ਮੋਹਾਲੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਉਦਯੋਗ ਕ੍ਰਾਂਤੀ ਤਹਿਤ ਇੱਥੇ ‘ਫਾਸਟ ਟਰੈਕ ਪੰਜਾਬ’ ਪੋਰਟਲ ਲਾਂਚ ਕੀਤਾ ਗਿਆ। ਪੰਜਾਬ ਸਰਕਾਰ ਦੇ ਇਸ ਫ਼ੈਸਲੇ ਨਾਲ ਹੁਣ ਸੂਬੇ ‘ਚ ਕਾਰੋਬਾਰੀਆਂ ਲਈ ਇੰਡਸਟਰੀ ਲਾਉਣੀ ਸੌਖੀ ਹੋ ਜਾਵੇਗੀ ਅਤੇ ਹੁਣ 45 ਦਿਨਾਂ ਦੇ ਅੰਦਰ-ਅੰਦਰ ਇੰਡਸਟਰੀ ਲਾਉਣ ਦੀ ਮਨਜ਼ੂਰੀ ਮਿਲ ਜਾਵੇਗੀ।
ਇਸ ਮੌਕੇ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਪੰਜਾਬ ਸਰਕਾਰ ਵੱਲੋਂ ਇਤਿਹਾਸਕ ਫ਼ੈਸਲੇ ਲਏ ਗਏ ਹਨ, ਜੋ ਪਿਛਲੇ 75 ਸਾਲਾਂ ਵਿਚ ਦੇਸ਼ ਵਿਚ ਕਿਸੇ ਨੇ ਨਹੀਂ ਲਏ। ਉਨ੍ਹਾਂ ਕਿਹਾ ਕਿ ਅਜਿਹੇ ਫ਼ੈਸਲੇ ਇਕ ਇਮਾਨਦਾਰ ਸਰਕਾਰ ਹੀ ਲੈ ਸਕਦੀ ਹੈ। ਇਹ ਫ਼ੈਸਲੇ ਉਦਯੋਗਪਤੀਆਂ ਤੇ ਵਪਾਰੀਆਂ ਨਾਲ ਮਿਲਨੀ ਦੌਰਾਨ ਮਿਲੇ ਸੁਝਾਵਾਂ ਦੇ ਅਧਾਰ ‘ਤੇ ਹੀ ਲਏ ਗਏ ਹਨ। ਕੇਜਰੀਵਾਲ ਨੇ ਪੰਜਾਬ ਤੋਂ ਦੂਜੇ ਸੂਬਿਆਂ ਵਿਚ ਸ਼ਿਫਟ ਹੋਏ ਇੰਡਸਟਰੀਅਲਿਸਟਾਂ ਨੂੰ ਵੀ ਪੰਜਾਬ ਵਿਚ ਵਾਪਸ ਆਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਪੂਰੀ ਦੁਨੀਆ ਤੋਂ ਲੋਕ ਆ ਕੇ ਪੰਜਾਬ ਵਿਚ ਇੰਡਸਟਰੀ ਲਗਾਉਣ। ਉਦਯੋਗਪਤੀਆਂ ਦੀ ਤਰੱਕੀ ਹੋਵੇਗੀ ਤਾਂ ਹੀ ਪੰਜਾਬ ਦੀ ਤਰੱਕੀ ਹੋਵੇਗੀ।
ਰਾਈਟ ਟੂ ਬਿਜ਼ਨੈੱਸ ਐਕਟ ਵਿਚ ਹੋਵੇਗੀ ਸੋਧ
ਇਸ ਮੌਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਕਿ ਅਗਲੇ ਮਹੀਨੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿਚ ਰਾਈਟ ਟੂ ਬਿਜ਼ਨੈੱਸ ਐਕਟ ਵਿਚ ਵੀ ਸੋਧ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ‘ਰਾਈਟ ਟੂ ਬਿਜ਼ਨੈੱਸ ਐਕਟ’ ਤਹਿਤ ਜਿਸ MSME ਦੀ ਪ੍ਰਪੋਜ਼ਲ ਦੀ ਲਿਮਟ 125 ਕਰੋੜ ਰੁਪਏ ਤਕ ਹੈ, ਉਸ ਲਈ ਕਿਸੇ ਤਰ੍ਹਾਂ ਦੀ ਅਪਰੂਵਲ ਦੀ ਲੋੜ ਨਹੀਂ ਹੈ, ਪਰ ਬੜੀ ਹੈਰਾਨਗੀ ਦੀ ਗੱਲ ਹੈ ਕਿ ਪੰਜਾਬ ਵਿਚ ਕਿਸੇ ਨੇ ਵੀ ਇਸ ਦੀ ਵਰਤੋਂ ਕਰ ਕੇ ਇੰਡਸਟਰੀ ਸ਼ੁਰੂ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਹੁਣ ਅਸੀਂ ਸਟੱਡੀ ਕਰ ਰਹੇ ਹਾਂ ਕਿ ਇਸ ਐਕਟ ਤਹਿਤ 200 ਕਰੋੜ ਰੁਪਏ ਤਕ ਦੇ ਪ੍ਰਪੋਜ਼ਲ ‘ਤੇ 3 ਦਿਨਾਂ ਦੇ ਅੰਦਰ (ਇੰਡਸਟਰੀਅਲ ਅਸਟੇਟ) ਅਪਰੂਵਲ ਮਿਲ ਜਾਵੇ। ਇਸੇ ਤਰ੍ਹਾਂ ਇੰਡਸਟਰੀਅਲ ਅਸਟੇਟ ਤੋਂ ਬਾਹਰ ਦੇ ਉਦਯੋਗ ਲਈ 15 ਦਿਨਾਂ ਦੇ ਅੰਦਰ ਮਨਜ਼ੂਰੀ ਮਿਲ ਜਾਇਆ ਕਰੇਗੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ 95 ਫ਼ੀਸਦੀ ਤਕ ਉਦਯੋਗਾਂ ਨੂੰ 3 ਦਿਨਾਂ ਅੰਦਰ ਮਨਜ਼ੂਰੀ ਮਿਲਣ ਦੀ ਆਸ ਹੈ।