ਅਕਸ਼ੇ ਦੀ ‘ਟਾਇਲੇਟ- ਏਕ ਪ੍ਰੇਮ ਕਥਾ’ ਅਤੇ ਸ਼ਾਹਰੁਖ ਖ਼ਾਨ ਦੀ ‘ਜਬ ਹੈਰੀ ਮੈੱਟ ਸੇਜ਼ਲ’ ਅਗਸਤ ‘ਚ ਆ ਰਹੀਆਂ ਹਨ। ਪਹਿਲਾਂ ਇਹ ਦੋਵੇਂ ਫ਼ਿਲਮਾਂ ਇੱਕ ਹੀ ਦਿਨ ਲੱਗਣ ਵਾਲੀਆਂ ਸਨ ਪਰ ਸ਼ਾਹਰੁਖ਼ ਖ਼ਾਨ ਨੇ ਇਸ ਫ਼ਿਲਮ ਦੀ ਤਰੀਕ ਵਧਾਉਣ ਦੀ ਸਲਾਹ ਪੇਸ਼ ਕੀਤੀ। ਅਕਸ਼ੇ ਦੇ ਮੁਕਾਬਲੇ ਸ਼ਾਹਰੁਖ਼ ਖ਼ਾਨ ਦਾ ਫ਼ੈਨ ਫ਼ੌਲੋਇੰਗ ਜ਼ਿਆਦਾ ਹੈ ਅਤੇ ਆਪਣੇ ਵਿਰੋਧੀ ਤੋਂ ਪਿੱਛੇ ਹਟਣ ਕਾਰਨ ਉਨ੍ਹਾਂ ਨੂੰ ਤਕਲੀਫ਼ ਵੀ ਹੋਈ। ਬਾਕਸ ਆਫ਼ਿਸ ‘ਤੇ ਇਸ ਸਮੇਂ ਸ਼ਾਹਰੁਖ਼ ਦੀ ਸਥਿਤੀ ਨਰਮ ਹੈ। ਉਨ੍ਹਾਂ ਦੀ ਫ਼ਿਲਮ ‘ਫ਼ੈਨ’ 100 ਕਰੋੜ ਤਕ ਵੀ ਨਹੀਂ ਪਹੁੰਚੀ ਸੀ। ‘ਦਿਲਵਾਲੇ’ ਅਤੇ ‘ਰਈਸ’ ਨੂੰ ਮੁਕਾਬਲਾ ਕਰਨਾ ਪਿਆ। ਬੇਸ਼ੱਕ ਇਹ ਦੋਵੇਂ ਫ਼ਿਲਮਾਂ ਇੱਕ ਹੀ ਦਿਨ ਰਿਲੀਜ਼ ਨਹੀਂ ਹੋ ਰਹੀਆਂ ਪਰ ਦੂਜੇ ਹਫ਼ਤੇ ‘ਚ ਆਹਮੋ-ਸਾਹਮਣੇ ਹੋਣਗੀਆਂ। ਦੂਜੇ ਹਫ਼ਤੇ ਵੀ ਸ਼ਾਹਰੁਖ਼ ਚਾਹੁਣਗੇ ਕਿ ਉਨ੍ਹਾਂ ਦੀ ਫ਼ਿਲਮ ਚੰਗੀ ਕਮਾਈ ਕਰੇ ਪਰ ਅਕਸ਼ੇ ਕੁਮਾਰ ਦੀ ਫ਼ਿਲਮ ਉਨ੍ਹਾਂ ਦੇ ਰਸਤੇ ‘ਚ ਰੁਕਾਵਟ ਪਾ ਸਕਦੀ ਹੈ। ਦੋਵਾਂ ‘ਚੋਂ ਕਿਹੜੀ ਬਿਹਤਰੀਨ ਫ਼ਿਲਮ ਹੈ, ਬਿਨਾ ਫ਼ਿਲਮ ਵੇਖੇ ਨਹੀਂ ਕਿਹਾ ਜਾ ਸਕਦਾ ਪਰ ਜੋ ਝਲਕ ਹੁਣ ਤਕ ਦਿਖਾਈ ਗਈ ਹੈ ਉਸ ਦੇ ਆਧਾਰ ‘ਤੇ ਕਿਹਾ ਜਾ ਸਕਦਾ ਹੈ ਕਿ ਅਕਸ਼ੇ ਕੁਮਾਰ ਦੀ ‘ਟਾਇਲੇਟ-ਏਕ ਪ੍ਰੇਮ ਕਥਾ’ ਨੇ ਆਪਣੀ ਪਛਾਣ ਬਣਾ ਲਈ ਹੈ। ਅਕਸ਼ੇ ਕੁਮਾਰ ਦੀ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਇਆਂ ਕਾਫ਼ੀ ਸਮਾਂ ਹੋ ਗਿਆ ਹੈ ਅਤੇ ਇਹ ਟ੍ਰੇਲਰ ਕਾਫ਼ੀ ਪਸੰਦ ਵੀ ਕੀਤਾ ਗਿਆ ਹੈ। ਇਹ ਫ਼ਿਲਮ ਪ੍ਰਧਾਨ-ਮੰਤਰੀ ਮੋਦੀ ਦੇ ਸਵੱਛਤਾ ਅਭਿਆਨ ਤੋਂ ਪ੍ਰੇਰਿਤ ਹੈ ਅਤੇ ਇਸ ‘ਚ ਮਨੋਰੰਜਨ ਦੇ ਨਾਲ ਸੰਦੇਸ਼ ਵੀ ਹੈ। ਦੂਜੇ ਪਾਸੇ ਸ਼ਾਹਰੁਖ਼ ਖ਼ਾਨ ਦੀ ਫ਼ਿਲਮ ਦੇ ਮਿੰਨੀ ਟ੍ਰੇਲਰਜ਼ ਜਾਰੀ ਕੀਤੇ ਜਾ ਰਹੇ ਹਨ ਅਤੇ ਇਸ ਨੂੰ ਲੈ ਕੇ ਪ੍ਰਤੀਕਿਰਿਆ ਵੀ ਮਿਲੀਜੁਲੀ ਹੀ ਹੈ। ਸੁਣਨ ਨੂੰ ਇਹ ਵੀ ਮਿਲ ਰਿਹਾ ਹੈ ਕਿ ਇਹ ਫ਼ਿਲਮ ਸਿਰਫ਼ ਮੈਟ੍ਰੋ ਸਿਟੀ ਦੇ ਦਰਸ਼ਕਾਂ ਨੂੰ ਧਿਆਨ ‘ਚ ਰੱਖ ਕੇ ਬਣਾਈ ਗਈ ਹੈ, ਹਾਲਾਂਕਿ ਸ਼ਾਹਰੁਖ਼ ਆਪਣੇ ਰੋਮਾਂਟਿਕ ਅੰਦਾਜ਼ ਦਾ ਸਹਾਰਾ ਵੀ ਲੈ ਰਹੇ ਹਨ, ਇਸ ਦੇ ਬਾਵਜੂਦ ਫ਼ਿਲਮ ਵਧੀਆ ਨਹੀਂ ਦਿਖਾਈ ਦੇ ਰਹੀ। ਸ਼ਾਹਰੁਖ਼ ਅਤੇ ਇਮਤਿਆਜ਼ ਅਲੀ ਦੀ ਫ਼ਿਲਮ ‘ਜਬ ਹੈਰੀ ਮੈੱਟ ਸੇਜ਼ਲ’ ਵੱਡੇ ਬਜਟ ਦੀ ਫ਼ਿਲਮ ਹੈ ਅਤੇ ਇਸ ਨੂੰ ਦੂਜੇ ਹਫ਼ਤੇ ‘ਚ ਵੀ ਵਧੀਆ ਵਪਾਰ ਕਰਨਾ ਹੋਵੇਗਾ। ਦੂਜੇ ਪਾਸੇ ਅਕਸ਼ੇ ਦੀ ਫ਼ਿਲਮ ਮੱਧ ਬਜਟ ਦੀ ਹੈ ਅਤੇ ਵੀਕੈਂਡ ‘ਤੇ ਹੀ ਚੰਗਾ ਵਪਾਰ ਕਰ ਕੇ ਇਹ ਫ਼ਿਲਮ ਸੁਰੱਖਿਅਤ ਹੋ ਸਕਦੀ ਹੈ। ਅਕਸ਼ੇ ਦੀਆਂ ਫ਼ਿਲਮਾਂ ਭਾਵੇਂ ਡੇਢ ਦੋ ਸੌ ਕਰੋੜ ਤਕ ਨਹੀਂ ਪਹੁੰਚਦੀਆਂ ਪਰ ਉਨ੍ਹਾਂ ਦੀਆਂ ਫ਼ਿਲਮਾਂ ਦਾ ਪ੍ਰਦਰਸ਼ਨ ਇਸ ਸਮੇਂ ਸਥਿਰ ਹੈ ਅਤੇ ਉਨ੍ਹਾਂ ਦੀਆਂ ਕੁਝ ਫ਼ਿਲਮਾਂ ਸਵਾ ਸੌ ਕਰੋੜ ਦੇ ਅੰਕੜੇ ਪਾਰ ਕਰ ਚੁੱਕੀਆਂ ਹਨ।











