ਡਾਇਰੀ ਦਾ ਪੰਨਾ/ ਨਿੰਦਰ ਘੁਗਿਆਣਵੀ
ਮਹਾਂਰਾਸ਼ਟਰ ‘ਚ ਹਾਲੇ ਤੀਕ ਮੌਨਸੂਨ ਨਹੀਂ ਬਹੁੜੀ, ਹੋ ਸਕਦੈ ਕਿ ਇਸ ਕਾਲਮ ਦੇ ਛਪਣ ਤੀਕ ਇੱਥੇ ਮੌਨਸੂਨ ਦੀ ਆਮਦ ਹੋ ਹੀ ਜਾਵੇ ਅਤੇ ਮਚਦੇ-ਭੁਜਦੇ ਲੋਕ ਠੰਢੇ ਹੋ ਜਾਵਣ। ਗਰਮੀ ਨਾਲ ਹਾਲੋਂ ਬੇਹਾਲ ਹੋਏ ਫ਼ਿਰਦੇ ਨੇ ਇਥੋਂ ਦੇ ਲੋਕ। ਆਖ ਰਹੇ ਨੇ ਕਿ ਬੜੀ ਲੇਟ ਹੋ ਗਈ ਹੈ ਇਸ ਵਾਰ ਮੌਨਸੂਨ, ਫ਼ਸਲਾਂ ਅਤੇ ਸਬਜ਼ੀਆਂ ਸੜ ਰਹੀਆਂ ਨੇ, ਪੂਜਾ ਕਰਨ ‘ਚ ਮਨ ਨਹੀਂ ਲਗਦਾ। ਕੀ ਕਰੀਏ? ਕਿੱਧਰ ਜਾਈਏ? ਗਰਮੀ ਦੇ ਸਤਾਏ ਲੋਕ ਵਾਹਨ ਵੀ ਤੇਜ ਤੇਜ ਭਜਾਉਂਦੇ ਦਿਸਦੇ ਨੇ ਅਤੇ ਆਪੋ ‘ਚ ਭਿੜ ਵੀ ਜਾਂਦੇ ਨੇ ਕਦੇ ਕਦੇ।
ਜੂਨ ਮਹੀਨੇ ਦੇ ਆਖੀਰ ਤਕ ਤਾਂ ਮੌਨਸੂਨ ਪੰਜਾਬ ‘ਚ ਵੀ ਆ ਜਾਂਦੀ ਹੈ, ਪਰ ਉਹ ਸੂਬਾ ਵੀ ਹਾਲੇ ਮੌਨਸੂਨ ਦੀ ਉਡੀਕ ਕਰ ਰਿਹੈ। ਖੇਤੋਂ ਝੋਨੇ ਦੀਆਂ ਪਨੀਰੀਆਂ ਪੁੱਟੀਆਂ ਜਾ ਰਹੀਆਂ ਨੇ ਅਤੇ ਝੋਨੇ ਲੱਗ ਰਹੇ ਨੇ। ਮਾਲਵੇ ਦੇ ਖਿੱਤੇ ‘ਚ ਇਸ ਵਾਰ ਟਮਾਟਰਾਂ ਦੀ ਹੋਈ ਬੇਕਦਰੀ ਨੇ ਕਿਸਾਨਾਂ ਦਾ ਰੰਗ ਵੀ ਫ਼ਿਕਰ ਅਤੇ ਝੋਰੇ ਕਾਰਣ ਟਮਾਟਰਾਂ ਵਰਗਾ ਹੀ ਕਰ ਦਿੱਤਾ ਹੈ।
***
ਇੱਥੇ ਵਰਧਾ ਮੈਂ 20 ਜੂਨ ਦੀ ਸਵੇਰ ਨੂੰ ਅੱਪੜ ਗਿਆ ਸਾਂ ਅਤੇ ਪੂਨੇ ਤੋਂ ਜਹਾਜ ਬਦਲਨਾ ਪਿਆ। ਨਾਗਪੁਰ ਉਤਰਿਆ, ਦਫ਼ਤਰ ਦੀ ਗੱਡੀ ਆਈ ਖੜ੍ਹੀ ਸੀ ਲੈਣ। ਵੇਲੇ ਸਿਰ ਵਰਧਾ ਪੁੱਜਾ। ਜਦ ਦੁਪਿਹਰ ਭਖਣ ਲੱਗੀ ਤਾਂ ਸਾਡੀ ਯੂਨੀਵਰਸਿਟੀ ਦੇ ਪੰਚ-ਟੀਲੇ ਪਹਾੜਾਂ ਤੋਂ ਆਉਂਦੀ ਤੱਤੀ ਲੂਅ ਪਿੰਡੇ ਲੂਹਣ ਲੱਗੀ। ਮੇਰੇ ਕੋਲ ਤਾਂ ਛਤਰੀ ਜਾਂ ਪਰਨਾ ਵੀ (ਸਾਫ਼ਾ) ਨਹੀਂ। ਹਾਂ, ਨਾਲ ਮਾਸਕ ਜ਼ਰੂਰ ਰੱਖੇ ਹੋਏ ਹਨ ਅਤੇ ਮਾਸਕ ਗਰਮੀ ਰੋਕੇਗਾ ਨਹੀਂ ਸਗੋਂ ਸਾਹ ਹੋਰ ਵੀ ਘੁਟੇਗਾ। ਪਹਾੜਾਂ ‘ਤੇ ਫ਼ਿਰਦਿਆਂ ਮਾਸਕ ਲਾਈਏ ਤਾਂ ਸਾਹ ਵੀ ਘੁੱਟਿਆ ਜਾਂਦਾ ਹੈ।
***
ਸਾਰਾ ਸਾਰਾ ਦਿਨ ਤੱਤਾ ਹਨ੍ਹੇਰ ਵਗਦਾ ਹੈ। ਬੂਟੇ ਪੌਦੇ ਸੁੱਕ ਮੜੁੱਕ ਚੱਲੇ ਨੇ। ਕੋਈ ਕਿੰਨਾ ਕੁ ਪਾਣੀ ਪਾਈ ਚੱਲੇ? ਮਾਲੀ ਥੱਕ ਹਾਰ ਕੇ ਅਕਾਸ਼ ਵੱਲ ਝਾਕਦੇ ਨੇ। ਜਦ ਤਕ ਇੰਦਰ ਦੇਵਤਾ ਮਿਹਰਬਾਨ ਨਹੀਂ ਹੁੰਦਾ ਤਦ ਤੀਕ ਕੋਈ ਚਾਰਾ ਨਹੀਂ। ਕੁਮਲਾਏ ਤੇ ਬਾਵਰੇ ਬਾਵਰੇ ਝਾਕਦੇ ਰੁੱਖ ਵੀ ਇੱਕ ਦੂਸਰੇ ਨੂੰ ਪੁੱਛ ਰਹੇ ਜਾਪਦੇ ਨੇ ਕਿ ਕਦ ਆਵੇਗਾ ਮੀਂਹ, ਕਿਸੇ ਰੋਕ ਰੱਖੀ ਹੈ ਕਿਣਮਿਣ ਕਿਣਮਿਣ? ਹਰੇਕ ਹੱਥ ਛੱਤਰੀ ਹੈ, ਕੀ ਨਿਆਣਾ ਕੀ ਸਿਆਣਾ। ਸਿਰਾਂ ਮੂੰਹਾਂ ‘ਤੇ ਵੱਲੇ ਹੋਏ ਨੇ ਪਰਨੇ। ਪੈਰੀਂ ਆਮ ਜਿਹੀਆਂ ਚੱਪਲਾਂ ਨੇ। ਬਹੁਤੇ ਲੋਕ ਹਲਕੇ ਜਿਹੇ ਕੱਪੜੇ ਦੇ ਕੁੜਤੇ ਪਜਾਮੇ ਪਾਈ ਫ਼ਿਰਦੇ ਨੇ। ਬਹੁਤੇ ਪ੍ਰੋਫ਼ੈਸਰ ਤਾਂ ਪਤਲੀਆਂ ਪਤਲੀਆਂ ਧੋਤੀਆਂ ਬੰਨ੍ਹੀ ਅਤੇ ਗੇਰੂਏ ਜਾਂ ਰੰਗ ਬਰੰਗੇ ਲੰਬੇ ਕੁੜਤੇ ਪਹਿਨ ਕੇ ਯੂਨੀਵਰਸਿਟੀ ਆਉਂਦੇ ਨੇ। ਕਿਸੇ ਨੇ ਬੋਦੀ ਛੱਡੀ ਹੋਈ ਹੈ ਅਤੇ ਮੱਥੇ ਉਤੇ ਲੰਮਾ ਤਿਲਕ ਚਮਕ ਰਿਹਾ ਹੈ। ਕੋਈ ਰਾਮ ਰਾਮ ਬੁਲਾ ਰਿਹਾ ਹੈ ਅਤੇ ਕੋਈ ਨਮਸਤੇ ਅਤੇ ਕੋਈ ਪਰਨਾਮ ਆਖਦਾ ਹੈ।
***
ਅੱਧੀ ਕੁ ਰਾਤ ਤੋਂ ਬਾਅਦ ਜਦ ਠੰਢਕ ਜਿਹੀ ਹੁੰਦੀ ਹੈ ਤਾਂ ਪਹਾੜਾਂ ‘ਚੋਂ ਵੰਨ ਸੁਵੰਨੇ ਜੀਵ ਜੰਤੂ ਬਾਹਰ ਭੁੜਕਣ ਲਗਦੇ ਨੇ। ਸੇਹਾਂ ਨਿਕਲਦੀਆਂ ਨੇ ਠੰਡਕ ਮਾਣਨ ਨੂੰ। ਇੱਥੇ ਕੋਬਰੇ ਤੋਂ ਵੀ ਭੈੜਾ ਰਸਾਲ ਨਾਮੀਂ ਇੱਕ ਸੱਪ ਮਿਲਦਾ ਹੈ। ਲੋਕੀ ਡਰ-ਡਰ ਲੰਘਦੇ ਨੇ ਕਿ ਕੀ ਪਤਾ ਕਦੋਂ ਰਾਹ ‘ਚ ਆ ਜਾਵੇ ਰਸਾਲ ਚੰਦਰਾ! ਮੇਰੀ ਰਿਹਾਇਸ਼ ਪਹਾੜ ਦੇ ਪੈਰਾਂ ‘ਚ ਹੈ। ਜੀਵ ਜੰਤੂਆਂ ਦੀਆਂ ਵੰਨ ਸੁਵੰਨੀਆਂ ਆਵਾਜ਼ਾਂ ਸਹਿਜੇ ਹੀ ਸੁਣ ਲੈਂਦਾ ਹਾਂ ਮੈਂ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਬਾਂਦਰਾਂ ਵਾਂਗਰ ਏਥੇ ਵੀ ਬਾਂਦਰ-ਬਾਂਦਰੀਆਂ ਦੀ ਕੋਈ ਕਮੀ ਨਹੀਂ। ਬੜਾ ਸ਼ੋਰ ਪਾਉਂਦੇ ਨੇ ਸਾਲੇ! ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ ਮੋਰਾਂ ਨੂੰ ਯਾਦ ਕਰਦਾਂ, ਇੱਥੇ ਕਿੱਥੇ ਲੱਭਦੈ ਮੋਰ? ਪੰਛੀ ਵੀ ਨਹੀਂ ਕੋਈ ਖ਼ਾਸ ਸਿਵਾਏ ਮਰੀਆਂ ਜਿਹੀਆਂ ਚਿੜੀਆਂ ਦੇ। ਚਿੜੀਆਂ ਵੀ ਆਥਣੇ ਸਵੇਰੇ ਹੀ ਉਡਦੀਆਂ ਨੇ।
ਮਰਾਠੀ ਦਾ ਪ੍ਰੋਫ਼ੈਸਰ ਸੰਦੀਪ ਮਧੁਕਰ ਸਪਕਾਲੇ ਮੈਂ ਸਾਂ ਜੱਜ ਦਾ ਅਰਦਲੀ ਨੂੰ ਹਿੰਦੀ ਤੋਂ ਮਰਾਠੀ ‘ਚ ਅਨੁਵਾਦ ਰਿਹਾ ਹੈ ਅਤੇ ਯੂਨਿਵਰਸਿਟੀ ਛਾਪੇਗੀ। ਅਜ ਸਵੇਰੇ ਦਫ਼ਤਰ ਆਉਂਦਿਆਂ ਪ੍ਰੋ.ਸਪਕਾਲੇ ਨੂੰ ਪੁਛਦਾ ਹਾਂ, ”ਬਾਰਿਸ਼ ਕਬ ਆਏਗੀ?” ਉਹ ਮਰਾਠੀ ‘ਚ ਬੋਲਦਾ ਹੈ, ”ਪਾਉਸ ਯੇ ਏਨਾਰ ਅਹੈ,” ਭਾਵ ਬੱਸ ਆਉਣ ਹੀ ਵਾਲੀ ਹੈ। ਸਪਕਾਲੇ ਦਾ ਅਤੇ ਮੇਰਾ ਕਮਰਾ ਨਾਲ ਨਾਲ ਹਨ, ਇਸ ਲਈ ਉਹਦੇ ਕੁਝ ਸ਼ਬਦ ਮਰਾਠੀ ਦੇ ਸਿਖਦਾ ਰਹਿੰਦਾਂ। ਮੈਂ ਆਖਿਆ, ”ਆਓ ਚੱਲੀਏ।” ਸਪਕਾਲੇ ਇਸ ਦਾ ਅਰਥ ਕਰਦਾ ਬੋਲਿਆ, ”ਯਾ ਚਲਾ।” ਇਵੇਂ ਹੀ, ”ਕਿੱਥੇ ਜਾ ਰਹੇ ਹੋ?” ਦਾ ਅਰਥ ਉਹਨੇ ਕੀਤਾ, ”ਕੁਠੇ ਜਾਤ ਅਹਾ।” ਮੈਂ ਆਖਿਆ ਕਿ ਸਪਕਾਲੇ ਆਜ ਗਰਮੀ ਬਹੁਤ ਹੈ, ਉਸ ਨੇ ਇਸ ਦਾ ਅਰਥ ਕੀਤਾ, ”ਆਜ ਦਿਵਸ ਤਾਪਲੇਲਾ ਹੈ।” ਹੋ ਸਕਦੈ ਕਿ ਸਪਕਾਲੇ ਤੋਂ ਮਰਾਠੀ ਸਿੱਖ ਕੇ ਹੀ ਮੁੜਾਂ ਪੰਜਾਬ।
***