ਮਾਨਸਾ (Ajit Weekly News): ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਇੱਕ ਹੋਰ ਖ਼ੁਲਾਸਾ ਹੋਇਆ ਹੈ ਜਿਸ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਮੂਸੇਵਾਲਾ ‘ਤੇ ਜਦੋਂ ਹਮਲਾ ਹੋਇਆ ਤਾਂ ਉਸ ਸਮੇਂ ਉਸ ਕੋਲ ਜਿਹੜੀ ਪਿਸਤੌਲ ਸੀ, ਉਸ ‘ਚ ਸਿਰਫ਼ ਦੋ ਹੀ ਗੋਲੀਆਂ ਸਨ। ਇਸ ਖ਼ੁਲਾਸੇ ਤੋਂ ਬਾਅਦ ਇਸ ਮਾਮਲੇ ਨੇ ਇੱਕ ਨਵਾਂ ਮੋੜ ਲੈ ਲਿਆ ਹੈ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਕਿਸੇ ਨੇ ਸਾਜ਼ਿਸ਼ ਤਹਿਤ ਮੂਸੇਵਾਲਾ ਦੀ 45 ਬੋਰ ਦੀ ਪਿਸਟਲ ‘ਚੋਂ ਬਾਕੀ ਦੀਆਂ ਗੋਲੀਆਂ ਕੱਢ ਲਈਆਂ ਸਨ।
ਅਜੇ ਤਕ ਇਸ ਗੱਲ ਬਾਰੇ ਕੋਈ ਖ਼ੁਲਾਸਾ ਨਹੀਂ ਹੋਇਆ ਕਿ ਇਸ ਸਾਜ਼ਿਸ਼ ‘ਚ ਕੌਣ ਸ਼ਾਮਿਲ ਹੋ ਸਕਦੈ। ਮੂਸੇਵਾਲਾ ਕੋਲ ਜਿਹੜੀ ਪਿਸਟਲ ਸੀ ਉਸ ‘ਚ ਕੁੱਲ ਨੌਂ ਗੋਲੀਆਂ ਲੋਡ ਕੀਤੀਆਂ ਜਾ ਸਕਦੀਆਂ ਸਨ। ਖ਼ੁਦ ਨੂੰ ਹਮਲਾਵਰਾਂ ਦਰਮਿਆਨ ਘਰਿਆ ਪਾ ਕੇ ਮੂਸਾਵਾਲਾ ਨੇ ਆਪਣੀ ਪਿਸਤੌਲ ਕੱਢ ਕੇ ਫ਼ਾਇਰ ਕੀਤੇ, ਪਰ ਉਸ ‘ਚੋਂ ਸਿਰਫ਼ ਦੋ ਗੋਲੀਆਂ ਹੀ ਨਿਕਲੀਆਂ।
ਇਸ ਗੱਲ ਦਾ ਵਰਣਨ ਮੂਸੇਵਾਲਾ ਨਾਲ ਮੌਜੂਦ ਇੱਕ ਸਾਥੀ ਨੇ ਇੱਕ ਸਥਾਨਕ ਵਿਧਾਇਕ ਦੇ ਸਾਹਮਣੇ ਕੀਤਾ। ਜਿਸ ਸਮੇਂ ਹਮਲਾਵਰਾਂ ਦੀ ਗੱਡੀ ਮੂਸੇਵਾਲਾ ਦਾ ਪਿੱਛਾ ਕਰ ਰਹੀ ਸੀ, ਉਸ ਨੂੰ ਇਹ ਅਹਿਸਾਸ ਹੋ ਗਿਆ ਸੀ ਕਿ ਖ਼ਤਰਾ ਉਸ ਦੇ ਪਿੱਛੇ ਹੈ। ਮੂਸੇਵਾਲਾ ਨੇ ਆਪਣੇ ਨਾਲ ਮੌਜੂਦ ਸਾਥੀਆਂ ਨੂੰ ਇਸ ਸਬੰਧ ‘ਚ ਪਹਿਲਾਂ ਹੀ ਐਲਰਟ ਕਰ ਦਿੱਤਾ ਸੀ। ਅਜੇ ਇਹ ਚਰਚਾ ਚੱਲ ਹੀ ਰਹੀ ਸੀ ਕਿ ਹਮਲਾਵਰਾਂ ਨੇ ਮੂਸੇਵਾਲਾ ਦੀ ਮਹਿੰਦਰਾ ਥਾਰ ਟਰੱਕ ਦੇ ਟਾਇਰ ‘ਤੇ ਗੋਲੀਆਂ ਚਲਾ ਦਿੱਤੀਆਂ।















