ਤੁਹਾਨੂੰ ਕਿੰਨੀ ਚਿੰਤਾ ਕਰਨ ਦੀ ਲੋੜ ਹੈ? ਸਾਡੇ ਲਈ ਇਹ ਦੱਸਣਾ ਕਦੇ ਵੀ ਆਸਾਨ ਨਹੀਂ ਹੁੰਦਾ ਕਿ ਚਿੰਤਾ ਦਾ ਢੁਕਵਾਂ ਪੱਧਰ ਕੀ ਹੋਣਾ ਚਾਹੀਦਾ ਹੈ। ਅਸੀਂ ਲਾਪਰਵਾਹ ਦਿਖਾਈ ਨਹੀਂ ਦੇਣਾ ਚਾਹੁੰਦੇ ਜਾਂ ਕੋਈ ਬੇਲੋੜਾ ਜੋਖ਼ਮ ਨਹੀਂ ਉਠਾਉਣਾ ਚਾਹੁੰਦੇ ਹੁੰਦੇ, ਇਸ ਲਈ ਅਸੀਂ ਆਮ ਤੌਰ ‘ਤੇ ਇੱਕ ਸੁਰੱਖਿਆਤਮਕ ਕਦਮ ਚੁੱਕਣ ਲਈ ਕੇਵਲ ਆਪਣੀਆਂ ਕਮੀਆਂ ਵੱਲ ਧਿਆਨ ਦਿੰਦੇ ਹਾਂ। ਕਮੀਆਂ ਤਾਂ ਓਹੀ ਰਹਿਣਗੀਆਂ ਜੋ ਉਹ ਹਨ, ਪਰ, ਅਸੀਂ ਉਨ੍ਹਾਂ ‘ਚ ਉਲਝ ਕੇ ਰਹਿ ਜਾਂਦੇ ਹਾਂ। ਸਾਡੀਆਂ ਕਮੀਆਂ ਸਾਨੂੰ ਚਿੰਤਾ ‘ਚ ਘਸੀਟਦੀਆਂ ਹਨ ਅਤੇ, ਇੱਥੋਂ ਤਕ ਕਿ ਜਦੋਂ ਅਸੀਂ ਉਨ੍ਹਾਂ ‘ਚੋਂ ਬਾਹਰ ਵੀ ਨਿਕਲ ਆਉਂਦੇ ਹਾਂ, ਉਦਾਸੀ ਦੇ ਦਾਗ਼ ਸਾਡੇ ਕੱਪੜਿਆਂ ‘ਤੇ ਚਿਪਕੇ ਰਹਿ ਜਾਂਦੇ ਹਨ। ਤੁਹਾਨੂੰ ਆਪਣੇ ਭਾਵਨਾਤਮਕ ਜੀਵਨ ‘ਚ ਬਹੁਤ ਜ਼ਿਆਦਾ ਚਿੰਤਾ ਕਰਨ ਦੀ ਆਪਣੀ ਪ੍ਰਵਿਰਤੀ ਬਾਰੇ ਚਿੰਤਾ ਕਰਨ ਦੀ ਲੋੜ ਹੈ।
ਅਕਸਰ ਇੰਝ ਲੱਗਦੈ ਕਿ ਇਸ ਧਰਤੀ ਉੱਪਰ ਵੱਸਦਾ ਹਰ ਵਿਅਕਤੀ ਆਪੋ-ਆਪਣਾ ਕੋਈ ਨਾ ਕੋਈ ਨੁਕਤਾ ਸਾਬਿਤ ਕਰਨ ‘ਚ ਰੁੱਝਿਆ ਹੋਇਆ ਹੈ। ਅਸੀਂ ਸਾਰੇ ਲਗਾਤਾਰ ਤੁਲਨਾਵਾਂ ਕਰ ਰਹੇ ਹਾਂ: ਮੈਂ ਕਿਸ ਨਾਲੋਂ ਬਿਹਤਰ ਕਰ ਰਿਹਾਂ? ਮੈਂ ਕਿਸ ਤੋਂ ਬੁਰਾ ਕਰ ਰਿਹਾਂ? ਮੈਂ ਕਿਸ ਦੇ ਬਰਾਬਰ ਹਾਂ? ਇਹ ਕਿਹੜੀ ਅਜੀਬ ਲੋੜ ਹੈ ਕਿ ਮਨੁੱਖ ਆਪਣੇ ਆਪ ਨੂੰ ਇੱਕ ਦੂਜੇ ਵਿਰੁੱਧ ਮਾਪਣ ਲਈ ਮਜਬੂਰ ਮਹਿਸੂਸ ਕਰਦਾ ਰਹਿੰਦੈ? ਆਪਣੇ ਰੁਤਬੇ ਜਾਂ ਅਹੁਦੇ ਦੀ ਬਹੁਤ ਜ਼ਿਆਦਾ ਪਰਵਾਹ ਕਰਨ ਨਾਲ ਅਸੀਂ ਇੱਕ ਤਰ੍ਹਾਂ ਦੇ ਅਸਫ਼ਲ ਵਿਅਕਤੀ ਬਣ ਜਾਂਦੇ ਹਾਂ! ਇਸ ਸਾਰੇ ਵਿਆਪਕ ਸੰਸਾਰ ‘ਚ ਕੋਈ ਵੀ ਅਜਿਹਾ ਨਹੀਂ ਜੋ ਤੁਹਾਡੇ ਤੋਂ ਵਧੀਆ ਹੈ। ਇਸ ਨੂੰ ਯਾਦ ਰੱਖੋ ਅਤੇ ਅੱਗੇ ਵਧੋ। ਇਹ ਤੁਹਾਨੂੰ ਸਕਾਰਾਤਮਕ ਤਬਦੀਲੀ ਨੂੰ ਆਪਣੇ ਵੱਲ ਖਿੱਚਣ ਦੀ ਸ਼ਕਤੀ ਵਾਲੇ ਇੱਕ ਚੁੰਬਕ ‘ਚ ਬਦਲ ਦੇਵੇਗਾ।
ਹੌਲੀ-ਹੌਲੀ, ਤੁਸੀਂ ਤਰੱਕੀ ਕਰ ਰਹੇ ਹੋ। ਕੀ ਤੁਸੀਂ ਥੋੜ੍ਹੀ ਹੋਰ ਤੇਜ਼ੀ ਨਾਲ ਵੀ ਇਹ ਤਰੱਕੀ ਸਕਦੇ ਹੋ? ਆਪਣੀ ਸਫ਼ਲਤਾ ਦੀ ਸਥਿਰਤਾ ਨੂੰ ਜੋਖ਼ਮ ‘ਚ ਪਾਏ ਬਿਨਾਂ ਨਹੀਂ। ਮੁਸੀਬਤ ਇਹ ਹੈ ਕਿ, ਅਸੀਂ ਇੱਕ ਅਜਿਹੀ ਦੁਨੀਆਂ ‘ਚ ਵਿੱਚਰਦੇ ਹਾਂ ਜੋ ਫ਼ੌਰੀ ਹੱਲਾਂ ਨਾਲ ਭਰੀ ਪਈ ਹੈ। ਕੀ ਤੁਸੀਂ ਇਹ ਚਾਹੁੰਦੇ ਹੋ? ਬਸ ਇਸ ਬਟਨ ਨੂੰ ਦਬਾਓ। ਤੁਸੀਂ ਭੁੱਖੇ ਹੋ? ਜਾਓ ਕੋਈ ਰੈਡੀਮੇਡ ਖਾਣਾ ਲੈ ਕੇ ਆਓ। ਜਦੋਂ ਲੋੜ ਹੁੰਦੀ ਹੈ ਤਾਂ ਸਾਨੂੰ ਹਮੇਸ਼ਾ ਗਤੀ ਦਰਕਾਰ ਹੁੰਦੀ ਹੈ। ਕਿਸੇ ਤਰ੍ਹਾਂ ਓਦੋਂ, ਤੁਹਾਨੂੰ ਆਪਣੀ ਲੋੜ ਦੀ ਤੀਬਰਤਾ ਨੂੰ ਘਟਾਉਣ ਦੀ ਲੋੜ ਹੁੰਦੀ ਹੈ। ਇਹ ਤੁਹਾਡੇ ਸੋਚਣ ਨਾਲੋਂ ਵਧੇਰੇ ਆਸਾਨੀ ਨਾਲ ਪ੍ਰਾਪਤ ਹੋ ਸਕਦਾ ਹੈ। ਭਰੋਸਾ ਰੱਖੋ। ਭਵਿੱਖ ਨੂੰ ਆਪਣੇ ਦੋਸਤ ਵਜੋਂ ਦੇਖੋ, ਇੱਕ ਦੁਸ਼ਮਣ ਵਜੋਂ ਨਹੀਂ। ਫ਼ਿਰ ਸਾਂਤ ਹੋ ਜਾਓ। ਤੁਸੀਂ ਜਲਦੀ ਹੀ ਉਸ ਤਕ ਪਹੁੰਚ ਜਾਓਗੇ।
ਦੋ ਅਤੇ ਦੋ ਅੱਠ ਬਣ ਜਾਂਦੇ ਹਨ। ਮੈਂ ਇੱਥੇ ਦਸਤਾਨਿਆਂ ਦੇ ਜੋੜਿਆਂ ਦੀ ਗੱਲ ਕਰ ਰਿਹਾਂ। ਤੁਸੀਂ ਇਹ ਦਲੀਲ ਦੇ ਸਕਦੇ ਹੋ ਕਿ, ਹਾਲਾਂਕਿ ਅਸਲ ‘ਚ ਅੱਠ ਦਸਤਾਨੇ ਹਨ, ਉਹ ਸਿਰਫ਼ ਚਾਰ ਜੋੜੇ ਹਨ। ਪਰ ਇਹ ਤਾਂ ਐਵੇਂ ਨੁਕਤਾਚੀਨੀ ਕਰਨ ਵਾਲੀ ਗੱਲ ਹੈ। ਅਤੇ ਵੈਸੇ ਵੀ, ਇਹ ਦਸਤਾਨੇ ਹੈ ਕਿੱਥੇ ਨੇ? ਕੀ ਉਹ ਤੁਹਾਡੇ ਕੋਲ ਹਨ ਜਾਂ ਮੇਰੇ ਕੋਲ? ਤੁਸੀਂ ਨਹੀਂ ਦੇਖ ਸਕਦੇ ਕਿ ਮੇਰੇ ਸਾਹਮਣੇ ਕਿੰਨੇ ਦਸਤਾਨੇ ਪਏ ਹੋਏ ਹਨ। ਅਤੇ ਜੇਕਰ ਉਹ ਤੁਹਾਡੇ ਸਾਹਮਣੇ ਪਏ ਨੇ ਤਾਂ ਤੁਸੀਂ ਇੰਨਾ ਗੁੰਝਲਦਾਰ ਗਣਿਤ ਕਰਨ ਦੀ ਬਜਾਏ ਉਨ੍ਹਾਂ ਦੀ ਗਿਣਤੀ ਹੀ ਕਿਓਂ ਨਹੀਂ ਕਰ ਲੈਂਦੇ। ਜਾਂ, ਇਸ ਨੂੰ ਹੋਰ ਇੱਕ ਤਰੀਕੇ ਨਾਲ ਕਹਿਣ ਲਈ, ਜੇ ਤੁਸੀਂ ਆਪਣੇ ਭਾਵਨਾਤਮਕ ਜੀਵਨ ‘ਚ ਸਪੱਸ਼ਟ ਜਵਾਬ ਚਾਹੁੰਦੇ ਹੋ ਤਾਂ ਆਪਣੇ ਸਵਾਲਾਂ ਨੂੰ ਸਪੱਸ਼ਟ ਕਰਨਾ ਯਕੀਨੀ ਬਣਾਓ।
ਇੱਕ ਮਨੁੱਖ ਲਈ ਸਵਾਦਿਸ਼ਟ ਮਾਸ, ਕਿਸੇ ਦੂਜੇ ਲਈ ਜ਼ਹਿਰ ਵਰਗਾ ਹੋ ਸਕਦਾ ਹੈ। ਹਾਂ ਜੇਕਰ ਮੀਟ ਨੂੰ ਸਹੀ ਢੰਗ ਨਾਲ ਪਕਾਇਆ ਗਿਆ ਹੋਵੇ ਤਾਂ ਫ਼ਿਰ ਗੱਲ ਦੂਸਰੀ ਹੈ। ਅਜਿਹੀ ਸਥਿਤੀ ‘ਚ, ਇਹ ਇੱਕੋ ਵਿਅਕਤੀ ਲਈ ਦੋਵੇਂ ਭੂਮਿਕਾਵਾਂ ਨਿਭਾ ਸਕਦਾ ਹੈ। ਤੁਸੀਂ ਹੁਣ ਕਿਸੇ ਅਜਿਹੀ ਚੀਜ਼ ਨਾਲ ਨਜਿੱਠ ਰਹੇ ਹੋ ਜੋ ਕਰਨਾ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ। ਪਰ, ਤੁਹਾਡੇ ਮਨ ‘ਚ ਉਸ ਪ੍ਰਤੀ ਘਿਰਣਾ ਹੈ। ਇਹ ਇੱਕ ਪੱਖਪਾਤ ਅਤੇ ਇੱਕ ਨਕਾਰਾਤਮਕ ਉਮੀਦ, ਦੋਹੇਂ ਚੀਜ਼ਾਂ ਪੈਦਾ ਕਰ ਰਿਹਾ ਹੈ। ਜਦੋਂ ਅਸੀਂ ਇਹ ਕਲਪਨਾ ਕਰ ਲੈਂਦੇ ਹਾਂ ਕਿ ਕੁਝ ਬਹੁਤ ਹੀ ਗ਼ਲਤ ਵਾਪਰਣ ਵਾਲਾ ਹੈ ਤਾਂ ਅਸੀਂ ਕਲਪਨਾ ‘ਚ ਇੰਨੀ ਦੂਰ ਨਿਕਲ ਸਕਦੇ ਹਾਂ ਕਿ ਅਸੀਂ ਸਥਿਤੀ ਨੂੰ ਪ੍ਰਭਾਵਿਤ ਕਰਦੇ ਹੋਏ ਅਜਿਹੀਆਂ ਸਮੱਸਿਆਵਾਂ ਪੈਦਾ ਕਰ ਲੈਂਦੇ ਹਾਂ ਜਿਨ੍ਹਾਂ ਦੀ ਪਹਿਲਾਂ ਕੋਈ ਹੋਂਦ ਹੀ ਨਹੀਂ ਸੀ। ਬੀਤੇ ਨੂੰ ਮੁਆਫ਼ ਕਰੋ ਅਤੇ ਭਵਿੱਖ ‘ਚ ਭਰੋਸਾ ਰੱਖੋ।