ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1534

ਪ੍ਰਸਿੱਧੀ ਆਪਣੇ ਆਪ ‘ਚ ਦੌਲਤ ਜਾਂ ਸਫ਼ਲਤਾ ਦੇ ਬਰਾਬਰ ਨਹੀਂ ਹੁੰਦੀ। ਇਹ ਠੀਕ ਹੈ ਕਿ ਜੇਕਰ ਲੋਕ ਤੁਹਾਨੂੰ ਪਸੰਦ ਕਰਦੇ ਹਨ ਤਾਂ ਮਦਦ ਪ੍ਰਾਪਤ ਕਰਨਾ ਆਸਾਨ ਹੋ ਜਾਂਦਾ ਹੈ, ਪਰ ਇਸ ਨਾਲ ਸਭ ਕੁੱਝ ਤੁਹਾਡੇ ਤਰੀਕੇ ਨਾਲ ਨਹੀਂ ਚੱਲਣ ਲੱਗ ਪਵੇਗਾ। ਅਤੇ ਪ੍ਰਸਿੱਧ ਹੋਣਾ ਤਾਂ ਹੀ ਮਜ਼ੇਦਾਰ ਹੁੰਦੈ ਜੇਕਰ ਉਹ ਸਹੀ ਕਿਸਮ ਦੇ ਪ੍ਰਸ਼ੰਸਕਾਂ ਨੂੰ ਆਕਰਸ਼ਿਤ ਕਰੇ। ਤੁਸੀਂ ਆਪਣੇ ਵੱਲ ਕੇਵਲ ਮੂਰਖਾਂ ਨੂੰ ਹੀ ਨਹੀਂ ਖਿੱਚਣਾ ਚਾਹੁੰਦੇ, ਕਿ ਚਾਹੁੰਦੇ ਹੋ? ਚਲੋ। ਕੀ ਮੈਂ ਤੁਹਾਨੂੰ ਇਹ ਯਕੀਨ ਦਿਵਾਉਣ ‘ਚ ਕਾਮਯਾਬ ਹੋ ਸਕਿਆਂ ਕਿ ਬਹੁਤ ਜ਼ਿਆਦਾ ਸਤਿਕਾਰ ਅਤੇ ਪ੍ਰਸ਼ੰਸਾ ਹਾਸਿਲ ਕਰਨ ਦਾ ਕੋਈ ਖ਼ਾਸ ਫ਼ਾਇਦਾ ਨਹੀਂ? ਤੱਥ ਇਹ ਹੈ: ਤੁਸੀਂ ਇੱਕ ਕਿਸਮ ਦੇ ਚੁੰਬਕੀ ਆਕਰਸ਼ਣ ਦੀਆਂ ਭਾਫ਼ਾਂ ਛੱਡ ਰਹੇ ਹੋ। ਇਹ ਹਰ ਚੀਜ਼ ਦਾ ਜਵਾਬ ਤਾਂ ਨਹੀਂ, ਪਰ ਫ਼ਿਰ ਵੀ ਕਾਫ਼ੀ ਵਧੀਐ।
ਕੰਪਿਊਟਰ ਮਸ਼ੀਨਾਂ ਹਨ ਅਤੇ ਮਸ਼ੀਨਾਂ ਭਾਵਨਾਵਾਂ ਰਹਿਤ ਹੁੰਦੀਆਂ ਨੇ। ਜਾਂ ਘੱਟੋਘੱਟ ਸਾਨੂੰ ਇਹੀ ਦੱਸਿਆ ਜਾਂਦੈ। ਸ਼ਾਇਦ ਕੁੱਝ ਲੋਕ ਉਪ੍ਰੋਕਤ ਕਥਨ ਨਾਲ ਬਹੁਤੀ ਸਹਿਮਤੀ ਨਾ ਰੱਖਦੇ ਹੋਣ। ਬਹੁਤ ਸਾਰੇ ਲੋਕਾਂ ਨੂੰ ਲੱਗਦੈ ਕਿ ਇਲੈਕਟ੍ਰੌਨਿਕ ਯੰਤਰ ਉਨ੍ਹਾਂ ਦੇ ਮੂਡ ਦਾ ਵਧੇਰੇ ਧਿਆਨ ਰੱਖ ਸਕਦੇ ਹਨ। ਅਤੇ ਫ਼ਿਰ ਅਜਿਹੇ ਲੋਕ ਵੀ ਹਨ ਜੋ ਇਹ ਪ੍ਰਭਾਵ ਦਿੰਦੇ ਹਨ ਕਿ ਉਨ੍ਹਾਂ ਕੋਲ ਤਾਂ ਕਿਸੇ ਵੀ ਤਰ੍ਹਾਂ ਦੀਆਂ ਭਾਵਨਾਵਾਂ ਨਹੀਂ – ਜਦੋਂ ਕਿ ਕੁੱਝ ਨਿਸ਼ਚਤ ਤੌਰ ‘ਤੇ ਆਪਣੀਆਂ ਭਾਵਨਾਵਾਂ ਬਾਰੇ ਲੋੜੋਂ ਵੱਧ ਰੌਲਾ ਪਾਉਂਦੇ ਰਹਿੰਦੇ ਹਨ। ਤੁਸੀਂ ਉਸ ਸਭ ਦੀ ਕਲਪਨਾ ਨਹੀਂ ਕਰ ਸਕਦੇ ਜੋ ਕਿਸੇ ਦੂਸਰੇ ਦੇ ਮਨ ‘ਚ ਚੱਲ ਰਿਹੈ, ਪਰ ਜੇ ਤੁਸੀਂ ਅਸਲ ਸੰਵੇਦਨਸ਼ੀਲਤਾ ਲਈ ਥੋੜ੍ਹੀ ਗੁੰਜਾਇਸ਼ ਕੱਢ ਸਕੋ ਤਾਂ ਤੁਸੀਂ ਬਹੁਤੇ ਗ਼ਲਤ ਨਹੀਂ ਹੋਵੋਗੇ!
ਕੁੱਝ ਲੋਕਾਂ (ਖਾਸ ਕਰ ਕੇ ਬ੍ਰਿਟੇਨ ਵਿਚਲੇ) ਦਾ ਇਹ ਵਿਸ਼ਵਾਸ ਹੈ ਕਿ ਜੇ ਕਦੇ ਕੋਈ ਕਾਲੀ ਬਿੱਲੀ ਉਨ੍ਹਾਂ ਰਾਹ ਕੱਟ ਜਾਵੇ ਤਾਂ ਉਨ੍ਹਾਂ ਦੀ ਕਿਸਮਤ ਮਿਹਰਬਾਨ ਹੋਣ ਵਾਲੀ ਹੈ; ਏਸ਼ੀਆਈ ਅਤੇ ਅਮਰੀਕੀ ਸਭਿਆਚਾਰਾਂ ਵਿੱਚ ਇਸ ਨੂੰ ਇੱਕ ਬੁਰਾ ਸ਼ਗਨ ਮੰਨਿਆ ਜਾਂਦੈ। ਕੁੱਝ ਲੋਕ ਗ਼ਲਤੀ ਨਾਲ ਵੀ ਪੌੜੀਆਂ ਹੇਠੋਂ ਲੰਘਣੋਂ ਡਰਦੇ ਰਹਿੰਦੇ ਹਨ। ਸ਼ਾਇਦ ਇੱਕ ਦਿਨ, ਖੋਜਕਰਤਾ ਉਸ ਗੱਲ ਦੀ ਵੀ ਪੁਸ਼ਟੀ ਕਰ ਦੇਣ ਜੋ ਅਨੁਭਵੀ ਲੋਕ ਪਹਿਲਾਂ ਹੀ ਜਾਣਦੇ ਹਨ, ਕਿ ਕਿਸਮਤ ਉਹ ਚੀਜ਼ ਹੈ ਜੋ ਅਸੀਂ ਖ਼ੁਦ ਹੀ ਆਪਣੇ ਲਈ ਬਣਾਉਂਦੇ (ਜਾਂ ਵਿਗਾੜਦੇ) ਹਾਂ … ਇਹ ਇਸ ‘ਤੇ ਨਿਰਭਰ ਕਰਦੈ ਕਿ ਅਸੀਂ ਆਪਣੇ ਆਪ ਨੂੰ ਕਿਹੜੇ ਵਿਸ਼ਵਾਸਾਂ ‘ਚ ਬਹੁਤ ਜ਼ਿਆਦਾ ਯਕੀਨ ਕਰਨ ਦੀ ਇਜਾਜ਼ਤ ਦਿੰਦੇ ਹਾਂ! ਲਾਟਰੀ ਜਿੱਤਣ ਲਈ ਹੋ ਸਕਦੈ ਤੁਹਾਡੀ ਕਿਸਮਤ ਓਨੀ ਚੰਗੀ ਨਾ ਹੋਵੇ, ਪਰ ਜੋ ਤੁਹਾਨੂੰ ਚਾਹੀਦਾ ਹੈ ਉਸ ਨੂੰ ਹਾਸਿਲ ਕਰਨ ਲਈ ਉਹ ਕਾਫ਼ੀ ਚੰਗੀ ਹੈ … ਬਸ਼ਰਤੇ ਤੁਹਾਨੂੰ ਖ਼ੁਦ ਵਿੱਚ ਵਿਸ਼ਵਾਸ ਹੈ।
ਅਸੀਂ ਸਾਰੇ ਸਮਝਦਾਰ ਬਣਨ ਲਈ ਸੰਘਰਸ਼ ਕਰਦੇ ਹਾਂ। ਅਸੀਂ ਸਾਰੇ ਸੁਰੱਖਿਅਤ ਰਹਿਣ ਦੀ ਕੋਸ਼ਿਸ਼ ਕਰਦੇ ਹਾਂ। ਫ਼ਿਰ ਵੀ ਅਸੀਂ ਸਾਰੇ ਪ੍ਰੇਰਣਾਦਾਇਕ ਬਣਨ ਦੀ ਇੱਛਾ ਰੱਖਦੇ ਹਾਂ। ਅਜਿਹੀਆਂ ਚਮਕਦੀਆਂ ਅਸੰਗਤਤਾਵਾਂ ਨਾਲ ਭਰਪੂਰ ਇਸ ਪਾਗਲ ਸੰਸਾਰ ‘ਚ ਫ਼ਿਰ ਜੇ ਅਸੀਂ ਤਰਕਸ਼ੀਲ ਅਨੁਭਵਾਂ ਦੀ ਭਾਲ ਕਰੀਏ ਵੀ ਤਾਂ ਕਿਵੇਂ ਕਰੀਏ? ਜਾਂ ਕਿਸੇ ਅਜਿਹੇ ਗ੍ਰਹਿ ‘ਤੇ ਸੁਰੱਖਿਅਤ ਮਹਿਸੂਸ ਕਰਨ ਦੀ ਕੋਸ਼ਿਸ਼ ਜੋ ਆਪ ਹੀ ਰਹੱਸਾਂ ‘ਚ ਉਲਝਿਆ ਪਿਐ? ਜੇ ਅਸੀਂ ਇੱਥੇ ਰੰਗ, ਮਾਹੌਲ, ਪਾਗਲਪਨ ਅਤੇ ਬਾਕੀ ਸਾਰੀਆਂ ਅਸੰਭਵਤਾਵਾਂ ਦਾ ਆਨੰਦ ਲੈਣ ਲਈ ਨਹੀਂ ਆਏ ਤਾਂ ਫ਼ਿਰ ਆਏ ਕੀ ਕਰਨ ਹਾਂ? ਤੁਹਾਡੇ ਲਈ ਘੱਟ ਚਿੰਤਾ ਕਰਨਾ ਅਤੇ ਆਪਣੇ ਜੀਵਨ ਦਾ ਵਧੇਰੇ ਆਨੰਦ ਮਾਨਣਾ ਬਹੁਤ ਮਹੱਤਵਪੂਰਣ ਹੈ। ਅਤੇ ਤੁਹਾਡੇ ਗ੍ਰਹਿ ਵੀ ਇਸ ਵਕਤ ਜ਼ੋਰ ਦੇ ਕੇ ਦਰਸਾ ਰਹੇ ਹਨ ਕਿ ਇਹ ਇੱਕ ਪੂਰੀ ਤਰ੍ਹਾਂ ਪ੍ਰਾਪਤੀਯੋਗ ਇੱਛਾ ਹੈ!
ਦੋਸਤੀਆਂ ਜਿੱਥੇ ਰੋਮਾਂਚਕ ਹੁੰਦੀਆਂ ਹਨ, ਉੱਥੇ ਉਹ ਉਦਾਸ ਵੀ ਕਰ ਜਾਂਦੀਆਂ ਹਨ। ਉਹ ਕਦੇ ਸਾਨੂੰ ਦਿਲਾਸਾ ਦਿੰਦੀਆਂ ਹਨ ਅਤੇ ਕਦੇ ਚੁਣੌਤੀਆਂ। ਕਦੇ ਉਤੇਜਿਤ ਕਰਦੀਆਂ ਹਨ ਅਤੇ ਕਦੇ ਸਕੂਨ ਪਹੁੰਚਾਉਂਦੀਆਂ ਹਨ। ਜਿਹੜੇ ਲੋਕ ਸਾਡੇ ਸਭ ਤੋਂ ਨੇੜੇ ਹੁੰਦੇ ਹਨ, ਜੇ ਉਹ ਕਦੇ ਵੀ ਸਾਡੀ ਆਲੋਚਨਾ ਨਾ ਕਰਨ ਜਾਂ ਸਾਨੂੰ ਚੁਣੌਤੀ ਨਾ ਦੇਣ ਤਾਂ ਸ਼ਾਇਦ ਹੀ ਉਹ ਸਾਡੇ ‘ਤੇ ਕੋਈ ਅਹਿਸਾਨ ਕਰ ਰਹੇ ਹੋਣ। ਦੂਜੇ ਪਾਸੇ, ਜੇ ਉਹ ਲਗਾਤਾਰ ਸ਼ਿਕਾਇਤਾਂ ਜਾਂ ਮੰਗਾਂ ਕਰਦੇ ਰਹਿਣ ਤਾਂ ਯਕੀਨਨ ਸਾਡਾ ਓਨ੍ਹਾਂ ਨਾਲ ਗੁਜ਼ਾਰਾ ਕਰਨਾ ਔਖਾ ਹੋ ਜਾਵੇਗਾ। ਇੱਕ ਦੋਸਤੀ ਇਸ ਵੇਲੇ ਥੋੜ੍ਹੀ ਤਨਾਅਗ੍ਰਸਤ ਹੈ। ਤੁਸੀਂ ਅਚਾਨਕ ਉਸ ਨੂੰ ਇੱਕ ਆਦਰਸ਼ ਪ੍ਰਬੰਧ ਦੇ ਆਪਣੇ ਨਿੱਜੀ ਖ਼ਿਆਲ ਅਨੁਸਾਰ ਢਲਣ ਲਈ ਮਜਬੂਰ ਨਹੀਂ ਕਰ ਸਕਦੇ। ਪਰ ਤੁਸੀਂ ਸਬਰ ਰੱਖ ਸਕਦੇ ਹੋ। ਤੁਹਾਡੇ ਵਲੋਂ ਦਿਖਾਈ ਥੋੜ੍ਹੀ ਜਿੰਨੀ ਸਮਝ ਨਾਲ ਇੱਕ ਵੱਡਾ ਫ਼ਰਕ ਪੈ ਸਕਦਾ ਹੈ।