ਸਿੱਧੂ ਤੇ ਰਵਨੀਤ ਬਿੱਟੂ ਮਗਰੋਂ ਹੁਣ ‘ਜਾਖੜ’ ਨੇ ਵੀ ਕੀਤੀ ਮੰਗ, ‘ਜਨਤਕ ਕੀਤੀ ਜਾਵੇ SIT ਦੀ ਰਿਪਰੋਟ’

ਚੰਡੀਗੜ੍ਹ : ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਤੋਂ ਬਾਅਦ ਹੁਣ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਵੀ ਕੋਟਕਪੂਰਾ, ਬਹਿਬਲਕਲਾਂ ਗੋਲੀਕਾਂਡ ਮਾਮਲੇ ਦੀ ਰਿਪੋਰਟ ਜਨਤਕ ਕਰਨ ਦਾ ਸਮਰਥਨ ਕੀਤਾ ਹੈ। ਵੀਰਵਾਰ ਨੂੰ ਇੱਕ ਬਿਆਨ ਵਿਚ ਜਾਖੜ ਨੇ ਕਿਹਾ ਕਿ ਜੇਕਰ ਕੋਈ ਕਾਨੂੰਨੀ ਅੜਚਨ ਨਾ ਹੋਵੇ ਤਾਂ ਸਰਕਾਰ ਨੂੰ ਰਿਪੋਰਟ ਜਨਤਕ ਕਰ ਦੇਣੀ ਚਾਹੀਦੀ ਹੈ।
ਉਨ੍ਹਾਂ ਨੇ ਕਿਹਾ ਕਿ ਆਖ਼ਰ ਸੂਬੇ ਦੇ ਲੋਕਾਂ ਨੂੰ ਸੱਚ ਪਤਾ ਲੱਗਣਾ ਚਾਹੀਦਾ ਹੈ ਕਿ ਕਿਹੜੇ ਲੋਕ ਸਨ, ਜਿਨ੍ਹਾਂ ਦੀ ਸ਼ਹਿ ’ਤੇ ਅਜਿਹੀਆਂ ਨਿੰਦਣਯੋਗ ਘਟਨਾਵਾਂ ਹੋਈਆਂ ਸਨ। ਜਾਖੜ ਨੇ ਕਿਹਾ ਕਿ ਕਿਸੇ ਨੂੰ ਵੀ ਮੁੱਖ ਮੰਤਰੀ ਦੀ ਕਾਬਲੀਅਤ ਅਤੇ ਸਮਰੱਥਾ ’ਤੇ ਸ਼ੱਕ ਨਹੀਂ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਜਦੋਂ ਅਕਾਲੀ ਦਲ ਦਿੱਲੀ ਵਿਚ ਭਾਰਤੀ ਜਨਤਾ ਪਾਰਟੀ ਨਾਲ ਹਿੱਸੇਦਾਰ ਸੀ ਤਾਂ ਕੇਂਦਰ ਸਰਕਾਰ ਨੇ ਸੀ. ਬੀ. ਆਈ. ਦੇ ਮਾਰਫ਼ਤ ਇਸ ਕੇਸ ਦੀ ਜਾਂਚ ਨੂੰ ਲਟਕਾਉਣ ਦੀ ਕੋਸ਼ਿਸ਼ ਕੀਤੀ ਸੀ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਕਾਨੂੰਨੀ ਤਰੀਕੇ ਨਾਲ ਸੀ. ਬੀ. ਆਈ. ਤੋਂ ਫਾਈਲਾਂ ਵਾਪਸ ਲੈ ਕੇ ਜਾਂਚ ਨੂੰ ਅੱਗੇ ਵਧਾਇਆ ਸੀ ਅਤੇ ਹੁਣ ਜੋ ਮਾਣਯੋਗ ਹਾਈਕੋਰਟ ਦਾ ਸਿੱਟ ਸਬੰਧੀ ਫ਼ੈਸਲਾ ਆਇਆ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਵੀ ਸੁਪਰੀਮ ਕੋਰਟ ਵਿਚ ਚੁਣੌਤੀ ਦੇਣ ਦੀ ਗੱਲ ਕਹਿ ਕੇ ਪੰਜਾਬ ਦੇ ਮੁੱਖ ਮੰਤਰੀ ਸਪੱਸ਼ਟ ਕਰ ਚੁੱਕੇ ਹਨ ਕਿ ਇਨ੍ਹਾਂ ਘਟਨਾਵਾਂ ਦੇ ਜੋ ਵੀ ਦੋਸ਼ੀ ਹੋਣਗੇ, ਉਨ੍ਹਾਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜ੍ਹੇ ਕਰ ਕੇ ਸਜ਼ਾਵਾਂ ਜ਼ਰੂਰ ਦਿਵਾਈਆਂ ਜਾਣਗੀਆਂ।
ਨਾਲ ਹੀ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮਿਲ ਕੇ ਇਹ ਵੀ ਮੰਗ ਰੱਖਣਗੇ ਕਿ ਇਸ ਕੇਸ ਵਿਚ ਅੜਚਨ ਆਉਣ ਲਈ ਜੇਕਰ ਕੋਈ ਜ਼ਿੰਮੇਵਾਰ ਹੈ ਤਾਂ ਉਸ ਦੀ ਵੀ ਪੜਤਾਲ ਕਰ ਕੇ ਜ਼ਿੰਮੇਵਾਰੀ ਤੈਅ ਕੀਤੀ ਜਾਵੇ ਅਤੇ ਅਜਿਹੇ ਸ਼ਖਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਕਿਉਂਕਿ ਇਹ ਇੱਕ ਆਮ ਕੇਸ ਨਹੀਂ ਹੈ, ਸਗੋਂ ਇਸ ਨਾਲ ਲੱਖਾਂ ਲੋਕਾਂ ਦੀ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਹਨ।