਤੀ ਹੇਠ ਰਾਏਕੋਟ ਤਹਿਸੀਲ ਦੇ ਪਿੰਡ ਬਰਮੀ ਵਿਖੇ ਚਲਾਏ ਜਾ ਰਹੇ ਸਕੂਲ ਨੂੰ ਸਰਕਾਰੀ ਹੱਥਾਂ ਵਿੱਚ ਲੈ ਕੇ ਚਲਾਇਆ ਜਾਵੇਗਾ।
ਇਸ ਤੋਂ ਪਹਿਲਾਂ ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਪ੍ਰਧਾਨ ਪੰਜਾਬ ਭਾਜਪਾ ਨੇ ਵੀ ਸਵਾਮੀ ਬ੍ਰਹਮਾਨੰਦ ਭੂਰੀ ਵਾਲਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਐਲਾਨ ਕੀਤਾ ਕਿ ਜੇਕਰ ਸੰਸਥਾ ਕੇਂਦਰ ਸਰਕਾਰ ਦੀ ਸਕੀਮ ਅਨੁਸਾਰ ਲੜਕੀਆਂ ਦਾ ਹੋਸਟਲ ਬਣਾਉਣ ਲਈ ਉਨ•ਾਂ ਦੇ ਮੰਤਰਾਲੇ ਸਮਾਜਿਕ ਨਿਆ ਤੇ ਸਸ਼ਕਤੀਕਰਣ ਕੋਲ ਤਜ਼ਵੀਜ਼ ਪੇਸ਼ ਕਰਦੀ ਹੈ ਤਾਂ ਉਹ ਪਹਿਲ ਦੇ ਅਧਾਰ ‘ਤੇ ਤਿੰਨ ਕਰੋੜ ਦੀ ਸਕੀਮ ਅਨੁਸਾਰ ਬਣਦਾ 45 ਫ਼ੀਸਦੀ ਵਿੱਤੀ ਹਿੱਸਾ ਜਾਰੀ ਕਰਵਾਉਣਗੇ।
ਭੂਰੀ ਵਾਲੇ ਸੰਪਰਦਾ ਦੇ ਮੌਜੂਦਾ ਗੱਦੀਨਸ਼ੀਨ ਅਤੇ ਵੇਦਾਂਤ ਅਚਾਰਿਆ ਸਵਾਮੀ ਚੇਤਨਾਨੰਦ ਨੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਸਵਾਮੀ ਬ੍ਰਹਮਾਨੰਦ ਜੀ ਦੀ ਯਾਦ ਵਿੱਚ ਮਿਊਜ਼ੀਅਮ ਅਤੇ ਲਾਇਬਰੇਰੀ ਦੀ ਉਸਾਰੀ ਕਰਵਾਉਣ ਅਤੇ ਰਾਏਕੋਟ ਤਹਿਸੀਲ ਦੇ ਪਿੰਡ ਬਰਮੀ ਵਿੱਚ ਚਲਾਏ ਜਾ ਰਹੇ ਸੰਪਰਦਾ ਦੇ ਸਕੂਲ ਨੂੰ ਸਰਕਾਰੀ ਹੱਥਾਂ ਵਿੱਚ ਲੈਣ ਦੇ ਐਲਾਨ ਲਈ ਧੰਨਵਾਦ ਕੀਤਾ। ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਵੀ ਆਪਣੇ ਅਖਤਿਆਰੀ ਫ਼ੰਡ ਵਿੱਚੋਂ ਭੂਰੀ ਵਾਲੇ ਸੰਪਰਦਾ ਨੂੰ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਮੌਕੇ ਸਿਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਸਿੰਚਾਈ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਉਦਯੋਗ ਮੰਤਰੀ ਮਦਨ ਮੋਹਨ ਮਿੱਤਲ, ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ, ਮੁੱਖ ਪਾਰਲੀਮਾਨੀ ਸਕੱਤਰ ਚੌ. ਨੰਦ ਲਾਲ, ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਪੰਜਾਬ ਸਮਾਜ ਭਲਾਈ ਬੋਰਡ ਦੀ ਚੇਅਰਪਰਸਨ ਵਰਿੰਦਰ ਕੌਰ ਥਾਂਦੀ, ਉੱਪ ਮੁੱਖ ਮੰਤਰੀ ਦੇ ਓ.ਐਸ.ਡੀ. ਭਾਈ ਸੁਖਦੀਪ ਸਿੰਘ ਸਿੱਧੂ ਤੇ ਮਨਜਿੰਦਰ ਸਿੰਘ ਸਿਰਸਾ, ਡੀ.ਸੀ. ਵਿਪੁਲ ਉਜਵਲ, ਐਸ.ਐਸ.ਪੀ. ਸਨੇਹਦੀਪ ਸ਼ਰਮਾ ਅਤੇ ਏ.ਡੀ.ਸੀ. ਪਰਮਜੀਤ ਸਿੰਘ ਤੋਂ ਇਲਾਵਾ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਅਤੇ ਸੰਤ-ਮਹਾਂਪੁਰਸ਼ ਮੌਜੂਦ ਸਨ।