ਰੇਡੀਓ ਦੀਆਂ ਯਾਦਾਂ – 14

ਡਾ ਦੇਵਿੰਦਰ ਮਹਿੰਦਰੂ
ਇਹੁ ਜਨਮੁ ਤੁਮਹਾਰੇ ਲੇਖੇ
ਉਪਰਲੇ ਸਿਰਲੇਖ ਤਹਿਤ ਮੈਂ ਰੇਡੀਓ ਰੂਪਕ ਲਿਖਿਆ ਸੀ ਗੁਰੂ ਰਵਿਦਾਸ ਜੀ ਬਾਰੇ। ਨਿਰਦੇਸ਼ਨ ਵੀ ਕੀਤਾ। ਉਨ੍ਹਾਂ ਦੇ ਪਦ ਗਾਏ ਸੀ ਸੰਤੋਸ਼ ਨੇ।
ਸੰਤੋਸ਼ ਜਿਹੜੀ ਓਦੋਂ ਕੁਰੂਕਸ਼ੇਤਰ ਯੂਨੀਵਰਸਿਟੀ ‘ਚ ਪੜ੍ਹ ਰਹੀ ਸੀ, ਉਹ ਹਾਲੇ ਸੰਤੋਸ਼ ਰਿਸ਼ੀ ਨਹੀਂ ਸੀ ਬਣੀ, ਅਤੇ ਡੀ.ਐੱਨ.ਮੋਂਗਾ ਜੀ ਜਿਹੜੇ ਜਲੰਧਰ ਦੂਰਦਰਸ਼ਨ ‘ਚ ਸੰਗੀਤ ਦੇ ਪ੍ਰੋਡਿਊਸਰ ਅਤੇ ਖ਼ੁਦ ਇੱਕ ਵਧੀਆ ਕਲਾਕਾਰ ਸਨ, ਸਟੇਸ਼ਨ ਦੇ ਡਾਇਰੈਕਟਰ ਹੁੰਦੇ ਸਨ। ਉਹੀ ਕੌਲ ਸਾਹਿਬ ਜਿਨ੍ਹਾਂ ਨੂੰ ਅਚਾਨਕ ਦੂਰਦਰਸ਼ਨ ਸ਼ੀਨਗਰ ਟਰਾਂਸਫ਼ਰ ਕਰ ਦਿੱਤਾ ਗਿਆ ਸੀ।
ਮੈਂ ਪੁੱਛਿਆ, ”ਸਰ ਜਾ ਰਹੇ ਹੋ? ” ”ਹਾਂ, ਮਰਨ ਲਈ ਜਾ ਰਿਹਾਂ ਮੈਂ, ”ਜਵਾਬ ਮਿਲਿਆ।
ਸਭ ਕੁੱਝ ਦਿਖ ਰਿਹਾ ਸੀ ਸਾਫ਼ ਸਾਫ਼, ਅਤੇ ਹਾਲੇ ਥੋੜ੍ਹੇ ਜਿਹੇ ਦਿਨ ਹੀ ਲੰਘੇ ਸਨ ਕਿ ਇੱਕ ਮਾੜੀ ਖ਼ਬਰ ਆ ਗਈ ਕਿ ਵੈਸੇ ਤਾਂ ਕੌਲ ਸਾਹਿਬ ਦੂਰਦਰਸ਼ਨ ਦੇ ਅੰਦਰ ਕੌਮਪਲੈਕਸ ‘ਚ ਹੀ ਰਹਿ ਰਹੇ ਸਨ, ਪਰ ਉਸ ਦਿਨ ਆਪਣੇ ਬੀਮਾਰ ਮਾਤਾ ਪਿਤਾ ਨੂੰ ਦੇਖਣ ਸ਼ਹਿਰ ਦੇ ਅੰਦਰ ਵਾਲੇ ਘਰ ਚਲੇ ਗਏ ਸਨ। ਕਿਸੇ ਨੇ ਅੱਤਵਾਦੀਆਂ ਨੂੰ ਇਤਲਾਹ ਦੇ ਦਿੱਤੀ ਅਤੇ ਭਾਣਾ ਵਾਪਰ ਗਿਆ। ਅਸੀਂ ਖ਼ਬਰ ਸੁਣ ਕੇ ਬਹੁਤ ਰੋਈਆਂ। ਉਨਾਂ ਦੀ ਖ਼ੂਬਸੂਰਤ ਬੀਵੀ, ਨਿੱਕੇ -ਨਿੱਕੇ, ਪਿਆਰੇ-ਪਿਆਰੇ ਬੱਚੇ ਕੁਰਲਾ ਰਹੇ ਸਨ ਅਤੇ ਬੁੱਢੇ ਮਾਂ ਪਿਓ ਦਾ ਹਾਲ ਵੇਖਿਆ ਨਹੀ ਸੀ ਜਾਂਦਾ। ਬੜੇ ਭੈੜੇ ਦਿਨ ਸਨ।
ਗੱਲ ਇਹ ਜਨਮੁ ਤੁਮਹਾਰੇ ਲੇਖੇ ਦੀ ਹੋ ਰਹੀ ਸੀ। ਕੌਲ ਸਾਹਿਬ ਨੂੰ ਇਹ ਰੇਡੀਓ ਫ਼ੀਚਰ ਬੜਾ ਕੰਨਫ਼ਿਊਜ਼ਿੰਗ ਜਿਹਾ ਲੱਗਿਆ ਸੀ। ਮੈਨੂੰ ਤਾਂ ਨਹੀਂ ਪਰ ਕਿਸੇ ਹੋਰ ਨੂੰ ਕਿਹਾ ਕਿ ਪਤਾ ਨਹੀਂ ਕੀ ਬਣਾ ਦਿੱਤਾ ਹੈ। ਸ੍ਰੀ ਦਰਬਾਰ ਸਾਹਿਬ ਤੋਂ ਰੀਲੇਅ ਸ਼ੁਰੂ ਹੋ ਚੁੱਕਿਆ ਸੀ, ਅਤੇ ਉਨ੍ਹਾਂ ਦਿਨਾਂ ‘ਚ ਰਵਿਦਾਸ ਵਾਣੀ ਕੀਰਤਨ ਕਰਨ ਵਾਲੀਆਂ ਪਾਰਟੀਆਂ ਦੀ ਪਹਿਲੀ ਪਸੰਦ ਬਣਦੀ ਜਾ ਰਹੀ ਸੀ। ਕੌਲ ਸਾਹਿਬ ਨੂੰ ਰਵਿਦਾਸ ਚਮਾਰੁ ਦੇ ਪ੍ਰਸਾਰਣ ‘ਤੇ ਦੁਵਿਧਾ ਸੀ। ਜ਼ਾਤੀਸੂਚਕ ਸ਼ਬਦ ਤਾਂ ਰੇਡੀਓ ‘ਤੇ ਨਹੀਂ ਬੋਲੇ ਜਾਂਦੇ। ਜਲੰਧਰ ਰੇਡੀਓ ਤਾਂ ਸਿਰਫ਼ ਰਲਿੇਅ ਕਰ ਰਿਹਾ ਹੈ, ਪਰ ਕੀਰਤਨ ਦਰਬਾਰ ਸਾਹਿਬ ਤੋਂ ਆ ਰਿਹਾ ਹੈ। ਇਹਦੇ ‘ਚ ਬਾਣੀ ‘ਚੋਂ ਕੀ ਲਿਆ ਜਾ ਰਿਹਾ ਹੈ, ਸਟੇਸ਼ਨ ਦਾ ਉਹਦੇ ‘ਚ ਕੋਈ ਦਖ਼ਲ ਨਹੀਂ ਸੀ। ਕੌਲ ਸਾਹਿਬ ਮੈਨੂੰ ਬੁਲਾਉਂਦੇ ਹਨ। ਉਨ੍ਹਾਂ ਨੂੰ ਪਤਾ ਹੈ ਕਿ ਮੈਂ ਰਵਿਦਾਸ ਬਾਣੀ ‘ਤੇ PhD ਕਰ ਰਹੀ ਹਾਂ। ਉਹ ਬਹੁਤ ਗੰਭੀਰ ਹਨ। ਚਾਹ ਦਾ ਕਹਿਕੇ ਉਹ ਚਪੜਾਸੀ ਨੂੰ ਕਹਿੰਦੇ ਹਨ ਕਿ ਉਹ ਕੋਈ ਗੰਭੀਰ ਮਸਲਾ ਡਿਸਕੱਸ ਕਰ ਰਹੇ ਹਾਂ ਸੋ ਕਿਸੇ ਨੂੰ ਅੰਦਰ ਨਾ ਆਉਣ ਦਿੱਤਾ ਜਾਵੇ।
ਕੌਲ ਸਾਹਿਬ ਮੈਨੂੰ ਕਹਿੰਦੇ ਹਨ, ”ਕੀ ਕਰੀਏ, ਇਹ ਸ਼ਬਦ ਤਾਂ ਰੇਡੀਓ ‘ਤੇ ਨਹੀਂ ਜਾਣੇ ਚਾਹੀਦੇ? ”ਮੈਂ ਆਪਣੀ ਸਮਝ ਮੁਤਾਬਿਕ ਜਵਾਬ ਦਿੰਦੀ ਹਾਂ, ”ਸਰ, ਕੋਈ ਤੀਸਰਾ ਨਹੀਂ ਕਹਿ ਰਿਹਾ। ਗੁਰੂ ਜੀ ਆਪਣੇ ਆਪ ਨੂੰ ਕਹਿ ਰਹੇ ਹਨ ਅਤੇ ਇਹੀ ਉਨ੍ਹਾਂ ਦੀ ਹਲੀਮੀ ਹੈ, ਸਰ।”ਉਹ ਪ੍ਰਸਨਸੂਚਕ ਨਿਗਾਹਾਂ ਨਾਲ ਦੇਖਦੇ ਹਨ, ਬੋਲੇ, ”ਹਲੀਮੀ? ”
ਕੌਲ ਸਾਹਿਬ ਕਸ਼ਮੀਰੀ ਸਨ। ਭਾਸ਼ਾ ਦਾ ਫ਼ਰਕ ਸੀ, ਪੰਜਾਬੀ ਅਤੇ ਕਸ਼ਮੀਰੀ ਦਰਮਿਆਨ।”ਸਰ, ਹਿਊਮਿਲਿਟੀ, ਨਿਮਰਤਾ।”ਕੌਲ ਸਾਹਬ ਬੋਲੇ, ”ਓਹ ਫ਼ੇਰ ਤਾਂ ਇਹਦੀ ਕੋਈ ਟੈਨਸ਼ਨ ਨਹੀਂ ਲੈਣੀ ਚਾਹੀਦੀ।” ”ਨਹੀਂ ਸਰ, ਬਹੁਤ ਮਿਠਾਸ ਹੈ ਰਵਿਦਾਸ ਜੀ ਦੀ ਬਾਣੀ ਵਿੱਚ। ਲੋਕ ਬਹੁਤ ਪਸੰਦ ਕਰਦੇ ਹਨ ਉਨ੍ਹਾਂ ਦੇ ਸ਼ਬਦ ਸੁਨਣਾ, ਇਹੁ ਜਨਮੁ ਤੁਮਹਾਰੇ ਲੇਖੇ, ਤੁਸੀਂ ਦਿਨ ਰਾਤ ਸੁਣ ਸਕਦੇ ਹੋ। ਕੀਹਨੂੰ ਅੱਛਾ ਨਹੀਂ ਲੱਗੇਗਾ ਕੋਈ ਕਹੇ ਇਹੁ ਜਨਮੁ ਤੁਮਹਾਰੇ ਲੇਖੇ। ਪਰਮਾਤਮਾ ਨੂੰ ਵੀ ਤਾਂ ਪਿਆਰ ਕਰਨ ਵਾਲੇ ਚਾਹੀਦੇ ਹਨ। ਭਗਤੀ ਲਹਿਰ ਹੋਰ ਕੀ ਹੈ ਸਰ? ਇਸ਼ਟ ਨੂੰ ਧਿਆਉਣ ਵਾਲੇ, ਆਪਣੇ ਕੰਮ ਕਾਜ ਕਰਦੇ ਮਨ ‘ਚ ਈਸ਼ਵਰ ਨੂੰ ਪਿਆਰ ਕਰਨ ਵਾਲੇ, ਜ਼ਾਤ ਧਰਮ ਤੋਂ ਉੱਪਰ ਉੱਠ ਕੇ, ਸਾਰਿਆਂ ਨੂੰ ਆਪਣਾ ਕਹਿਣ ਅਤੇ ਮੰਨਣ ਵਾਲੇ।”
***
ਮੇਰੇ ਕੰਨਾਂ ‘ਚ ਸੰਤੋਸ਼ ਅਤੇ ਮੋਂਗੇ ਸਾਹਿਬ ਦੀਆਂ ਆਵਾਜ਼ਾਂ ਗੂੰਜਦੀਆਂ ਰਹਿੰਦੀਆਂ ਸਨ ਸਾਲਾਂ ਤਕ। ਮੈਨੂੰ ਨਹੀਂ ਪਤਾ ਉਨ੍ਹਾਂ ਦੀ ਲਾਇਬ੍ਰੇਰੀ ‘ਚ ਇਹ ਰਿਕਾਰਡਿੰਗ ਹੈ ਕਿ ਨਹੀਂ। ਇਸੇ ਤਰ੍ਹਾਂ ਕੁੱਝ ਹੋਰ ਰਿਕਾਰਡਿੰਗਾਂ ਬਾਰੇ ਜਾਨਣ ਦੀ ਜਗਿਆਸਾ ਵੀ ਹੈ ਮੈਨੂੰ।
ਪ੍ਰਭਜੋਤ, ਪਰਮਜੀਤ, ਇਮਤਿਆਜ਼ ਅਤੇ ਸੰਤੋਸ਼ ਹੀ ਦੱਸ ਸਕਦੇ ਨੇ ਉਨ੍ਹਾਂ ਬਾਬਤ। ਡਿਜੀਟਾਈਜ਼ੇਸ਼ਨ ਹੋਈ ਹੈ ਲਾਇਬ੍ਰੇਰੀ ਦੀ ਸੋ ਕਾਫ਼ੀ ਕੁੱਝ ਬਚ ਗਿਆ ਹੋਣੈ।
***
ਇੱਕ ਵਾਰੀ ਮੀਸ਼ਾ ਜੀ ਨੇ ਅਮਿਤਾਭ ਬੱਚਨ ਨੂੰ ਇੰਟਰਵਿਊ ਕੀਤਾ ਸੀ। ਖ਼ਾਸੀਅਤ ਕਹਾਂ ਕਿ ਕੁੱਝ ਹੋਰ ਕਿ ਅਮਿਤਾਭ ਦੇ ਐਟੀਚਿਊਡ ਨੂੰ ਜਿਸ ਤਰ੍ਹਾਂ ਮੀਸ਼ਾ ਨੇ ਹੈਂਡਲ ਕੀਤਾ, ਉਹ ਸੁਣਨ-ਦੇਖਣ ਵਾਲਾ ਹੈ। ਜੇ ਉਹ ਲੱਭ ਸਕੋ ਤਾਂ। ਸੋ, ਜਾਗ੍ਰਿਤ, ਪਰਿਵਾਰਿਕ ਸੀਰੀਅਲ, ਸੁਖਜਿੰਦਰ ਦੀ ਮਿੱਠੀ ਆਵਾਜ਼ ਅਤੇ ਹਰਬੰਸ ਸਿੰਘ ਖੁਰਾਣਾ ਦੀ ਸਕ੍ਰਿਪਟ, ਅੱਜ ਵੀ ਸਾਰਗਰਭਿਤ ਹੈ। ਚੇਤੇ ਆਂਦੇ ਨੇ ਜਸਵੰਤ ਦੀਦ ਦੇ ਤਾਰਿਆ ਵੇ ਤੇਰੀ ਲੋਅ ਦੇ ਐਪੀਸੋਡ, ਸਾਰੇ ਦੇ ਸਾਰੇ ਮੇਰੇ ਵਾਲੇ ਛੱਡ ਦੇਣਾ, ਉਹ ਨਹੀਂ ਬਣੇ ਠੀਕ ਮੇਰੇ ਕੋਲੋਂ। ਵੈਸੇ ਵੀ ਦੀਦ ਵਰਗਾ ਪ੍ਰੋਡਿਊਸਰ ਜਦੋਂ ਇੰਨੀ ਉਚਾਈ ‘ਤੇ ਪ੍ਰੋਗਰਾਮ ਨੂੰ ਪਹੁੰਚਾ ਕੇ ਸਟੇਸ਼ਨ ਛੱਡ ਜਾਵੇਗਾ ਤਾਂ ਮੇਰੇ ਵਰਗੇ ਨੌਸਿਖੀਏ ਕਿਵੇਂ ਸੰਭਾਲਣਗੇ ਇੰਨੇ ਉੱਚੇ ਪੱਧਰ ਨੂੰ? ਹੁਣ ਲੱਭੋ ਕਿਤੋਂ ਪ੍ਰਕਾਸ਼ ਢਿੱਲੋਂ ਦੇ ਬਣਾਏ ਅਨਮੋਲ ਪ੍ਰੋਗਰਾਮ ਅਤੇ ਬਲਬੀਰ ਸਿੰਘ ਕਲਸੀ ਦੀਆਂ ਆਰਕਾਈਵਲ ਵੈਲਿਯੂ ਦੀਆਂ ਲੋਕਗੀਤਾਂ ਦੀਆਂ ਰਿਕਾਰਡਿੰਗਾਂ। ਮਿੱਟੀ ਦੀ ਮਹਿਕ ਦੇ ਐਪੀਸੋਡ ਜਿਨ੍ਹਾਂ ‘ਚ ਸੁਖਜਿੰਦਰ ਦੀ ਆਵਾਜ਼ ਦੀ ਰਵਾਨਗੀ ਕਲਕਲ ਵਹਿੰਦੀ ਨਦੀ ਦੀ ਯਾਦ ਦਿਵਾਉਂਦੀ ਹੈ।
ਰਸ਼ਮੀ ਖੁਰਾਣਾ ਦੀਆਂ ਮਿਹਨਤ ਨਾਲ ਰਿਕਾਰਡ ਕੀਤੀਆਂ ਮਹਿਫ਼ਲਾਂ ਅਤੇ ਹਿੰਦੀ ‘ਚ ਨਾਮਵਰ ਲੇਖਕਾਂ ਨਾਲ ਕੀਤੀਆਂ ਮੁਲਾਕਾਤਾਂ, ਅਮਰਜੀਤ ਵੜੈਚ ਦੀਆਂ ਕੂੰਜਾਂ ਦੀਆਂ ਡਾਰਾਂ ਅਤੇ ਹੋਰ ਵਧੀਆ ਵਧੀਆ ਨਾਵਾਂ ਹੇਠ ਬਣਾਏ ਗਏ ਪ੍ਰੋਗਰਾਮ ‘ਤੇ ਪਲੀਜ਼, ਪਲੀਜ਼ ਹਲਕੀ ਐਕੋ ਦੇ ਕੇ ਦੇਵਿੰਦਰ ਜੌਹਲ ਦਾ ਮੇਰੀ ਆਵਾਜ਼ ‘ਚ ਰਿਕਾਰਡ ਕੀਤਾ ਪੂਰੇ ਦਾ ਪੂਰਾ ਸੁਲਤਾਨ ਬਾਹੂ ਅਤੇ ਅਖੀਰ ‘ਚ ਗਗਨ ਦਮਾਮਾ ਬਾਜਿਓ ਫ਼ੀਚਰ, ਬੀਰ ਰਸ ਦਾ ਇਕਲੌਤਾ ਜਲੰਧਰ ਰੇਡੀਓ ਦਾ ਪ੍ਰੋਗਰਾਮ ਜਿਸ ਨੂੰ ਮੈਂ ਡਾ.ਸ਼ਹਿਰਯਾਰ ਤੋਂ ਵਿਸ਼ੇਸ਼ ਰੂਪ ‘ਚ ਲਿਖਵਾ ਕੇ ਪ੍ਰੋਡਿਊਸ ਕੀਤਾ ਸੀ ਤਏ ਜਿਸਦੀ ਨਰੇਸ਼ਨ ਮੇਰੀ ਹਸਕੀ ਆਵਾਜ਼ ‘ਚ ਹੈ ਅਤੇ ਹੋਰ ਬਹੁਤ ਕੁੱਝ ਜਿਹੜਾ ਦੱਸਾਂਗੀ ਅਗਲੇ ਕਾਲਮਾਂ ‘ਚ। ਬੜਾ ਕੰਮ ਹੋਇਆ ਸਮੇਂ ਸਮੇਂ ‘ਤੇ ਅਕਾਸ਼ਵਾਣੀ ਕੇਂਦਰ ਜਲੰਧਰ ‘ਚ। ਸਾਰੇ ਕਰਮਚਾਰੀ ਅਤੇ ਅਧਿਕਾਰੀ ਕਰਮਯੋਗੀ ਸਨ। ਜੀਅ ਜਾਨ ਨਾਲ ਕੰਮ ਕਰਦੇ ਸਨ। ਕੇਵਲ ਯਾਦਾਂ ਹੀ ਬਾਕੀ ਨੇ ਹੁਣ ਤਾਂ।