ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1529

ਕੱਛੂ ਅਤੇ ਖਰਗੋਸ਼ ਦੀ ਕਹਾਣੀ ਸਾਨੂੰ ਸਭ ਤੋਂ ਗ਼ੁਮਰਾਹਕੁਨ ਸਿਖਿਆ ਦਿੰਦੀ ਹੈ। ਇਹ ਦਰਸਾਉਂਦੀ ਹੈ ਕਿ ਹੌਲੀ ਪਰ ਸਥਿਰ ਰਹਿਣ ਦਾ ਵੱਡਾ ਫ਼ਾਇਦਾ ਇਹ ਹੁੰਦਾ ਹੈ ਕਿ ਅੰਤ ‘ਚ ਤੁਸੀਂ ਇੱਕ ਤੇਜ਼ ਪਰ ਵਧੇਰੇ ਆਸਾਨੀ ਨਾਲ ਧਿਆਨ ਭਟਕਾਉਣ ਵਾਲੇ ਆਪਣੇ ਪ੍ਰਤੀਯੋਗੀ ਨੂੰ ਪਛਾੜ ਸਕਦੇ ਹੋ। ਇਹ ਸੱਚ ਹੋ ਸਕਦਾ ਹੈ, ਪਰ ਇਹ ਲਗਭਗ ਇੱਕ ਬੇਲੋੜਾ ਸਾਈਡ ਈਫ਼ੈਕਟ ਹੈ। ਜਦੋਂ ਤੁਸੀਂ ਆਪਣੇ ਢੰਗ ਨਾਲ, ਆਪਣੀ ਮਨਮਰਜ਼ੀ ਦੀ ਰਫ਼ਤਾਰ ‘ਤੇ ਅੱਗੇ ਵਧਦੇ ਹੋ ਤਾਂ ਜ਼ਿੰਦਗੀ ਬਹੁਤ ਜ਼ਿਆਦਾ ਮਜ਼ੇਦਾਰ ਬਣ ਜਾਂਦੀ ਹੈ – ਇਸ ਲਈ ਕਿ ਹੁਣ ਸਫ਼ਲਤਾ ਜਾਂ ਅਸਫ਼ਲਤਾ ਦੇ ਛੋਟੇ ਮਾਮਲਿਆਂ ‘ਚ ਤੁਹਾਡੀ ਬਹੁਤੀ ਦਿਲਚਸਪੀ ਨਹੀਂ। ਜੇਕਰ ਤੁਸੀਂ ਹੁਣ ਆਪਣੀ ਭਾਵਨਾਤਮਕ ਅਤੇ ਨਿੱਜੀ ਜ਼ਿੰਦਗੀ ‘ਚ ਖ਼ੁਸ਼ ਹੋ ਤਾਂ ਨਿਰਸੰਦੇਹ ਤੁਸੀਂ ਸਹੀ ਸਪੀਡ ‘ਤੇ ਚੱਲ ਰਹੇ ਹੋ।
ਤੁਹਾਡਾ ਸਭ ਤੋਂ ਪਿਆਰਾ ਸੁਪਨਾ ਸਾਕਾਰ ਕਿਉਂ ਨਹੀਂ ਹੋ ਸਕਦਾ? ਜ਼ਰਾ ਰੁਕੋ! ਇਸ ਦਾ ਜਵਾਬ ਨਾ ਦੇਈਓ, ਇਹ ਇੱਕ ਅਲੰਕਾਰਿਕ ਸਵਾਲ ਹੈ। ਜੇ ਤੁਸੀਂ ਇਸ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਤਾਂ ਤੁਸੀਂ ਕੇਵਲ ਰੁਕਾਵਟਾਂ ਦੀ ਗਿਣਤੀ ਨੂੰ ਹੋਰ ਵਧਾ ਬੈਠੋਗੇ। ਹਰ ਵਾਰ ਜਦੋਂ ਤੁਸੀਂ ਉਨ੍ਹਾਂ ਸਾਰੇ ਕਾਰਨਾਂ ਦੀ ਇੱਕ ਸੂਚੀ ਬਣਾਉਂਦੇ ਹੋ ਜਿਨ੍ਹਾਂ ਕਾਰਨ ਤਰੱਕੀ ਨਹੀਂ ਕੀਤੀ ਜਾ ਸਕਦੀ ਤਾਂ ਤੁਸੀਂ ਉਨ੍ਹਾਂ ਸਾਰੀਆਂ ਮੁਸ਼ਕਿਲਾਂ ਨੂੰ ਆਪਣੇ ਦਿਮਾਗ਼ ਅੰਦਰ ਥੋੜ੍ਹਾ ਹੋਰ ਡੂੰਘਾ ਧੱਕ ਦਿੰਦੇ ਹੋ। ਇਹ ਨਾ ਪੁੱਛੋ ਕਿ ਕੁਝ ਕਿਓਂ ਨਹੀਂ ਹੋ ਸਕਦਾ – ਪੁੱਛੋ ਕਿ ਉਹ ਕਿਉਂ ਹੋ ਸਕਦਾ ਹੈ। ਇਸ ਤੋਂ ਵੀ ਬਿਹਤਰ, ਪੁੱਛੋ ਕਿ ਉਹ ਕਿਵੇਂ ਹੋ ਸਕਦਾ ਹੈ। ਸਾਰੀਆਂ ਸਕਾਰਾਤਮਕ ਸੰਭਾਵਨਾਵਾਂ ਦੀ ਇੱਕ ਸੂਚੀ ਬਣਾਓ ਅਤੇ ਉਨ੍ਹਾਂ ‘ਚ ਵਿਸ਼ਵਾਸ ਕਰੋ। ਜੇਕਰ ਤੁਸੀਂ ਹੁਣ ਲੋੜੀਂਦੀ ਕੋਸ਼ਿਸ਼ ਕਰਦੇ ਹੋ, ਲੋੜੀਂਦੇ ਵਿਸ਼ਵਾਸ ਨਾਲ, ਸਮੇਂ ਦੇ ਨਾਲ-ਨਾਲ, ਤੁਸੀਂ ਹੈਰਾਨੀਜਨਕ ਕੰਮ ਕਰ ਸਕਦੇ ਹੋ।
ਤੁਹਾਡੇ ਕੋਲ ਬਹੁਤ ਸਾਰੀ ਊਰਜਾ ਹੈ। ਕਿਸੇ ਯੋਜਨਾ ਜਾਂ ਪ੍ਰੌਜੈਕਟ ਲਈ ਤੁਹਾਡੇ ਅੰਦਰ ਬਹੁਤ ਉਤਸ਼ਾਹ ਹੈ, ਪਰ ਤੁਹਾਡੇ ਅੰਦਰ ਬਹੁਤ ਗੁੱਸਾ ਵੀ ਹੈ। ਤੁਸੀਂ ਨਾਰਾਜ਼, ਅਪਮਾਨਿਤ ਜਾਂ ਸ਼ਾਇਦ ਕਿਸੇ ਦੁਆਰਾ ਠੱਗਿਆ ਗਿਆ ਵੀ ਮਹਿਸੂਸ ਕਰ ਰਹੇ ਹੋ – ਅਤੇ ਇਸ ਨੂੰ ਆਪਣੇ ਦਿਮਾਗ਼ ਦੇ ਪਿੱਛਲੇ ਪਾਸੇ ਦਬਾਈ ਰੱਖਣਾ, ਭਾਵ ਵਿਸਾਰ ਦੇਣਾ, ਮੁਸ਼ਕਿਲ ਹੈ। ਪਰ ਤੁਹਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਂਕਿ ਜੇ ਤੁਸੀਂ ਇਸ ਨਕਾਰਾਤਮਕ ਭਾਵਨਾ ਨੂੰ ਖ਼ੁਦ ‘ਤੇ ਕਾਬੂ ਪਾਉਣ ਦਿੰਦੇ ਹੋ ਤਾਂ ਇਹ ਤੁਹਾਡੀ ਸਾਰੀ ਤਾਕਤ ਚੂਸ ਲਵੇਗੀ ਅਤੇ ਤੁਹਾਡੇ ਕੀਮਤੀ ਦ੍ਰਿਸ਼ਟੀਕੋਣ ਨੂੰ ਲੁੱਟ ਲਵੇਗੀ। ਜੇਕਰ, ਹੁਣ ਤੁਹਾਡੀ ਭਾਵਨਾਤਮਕ ਅਤੇ ਨਿੱਜੀ ਜ਼ਿੰਦਗੀ ‘ਚ, ਤੁਸੀਂ ਕੇਵਲ ਸ਼ਾਂਤ ਰਹਿ ਕੇ ਆਪਣੇ ਹਰ ਕਦਮ ਨੂੰ ਆਪਣੀ ਇੱਕ ਉਸਾਰੂ ਚਾਲ ਬਣਾ ਸਕਦੇ ਹੋ ਤਾਂ ਤੁਸੀਂ ਇੱਕ ਮਾਮੂਲੀ ਚਮਤਕਾਰ ਨੂੰ ਅੰਜਾਮ ਦੇ ਸਕਦੇ ਹੋ।
ਕਲਪਨਾ ਕਰੋ ਕਿ ਇੱਕ ਕਿਲ੍ਹੇ ‘ਚੋਂ ਲਗਾਤਾਰ ਇੱਕ ਸਾਇਰਨ ਦੇ ਵੱਜਣ ਦੀ ਆਵਾਜ਼ ਆ ਰਹੀ ਹੈ ਜਿਸ ਦੇ ਅੰਤ ‘ਚ ਇੱਕ ਉੱਚੀ ਆਵਾਜ਼ ਆਉਂਦੀ ਹੈ, “ਖ਼ਬਰਦਾਰ! ਇਹ ਇੱਕ ਜਾਲ ਹੈ।”ਜੇ ਤੁਸੀਂ ਡੂੰਘੀ ਉਤਸੁਕਤਾ ਨਾਲ ਕਿਸੇ ਬਾਗ਼ੀ ਨੂੰ ਫ਼ੜਨ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਗੱਲ ਵੱਖਰੀ ਹੈ। ਫ਼ਿਰ ਤੁਸੀਂ ਜਿੰਨੇ ਜ਼ਿਆਦਾ ਇਸ ਨੋਟਿਸ ਵਾਲੇ ਪੋਸਟਰ ਲਗਾਉਂਦੇ ਹੋ ਕਿ ਕਿਰਪਾ ਕਰ ਕੇ ਇਸ ਕਿਲ੍ਹੇ ਤੋਂ ਦੂਰ ਰਹੋ, ਓਨਾ ਹੀ ਜ਼ਿਆਦਾ ਤੁਸੀਂ ਸਫ਼ਲ ਹੋ ਸਕਦੇ ਹੋ। ਆਸਮਾਨ ਇਸ ਵਕਤ ਤੁਹਾਨੂੰ ਉਨ੍ਹਾਂ ਚਾਲਾਂ ਅਤੇ ਜਾਲਾਂ ਨੂੰ ਦੇਖਣ ਦੀ ਬੇਨਤੀ ਕਰ ਰਿਹਾ ਹੈ ਜਿਨ੍ਹਾਂ ਤੋਂ ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਤੁਸੀਂ ਓਦੋਂ ਤਕ ਸੁਰੱਖਿਅਤ ਰਹੋਗੇ ਜਦੋਂ ਤਕ ਤੁਸੀਂ ਚਿੰਤਾ, ਗੁੱਸੇ ਜਾਂ ਚਿੰਤਾ ‘ਚ ਡੁੱਬਣ ਤੋਂ ਪਰਹੇਜ਼ ਕਰਦੇ ਹੋ ਅਤੇ ਸਿਰਫ਼ ਆਪਣੇ ਉਚਤਮ ਉਦੇਸ਼ਾਂ ਲਈ ਕੰਮ ਕਰਦੇ ਹੋ।
ਮਹਾਨ ਸ਼ਾਇਰ ਖ਼ਲੀਲ ਜਿਬਰਾਨ ਨੇ ਕਿਹਾ ਸੀ, “ਵਿਸ਼ਵਾਸ ਦਿਲ ਵਿਚਲਾ ਇੱਕ ਅਜਿਹਾ ਨਖ਼ਲਿਸਤਾਨ ਹੈ ਜਿਸ ਤਕ ਸੋਚ ਦਾ ਕਾਫ਼ਿਲਾ ਕਦੇ ਵੀ ਨਹੀਂ ਪਹੁੰਚ ਸਕਦਾ।” ਅਜਿਹਾ ਕਿਵੇਂ ਹੋ ਸਕਦਾ ਹੈ? ਸਾਡਾ ਮਨ ਤਾਂ ਸਾਨੂੰ ਕਿਤੇ ਵੀ ਲੈ ਕੇ ਜਾ ਸਕਦਾ ਹੈ, ਕਿ ਨਹੀਂ? ਸਾਡੇ ਵਿਚਾਰ ਕਿਸੇ ਵੀ ਸਥਿਤੀ ਦੀ ਖੋਜ ਅਤੇ ਕਲਪਨਾ ਕਰ ਸਕਦੇ ਹਨ। ਉਹ ਸਾਨੂੰ ਇੱਕ ਡੂੰਘੇ ਅਨੁਭਵ ‘ਚ ਵੀ ਲੈ ਕੇ ਜਾ ਸਕਦੇ ਹਨ। ਪਰ ਹਕੀਕਤ ਇਹ ਹੈ ਕਿ ਕਵੀ ਸਹੀ ਹੈ ਸਾਡੀ ਸੋਚ ਸੱਚੇ ਵਿਸ਼ਵਾਸ ਨੂੰ ਪੈਦਾ ਨਹੀਂ ਕਰ ਸਕਦੇ। ਉਹ ਕੇਵਲ ਦਿਲ ‘ਚੋ ਹੀ ਉਪਜਦਾ ਹੈ। ਅਤੇ ਦਿਲ ਓਦੋਂ ਹੀ ਸੁਣਿਆ ਜਾ ਸਕਦਾ ਹੈ ਜਦੋਂ ਸਿਰ ਚੁੱਪ ਹੋਵੇ। ਇਸ ਵੇਲੇ ਕੇਵਲ ਆਪਣੇ ਦਿਲ ਦੀ ਸੁਣੋ, ਅਤੇ ਤੁਸੀਂ ਹਾਲੇ ਵੀ ਬਹੁਤ ਕੁਝ ਸਿੱਖ ਸਕਦੇ ਹੋ।