ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਦੇ 11 ਸਾਲਾਂ ਦੇ ਕਾਰਜਕਾਲ ਦੌਰਾਨ ਦੇਸ਼ ਨੇ 140 ਕਰੋੜ ਲੋਕਾਂ ਦੀ ਸਮੂਹਿਕ ਭਾਈਵਾਲੀ ਨਾਲ ਸੁਸ਼ਾਸਨ ਦੇ ਦਮ ’ਤੇ ਵੱਖ-ਵੱਖ ਖੇਤਰਾਂ ’ਚ ਤੇਜ਼ੀ ਨਾਲ ਤਬਦੀਲੀ ਵੇਖੀ ਹੈ, ਜਿਸ ਕਾਰਨ ਸ਼ਾਨਦਾਰ ਤਰੱਕੀ ਹੋਈ ਹੈ ਤੇ ਜੀਵਨ ਨੂੰ ਸੌਖਾ ਬਣਾਇਆ ਗਿਆ ਹੈ। ਰਾਸ਼ਟਰੀ ਜਮਹੂਰੀ ਗੱਠਜੋੜ (ਰਾਜਗ) ਸਰਕਾਰ ਦੇ ਕਾਰਜਕਾਲ ਦੇ 11 ਸਾਲ ਪੂਰੇ ਹੋਣ ’ਤੇ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਕਈ ਪੋਸਟਾਂ ’ਚ ਕਿਹਾ ਕਿ ਭਾਰਤ ਨਾ ਸਿਰਫ ਸਭ ਤੋਂ ਤੇਜ਼ੀ ਨਾਲ ਵਧ ਰਹੀ ਵੱਡੀ ਅਰਥਵਿਵਸਥਾ ਬਣ ਗਿਆ ਹੈ, ਸਗੋਂ ਪੌਣ-ਪਾਣੀ ਦੀ ਤਬਦੀਲੀ ਤੇ ਡਿਜੀਟਲ ਨਵੀਨਤਾ ਵਰਗੇ ਅਹਿਮ ਮੁੱਦਿਆਂ ’ਤੇ ਇਕ ਪ੍ਰਮੁੱਖ ਵਿਸ਼ਵ ਪੱਧਰੀ ਆਵਾਜ਼ ਵੀ ਬਣ ਗਿਆ ਹੈ। ਜ਼ਿਕਰਯੋਗ ਹੈ ਕਿ ਕੇਂਦਰ ’ਚ ਰਾਜਗ ਸਰਕਾਰ ਦੇ ਸੱਤਾ ’ਚ ਆਉਣ ਤੋਂ ਬਾਅਦ ਮੋਦੀ ਨੇ 2014 ’ਚ ਪਹਿਲੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਸੀ। ਪ੍ਰਧਾਨ ਮੰਤਰੀ ਵਜੋਂ ਆਪਣੇ ਕਾਰਜਕਾਲ ਦੇ 11 ਸਾਲ ਪੂਰੇ ਹੋਣ ’ਤੇ ਇਕ ਪੋਸਟ ’ਚ ਮੋਦੀ ਨੇ ਕਿਹਾ ਕਿ ‘ਸਬ ਕਾ ਸਾਥ, ਸਬ ਕਾ ਵਿਕਾਸ, ਸਬ ਕਾ ਵਿਸ਼ਵਾਸ, ਸਬ ਕਾ ਪ੍ਰਯਾਸ’ ਦੇ ਸਿਧਾਂਤ ਤੋਂ ਪ੍ਰੇਰਿਤ ਹੋ ਕੇ ਰਾਜਗ ਸਰਕਾਰ ਨੇ ਤੇਜ਼ੀ ਤੇ ਸੰਵੇਦਨਸ਼ੀਲਤਾ ਨਾਲ ਇਨਕਲਾਬੀ ਤਬਦੀਲੀਆਂ ਲਿਆਂਦੀਆਂ ਹਨ।ਪਿਛਲੇ 11 ਸਾਲਾਂ ’ਚ ਸਾਡੀ ਸਰਕਾਰ ਦਾ ਹਰ ਕਦਮ ਸੇਵਾ, ਸੁਸ਼ਾਸਨ ਅਤੇ ਗਰੀਬਾਂ ਦੀ ਭਲਾਈ ਲਈ ਸਮਰਪਿਤ ਰਿਹਾ ਹੈ।
ਸਰਕਾਰ ਨੇ ਲੋਕ ਕੇਂਦ੍ਰਿਤ, ਸਮਾਵੇਸ਼ੀ ਤੇ ਸਰਬਪੱਖੀ ਤਰੱਕੀ ਨੂੰ ਪਹਿਲ ਦਿੱਤੀ
ਮੋਦੀ ਨੇ ਕਿਹਾ ਕਿ ਆਰਥਿਕ ਵਿਕਾਸ ਤੋਂ ਲੈ ਕੇ ਸਮਾਜਿਕ ਉਥਾਨ ਤੱਕ ਸਰਕਾਰ ਨੇ ਲੋਕ-ਕੇਂਦ੍ਰਿਤ, ਸਮਾਵੇਸ਼ੀ ਤੇ ਸਰਬਪੱਖੀ ਤਰੱਕੀ ਨੂੰ ਪਹਿਲ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਅੱਜ ਨਾ ਸਿਰਫ਼ ਸਭ ਤੋਂ ਤੇਜ਼ੀ ਨਾਲ ਵਧ ਰਹੀ ਵੱਡੀ ਅਰਥਵਿਵਸਥਾ ਹੈ, ਸਗੋਂ ਪੌਣ-ਪਾਣੀ ਦੀ ਕਬਦੀਲੀ ਤੇ ਡਿਜੀਟਲ ਨਵੀਨਤਾ ਨਾਲ ਨਜਿੱਠਣ ਲਈ ਕਾਰਵਾਈ ਵਰਗੇ ਅਹਿਮ ਮੁੱਦਿਆਂ ’ਤੇ ਇਕ ਮੋਹਰੀ ਵਿਸ਼ਵ ਪੱਧਰੀ ਆਵਾਜ਼ ਵੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਨੂੰ ਆਪਣੀ ਸਮੂਹਿਕ ਸਫਲਤਾ ’ਤੇ ਮਾਣ ਹੈ ਪਰ ਨਾਲ ਹੀ ਅਸੀਂ ਇਕ ਵਿਕਸਤ ਭਾਰਤ ਬਣਾਉਣ ਦੇ ਨਵੇਂ ਇਰਾਦੇ ਨਾਲ ਉਮੀਦ ਅਤੇ ਭਰੋਸੇ ਨਾਲ ਅੱਗੇ ਵਧ ਰਹੇ ਹਾਂ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਪਿਛਲੇ 11 ਸਾਲਾਂ ’ਚ ਬਹੁਤ ਸਾਰੀਆਂ ਉਸਾਰੂ ਤਬਦੀਲੀਆਂ ਆਈਆਂ ਹਨ ਤੇ ਜੀਵਨ ਦੀ ਸੌਖ ਨੂੰ ਉਤਸ਼ਾਹਿਤ ਕੀਤਾ ਗਿਆ ਹੈ।
ਨਮੋ ਐਪ ਰਾਹੀਂ ਭਾਰਤ ਦੀ ਵਿਕਾਸ ਯਾਤਰਾ ਬਾਰੇ ਜਾਣਨ ਲਈ ਦਿੱਤਾ ਸੱਦਾ
ਮੋਦੀ ਨੇ ਦੇਸ਼ ਵਾਸੀਆਂ ਨੂੰ ਨਮੋ ਐਪ ਰਾਹੀਂ ਇਸ ਪਰਿਵਰਤਨਸ਼ੀਲ ਯਾਤਰਾ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਉਤਸ਼ਾਹਿਤ ਕੀਤਾ ਜੋ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਗੱਲਬਾਤ ਦੀ ਸ਼ੈਲੀ ’ਚ ਪੇਸ਼ ਕਰਦੀ ਹੈ। ਇਸ ਐਪ ਰਾਹੀਂ ਇੰਟਰ-ਐਕਟਿਵ ਖੇਡਾਂ, ਕੁਇਜ਼ਾਂ, ਸਰਵੇਖਣਾਂ ਤੇ ਹੋਰ ਫਾਰਮੈਟਾਂ ਰਾਹੀਂ ਪ੍ਰੇਰਨਾਦਾਇਕ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਨਮੋ ਐਪ ਤੇ ਅਧਿਕਾਰਤ ਵੈੱਬਸਾਈਟ ’ਤੇ ਉਪਲਬਧ ਵੀਡੀਓਜ਼, ਇਨਫੋਗ੍ਰਾਫਿਕਸ ਤੇ ਲੇਖਾਂ ਵਰਗੇ ਵੱਖ-ਵੱਖ ਦਿਲਖਿਚਵੇਂ ਫਾਰਮੈਟਾਂ ਰਾਹੀਂ ਭਾਰਤ ਦੀ ਵਿਕਾਸ ਯਾਤਰਾ ਬਾਰੇ ਜਾਣਕਾਰੀ ਹਾਸਲ ਕਰਨ ਲਈ ਵੀ ਸੱਦਾ ਦਿੱਤਾ। ਆਪਣੀ ਪੋਸਟ ’ਚ ਮੋਦੀ ਨੇ ਕਿਹਾ ਕਿ ਸੁਸ਼ਾਸ਼ਨ ਤੇ ਤਬਦੀਲੀ ’ਤੇ ਸਪੱਸ਼ਟ ਧਿਆਨ ਦਿੱਤਾ ਗਿਆ ਹੈ। 140 ਕਰੋੜ ਭਾਰਤੀਆਂ ਦੇ ਆਸ਼ੀਰਵਾਦ ਤੇ ਸਮੂਹਿਕ ਭਾਈਵਾਲੀ ਨਾਲ ਭਾਰਤ ਨੇ ਵੱਖ-ਵੱਖ ਖੇਤਰਾਂ ’ਚ ਤੇਜ਼ੀ ਨਾਲ ਤਬਦੀਲੀ ਵੇਖੀ ਹੈ।















