ਕੁਛ ਤੋ ਲੋਗ ਕਹੇਂਗੇ, ਲੋਗੋਂ ਕਾ ਕਾਮ ਹੈ ਕਹਿਨਾ, ਇਹ ਗੀਤ ਦਹਾਕਿਆਂ ਤੋਂ ਲੋਕਾਂ ਦੇ ਮੂੰਹ ਚੜ੍ਹਿਆ ਹੋਇਆ ਹੈ। ਇਸ ਗੀਤ ਦੇ ਹਰਮਨ ਪਿਆਰਾ ਹੋਣ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਇਸ ਦੇ ਬੋਲ ਸਾਡੇ ਸਮਾਜ ਦੀ ਇੱਕ ਸਚਾਈ ਨੂੰ ਬਿਆਨ ਕਰਦੇ ਹਨ। ਬਹੁਤ ਸਾਰੇ ਕੰਮ ਅਸੀਂ ਮਜਬੂਰੀ ਵੱਸ ਸਮਾਜ ਦੇ ਡਰੋਂ ਕਰਦੇ ਹਾਂ। ਜੇ ਇਉਂ ਨਾ ਕੀਤਾ ਤਾਂ ਲੋਕ ਕੀ ਕਹਿਣਗੇ? ਜੇ ਵਿਆਹ ਸਾਦੇ ਢੰਗ ਨਾਲ ਕੀਤਾ ਤਾਂ ਭਾਈਚਾਰਾ ਕੀ ਕਹੇਗਾ? ਜੇ ਕੁੜੀ ਨੂੰ ਕਿਸੇ ਹੋ ਜ਼ਾਤ ਵਿੱਚ ਵਿਆਹ ਕਰਨ ਦੀ ਆਗਿਆ ਦੇ ਦਿੱਤੀ ਤਾਂ ਬਰਾਦਰੀ ਵਿੱਚ ਨੱਕ ਵੱਢੀ ਜਾਊ।
ਇੱਕ 35-36 ਵਰ੍ਹਿਆਂ ਦਾ ਬੇਰੁਜ਼ਗਾਰ ਨੌਜਵਾਨ ਮੇਰੇ ਕੋਲ ਨੌਕਰੀ ਲੈਣ ਆਇਆ। ਮੈਂ ਉਸਨੁੰ ਕਿਹਾ ਕਿ ਤੇਰੀ ਯੋਗਤਾ ਮੁਤਾਬਕ ਕੋਈ ਨੌਕਰੀ ਨਹੀਂ ਹੈ। ਤੂੰ ਇਉਂ ਕਰ ਆਪਣੇ ਘਰ ਦੇ ਲਾਗੇ ਚਾਗੇ ਕੋਈ ਛੋਟਾ ਮੋਟਾ ਧੰਦਾ ਕਰ ਲੈ ਜਾਂ ਫ਼ਿਰ ਕਿਸੇ ਹੋਸਟਲ ਦੇ ਮੈਸ ਦਾ ਠੇਕਾ ਦਿਵਾ ਦਿੰਦੇ ਹਾਂ। ਨਹੀਂ ਜੀ, ਇੲ ਕੰਮ ਕਰਦੇ ਅਸੀਂ ਠੀਕ ਲੱਗਾਂਗੇ। ਲੋਕ ਕੀ ਕਹਿਣਗੇ ਕਿ ਆਹਲੂਵਾਲੀਏ ਸਰਦਾਰਾਂ ਦੇ ਮੁੰਡੇ ਆਹ ਕੰਮ ਕਰਨ ਲੱਗ ਪਏ। ਮੈਂ ਕਿਹਾ ਕਿ ਜਿਹੜੇ ਲੋਕਾਂ ਦੇ ਡਰੋਂ ਤੁਸੀਂ 37 ਵਰ੍ਹਿਆਂ ਤੱਕ ਬੇਰੁਜ਼ਗਾਰ ਫ਼ਿਰ ਰਹੇ ਹੋ, ਉਹ ਤੁਹਾਨੁੰ ਰੋਟੀ ਦੇ ਦੇਣਗੇ? ਅਜਿਹੇ ਅਨੇਕਾਂ ਲੋਕ ਤੁਹਾਨੂੰ ਆਪਣੇ ਆਲੇ-ਦੁਆਲੇ ਮਿਲ ਜਾਣਗੇ ਜੋ ‘ਲੋਕ ਕੀ ਕਹਿਣਗੇ’ ਦਾ ਬਹਾਨਾ ਲਾਉਂਦੇ ਵਿਹਲੇ ਰਹਿ ਰਹੇ ਹਨ। ਅੱਜ ਇਸੇ ਸਮਾਜ ਦੇ ਡਰੋਂ ਅਨੇਕਾਂ ਨੌਜਵਾਨ ਪ੍ਰੇਮੀਆਂ ਦੀ ਜ਼ਿੰਦਗੀ ਦੁੱਭਰ ਹੋਈ ਪਈ ਹੈ। ਇਸ ਸਮਾਜ ਵਿੱਚ ਆਪਣੀ ਨੱਕ ਬਚਾਉਣ ਖਾਤਰ ਆਪਣੀਆਂ ਜੰਮੀਆਂ ਧੀਆਂ ਦੇ ਕਤਲ ਕਰਨ ਦੀਆਂ ਅਨੇਕਾਂ ਘਟਨਾਵਾਂ ਰੋਜ਼ਾਨਾ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ। ਵਿਆਹਾਂ ਸ਼ਾਦੀਆਂ ਤੇ ਬੇਹਿਸਾਬਾ ਖਰਚ ਕਰਨ ਦਾ ਕਾਰਨ ਵੀ ਸਮਾਜ ਅਤੇ ਬਰਾਦਰੀ ਵਿੱਚ ਆਪਣੀ ਇੱਜਤ ਬਣਾਉਣਾ ਜਾਂ ਬਚਾਉਣਾ ਹੁੰਦਾ ਹੈ। ਅਸਲ ਵਿੱਚ ਅਸੀਂ ਜ਼ਿੰਦਗੀ ਵਿੱਚ ਬਹੁਤ ਕੁਝ ਦੂਜਿਆਂ ਦੇ ਮੁਤਾਬਕ ਕਰਦੇ ਹਾਂ। ਕੱਪੜੇ ਲੋਕਾਂ ਸਾਹਮਣੇ ਸੋਹਣੇ ਦਿੱਸਣ ਲਈ ਪਾਉਂਦ ਹਾਂ। ਮਕਾਨ ਸਿਰਫ਼ ਰਹਿਣ ਲਈ ਨਹੀਂ ਸਗੋਂ ਅਮੀਰੀ ਦੇ ਵਿਖਾਵੇ ਲਈ ਵੀ ਬਣਾਏ ਜਾਂਦੇ ਹਨ। ਮਹਿੰਗੀਆਂ ਕਾਰਾਂ ਨੂੰ ਵੀ ਇਸੇ ਪ੍ਰਸੰਗ ਵਿੱਚ ਵੇਖਿਆ ਜਾ ਸਕਦਾ ਹੈ। ਜਦੋਂ ਕੋਈ ਜ਼ਿੰਦਗੀ ਆਪਣੇ ਮੁਤਾਬਕ ਜਿਊਣ ਦੀ ਕੋਸ਼ਿਸ਼ ਕਰਦਾ ਹੈ ਤਾਂ ਸਮਾਜ ਵੱਲੋਂ ਵਿਰੋਧ ਅਤੇ ਨੁਕਤਾਚੀਨੀ ਹੋਣਾ ਸੁਭਾਵਿਕ ਹੈ।
ਦੁਨੀਆਂ ਦਾ ਇਤਿਹਾਸ ਦੱਸਦਾ ਹੈ ਕਿ ਜਿਸ ਵੀ ਧਰਮ ਗੁਰੂ, ਵਿਗਿਆਨੀ ਜਾਂ ਸਮਾਜਿਕ ਅਤੇ ਸਿਆਸੀ ਨੇਤਾ ਨੇ ਲੀਹ ਤੋਂ ਹਟ ਕੇ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਨੁੰ ਸਮਾਜ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਸ ਕਿਸਮ ਦੇ ਸਵਾਲ ਅਕਸਰ ਵਿਦਿਆਰਥੀ ਪੁੱਛਦੇ ਰਹਿੰਦੇ ਹਨ। ਇਹ ਸਵਾਲ ਵੀ ਮੇਰੇ ਸਾਹਮਣੇ ਕਈ ਵਾਰ ਆਇਆ ਹੈ ਕਿ ਜੇ ਤੁਹਾਡੀ ਕਿਸੇ ਗੱਲ ਦਾ ਸਮਾਜ ਵਿਰੋਧ ਕਰੇ ਤਾਂ ਕੀ ਕਰਨਾ ਚਾਹੀਦਾ ਹੈ। ਇਸ ਸਬੰਧ ਵਿੱਚ ਮੈਂ ਬੱਚਿਆਂ ਨੂੰ ਇੱਕ ਪ੍ਰਚੱਲਿਤ ਕਹਾਣੀ ਸੁਣਾ ਦਿੰਦਾ ਹਾਂ। ਤੁਸੀਂ ਵੀ ਸੁਣੋ:
”ਇੱਕ ਵਾਰ ਇੱਕ ਆਸ਼ਰਮ ਵਿੱਚ ਰਹਿਣ ਵਾਲੇ ਚੇਲਿਆਂ ਨੇ ਗੁਰੂ ਨੂੰ ਇਹੀ ਸਵਾਲ ਕੀਤਾ ਕਿ ਜੇ ਕੁਝ ਨਵਾਂ ਕਰਨ ਲੱਗੋ ਤਾਂ ਸਮਾਜ ਵਿਰੋਧ ਕਰੇ ਤਾਂ ਉਹ ਕੀ ਕਰਨ। ਗੁਰੂ ਨੇ ਸਾਰੇ ਚੇਲਿਆਂ ਨੂੰ ਇੱਕ ਵੱਡੇ ਤਲਾਅ ਦੇ ਕਿਨਾਰੇ ‘ਤੇ ਇੱਕੱਠਾ ਕਰ ਲਿਆ। ਗੁਰੂ ਜੀ ਨੇ ਇੱਕ ਚੇਲੇ ਨੂੰ ਮੱਛੀ ਫ਼ੜਨ ਲਈ ਕਿਹਾ। ਚੇਲੇ ਨੇ ਕਾਂਟੇ ਨਾਲ ਆਟਾ ਲਾਇਆ ਅਤੇ ਪਾਣੀ ਵਿੱਚ ਡੰਡੀ ਨੂੰ ਸੁੱਟਿਆ। ਵੇਖਦੇ ਵੇਖਦੇ ਇੱਕ ਵੱੜੀ ਮੱਛੀ ਫ਼ਸ ਗਈ। ਗੁਰੂ ਨੇ ਪੂਰੇ ਜ਼ੋਰ ਨਾਲ ਡੰਡੀ ਨੂੰ ਬਾਹਰ ਖਿੱਚਣ ਦਾ ਆਦੇਸ਼ ਦਿੱਤਾ। ਚੇਲੇ ਨੇ ਪੂਰਾ ਜ਼ੋਰ ਲਾਇਆ ਅਤੇ ਉਧਰ ਮੱਛੀ ਨੇ ਵੀ ਪੂਰਾ ਜ਼ੋਰ ਲਾ ਕੇ ਵਿਰੋਧ ਕੀਤਾ। ਫ਼ਲਸਰੂਪ ਡੰਡੀ ਟੁੱਟ ਗਈ। ਇਸ ਤੋਂ ਬਾਅਦ ਦੂਜੇ ਚੇਲੇ ਨੂੰ ਕੋਸ਼ਿਸ਼ ਕਰਨ ਲਈ ਕਿਹਾ ਗਿਆ। ਦੂਜੀ ਵਾਰ ਵੀ ਵੱਡੀ ਮੱਛੀ ਫ਼ਸ ਗਈ। ਇਸ ਵਾਰ ਗੁਰ ਨੇ ਹੁਕਮ ਦਿੱਤਾ ਕਿ ਆਰਾਮ ਨਾਲ ਖਿੱਚੋ। ਜਦੋਂ ਉਹ ਆਰਾਮ ਨਾਲ ਖਿੱਚਣ ਲੱਗਾ ਤਾਂ ਮੱਛੀ ਨੇ ਜ਼ੋਰ ਲਾਇਆ ਅਤੇ ਡੰਡੀ ਚੇਲੇ ਦੇ ਹੱਥੋਂ ਛੁਟ ਗਈ। ਗੁਰੂ ਨੇ ਤੀਜੇ ਚੇਲੇ ਨੂੰ ਯਤਨ ਕਰਨ ਲਈ ਕਿਹਾ। ਇਸ ਵਾਰ ਵੀ ਵੱਡੀ ਮੱਛੀ ਫ਼ਸੀ ਪਰ ਇਸ ਵਾਰ ਗੁਰੂ ਨੇ ਇੱਕ ਜੁਗਤ ਦੱਸੀ, ਜਿੰਨੀ ਤਾਕਤ ਮੱਛੀ ਅੰਦਰ ਵੱਲ ਖਿੱਚ ਰਹੀ ਹੈ, ਉਨੀ ਤਾਕਤ ਨਾਲ ਬਾਹਰ ਵੱਲ ਖਿੱਚੋ। ਇਸ ਤਰ੍ਹਾਂ ਨਾਲ ਥੋੜ੍ਹੀ ਚਿਰ ਬਾਅਦ ਮੱਛੀ ਥੱਕ ਜਾਵੇਗੀ ਅਤੇ ਤੁਸੀਂ ਉਸਨੂੰ ਆਸਾਨੀ ਨਾਲ ਫ਼ੜ ਸਕੋਗੇ। ਇਸ ਜੁਗਤ ਨਾਲ ਮੱਛੀ ਫ਼ੜੀ ਗਈ। ਗੁਰੂ ਨੇ ਪ੍ਰਯੋਗ ਰਾਹੀਂ ਸੂਤਰ ਸਪਸ਼ਟ ਕੀਤਾ ਕਿ ਮੱਛੀਆਂ ਵੀ ਸਮਾਜ ਵਰਗੀਆਂ ਹਨ, ਜੋ ਤੁਹਾਡੇ ਕੁਝ ਕਰਨ ‘ਤੇ ਵਿਰੋਧ ਕਰਦੀਆਂ ਹਨ। ਜਦੋਂ ਤੁਸੀਂ ਜ਼ਿਆਦਾ ਵਿਰੋਧ ਕਰੋਗੇ ਤਾਂ ਟੁੱਟ ਜਾਓਗੇ। ਘੱਟ ਵਿਰੋਧ ਕਰੋਗ ਤਾਂ ਤੁਸੀਂ ਸਫ਼ਲ ਨਹੀਂ ਹੋ ਪਾਓਗੇ। ਜੇ ਤੁਸੀਂ ਪੂਰੀ ਜੁਗਤ ਅਤੇ ਸਾਵਧਾਨੀ ਨਾਲ ਉਨਾ ਹੀ ਜ਼ੋਰ ਲਗਾਉਗੇ, ਜਿੰਨਾ ਤੁਹਾਡਾ ਵਿਰੋਧੀ ਸਮਾਜ ਤਾਂ ਮੱਛੀ ਵਾਂਗ ਇਹ ਵਿਰੋਧੀ ਵੀ ਥੱਕ ਜਾਣਗੇ ਅਤੇ ਤੁਸੀਂ ਸਫ਼ਲ ਹੋ ਜਾਵੋਗੇ। ਸੂਤਰ ਸਪਸ਼ਟ ਹ ਕਿ ਜਦੋਂ ਸਮਾਜ ਵਿਰੋਧ ਕਰੇ ਤਾਂ ਸਮਾਨ ਬਲ ਸਿਧਾਂਤ ਦਾ ਪ੍ਰਯੋਗ ਕਰੋ। ਇਹੀ ਹੈ ਜਿੱਤ ਦਾ ਮੰਤਰ।
ਏ ਬਾਬੁਲ ਮੁਜੇ ਦਹੇਜ ਦੇਕਰ ਵਿਦਾ ਨਾ ਕਰ
ਉਤਰ ਪ੍ਰਦੇਸ਼ ਦਾ ਜ਼ਿਲ੍ਹਾ ਹੈ ਸਹਾਰਨਪੁਰ। ਜ਼ਿਲ੍ਹਾ ਸਹਾਰਨਪਰ ਦੇ ਥਾਣਾ ਗੰਗੋਹ ਦਾ ਵਾਕਿਆ ਸੁਣਾ ਰਿਹਾ ਹਾਂ। ਪਿਛਲੇ ਹਫ਼ਤੇ 16 ਜੁਲਾਈ ਵਾਲੇ ਦਿਨ ਗੰਗੋਹ ਦੇ ਪ੍ਰਭਾ ਗਾਰਡਨ ਇਲਾਕੇ ਵਿੱਚ ਵਾਹਵਾ ਗਹਿਮਾ ਗਹਿਮੀ ਸੀ, ਜਸ਼ਨ ਦਾ ਮਾਹੌਲ ਸੀ। ਇਹ ਜਸ਼ਨ ਡਡਾਹੇੜੀ ਦੇ ਇੱਕ ਨਿਵਾਸੀ ਦੀ ਬੇਟੀ ਦੇ ਨਿਕਾਹ ਦਾ ਸੀ ਨਿਕਾਹ ਲਈ ਸ਼ਾਮਲੀ ਦੇ ਭੂਰਾ ਕਨੇਲਾ ਦਾ ਪਰਵੇਜ਼ ਬਰਾਤ ਲੈ ਕੇ ਆਇਆ ਸੀ। ਸਭ ਕੁਝ ਠੀਕ ਚੱਲ ਰਿਹਾ ਸੀ ਕਿ ਅਚਾਨਕ ਰੌਲਾ ਪੈ ਗਿਆ। ਘਟਨਾ ਵਾਪਰੀ ਕਿ ਨਿਕਾਹ ਤੋਂ ਪਹਿਲਾਂ ਦੁਲਹਾ ਮੀਆਂ ਨੇ ਕਾਰ ਦੀ ਮੰਗ ਰੱਖ ਦਿੱਤੀ। ਕਾਰ ਵੀ ਆਮ ਨਹੀਂ, ਮਹਿੰਗੀ ਕਾਰ ਦੀ ਮੰਗ। ਪਰਵੇਜ਼ ਦਾ ਕਹਿਣਾ ਸੀ ਕਿ ਮੈਨੂੰ ਫ਼ਾਰਚੂਨਰ ਕਾਰ ਚਾਹੀਦੀ ਹੈ, ਫ਼ਿਰ ਹੀ ਨਿਕਾਹ ਕਰਾਂਗਾ।
ਸਿਆਣੇ ਬਜ਼ੁਰਗਾਂ ਨੇ ਬਥੇਰਾ ਸਮਝਾਇਆ। ਦੁਲਹਨ ਦੇ ਪਿਤਾ ਨੇ ਬਹੁਤ ਮਿੰਨਤਾਂ ਤਰਲੇ ਕੀਤੇ। ਉਧਰ ਲੜਕੀ ਨਵੇਂ ਜ਼ਮਾਨੇ ਦੀ ਪੜ੍ਹੀ ਲਿਖੀ ਲੜਕੀ ਸੀ। ਉਹ ਹੈਰਾਨ ਸੀ ਲੜਕੇ ਦੇ ਵਿਵਹਾਰ ‘ਤੇ ਸ਼ਰੇਆਮ ਨੀਲਾਮੀ ਦੀ ਮੋਹਰ ਲੱਗ ਰਹੀ ਸੀ ਲੜਕੇ ਦ ਮੱਥੇ ‘ਤੇ। ਪਰ ਫ਼ਿਰ ਵੀ ਉਹ ਸੀਨਾ ਤਾਣ ਕੇ ਖੜ੍ਹਾ ਸੀ। ਦੁਲਹਨ ਸੋਚ ਰਹੀ ਸੀ ਕਿ ਇਸ ਵਿਕਾਊ ਲੜਕੇ ਦੀ ਇੰਨੀ ਜ਼ੁਅਰਤ ਕਿ ਮੇਰੇ ਪਿਓ ਦੀ ਇੱਜਤ ਨੂੰ ਹੱਥ ਪਾਵੇ। ਉਸਨੇ ਲੜਕੇ ਨੂੰ ਉਸਦੀ ਔਕਾਤ ਦਿਖਾਉਣ ਦਾ ਨਿਰਣਾ ਕਰ ਲਿਆ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਵਾੰਗਰਿਆ। ਦੁਲਹਨ ਦੀ ਵੰਗਾਰ ਸੁਣ ਕੇ ਲੜਕੀ ਵਾਲਿਆਂ ਨੇ ਬਰਾਤੀਆਂ ਨੂੰ ਬੰਧਕ ਬਣਾ ਲਿਆ। ਕੁੜੀ ਨੇ ਅਜਿਹੇ ਲਾਲਚੀ ਮੁੰਡੇ ਨਾਲ ਵਿਆਹ ਤੋਂ ਇਨਕਾਰ ਕਰ ਦਿੱਤਾ। ਪੁਲਿਸ ਬੁਲਾਈ ਗਈ। ਜ਼ਿਲ੍ਹਾ ਪੁਲਿਸ ਮੁਖੀ ਪ੍ਰਬਲ ਪ੍ਰਾਪਤ ਸਿੰਘ ਦੇ ਦੱਸਣ ਮੁਤਾਬਕ ਲਾਲਚੀ ਦੁਲਹੇ ਅਤੇ ਹੋਰ ਬਰਤੀਆਂ ਨੂੰ ਦੇਰ ਰਾਤ ਜਾ ਕੇ ਛੁਡਾਇਆ ਗਿਆ। ਬਹੁਤ ਬੇਇਜ਼ਤ ਹੋ ਕੇ ਬਰਾਤ ਖਾਲੀ ਹੱਥ ਵਾਪਸ ਆਈ ਇਸ ਘਟਨਾ ਦੀ ਮੀਡੀਆ ਵਿੱਚ ਚਰਚਾ ਦੇ ਨਾਲ ਨਾਲ ਲੜਕੀ ਦੀ ਹਿੰਮਤ ਵਾਲੇ ਕਦਮ ਦੀ ਪ੍ਰਸੰਸਾ ਇਲਾਕੇ ਭਰ ਵਿੱਚ ਹੋ ਰਹੀ ਹੈ।
ਇਸ ਕਿਸਮ ਦੀ ਇੱਕ ਹੋਰ ਘਟਨਾ ਹਰਿਆਣਾ ਪ੍ਰਾਂਤ ਦੇ ਪਲਵਨ ਦੀ ਹੈ। ਇੱਥੇ ਰਾਜਸਥਾਨ ਦੇ ਮਰਤਪੁਰ ਦਾ ਫ਼ਰੀਦ ਕੁਰੈਸ਼ੀ ਨਾਮ ਦਾ ਲਾਲਚੀ ਬੰਦਾ ਬਰਾਤ ਲੈ ਕੇ ਪਲਵਨ ਪਹੁੰਚਿਆ। ਇੱਥੇ ਵੀ ਦੁਲਹੇ ਨੇ ਨਿਕਾਹ ਤੋਂ ਪਹਿਲਾਂ ਦਾਜ ਦੀ ਮੰਗ ਰੱਖ ਦਿੱਤੀ। ਪਲਵਨ ਦੀ ਕੁੜੀ ਨੇ ਵੀ ਹਿੰਮਤ ਵਿਖਾਈ। ਕੁੜੀ ਵਾਲਿਆਂ ਨੇ ਵਿਆਹੁਲੇ ਮੁੰਡੇ, ਉਸਦੇ ਭਾਈ ਅਤੇ ਦੋ ਹੋਰ ਰਿਸ਼ਤੇਦਾਰਾਂ ਨੂੰ ਬੰਧਕ ਬਣਾ ਲਿਆ। ਮੁੰਡੇ ਵਾਲਿਆਂ ਨੇ ਮਿੰਨਤਾਂ ਕੀਤੀਆਂ ਪਰ ਕੁੜੀ ਵਾਲਿਆਂ ਨੇ ਪੰਚਾਇਤ ਬੁਲਾ ਲਈ। ਪੰਚਾਇਤ ਨੇ ਫ਼ੈਸਲਾ ਕੀਤਾ ਕਿ ਕੁੜੀ ਵਾਲਿਆਂ ਦੇ ਹੋਏ ਖਰਚੇ ਦੇ ਇਵਜ਼ ਵਿੱਚ ਚਾਰ ਬਿਖੇ ਜ਼ਮੀਨ ਕੁੜੀ ਨਾਮ ਲਵਾਈ ਜਾਵੇ। ਮੁੰਡੇ ਦੇ ਲਾਲਚ ਦੀ ਸਜਾ ਚਾਰ ਬਿਘੇ ਜਮੀਨ ਕੁੜੀ ਦੇ ਨਾਮ ਲਵਾਈ ਗਈ ਤਾਂ ਜਾ ਕੇ ਕੇਸ ਰਫ਼ਾ-ਦਫ਼ਾ ਹੋਇਆ।
ਇਸੇ ਲੜੀ ਵਿੱਚ ਤੀਜੀ ਘਟਨਾ ਬਾਰੇ ਵੀ ਜਾਣਕਾਰੀ ਲੈ ਲਵੋ। ਇਹ ਘਟਨਾ ਬਿਹਾਰ ਦੇ ਗਯਾ ਜ਼ਿਲ੍ਹੇ ਦੇ ਥਾਣਾ ਬਜ਼ੀਰਗੰਜ ਦੀ ਹੈ। ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਮਿਰਗਪੁਰ ਪਿੰਡ ਦੇ ਨਿਵਾਸੀ ਭੋਲਾ ਯਾਦਵ ਦੀ ਬੇਟੀ ਦਾ ਵਿਆਹ ਬੁਨਿਆਦ ਗੰਜ ਦੇ ਵਿਰੇਂਦਰ ਕੁਮਾਰ ਦੇ ਪੁੱਤਰ ਰੰਜੀਤ ਕੁਮਾਰ ਨਾਲ ਹੋਣਾ ਤਹਿ ਹੋਇਆ। ਗੱਜ ਵੱਜ ਕੇ ਬਰਾਤ ਪਹੁੰਚ ਗਈ। ਬਰਾਤ ਦੀ ਖੂਬ ਸੇਵਾ ਹੋਈ। ਸ਼ਾਦੀ ਦੀਆਂ ਰਸਮਾਂ ਬਹੁਤ ਚੰਗੇ ਮਾਹੌਲ ਵਿੱਚ ਪੂਰੀਆਂ ਕੀਤੀਆਂ ਗਈਆਂ ਕਿ ਅਚਾਨਕ ਬਰਮਾਲਾ ਤੋਂ ਬਾਅਦ ਮੁੰਡੇ ਦਾ ਪਿਓ ਦਾਜ ਮੰਗਣ ਲੱਗਾ। ਜਦੋਂ ਪਿਓ ਦਾਜ ਮੰਗ ਰਿਹਾ ਸੀ, ਉਸੇ ਵੇਲੇ ਮੁੰਡਾ ਉਥੋਂ ਫ਼ਰਾਰ ਹੋ ਗਿਆ। ਕੁੜੀ ਵਾਲਿਆਂ ਨੇ ਮੁੰਡੇ ਦੇ ਪਿਤਾ ਵਰੇਂਦਰ ਕੁਮਾਰ, ਦਾਦਾ ਪੁਨਾਈ ਯਾਦਵ, ਚਾਚਾ ਰਾਮਚੰਦ ਯਾਦਵ ਅਤੇ ਦੁਲਹੇ ਦੇ ਭਣੋਈਏ ਸੁਧੀਰ ਯਾਦਵ ਨੂੰ ਬੰਦੀ ਬਣਾ ਲਿਅ। ਪੁਲਿਸ ਨੇ ਆ ਕੇ ਉਹਨਾਂ ਨੂੰ ਛੁਡਾਇਆ ਅਤੇ ਕੇਸ ਦਰਜ ਕੀਤਾ।
ਉਕਤ ਤਿੰਨੇ ਵਾਰਦਾਤਾਂ ਇੱਕ ਖਾਸ ਦਿਸ਼ਾ ਵੱਲ ਸੰਕੇਤ ਕਰ ਰਹੀਆਂ ਹਨ। ਉਹ ਹੈ ਅੱਜਕਲ੍ਹ ਕੁੜੀਆਂ ਇਸ ਪੱਖੋਂ ਜਾਗਰੂਕ ਹੋ ਰਹੀਆਂ ਹਨ ਕਿ ਲਾਲਚੀ ਬੰਦਿਆਂ ਤੋਂ ਬਚ ਕੇ ਰਹਿਣਾ ਹੈ ਅਤੇ ਉਹਨਾਂ ਨੂੰ ਸਬਕ ਸਿਖਾਉਣਾ ਹੈ। ਉਹਨਾਂ ਨੂੰ ਇਹ ਸਮਝ ਆ ਰਹੀ ਹੈ ਕਿ ਜੋ ਥੋੜ੍ਹੇ ਜਿਹੇ ਪੈਸਿਆਂ ਖਾਤਰ ਮੰਗਤਿਆਂ ਵਾਂਗ ਹੱਥ ਅੱਡ ਕੇ ਖੜ੍ਹ ਜਾਂਦੇ ਹਨ, ਉਹ ਜ਼ਿੰਦਗੀ ਭਰ ਇਹ ਮੰਗਣਾ ਜਾਰੀ ਰੱਖਣਗੇ। ਸ਼ਾਇਦ ਉਹਨਾਂ ਬੱਚੀਆਂ ਨੂੰ ਇਹ ਗੱਲ ਵੀ ਸਮਝ ਆ ਗਈ ਹੈ:
ਦਹੇਜ ਇੱਕ ਪ੍ਰਥਾ ਨਹੀਂ ਹੈ
ਭੀਖ ਮੰਗਣ ਦਾ ਸਮਾਜਿਕ ਤਰੀਕਾ ਹੈ
ਫ਼ਰਕ ਇੰਨਾ ਹੀ ਹੈ ਬੱਸ ਕਿ
ਇੱਥੇ ਦੇਣ ਵਾਲੇ ਦੀ ਗਰਦਨ ਝੁਕੀ ਹੈ
ਲੈਣ ਵਾਲੇ ਦੀ ਆਕੜ ਵਧੀ ਹੈ।
ਮੈਨੂੰ ਲੱਗ ਰਿਹਾ ਹੈ ਕਿ ਉਹ ਕੁੜੀ ਮੈਨੂੰ ਅਤੇ ਤੁਹਾਨੂੰ ਕਹਿ ਰਹੀ ਹੈ
ਲੜਕੀ ਹੂੰ ਮੈਂ, ਨਹੀਂ ਕੋਈ ਸਮਾਨ,
ਮਤ ਬੇਚੋ ਮੁਝੇ, ਬਾਜ਼ਾਰ ਕੇ ਦਾਮ
ਸ਼ੇਅਰ ਮਾਰਕੀਟ ਕਾ ਮੈਂ ਕੋਈ ਦਾਮ ਨਹੀਂ
ਮੇਰੀ ਜ਼ਿੰਦਗੀ ਇਤਨੀ ਭੀ ਆਮ ਨਹੀਂ
ਮੇਰੇ ਅੰਦਰ ਦਾ ਗੁੱਸਾ ਹੈ ਜੋ ਮੈਨੂੰ ਹਰ ਰੋਜ਼ ਅਖਬਾਰਾਂ ‘ਚ ਛਪੀਆਂ ਖਬਰਾਂ ਨੁੰ ਪੜ੍ਹ ਕੇ ਆਉਂਦਾ ਹੈ। ਜਿਸ ਵਿੱਚ ਦੱਸਿਆ ਜਾਂਦਾ ਹੈ ਕਿ ਦਾਜ ਦੀ ਖਾਤਰ ਜਿੰਦਾ ਜਲਾ ਦਿੱਤਾ ਜਾਂ ਦਾਜ ਦੀ ਮੰਗ ਤੋਂ ਤੰਗ ਆ ਕੇ ਕੁੜੀ ਨੇ ਆਤਮ ਹੱਤਿਆ ਕਰ ਲਈ। ਮੈਂ ਇੱਕ ਧੀ ਹਾਂ, ਜਦੋਂ ਆਪਣੀ ਮਾਂ ਨੂੰ ਮੇਰੇ ਵਿਆਹ ਦੀ ਚਿੰਤਾ ਵਿੱਚ ਉਦਾਸ ਅਤ ਨਿਰਾਸ਼ ਦੇਖਦੀ ਹਾਂ ਤਾਂ ਮੈਨੂੰ ਇਯ ਸਮਾਜ ‘ਤੇ ਗੁੱਸਾ ਆਉਂਦਾ ਹੈ। ਇਹਨਾਂ ਰੀਤੀ, ਰਿਵਾਜਾਂ ਅਤੇ ਰਸਮਾਂ ਬਣਾਉਣ ਵਾਲਿਆਂ ਅਤੇ ਮੰਨਣ ਵਾਲਿਆਂ ‘ਤੇ ਗੁੱਸਾ ਆਉਂਦਾ ਹੈ। ਇਹ ਦਾਜ ਪ੍ਰਥਾ ਨੂੰ ਵਧਾਉਣ ਵਾਲੇ ਚੰਦ ਕੁ ਅਮੀਰ ਲੋਕ ਹੁੰਦੇ ਹਨ ਜੋ ਆਪਣੇ ਪਿਆਰ ਦਾ ਪ੍ਰਗਟਾਵਾ ਕਾਰਾਂ ਅਤੇ ਹੋਰ ਮਹਿੰਗੇ ਮਹਿੰਗੇ ਤੋਹਫ਼ੇ ਦੇ ਕੇ ਕਰਦੇ ਹਨ। ਉਹਨਾਂ ਦਾ ਇਹ ਵਿਖਾਵਾ ਅਣਜਾਣੇ ਵਿੱਚ ਹੀ ਮੇਰੇ ਵਰਗੀਆਂ ਗਰੀਬ ਘਰਾਂ ਦੀ ਆਂ ਕੁੜੀਆਂ ਨੂੰ ਬਹੁਤ ਵਾਰ ਖੁਦਕੁਸ਼ੀਆਂ ਦੇ ਰਾਹ ਪਾ ਦਿੰਦਾ ਹੈ। ਮੱਧ ਸ਼੍ਰੇਣੀ ਦੇ ਲਾਲਚੀ ਲੋਕ ਵੀ ਵੱਡੇ ਦਾਜ ਦੀ ਮੰਗ ਕਰਨ ਲੱਗਦੇ ਹਨ। ਕੰਨਿਆ ਭਰੂਣ ਹੱਤਿਆ ਦਾ ਇੱਕ ਕਾਰਨ ਦਾਜ ਪ੍ਰਥਾ ਵੀ ਹੈ। ਮੈਂ ਕਸਮ ਖਾਂਦੀ ਹਾਂ ਕਿ ਮੈਂ ਉਸ ਬੰਦੇ ਨਾਲ ਵਿਆਹ ਨਹੀਂ ਕਰਾਵਾਂਗੀ ਜੋ ਦਾਜ ਨੂੰ ਸਵੀਕਾਰ ਕਰੇਗਾ ਅਤੇ ਇਹੀ ਮੈਂ ਆਪਣੀਆਂ ਹੋਰ ਭੈਣਾਂ ਨੂੰ ਵੀ ਕਹਿ ਰਹੀ ਹਾਂ।”
ਸਮੇਂ ਦੀ ਲੋੜ ਹੈ ਕਿ ਸਮਾਜ ਵਿੱਚ ਹਿੰਮਤ ਵਾਲੀਆਂ ਕੁੜੀਆਂ ਨੂੰ ਪ੍ਰੇਰਿਤ ਕੀਤਾ ਜਾਵੇ ਕਿ ਉਹ ਲਾਲਚੀ ਲੋਕਾਂ ਦਾ ਡਟ ਕੇ ਵਿਰੋਧ ਕਰਨ। ਦੂਜੇ ਪਾਸੇ ਨੌਜਵਾਨਾਂ ਨੂੰ ਇਸ ਸਮਾਜਿਕ ਲਾਹਨਤ ਨੂੰ ਗਲੋਂ ਲਾਹੁਣ ਲਈ ਅੱਗੇ ਆਉਣਾ ਚਾਹੀਦਾ ਹੈ। ਕੁੜੀਆਂ ਵੀ ਇਉਂ ਕਹਿਣ ਤਾਂ ਚੰਗਾ ਹੈ:
ਤੇਰੀ ਹੀ ਬਗੀਆ ਮੇਂ ਖਿਲੀ
ਤਿਤਲੀ ਬਣ ਆਸਮਾਂ ਮੇਂ ਉਡੀ ਹੂੰ
ਮੇਰੀ ਉਡਾਣ ਕੋ ਤੂੰ ਸ਼ਰਮਿੰਦਾ ਨਾ ਕਰ
ਏ ਬਾਬੁਲ ਮੁਝੇ ਦਹੇਜ ਦੇਕਰ ਵਿਦਾ ਨਾ ਕਰ।















