ਅਕਾਲੀ ਦਲ ਦਾ ‘ਆਪ’ ‘ਤੇ ਵੱਡਾ ਹਮਲਾ, ਕਾਂਗਰਸ ਨੂੰ ਵੀ ਦਿੱਤੀ ਚਿਤਾਵਨੀ

ਰੂਪਨਗਰ  : ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਮੰਗਲਵਾਰ ਨੂੰ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਤੁਰੰਤ ਅਸਤੀਫਾ ਦੇਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਪਾਰਟੀ ਨੇ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਸੂਬੇ ‘ਚ ਨਸ਼ਾ ਵੰਡਣ, ਪੈਸਾ ਵੰਡਣ ਅਤੇ ਲੜਕੀਆਂ ਆਦਿ ਸਪਲਾਈ ਕਰਨ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ‘ਤੇ ਉਨ੍ਹਾਂ ਦੀ ਪਾਰਟੀ ਦੇ ਇਕ ਸਾਬਕਾ ਮੰਤਰੀ ਨੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਾਏ ਹਨ, ਜਿਸ ਦੇ ਆਧਾਰ ‘ਤੇ ਉਨ੍ਹਾਂ ਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ। ਪੰਜਾਬ ‘ਚ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ‘ਤੇ ਦੋ ਲੱਖ ਰੁਪਏ ਰਿਸ਼ਵਤ ਲੈਣ ਦਾ ਦੋਸ਼ ਸੀ ਅਤੇ ਉਨ੍ਹਾਂ ਨੂੰ ਪਾਰਟੀ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਇਸੇ ਤਰ੍ਹਾਂ ਦਿੱਲੀ ਸਰਕਾਰ ‘ਚ ਜਿਹੜੇ ਮੰਤਰੀਆਂ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਸਨ, ਉਨ੍ਹਾਂ ਨੂੰ ਵੀ ਤੁਰੰਤ ਹਟਾ ਦਿੱਤਾ ਗਿਆ ਪਰ ਹੁਣ ਖੁਦ ਅਰਵਿੰਦ ਕੇਜਰੀਵਾਲ ‘ਤੇ ਦੋਸ਼ ਹੈ, ਉਨ੍ਹਾਂ ਨੂੰ ਤੁਰੰਤ ਆਪਣੇ ਅਹੁਦੇ ਤੋਂ ਹਟ ਕੇ ਜਾਂਚ ‘ਚ ਸ਼ਾਮਲ ਹੋਣਾ ਚਾਹੀਦਾ ਹੈ। ਜੇਕਰ ਉਹ ਸੱਚੇ ਹਨ ਤਾਂ ਜਾਂਚ ਦਾ ਸਾਹਮਣਾ ਕਰਨ ਅਤੇ ਖੁਦ ਲਾਈ ਡਿਟੇਕਟਰ ਟੈਸਟ ਦਾ ਸਾਹਮਣਾ ਕਰਨ। ਆਮ ਆਦਮੀ ਪਾਰਟੀ ਦਾ ਕੋਈ ਸਿਧਾਂਤ ਨਹੀਂ ਹੈ, ਜਿਸ ਕਾਰਨ ਇਹ ਪਾਰਟੀ ਬਿਖਰ ਕੇ ਰਹਿ ਜਾਵੇਗੀ।
ਇਕ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੂੰ ਪੰਜਾਬ ਦਾ ਕਨਵੀਨਰ ਬਣਾਉਣਾ ਪਾਰਟੀ ਦਾ ਅੰਦਰੂਨੀ ਮਾਮਲਾ ਹੈ, ਜੇਕਰ ਉਨ੍ਹਾਂ ਨੂੰ ਕਨਵੀਨਰ ਨਾ ਬਣਾਇਆ ਜਾਂਦਾ ਤਾਂ ਉਹ ਸ਼ਾਇਦ ਪਾਰਟੀ ਛੱਡ ਜਾਂਦੇ। ਆਮ ਆਦਮੀ ਪਾਰਟੀ ਪੰਜਾਬ ਦੀ ਸੱਤਾ ‘ਚ ਆਉਂਦੀ ਤਾਂ ਪੰਜਾਬ ਦਾ ਦਿੱਲੀ ਨਾਲੋਂ ਵੀ ਬੁਰਾ ਹਾਲ ਹੋਣਾ ਸੀ। ਡਾ. ਚੀਮਾ ਨੇ ਮੰਗ ਕੀਤੀ ਕਿ ਰਾਜਨੀਤਕ ਦਲਾਂ ਵਲੋਂ ਜਾਰੀ ਚੋਣ ਐਲਾਨ ਪੱਤਰ ਨੂੰ ਕਾਨੂੰਨੀ ਰੂਪ ਦੇਣਾ ਚਾਹੀਦਾ ਹੈ ਤਾਂ ਕਿ ਕੋਈ ਵੀ ਪਾਰਟੀ ਵੋਟਰਾਂ ਨਾਲ ਝੂਠੇ ਵਾਅਦੇ ਨਾ ਕਰ ਸਕੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਪੰਜਾਬ ‘ਚ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ, ਲੋਕਾਂ ਨੂੰ ਰੁਜ਼ਗਾਰ ਦੇਣ, ਬੁਢਾਪਾ ਪੈਨਸ਼ਨ 2000 ਕਰਨ ਆਦਿ ਬਹੁਤ ਸਾਰੇ ਵਾਅਦੇ ਕੀਤੇ ਪਰ ਹੁਣ ਉਹ ਇਨ੍ਹਾਂ ਵਾਅਦਿਆਂ ਤੋਂ ਬਹਾਨਾ ਲਾ ਕੇ ਪਿੱਛੇ ਹਟ ਰਹੀ ਹੈ। ਡਾ. ਚੀਮਾ ਨੇ ਯਾਦ ਕਰਵਾਇਆ ਕਿ ਪਿਛਲੀ ਅਕਾਲੀ ਸਰਕਾਰ ਦੌਰਾਨ 87 ਹਜ਼ਾਰ ਅਧਿਆਪਕਾਂ ਦੀ ਭਰਤੀ ਕੀਤੀ ਗਈ ਸੀ। ਉਨ੍ਹਾਂ ਕਾਂਗਰਸ ਪਾਰਟੀ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕੀਤੇ ਤਾਂ ਲੋਕ ਸੜਕਾਂ ‘ਤੇ ਉਤਰ ਆਉਣਗੇ ਤੇ ਉਨ੍ਹਾਂ ਦੀ ਪਾਰਟੀ ਲੋਕਾਂ ਦਾ ਸਮਰਥਨ ਕਰੇਗੀ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
ਅਧਿਆਪਕਾਂ ‘ਤੇ ਡ੍ਰੈੱਸ ਕੋਡ ਲਾਗੂ ਕਰਨ ਦਾ ਵਿਰੋਧ
ਡਾ. ਦਲਜੀਤ ਸਿੰਘ ਚੀਮਾ ਨੇ ਅਧਿਆਪਕਾਂ ਦੇ ਡ੍ਰੈਸ ਕੋਡ ਨੂੰ ਲੈ ਕੇ ਫੈਲਾਈਆਂ ਜਾ ਰਹੀਆਂ ਅਫਵਾਹਾਂ ਦਾ ਖੰਡਨ ਕੀਤਾ ਅਤੇ ਕਿਹਾ ਕਿ ਅਕਾਲੀ ਸਰਕਾਰ ਨੇ ਪਹਿਲਾਂ ਅਜਿਹਾ ਕੋਈ ਆਦੇਸ਼ ਜਾਰੀ ਨਹੀਂ ਕੀਤਾ ਸੀ। ਅਧਿਆਪਕਾਂ ‘ਤੇ ਡ੍ਰੈੱਸ ਕੋਡ ਲਾਗੂ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਪੜ੍ਹਿਆ-ਲਿਖਿਆ ਵਰਗ ਹੈ ਅਤੇ ਇਹ ਮਾਮਲਾ ਖੁਦ ਅਧਿਆਪਕਾਂ ‘ਤੇ ਛੱਡਣਾ ਚਾਹੀਦਾ ਹੈ। ਉਨ੍ਹਾਂ ਦੀ ਪਾਰਟੀ ਦਾ ਅੰਦਰੂਨੀ ਢਾਂਚਾ ਜਲਦ ਹੀ ਤਿਆਰ ਹੋ ਜਾਵੇਗਾ, ਜਿਸ ਉਪਰੰਤ ਪਾਰਟੀ ਹੋਰ ਵਧੀਆ ਢੰਗ ਨਾਲ ਕੰਮ ਕਰੇਗੀ।