ਅਸੀਂ ਜਿਹੜਾ ਲੋਕਾਂ ਨੂੰ ਕਹਿੰਦੇ ਫ਼ਿਰਦੇ ਹਾਂ ਕਿ ਅਸੀਂ ਉਨ੍ਹਾਂ ਨੂੰ ਪਿਆਰ ਕਰਦੇ ਹਾਂ, ਉਹ ਅਸੀਂ ਉਨ੍ਹਾਂ ਨੂੰ ਕਿੰਨੇ ਕੁ ਚਿਰ ਲਈ ਕਰਦੇ ਰਹਿ ਸਕਦੇ ਹਾਂ? ਹਮੇਸ਼ਾ ਤੋਂ ਇੱਕ ਦਿਨ ਵੱਧ ਤਕ ਲਈ? ਹੁਣ ਤੋਂ ਲੈ ਕੇ ਅਨੰਤ ਤਕ? ਜਾਂ ਫ਼ਿਰ ਇਨ੍ਹਾਂ ਦੋਹਾਂ ਰੋਮਾਂਸਵਾਦੀ, ਸੁਣਨ ਵਿੱਚ ਲੱਛੇਦਾਰ, ਪਰ ਥੋੜ੍ਹੇ ਜਿੰਨੇ ਅਣਵਿਹਾਰਕ ਵਾਅਦਿਆਂ ਅਤੇ ਬੇਇੱਜ਼ਤ ਕਰਨ ਵਾਲੇ ਖ਼ਿਆਲ ਕਿਉਂਕਿ ਅਸੀਂ ਇਹ ਕਹਿ ਰਹੇ ਹਾਂ ਕਿ ਸਾਡਾ ਦਿਲ ਕੇਵਲ ਓਦੋਂ ਤਕ ਹੀ ਕਿਸੇ ਪ੍ਰਤੀ ਸੱਚਾ ਰਹਿ ਸਕਦਾ ਹੈ ਜਦੋਂ ਕੋਈ ਹੋਰ ਬਿਹਤਰ ਵਿਕਲਪ ਸਾਡੀ ਜ਼ਿੰਦਗੀ ਵਿੱਚ ਨਹੀਂ ਆ ਜਾਂਦਾ, ਦੇ ਕਿਤੇ ਵਿਚਕਾਰ। ਜੀਵਨ ਵਿੱਚ ਹਮੇਸ਼ਾ ਤਵਾਜ਼ਨ ਦੀ ਲੋੜ ਪੈਂਦੀ ਹੈ। ਤੁਸੀਂ ਇਸ ਵਿਸ਼ੇ ‘ਤੇ ਮੇਰੇ ਤੋਂ ਜੋ ਪ੍ਰਕਾਸ਼ ਚਾਹੁੰਦੇ ਹੋ ਉਹ ਇਸ ਪ੍ਰਕਾਰ ਹੈ: ਸਾਨੂੰ ਅਜਿਹੇ ਸਵਾਲ ਪੁੱਛ ਕੇ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਨਹੀਂ ਕਰਾਉਣਾ ਚਾਹੀਦਾ ਜਿਨ੍ਹਾਂ ਦੇ ਜਵਾਬ ਹੀ ਨਾ ਹੋਣ।
ਲੋਕ, ਇੰਝ ਲਗਦੈ ਜਿਵੇਂ, ਬਿਨਾ ਕਿਸੇ ਬ੍ਰੇਕ ਦੇ, ਨਿਰੰਤਰ, ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੇ ਕਾਰਨ ਤੇ ਰਾਹ ਲਭਦੇ ਰਹਿੰਦੇ ਹਨ। ਅਜਿਹਾ ਕਰਨ ਦੀ ਉਨ੍ਹਾਂ ਦੀ ਮਨਸ਼ਾ ਵੀ ਨਹੀਂ ਹੁੰਦੀ, ਪਰ ਇਹ ਦੁਰਘਟਨਾਵਸ ਵਾਪਰ ਹੀ ਜਾਂਦੈ। ਸੱਚਮੁੱਚ, ਕਈ ਵਾਰ ਤਾਂ ਇਹ ਉਸ ਵੇਲੇ ਵੀ ਵਾਪਰ ਜਾਂਦੈ ਜਦੋਂ ਅਸੀਂ ਵਫ਼ਾਦਾਰ, ਭਰੋਸੇਮੰਦ ਤੇ ਲਗਾਤਾਰ ਤਰਕਸੰਗਤ ਬਣਨ ਦੀ ਆਪਣੀ ਸਭ ਤੋਂ ਜ਼ਿਆਦਾ ਕੋਸ਼ਿਸ਼ ਕਰ ਰਹੇ ਹੁੰਦੇ ਹਾਂ। ਤੇ ਟਕਰਾਅ, ਇੰਝ ਲਗਦੈ ਜਿਵੇਂ, ਸਹਿ-ਆਸਤਿਤਵ ਦਾ ਇੱਕ ‘ਸਾਈਡ ਈਫ਼ੈਕਟ’ ਹੋਵੇ। ਪਰ ਇਸ ਸਹਿ-ਆਸਤਿਤਵ ਨੂੰ ਸੌਖਿਆਂ ਬਣਾਉਣ ਦੇ ਵੀ ਤਰੀਕੇ ਮੌਜੂਦ ਹਨ ਅਤੇ, ਜੇਕਰ ਅਸੀਂ ਸਿਆਣੇ ਹੋਈਏ ਤਾਂ, ਅਸੀਂ ਆਪਣੇ ਵਿੱਚ ਦੂਸਰਿਆਂ ਨੂੰ ਰਾਹਤ ਪਹੁੰਚਾਉਣ ਵਾਲਾ ਰਵੱਈਆ ਪੈਦਾ ਕਰਨ ਲਈ ਜੋ ਕੁਝ ਵੀ ਸੰਭਵ ਹੋਵੇ ਕਰੀਏ। ਜੇਕਰ ਇਸ ਵੇਲੇ ਕਿਸੇ ਦੇ ਰਵੱਈਏ ਨੂੰ ਲੈ ਕੇ ਤੁਹਾਨੂੰ ਸੱਚਮੁੱਚ ਦਾ ਜਾਇਜ਼ ਗੁੱਸਾ ਹੈ ਤਾਂ ਵੀ ਸੰਤਾਂ ਮਹਾਤਮਾਵਾਂ ਵਰਗੀ ਪਹੁੰਚ ਅਪਨਾਉਣ ਦੀ ਕੋਸ਼ਿਸ਼ ਕਰੋ ਕਿਉਂਕਿ ਇਸ ਨਾਲ ਸਵਰਗਾਂ ਵਰਗੇ ਸੁਹਾਵਣੇ ਨਤੀਜੇ ਨਿਕਲਣਗੇ।
ਅਸੀਂ ਆਪਣੇ ਜੀਵਨ ਵਿਚਲੀਆਂ ਆਪਣੀਆਂ ਯਾਤਰਾਵਾਂ ਦੌਰਾਨ ਇੱਕ ਦੂਸਰੇ ਦਾ ਸਾਥ ਦਿੰਦੇ ਹਾਂ ਜਾਂ ਦੇਣ ਦੇ ਵਾਅਦੇ ਕਰਦੇ ਹਾਂ, ਫ਼ਿਰ ਵੀ ਸਾਡੇ ਵਿੱਚੋਂ ਕੋਈ ਵੀ ਕਿਸੇ ਦੂਸਰੇ ਨਾਲ ਹਰ ਪਲ ਮੌਜੂਦ ਨਹੀਂ ਰਹਿ ਸਕਦਾ – ਅਤੀਤ, ਵਰਤਮਾਨ ਤੇ ਭਵਿੱਖ ਵਿੱਚ ਹਰ ਵਕਤ ਨਹੀਂ। ਸਾਡੀਆਂ ਜ਼ਿੰਦਗੀਆਂ ਵਿੱਚ ਕੁਝ ਅਜਿਹੇ ਵੇਲੇ ਜ਼ਰੂਰ ਆਉਂਦੇ ਹਨ ਜਦੋਂ ਸਾਡੇ ਲਾਗਲੇ ਤੋਂ ਲਾਗਲਿਆਂ ਨੂੰ ਵੀ ਸਾਥੋਂ ਦੂਰ ਜਾਣਾ ਪੈਂਦੈ। ਅਜਿਹਾ ਕੋਈ ਵਿਛੋੜਾ ਸਾਡੇ ਲਈ ਦੁੱਖ ਜਾਂ ਚਿੰਤਾ ਦਾ ਕਾਰਨ ਕਿਉਂ ਕਰ ਬਣੇ? ਕੀ ਸਾਨੂੰ ਜੁਦਾਈ ਦੇ ਇਨ੍ਹਾਂ ਪਲਾਂ ਨੂੰ ਇਸ ਲਈ ਸਾਂਭ ਕੇ ਨਹੀਂ ਰੱਖਣਾ ਚਾਹੀਦਾ ਕਿਉਂਕਿ ਉਹ ਕਈ ਵਾਰ ਸਾਨੂੰ ਬਾਅਦ ਵਿੱਚ ਆਪਣੇ ਪਿਆਰਿਆਂ ਨੂੰ ਦੋਬਾਰਾ ਮਿਲਣ ਦੇ ਮੌਕੇ ਫ਼ਰਾਹਮ ਕਰਦੇ ਹਨ? ਆਪਣੇ ਨਿੱਜੀ ਜੀਵਨ ਵਿਚਲੀ ਕਿਸੇ ਛੋਟੀ ਜਿਹੀ ਸਿਹਤਮੰਦ ਤਬਦੀਲੀ ਨੂੰ ਭੇਲੇਖੇ ਨਾਲ ਇੱਕ ਵੱਡਾ ਤੇ ਮੁਸ਼ਕਿਲਾਂ ਭਰਪੂਰ ਡਰਾਮਾ ਸਮਝਣ ਦੀ ਗ਼ਲਤੀ ਨਾ ਕਰ ਬੈਠਣਾ। ਜਿਹੜਾ ਅਫ਼ਸਾਨਾ ਤੁਹਾਡੀਆਂ ਅੱਖਾਂ ਸਾਹਮਣੇ ਇਸ ਵਕਤ ਖੁਲ੍ਹ ਰਿਹੈ ਉਸ ‘ਤੇ ਯਕੀਨ ਕਰੋ।
ਲੋਕ ਤੁਹਾਨੂੰ ਪਿਆਰ ਤੇ ਤੁਹਾਡਾ ਦਿਲੋਂ ਸਤਿਕਾਰ ਕਰਨ ਤੋਂ ਛੁੱਟ ਹੋਰ ਕਰ ਹੀ ਕੀ ਸਕਦੇ ਹਨ? ਕੀ ਤੁਸੀਂ ਸਾਰਿਆਂ ਤੋਂ ਵੱਧ ਖ਼ਾਸ ਨਹੀਂ? ਕੀ ਤੁਸੀਂ ਇੱਕ ਤਰ੍ਹਾਂ ਦਾ ਜ਼ਬਰਦਸਤ ਆਕਰਸ਼ਣ ਨਹੀਂ ਛੱਡਦੇ? ਕੀ ਫ਼ਿਰ ਇਹ ਠੀਕ ਹੀ ਨਹੀਂ ਕਿ ਤੁਹਾਨੂੰ ਲੋਕ ਇੰਨਾ ਜ਼ਿਆਦਾ ਪਿਆਰ ਕਰਦੇ ਹਨ ਜਾਂ ਕਹਿ ਲਓ ਕਿ ਤੁਸੀਂ ਉਨ੍ਹਾਂ ਤੋਂ ਇਸ ਨੂੰ ਹਾਸਿਲ ਕਰ ਲੈਂਦੇ ਹੋ? ਪਰ ਤੁਸੀਂ ਜਿੰਨੇ ਲੋਕਾਂ ਨੂੰ ਮਿਲਦੇ ਹੋ ਤੁਸੀਂ ਉਨ੍ਹਾਂ ਸਾਰਿਆਂ ਨੂੰ ਹੀ ਇੱਕੋ ਜਿੰਨੀ ਪ੍ਰਬਲਤਾ ਨਾਲ ਸਮੋਹਿਤ ਕਿਉਂ ਨਹੀਂ ਕਰ ਸਕਦੇ? ਸ਼ਾਇਦ ਇਸ ਲਈ ਕਿਉਂਕਿ ਕੁਝ ਲੋਕ ਉਸ ਸਭ ਤੋਂ ਭੈਅਭੀਤ ਹਨ ਜੋ ਤੁਹਾਨੂੰ ਇੰਨਾ ਸ਼ਕਤੀਸ਼ਾਲੀ ਬਣਾਉਂਦੈ। ਸ਼ਾਇਦ ਉਨ੍ਹਾਂ ਦਾ ਇਹ ਰਵੱਈਆ ਇੱਕ ਤਰ੍ਹਾਂ ਦਾ ਉਨ੍ਹਾਂ ਦਾ ਆਤਮ ਰੱਖਿਆ ਦਾ ਢੰਗ ਹੈ ਜੋ ਕਿ ਉਨ੍ਹਾਂ ਦੀ ਉਸ ਨਿਰਬਲਤਾ ਕਾਰਨ ਸਾਹਮਣੇ ਆਉਂਦਾ ਹੈ ਜਿਹੜੀ ਤੁਸੀਂ ਉਨ੍ਹਾਂ ਦੇ ਮੰਨ ਵਿੱਚ ਪੈਦਾ ਕਰਦੇ ਹੋ। ਅਜਿਹੀਆਂ ਮਸਕੀਨ ਆਤਮਾਵਾਂ ‘ਤੇ ਥੋੜੀ ਦਿਆ ਕਰਿਆ ਕਰੋ ਪ੍ਰਭੂ!
ਉਸ ਦੀ ਚਿੰਤਾ ਨਾ ਕਰੋ ਜੋ ਜ਼ਾਹਿਰਾ ਤੌਰ ‘ਤੇ ਹੋ ਹੀ ਨਹੀਂ ਸਕਦਾ, ਅਤੇ ਇਸ ਗੱਲ ਦੀ ਵੀ ਨਹੀਂ ਕਿ ਕੋਈ ਪ੍ਰਤੱਖ ਦਿਖਣ ਵਾਲਾ ਅੜਿਕਾ ਤੁਹਾਡੇ ਸਾਹਮਣੇ ਕਿਉਂ ਪਿਐ। ਸਗੋਂ ਉਨ੍ਹਾਂ ਦੋ ਇਸ਼ਾਰਿਆਂ ‘ਤੇ ਗ਼ੌਰ ਫ਼ਰਮਾਓ ਜਿਹੜੇ ਮੈਂ ਤੁਹਾਡੇ ਸਾਹਮਣੇ ਆਪਣੇ ਪਿੱਛਲੇ ਵਾਕ ਵਿੱਚ ਰੱਖੇ ਹਨ। ‘ਜ਼ਾਹਿਰਾ ਤੌਰ ‘ਤੇ’ ਅਤੇ ‘ਪ੍ਰਤੱਖ ਦਿਖਣ ਵਾਲਾ’, ਇਹ ਮਹੱਤਵਪੂਰਨ ਸ਼ਬਦ ਹਨ। ਇਹ ਆਪਣੇ ਅੰਦਰ ਇੱਕ ਬਹੁਤ ਹੀ ਖ਼ਾਸ ਮਤਲਬ ਸਮੋਈ ਬੈਠੇ ਹਨ। ਅੱਜ ਦੇ ਜ਼ਮਾਨੇ ਵਿੱਚ ਬਹੁਤ ਘੱਟ ਚੀਜ਼ਾਂ ਉਸ ਤਰ੍ਹਾਂ ਹਨ ਜਿਸ ਤਰ੍ਹਾਂ ਦੀਆਂ ਉਹ ਪ੍ਰਤੱਖ ਰੂਪ ਵਿੱਚ ਸਾਨੂੰ ਜਾਪਦੀਆਂ ਹਨ। ਬਹੁਤਾ ਕੁਝ ਤਰਜਮੇ ਲਈ ਖ਼ੁਲ੍ਹਾ ਹੀ ਰਹਿੰਦੈ। ਅਤੇ, ਜਦੋਂ ਕਿ ਕੋਈ ਵੀ ਜਾਣਬੁੱਝ ਕੇ ਧੋਖਾ ਦੇਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਹੁੰਦਾ, ਤੁਹਾਨੂੰ ਆਪਣੀਆਂ ਅੱਖਾਂ ਖ਼ੋਲ੍ਹਣ ਨਾਲ ਇਸ ਹੱਦ ਤਕ ਫ਼ਾਇਦਾ ਜ਼ਰੂਰ ਹੁੰਦੈ ਕਿ ਤੁਸੀਂ ਕਿਸੇ ਵੀ ਭਰਮ ਭੁਲੇਖੇ ਤੋਂ ਪਰ੍ਹਾਂ ਦੇਖ ਸਕਦੇ ਹੋ।
ਤੁਹਾਡੇ ਕੰਨਾਂ ਤਕ ਬਹੁਤ ਸਾਰੀ ਜਾਣਕਾਰੀ ਅੱਪੜ ਰਹੀ ਹੈ, ਪਰ ਇਸ ਸਭ ਨੂੰ ਤੁਹਾਨੂੰ ਕਿੰਨੀ ਕੁ ਗੰਭੀਰਤਾ ਨਾਲ ਲੈਣਾ ਚਾਹੀਦੈ? ਬੇਸ਼ੱਕ ਬਹੁਤੀ ਗੱਲਬਾਤ ਤੁਹਾਡੇ ਆਲੇ ਦੁਆਲੇ ਹੀ ਵਾਪਰ ਰਹੀ ਹੈ, ਪਰ ਕੀ ਤੁਹਾਨੂੰ ਉਸ ਸਾਰੀ ਨੂੰ ਮੰਨਣ ਦੀ ਲੋੜ ਹੈ? ਜਦੋਂ ਪਿੱਠਭੂਮੀ ਵਿੱਚ ਕੋਈ ਰੇਡੀਓ ਚੱਲ ਰਿਹਾ ਹੋਵੇ, ਅਤੇ ਕੋਈ ਉਸ ਰੇਡੀਓ ਪ੍ਰੋਗਰਾਮ ‘ਤੇ ਫ਼ੋਨ ਕਰ ਕੇ ਆਪਣੇ ਦਿਲ ਦੀ ਭੜਾਸ ਗੁੱਸੇ ਦੇ ਰੂਪ ਵਿੱਚ ਕੱਢ ਰਿਹਾ ਹੋਵੇ, ਕੀ ਤੁਹਾਨੂੰ ਉਸ ਕਾਲਰ ਦੇ ਹਰ ਇੱਕ ਲਫ਼ਜ਼ ਬਾਰੇ ਸੋਚਣਾ ਅਤੇ ਉਸ ‘ਤੇ ਆਪਣਾ ਨਜ਼ਰੀਆ ਦੇਣਾ ਚਾਹੀਦੈ? ਕੀ ਤੁਸੀਂ ਆਪਣਾ ਮਨ, ਜਾਂ ਰੇਡੀਓ ਸੈੱਟ, ਨੂੰ ਕੁਝ ਚਿਰ ਲਈ ਸਵਿੱਚ ਔਫ਼ ਨਹੀਂ ਕਰ ਸਕਦੇ? ਇਹ ਠੀਕ ਹੈ ਕਿ ਕੋਈ ਨਾ ਕੋਈ ਅਜਿਹੀ ਸਥਿਤੀ ਉਤਪੰਨ ਹੋ ਸਕਦੀ ਹੈ ਜਿਸ ‘ਤੇ ਤੁਹਾਡਾ ਕੋਈ ਕੰਟਰੋਲ ਨਾ ਹੋਵੇ। ਪਰ ਤੁਹਾਡੇ ਕੋਲ ਇਸ ਗੱਲ ਦੀ ਤਾਕਤ ਮੌਜੂਦ ਹੈ ਕਿ ਤੁਸੀਂ ਉਸ ਦਾ ਪ੍ਰਤੀਕਰਮ ਕਿਸ ਰੂਪ ਵਿੱਚ ਦਿੰਦੇ ਹੋ, ਅਤੇ ਉਸ ਨੂੰ ਤੁਸੀਂ ਕਿੰਨੀ ਕੁ ਗੰਭੀਰਤਾ ਨਾਲ ਲੈਂਦੇ ਹੋ … ਜਾਂ ਨਹੀਂ ਲੈਂਦੇ। ਇਹ ਇੱਕ ਅਜਿਹੀ ਤਾਕਤ ਸਾਬਿਤ ਹੋਵੇਗੀ ਜਿਸ ਤੋਂ ਵੱਧ ਕਿਸੇ ਹੋਰ ਸ਼ੈਅ ਦੀ ਤੁਹਾਨੂੰ ਕਦੇ ਲੋੜ ਹੀ ਨਹੀਂ ਪੈਣ ਵਾਲੀ।