ਪਿੰਡ ਦੀ ਸੱਥ ਵਿੱਚੋਂ (ਕਿਸ਼ਤ-227)

main-news-300x150ਪ੍ਰਤਾਪੇ ਭਾਊ ਨੇ ਸੱਥ ‘ਚ ਆਉਂਦਿਆਂ ਹੀ ਬਾਬੇ ਪੂਰਨ ਸਿਉਂ ਨੂੰ ਪੁੱਛਿਆ, ”ਕਿਉਂ ਬਈ ਬਾਬਾ! ਤੈਨੂੰ ਤਾਂ ਯਾਰ ਪਤਾ ਹੋਣੈ ਬਈ ਆਹ ਘਮਤਰ ਕਿਹੜੀ ਜਾਤ ਹੁੰਦੀ ਐ। ਜੱਟ, ਤਰਖਾਣ, ਰਾਮਦਾਸੀਏ ਸਿੱਖ, ਹਰੀਜਨ ਸਿੱਖ, ਮਰਾਸੀ, ਪਰਜਾਪਤ ਜਾਤਾਂ ਤਾਂ ਹੈਗੀਆਂ ਈ ਐਂ, ਪਰ ਇਹ ਘਮਤਰ ਜਾਤ ਦਾ ਨ੍ਹੀ ਪਤਾ ਲੱਗਿਆ ਬਈ ਇਹ ਕਿੰਨ੍ਹਾਂ ‘ਚੋਂ ਹੁੰਦੇ ਐ?”
ਭਾਊ ਤੋਂ ਸਵਾਲ ਸੁਣ ਕੇ ਬਾਬੇ ਦੇ ਨਾਲ ਬੈਠੇ ਬੁੱਘਰ ਦਖਾਣ ਨੇ ਮਾਹਲੇ ਨੰਬਰਦਾਰ ‘ਤੇ ਸੁੱਟ ‘ਤੀ ਗਾਜ, ”ਨੰਬਰਦਾਰ ਮਾਹਲਾ ਸਿਉਂ ਨੂੰ ਪਤਾ ਹੋਊ।”
ਨੰਬਰਦਾਰ ਕਹਿੰਦਾ, ”ਮੈਂ ਕਿਹੜਾ ਪਟਵਾਰੀ ਲੱਗਿਆ ਵਿਆਂ ਬਈ ਮੇਰੇ ਕੋਲੇ ਈ ਐ ਸਾਰੀਆਂ ਜਾਤਾਂ ਦਾ ਕੁਰਸੀਨਾਮਾ। ਹੋਣੀ ਐ ਕੋਈ ਰੁੱਖੀ ਮਿਸੀ ਜਾਤ। ਹੋਰ ਇਹ ਜਾਤ ਕਿਹੜਾ ਜੈਲਦਾਰਾਂ ‘ਚੋਂ ਐ। ਕਿਸੇ ਵਿੰਗੀ ਟੇਢੀ ਜਾਤ ਆਲਿਆਂ ਨੇ ਆਪਸ ‘ਚ ਘਰੋਂ ਭੱਜ ਕੇ ਕੋਈ ਵਿਆਹ ਵੂਹ ਕਰਾ ਲਿਆ ਹੋਣੈ, ਪਿੰਡਾਂ ਆਲਿਆਂ ਦਾ ਤੈਨੂੰ ਪਤਾ ਈ ਐ ਬਈ ਪਿੰਡ ‘ਚ ਕੋਈ ਤੱਤੀ ਠੰਢੀ ਗੱਲ ਹੋ ਜੇ ਸਹੀ, ਵੱਸ ਫ਼ੇਰ! ਬੱਦਲਾਂ ਨੂੰ ਝਾਲਰ ਬੰਨ੍ਹਣ ਤਕ ਜਾਂਦੇ ਲੋਕ। ਇਉਂ ਈ ਕੋਈ ਗੱਲ ਹੋ ਗੀ ਹੋਣੀ ਐ ਕਿਸੇ ਪਿੰਡ ‘ਚ, ਸੱਥ ਆਲਿਆਂ ਨੇ ਕਲੱਲੀ ਜਾਤ ਬਣਾ ਕੇ ਰੱਖ ‘ਤੀ ਹੋਣੀ ਐ। ਬਾਕੀ ਹੋਅ ਆਉਂਦਾ ਸੋਡੀ ਸੱਥ ਦਾ ਹੈਡਮਾਹਟਰ ਨਾਥਾ ਸਿਉਂ ਅਮਲੀ ਸਿੱਖ। ਉਹਨੂੰ ਪੁੱਛ ਲੈਨੇ ਆਂ।”
ਬਾਬਾ ਪੂਰਨ ਸਿਉਂ ਕਹਿੰਦਾ, ”ਆਹ ਹੋਰ ਸੁਣ ਲੋ। ਜਾਤਾਂ ਦਾ ਅੱਗੇ ਰੌਲਾ ਪਈ ਜਾਂਦੈ। ਨੰਬਰਦਾਰ ਨੇ ਹੋਰ ਕੱਛ ‘ਚੋਂ ਮੂੰਗਲਾ ਕੱਢ ਮਾਰਿਆ, ਅਕੇ ਅਮਲੀ ਸਿੱਖ। ਵਾਹ ਓ ਨੰਬਰਦਾਰਾ। ਆ ਜਾਣ ਦੇ ਇਹਨੂੰ ਵੀ। ਊਂ ਜੇ ਤਾਂ ਅਮਲੀ ਦੀ ਚੰਗੀ ਟਾਂਕੀ ਹੋਈ, ਫ਼ੇਰ ਤਾਂ ਸੋਨੂੰ ਘਮਤਰ ਜਾਤ ਤਾਂ ਕੀ, ਜਿਹੜੀ ਮਰਜੀ ਜਾਤ ਬਾਰੇ ਪੁੱਛ ਲਿਉ। ਜੇ ਅਮਲ ਟੁੱਟੇ ਹੋਏ ਤਾਂ ਸੋਡੇ ਸਭ ਦੇ ਇਉਂ ਗਲ਼ ਪਊ ਜਿਮੇਂ ਤੋਹਲੀ ਕਾ ਗਰਜਾ ਮਾਮਲਾ ਲੈਣ ਗਏ ਆਹ ਨੰਬਰਦਾਰ ਦੇ ਗਲ਼ ਪੈ ਗਿਆ ਸੀ। ਨੰਬਰਦਾਰ ਗਰਜੇ ਤੋਂ ਗਿਆ ਮਾਮਲਾ ਲੈਣ, ਉਹ ਇਹਨੂੰ ਕਹਿੰਦਾ ‘ਮਾਮਲਾ ਲੈਣ ਆਇਐਂ ਕੁ ਭੀਖ ਮੰਗਣ ਆਇਐਂ। ਆਹ ਹੁਣ ਤਾਂ ਪਿਛਲੇ ਮਹੀਨੇ ਤੈਨੂੰ ‘ਠਾਰਾਂ ਰਪੀਏ ਦੇ ਕੇ ਬਾਪੂ ਨੂੰ ਇਉਂ ਧੱਕੇ ਮਾਰ ਕੇ ਘਰੋਂ ਕੱਢਿਆ ਸੀ ਜਿਮੇਂ ‘ਖੰਡ ਪਾਠ ਆਲੇ ਘਰੋਂ ਸ਼ਰਾਬੀ ਨੂੰ ਧੱਕੇ ਮਾਰ ਕੇ ਕੱਢਦੇ ਹੁੰਦੇ ਐ। ਅੱਜ ਫ਼ੇਰ ਆ ਗਿਐਂ ਤੂੰ। ਮਾਮਲੇ ਦਾ ਹੱਕ ਤਾਂ ਛੀਆਂ ਮਹੀਨਿਆਂ ਮਗਰੋਂ ਹੁੰਦੈ। ਤੂੰ ਪਤੰਦਰਾ ਡੂਢ ਮਹੀਨਾ ਨ੍ਹੀ ਹੋਣ ਦਿੱਤਾ, ਅੱਜ ਫ਼ੇਰ ਇਉਂ ਆ ਕੇ ਖੜ੍ਹ ਗਿਐਂ ਜਿਮੇਂ ਮਰਾਸਣ ਖੰਭਣੀ ਮੰਨਣ ਦੇ ਦਾਣੇ ਲੈਣ ਆਈ ਹੋਵੇ। ਐਡੀ ਛੇਤੀ ਤਾਂ ਮੰਗਤਾ ਮਨ੍ਹੀ ਦਬਾਰੇ ਕਿਸੇ ਦੇ ਘਰੇ ਵੜਦਾ ਬਈ ਕਿਤੇ ਜੱਟ ਕੁੱਢਣ ਲੈ ਕੇ ਨਾ ਮਗਰ ਪੈ ਜਾਣ। ਜਦੋਂ ਗਰਜੇ ਨੇ ਨੰਬਰਦਾਰ ਨੂੰ ਟਕੇ ਟਕੇ ਦੀਆਂ ਸਣਾਈਆਂ ਤਾਂ ਨੰਬਰਦਾਰ ਤੋਹਲੀਆਂ ਦੇ ਘਰੋਂ ਇਉਂ ਭੱਜ ਕੇ ਬਾਹਰ ਨਿਕਲਿਆ ਜਿਮੇਂ ਕੁੱਕੜਾਂ ਆਲੇ ਖੁੱਡੇ ‘ਚ ਤਿੰਨਾਂ ਦਿਨਾਂ ਦਾ ਤਾੜਿਆ ਸੂਰ ਜਾਨ ਛਡਾ ਕੇ ਭੱਜਿਆ ਹੋਵੇ।”
ਨਾਥਾ ਅਮਲੀ ਕਹਿੰਦਾ, ”ਇਹ ਵੀ ਜਾਨ ਈ ਛਡਾ ਕੇ ਭੱਜਿਆ ਸੀ ਇਹ ਕਿਹੜਾ ਗਾਹਾਂ ਹਾਥੀ ਆਲਿਆਂ ਨੂੰ ਵੋਟ ਪਾ ਕੇ ਆਇਆ ਸੀ।”
ਬੁੱਘਰ ਦਖਾਣ ਨੇ ਫ਼ੇਰ ਮੋੜੀ ਘਮਤਰ ਜਾਤ ਵੱਲ ਮੁਹਾਰ। ਬਾਬੇ ਪੂਰਨ ਸਿਉਂ ਨੂੰ ਕਹਿੰਦਾ, ”ਜਿਹੜੀ ਗੱਲ ਬਾਬਾ ਪ੍ਰਤਾਪੇ ਭਾਊ ਨੇ ਪੁੱਛੀ ਸੀ ਬਈ ਘਮਤਰ ਜਾਤ ਕਿਹੜੀ ਹੁੰਦੀ ਐ, ਉਹਦੇ ਬਾਰੇ ਤੂੰ ਦੱਸਿਆ ਈ ਨ੍ਹੀ।”
ਨਾਥਾ ਅਮਲੀ ਬੁੱਘਰ ਦਖਾਣ ਦੀ ਗੱਲ ਸੁਣ ਕੇ ਬੁੱਘਰ ਦੇ ਕੰਮ ‘ਚ ਕਹਿੰਦਾ, ”ਬੁੱਘਰ ਸਿਆਂ! ਆਪਾਂ ਕੀ ਲੈਣਾ ਪੁੱਛ ਕੇ। ਇਹ ਕੋਈ ਜਾਤ ਜੂਤ ਨ੍ਹੀ ਹੋਣੀ। ਇਹ ਤਾਂ ਹੋਰ ਪਾੜ੍ਹਤ ਪੜ੍ਹਣਗੇ ਇਹਦੇ ਬਾਰੇ। ਆਪਾਂ ਕੀ ਨਿਓਜੇ ਲੈਣੇ ਐ ਪੁੱਛ ਕੇ। ਨਾਲੇ ਖਾਣੀ ਆਪਣੇ ‘ਤੇ ਈ ਨਾ ਕਿਤੇ ਗੱਲ ਆ ਜੇ।”
ਬੁੱਘਰ ਦਖਾਣ ਕਹਿੰਦਾ, ”ਆਪਣੇ ‘ਤੇ ਕੀ ਗੱਲ ਆ ਜੂ ਬਾਬਾ। ਆਪਾਂ ਤਾਂ ਪੁੱਛਦੇ ਈ ਐ ਬਈ ਘਮਤਰ ਕੀ ਹੁੰਦਾ?”
ਨਾਥਾ ਅਮਲੀ ਬੁੱਘਰ ਦਖਾਣ ਨੂੰ ਕਹਿੰਦਾ, ”ਹੁਣ ਤੂੰ ਮਿਸਤਰੀਆਂ ਇਉਂ ਦੱਸ ਬਈ ਤੂੰ ਪੁੱਛਣੈ ਇਹ ਜਾਤ ਬਾਰੇ। ਜੇ ਨਾ ਪੁੱਛੇਂ ਤਾਂ ਚੰਗੈ, ਨਹੀਂ ਫਿਰ ਹੁਣੇ ਟੰਗਾਅ ਦਿੰਨੇ ਐਂ ਮਰਾਸੀ ਤੋਂ ਤੋੜ ‘ਤੇ ਗੁਲਗਲਾ।”
ਤਾਸ਼ ਖੇਡੀ ਜਾਂਦੇ ਸੀਤੇ ਮਰਾਸੀ ਨੂੰ ਆਵਾਜ਼ ਮਾਰ ਕੇ ਨਾਥਾ ਅਮਲੀ ਕਹਿੰਦਾ, ”ਓਹ ਸੀਤਾ ਸਿਆਂ! ਐਧਰ ਵੀ ਆਈਂ ਯਾਰ ਮਾੜਾ ਜਾ। ਆਹ ਬੁੱਘਰ ਨੂੰ ਦੱਸੀਂ ਬਈ ਆਹ ਘਮਤਰ ਜਾਤ ਕਿਹੜੀ ਹੁੰਦੀ ਹੈ?”
ਬਾਬਾ ਪੂਰਨ ਸਿਉਂ ਬੁੱਘਰ ਦਖਾਣ ਨੂੰ ਟਿੱਚਰ ‘ਚ ਉਹਦੇ ਕੰਨ ‘ਚ ਖੁਸਰ ਕੁਸਰ ਜੀ ਕਰ ਕੇ ਕਹਿੰਦਾ, ”ਤੂੰ ਕੀ ਲੈਣਾ ਸੀ ਬੁੱਘਰ ਸਿਆਂ ਇਨ੍ਹਾਂ ਨੂੰ ਕਮਲਿਆਂ ਨੂੰ ਛੇੜ ਕੇ। ਇੱਕ ਇਹ ਨਾਥਾ ਹੋਇਆ ਇੱਕ ਮਰਾਸੀ ਹੋਇਆ, ਜਿਹੋ ਜਾ ਇਨ੍ਹਾਂ ਨੂੰ ਛੇੜ ਲਿਆ ਜਿਹੇ ਜਾ ਭਰਿੰਡਾਂ ਆਲਾ ਖੱਖਰ ਛੇੜ ਲਿਆ। ਤੂੰ ਇੰਨ੍ਹਾਂ ਨੂੰ ਜਾਤ ਕਜਾਤ ਬਾਰੇ ਪੁੱਛ ਤਾਂ ਲਿਆ, ਹੁਣ ਤੇਰੀਆਂ ਨੱਕ ਨਾਲ ਲਖੀਰਾਂ ਨਾ ਕਢਾਈਆਂ ਤਾਂ ਮੈਨੂੰ ਵੀ ਬੰਦਾ ਨਾ ਗਿਣੀਂ।”
ਏਨੇ ਚਿਰ ਨੂੰ ਸੀਤਾ ਮਰਾਸੀ ਤਾਸ਼ ਦੀ ਬਾਜ਼ੀ ਪੂਰੀ ਕਰ ਕੇ ਨਾਥੇ ਅਮਲੀ ਨੂੰ ਆ ਕੇ ਕਹਿੰਦਾ, ”ਹਾਂ ਬਈ ਨਾਥਾ ਸਿਆਂ! ਹੁਣ ਦੱਸ ਕੀ ਕਹਿੰਦਾ ਸੀ ਤੂੰ। ਉਦੋਂ ਮੇਰਾ ਬਾਜੀ ‘ਚ ਧਿਆਨ ਸੀ।”
ਅਮਲੀ ਕਹਿੰਦਾ, ”ਮੈਂ ਤਾਂ ਤੈਨੂੰ ਕਿਉਂ ਪੁੱਛਦਾਂ, ਬਈ ਆਹ ਪ੍ਰਤਾਪੇ ਭਾਊ ਨੇ ਬਾਬੇ ਪੂਰਨ ਸਿਉਂ ਨੂੰ ਪੁੱਛਿਆ ਬਈ ਘਮਤਰ ਜਾਤ ਕਿਹੜੀ ਹੁੰਦੀ ਐ। ਬਾਬਾ ਤਾਂ ਚੁੱਪ ਕਰ ਗਿਆ। ਹੁਣ ਬੁੱਘਰ ਦਖਾਣ ਕਹਿੰਦਾ ‘ਆਹ ਘਮਤਰ ਜਾਤ ਬਾਰੇ ਯਾਰ ਤੁਸੀਂ ਚੁੱਪ ਈ ਕਰ ਗੇ। ਇਹਨੂੰ ਬੁੱਘਰ ਨੂੰ ਦੱਸੀਂ ਬਈ ਘਮਤਰ ਜਾਤ ਕਿਹੜੀ ਹੁੰਦੀ ਐ?”
ਸੀਤਾ ਮਰਾਸੀ ਕਹਿੰਦਾ, ”ਦੱਸ ਤਾਂ ਮੈਂ ਦਿੰਨਾਂ, ਪਰ ਮੈਨੂੰ ਕੁੱਟ ਤੋਂ ਬਚਾ ਲਿਓ। ਹੋਰ ਨਾ ਕਿਤੇ ਬੁੱਘਰ ਸਿਉਂ ਮੈਨੂੰ ਪੰਜਾਂ ਦੇ ਨੋਟ ਆਂਗੂੰ ਮਰੋੜ ਕੇ ਰੱਖ ਦੇ।”
ਮਰਾਸੀ ਦੀ ਗੱਲ ਸੁਣ ਕੇ ਬਾਬੇ ਪੂਰਨ ਸਿਉਂ ਨੇ ਇਉਂ ਕੰਨ ਚੱਕ ਲਏ ਜਿਮੇਂ ਅੱਧੀ ਰਾਤ ਨੂੰ ਚੋਰ ਚੋਰ ਦਾ ਰੌਲਾ ਪੈਣ ਤੋਂ ਸਾਰਾ ਪਿੰਡ ਕੋਠਿਆਂ ‘ਤੇ ਆ ਚੜ੍ਹਿਆ ਹੋਵੇ। ਬਾਬਾ ਸੀਤੇ ਮਰਾਸੀ ਨੂੰ ਕਹਿੰਦਾ, ”ਹਾਂ ਮੀਰ ਦੱਸ ਕਿਹੜੀ ਜਾਤ ਐ ਇਹੇ?”
ਸੀਤਾ ਮਰਾਸੀ ਕਹਿੰਦਾ, ”ਆਹ ਨੰਬਰਦਾਰ ਦੱਸ ਕੇ ਤਾਂ ਹਟਿਆ ਬਈ ਅੱਡ ਅੱਡ ਦੀਆਂ ਦੋ ਜਾਤਾਂ ਨੇ ਆਪਸ ਵਿੱਚ ਵਿਆਹ ਕਰਾ ਲਿਆ, ਜਿਹੜੇ ਉਨ੍ਹਾਂ ਦੇ ਜੁਆਕ ਹੋਏ ਐ, ਉਹ ਹੁਣ ਤੂੰ ਆਪ ਈ ਵੇਖ ਲਾ ਬਈ ਕਿਹੜੀ ਜਾਤ ‘ਚੋਂ ਹੋਣਗੇ?”
ਬਾਬਾ ਮਰਾਸੀ ਨੂੰ ਕਹਿੰਦਾ, ”ਤੂੰ ਖੁੱਲ੍ਹ ਕੇ ਗੱਲ ਕਰ ਮੀਰ ਗੱਲ ਕੀਹਦੀ ਐ ਇਹੇ?”
ਸੀਤਾ ਮਰਾਸੀ ਕਹਿੰਦਾ, ”ਗੱਲ ਤਾਂ ਬਾਬਾ ਇਉਂ ਐ ਬਈ ਆਪਣੇ ਗੁਆੜ ਆਲੇ ਗੱਜਣ ਘਮਿਆਰ ਦੇ ਮੁੰਡੇ ਨੇ ਮੌੜਾਂ ਦੇ ਕਿਸੇ ਤਰਖਾਣਾਂ ਦੀ ਕੁੜੀ ਨਾਲ ਘਰੋਂ ਭੱਜ ਕੇ ਕਚਹਿਰੀਆਂ ‘ਚ ਜਾ ਵਿਆਹ ਕਰਾਇਆ। ਉਨ੍ਹਾਂ ਦੇ ਜੁਆਕਾਂ ਨੂੰ ਕਿਹੜੀ ਜਾਤ ਕਹਾਂਗੇ ਬਈ। ਨਾ ਤਾਂ ਉਹ ਪੂਰੇ ਈ ਘਮਿਆਰ ਐ ਤੇ ਨਾ ਹੀ ਪੂਰੇ ਤਰਖਾਣ ਐ। ਤਾਹੀਂ ਤਾਂ ਉਨ੍ਹਾਂ ਦੀ ਘਮਤਰ ਜਾਤ ਐ। ਆਹ ਗੱਲ ਐ ਬਾਬਾ।”
ਰਤਨ ਸਿਉਂ ਸੂਬੇਦਾਰ ਕਹਿੰਦਾ, ”ਗੱਲ ਦੀ ਸਮਝ ਨ੍ਹੀ ਆਈ ਯਾਰ ਸੀਤਾ ਸਿਆਂ ਬਈ ਘਮਤਰ ਕੀ ਹੋਇਆ?”
ਸੀਤਾ ਮਰਾਸੀ ਕਹਿੰਦਾ, ”ਘਮਿਆਰ ਤੋਂ ਘਮ ਤੇ ਤਰਖਾਣ ਤੋਂ ਤਰ। ਦੋਨਾਂ ਜਾਤਾਂ ਦੇ ਮੂਹਰਲੇ ਦੋ ਦੋ ਅੱਖਰ ਜੋੜ ਕੇ ਨਮੀਂ ਜਾਤ ਬਣਾ ਲੀ ਭਜਾਕਲਾਂ ਨੇ। ਬਣ ਗੀ ਕਨਾਅ ਘਮਤਰ ਜਾਤ।”
ਜਦੋਂ ਬੁੱਘਰ ਦਖਾਣ ਨੇ ਇਹ ਗੱਲ ਸੁਣੀ ਤਾਂ ਬੁੱਘਰ ਮਰਾਸੀ ਨੇ ਗਲ ਪੈ ਗਿਆ, ”ਸੋਡੀ ਜਾਤ ਬਾਹਲੀ ਉੱਚੀ ਐ ਓਏ। ਸਾਲੀ ਮੰਗ ਖਾਣੀ ਜਾਤ ਨਾ ਹੋਵੇ ਤਾਂ। ਹੁਣ ਤਾਈਂ ਤਾਂ ਸੋਡਾ ਬੁੜ੍ਹਾ ਮਕੰਦੀ ਮਰਾਸੀ ਲੋਕਾਂ ਦੇ ਘਰੋਂ ਮੰਗ ਮੰਗ ਖਾਂਦਾ ਰਿਹਾ, ਹੁਣ ਤੁਸੀਂ ਆ ਗੇ ਵੱਡੇ ਜੈਲਦਾਰ।”
ਏਨੀ ਗੱਲ ਕਹਿ ਕਿ ਬੁੱਘਰ ਤਾਂ ਸੱਥ ‘ਚ ਉੱਠ ਕੇ ਘਰ ਨੂੰ ਉੱਠ ਗਿਆ। ਫ਼ੇਰ ਬਾਬੇ ਨੇ ਲਾਈ ਦੂਜਿਆਂ ਦੀ ਕਲਾਸ। ਕਹਿੰਦਾ, ”ਬਈ ਗੱਲ ਸੁਣ ਲੋ ਜੇ ਤਾਂ ਸੱਥ ‘ਆ ਕੇ ਲੜਨ ਆਲੀਆਂ ਗੱਲਾਂ ਕਰਨੀਆਂ ਹੁੰਦੀਆਂ ਜਾਂ ਕਿਸੇ ਦੀ ਜਾਤ ਕਜਾਤ ਪਰਖਣੀ ਐਂ ਤਾਂ ਸੱਥ ‘ਚ ਨਾ ਆਇਆ ਕਰੋ।”
ਨਾਥਾ ਅਮਲੀ ਬਾਬੇ ਦੀ ਗੱਲ ਦੇ ਵਿੱਚ ਟਿੱਚਰ ‘ਚ ਬੋਲ ਕੇ ਕਹਿੰਦਾ, ”ਬਈ ਜੀਹਨੇ ਸੱਥ ਆ ਕੇ ਲੜਨਾ ਹੁੰਦਾ, ਉਹ ਸੁਖਣੇ ਕੇ ਗੇਜੂ ਆਂਗੂੰ ਜਾਂ ਤਾਂ ਪਹਿਲਾਂ ਈ ਘਰੋਂ ਲੜ ਕੇ ਆਇਆ ਕਰੇ ਜਾਂ ਆਇਆ ਈ ਨਾ ਕਰੇ। ਐਮੇਂ ਬਿਨਾਂ ਗੱਲ ਤੋਂ ਮੇਲੇ ‘ਚ ਆ ਕੇ ਖਰਲ੍ਹੋ ਪਾਉਣ ਨਾਲੋਂ ਆਵਦੇ ਘਰੇ ਈ ਰਿਹਾ ਕਰੇ।”
ਗੱਲ ਹਾਸੇ ‘ਚ ਪੈ ਗਈ ਕਰ ਕੇ ਮਾਹਲੇ ਨੰਬਰਦਾਰ ਨੇ ਅਮਲੀ ਨੂੰ ਪੁੱਛਿਆ, ”ਕਿਉਂ ਅਮਲੀਆ! ਆਹ ਸੁਖਣੇ ਕੇ ਗੇਜੂ ਨੂੰ ਕਿੱਧਰੋਂ ਫ਼ੜ ਲਿਆ ਓਏ। ਉਹਦੀ ਵੀ ਕੋਈ ਗੱਲ ਹੋ ਗੀ ਸੀ?”
ਅਮਲੀ ਕਹਿੰਦਾ, ”ਉਹ ਵੀ ਸਾਰਾ ਦਿਨ ਬਿਨਾਂ ਗੱਲ ਤੋਂ ਆਕੜ ‘ਚ ਬਾਹਲ਼ਾ ਈ ਮੱਛਰਿਆ ਰਹਿੰਦਾ ਸੀ। ਮੈਂ ਲਾਹੀ ਫ਼ਿਰ ਇੱਕ ਦਿਨ ਉਹਦੀ ਕਾਟ੍ਹੋ ਕਿੱਕਰ ਤੋਂ।”
ਸੂਬੇਦਾਰ ਰਤਨ ਸਿਉਂ ਨੇ ਪੁੱਛਿਆ, ”ਉਹ ਕੈਸੇ ਬਈ। ਹਮੇ ਵੀ ਬਤਾਅ?”
ਸੂਬੇਦਾਰ ਬਹੁਤਾ ਚਿਰ ਫ਼ੌਜ ‘ਚ ਬੰਗਾਲ ਬਿਹਾਰ ਵੱਲ ਰਿਹਾ ਕਰ ਕੇ ਹਿੰਦੀ ਹੀ ਬਹੁਤੀ ਬੋਲਦਾ ਸੀ। ਜਿਸ ਕਰ ਕੇ ਉਹ ਹਿੰਦੀ ਚੀ ਗੱਲ ਕਰਦਾ ਸੀ।
ਅਮਲੀ ਸੂਬੇਦਾਰ ਨੂੰ ਕਹਿੰਦਾ, ”ਲੈ ਸੁਣ ਲਾ ਫ਼ਿਰ ਫ਼ੌਜੀਆ ਗੱਲ। ਇਹ ਸੁਖਣੇ ਕਾ ਗੇਜੂ ਕਿਤੇ ਇੱਕ ਦਿਨ ਆੜ੍ਹਤੀਏ ਜਗਨੇ ਨਾਲ ਲੜ ਪਿਆ। ਨਾ ਤਾਂ ਬਾਣੀਏ ਨੇ ਗੇਜੂ ਦੀ ਸਿਆਣ ਕੱਢੀ ਤੇ ਨਾ ਹੀ ਗੇਜੂ ਨੇ ਬਾਣੀਏ ਦੀ ਸਾਰ ਲਈ। ਕਈ ਦਿਨਾਂ ਮਗਰੋਂ ਗੇਜੂ ਮੇਰੇ ਘਰੇ ਆ ਕੇ ਮੈਨੂੰ ਕਹਿੰਦਾ ‘ਮੇਰੀ ਤੇ ਜਗਨੇ ਬਾਣੀਏ ਦੀ ਕਿਸੇ ਗੱਲ ਤੋਂ ਹੋ ਗੀ ਲੜਾਈ। ਬਾਣੀਆ ਮੈਨੂੰ ਕਹਿੰਦਾ ਜਾਂ ਤਾਂ ਕੰਮ ਕਰ ਕੇ ਦੇ ਜਾਂ ਫ਼ਿਰ ਜਵਾਬ ਦੇ ਦੇ’। ਮੈਂ ਕਿਹਾ ਦੇ ਦੇ ਫ਼ਿਰ ਜਵਾਬ। ਕਹਿ ਦੇ ਜਵਾਬ ਐ। ਗੇਜੂ ਮੈਨੂੰ ਕਹਿੰਦਾ ‘ਲੈ! ਤੇਰੇ ਆਖੇ ਤਾਂ ਮੈਂ ਕਿਤੇ ਆਵਦਾ ਘਰ ਨਾ ਪੱਟ ਲਾਂ’। ਜਦੋਂ ਗੇਜੂ ਨੇ ਮੈਨੂੰ ਇਹ ਗੱਲ ਕਹੀ ਤਾਂ ਮੈਂ ਗੇਜੂ ਨੂੰ ਕਿਹਾ ‘ਜੇ ਨਹੀਂ ਜਵਾਬ ਦੇਣਾ ਤਾਂ ਕਹਿ ਜਾ ਕੇ ਬਾਣੀਏ ਨੂੰ ਫ਼ਿਰ ਫ਼ੁੱਫ਼ੜ’। ਜਦੋਂ ਮੈਂ ਇਹ ਗੱਲ ਕਹੀ ਤਾਂ ਗੇਜੂ ਮੂੰਹ ਢਿੱਲਾ ਜਾ ਕਰ ਕੇ ਘਰੋਂ ਇਉਂ ਨੀਮੀਂ ਪਾ ਕੇ ਨਿਕਲਿਆ ਜਿਮੇਂ ਸੂਟ ਪਿੱਛੇ ਵਚੋਲਣ ਵਿਆਹ ਆਲੇ ਘਰੋਂ ਚੁੰਨੀ ਨਾਲ ਮੂੰਹ ਲਵ੍ਹੇਟ ਕੇ ਨਿੱਕਲਦੀ ਹੁੰਦੀ ਐ।”
ਅਮਲੀ ਦੀ ਗੱਲ ਸੁਣ ਕੇ ਬਾਬਾ ਪੂਰਨ ਸਿਉਂ ਅਮਲੀ ਨੂੰ ਘੂਰ ਕੇ ਬੋਲਿਆ, ”ਚੁੱਪ ਨ੍ਹੀ ਕਰਦਾ ਅਮਲੀਆ ਓਏ। ਛੱਡੋਂ ਪਰ੍ਹਾਂ ਹੁਣ ਇਹ ਗੱਲਾਂ ਕੋਈ ਚੱਜ ਦੀ ਗੱਲ ਵੀ ਕਰ ਲਿਆ ਕਰੋ। ਤੈਂ ਤਾਂ ਸਾਰੀ ਦਿਹਾੜੀ ਕਿਸੇ ਨਾ ਕਿਸੇ ‘ਤੇ ਤਵਾ ਲਾਈ ਰੱਖਣਾ ਹੁੰਦੈ। ਚੱਲੋ ਉੱਠੋ ਘਰਾਂ ਨੂੰ ਚੱਲੀਏ। ਐਮੇਂ ਫ਼ੇਰ ਨਾ ਕਿਸੇ ਗੱਲ ‘ਤੇ ਗੜਬੜ ਕਰ ਕੇ ਬਹਿ ਜਿਓ। ਸੱਥ ‘ਚ ਕੱਲ੍ਹ ਨੂੰ ਆਉਣ ਜੋਗੇ ਵੀ ਰਹਿ ਜੋ।”
ਬਾਬੇ ਨੂੰ ਤਲਖ਼ੀ ‘ਚ ਆਇਆ ਵੇਖ ਸਾਰੇ ਸੱਥ ਵਾਲੇ ਗੇਜੂ ਤੇ ਜਗਨੇ ਬਾਣੀਏ ਦੀਆਂ ਗੱਲਾਂ ਕਰਦੇ ਕਰਦੇ ਸੱਥ ‘ਚੋਂ ਉੱਠ ਕੇ ਆਪੋ ਆਪਣੇ ਘਰਾਂ ਨੂੰ ਚੱਲ ਪਏ।

LEAVE A REPLY