ਕੋਈ ਵੀ ਸ਼ੈਅ ਬਿਨਾਂ ਕਾਰਨ ਨਹੀਂ ਵਾਪਰਦੀ। ਹਾਂ, ਅਸੀਂ ਹਮੇਸ਼ਾ ਇਹ ਸਮਝ ਨਹੀਂ ਸਕਦੇ ਕਿ ਉਹ ਕਾਰਨ ਅਸਲ ‘ਚ ਹੈ ਕੀ। ਕਈ ਵਾਰ, ਅਸੀਂ ਸੋਚਦੇ ਹਾਂ ਕਿ ਅਸੀਂ ਬੁਨਿਆਦੀ ਢਾਂਚੇ ਨੂੰ ਦੇਖ ਸਕਦੇ ਹਾਂ, ਪਰ ਫ਼ਿਰ ਵੀ ਅਸੀਂ ਗ਼ਲਤ ਹੁੰਦੇ ਹਾਂ। ਕਦੇ-ਕਦਾਈਂ ਇੰਝ ਵੀ ਹੁੰਦਾ ਹੈ ਕਿ ਅਸੀਂ ਕਿਸੇ ਅਜਿਹੇ ਵਿਕਾਸ ਨੂੰ ਬੇਕਾਰ ਕਹਿ ਕੇ ਖ਼ਾਰਿਜ ਕਰ ਦਿੰਦੇ ਹਾਂ ਜਿਸ ਬਾਰੇ ਬਾਅਦ ‘ਚ ਸਾਨੂੰ ਮਹਿਸੂਸ ਹੁੰਦਾ ਹੈ ਕਿ ਅਸਲ ‘ਚ ਉਸ ਦੀ ਡੂੰਘੀ ਪ੍ਰਸੰਗਿਕਤਾ ਸੀ। ਤੁਹਾਡੀ ਭਾਵਨਾਤਮਕ ਅਤੇ ਨਿੱਜੀ ਜ਼ਿੰਦਗੀ ‘ਚ ਹੁਣ ਕੀ ਵਾਪਰ ਰਿਹੈ? ਕੋਈ ਅਜਿਹੀ ਚੀਜ਼ ਜਿਸ ਦੀ ਮਹੱਤਤਾ ਹਾਲੇ ਲੁਕੀ ਹੋਈ ਹੈ ਅਤੇ ਜੋ ਇੱਕ ਵੱਖਰੇ ਅਤੇ ਨਿਸ਼ਚਿਤ ਕਾਰਨ ਲਈ ਵਾਪਰ ਰਹੀ ਹੈ, ਪਰ ਇਹ ਇੱਕ ਅਜਿਹੀ ਸ਼ੈਅ ਹੈ ਜਿਸ ਨੂੰ ਪਛਾਣਨ ਅਤੇ ਸਮਝਣ ਦੇ ਤੁਸੀਂ ਅਜੇ ਤਕ ਖ਼ੁਦ ਨੂੰ ਯੋਗ ਨਹੀਂ ਸਮਝ ਰਹੇ।
ਥੋੜ੍ਹਾ ਗਿਆਨ ਇੱਕ ਖ਼ਤਰਨਾਕ ਚੀਜ਼ ਕਿਉਂ ਹੈ? ਮੈਨੂੰ ਇਸ ਗੱਲ ਦਾ ਬਿਲਕੁਲ ਵੀ ਯਕੀਨ ਨਹੀਂ ਕਿ ਮੈਂ ਇਸ ਸਵਾਲ ਦਾ ਜਵਾਬ ਦੇਣ ਲਈ ਲੋੜੀਂਦੀ ਜਾਣਕਾਰੀ ਰੱਖਦਾ ਹਾਂ! ਜੇ ਮੈਂ ਇਹ ਸੋਚਦਾ ਕਿ ਮੈਨੂੰ ਉਹ ਪਤੈ ਤਾਂ ਹੋ ਸਕਦਾ ਸੀ ਕਿ ਮੈਂ ਤੁਹਾਨੂੰ ਗੁੰਮਰਾਹਕੁੰਨ ਜਾਣਕਾਰੀ ਦੇ ਬੈਠਦਾ। ਜਾਂ ਜੇ ਇਸ ਨੂੰ ਦੂਸਰੇ ਸ਼ਬਦਾਂ ‘ਚ ਕਹਿ ਲਈਏ, ਇਹ ਦੁਨੀਆ ਅਜਿਹੇ ਮਾਹਿਰਾਂ ਨਾਲ ਭਰੀ ਹੋਈ ਹੈ ਜੋ ਅਸਲ ‘ਚ ਸਾਡੇ ਬਾਕੀਆਂ ਨਾਲੋਂ ਸਿਰਫ਼ ਦੋ ਪ੍ਰਤੀਸ਼ਤ ਹੀ ਜ਼ਿਆਦਾ ਜਾਣਦੇ ਹਨ। ਉਹ ਉਸ ਦੋ ਪ੍ਰਤੀਸ਼ਤ ਨੂੰ 200 ਪ੍ਰਤੀਸ਼ਤ ਵਾਂਗ ਦਿਖਾਉਂਦੇ ਹਨ – ਅਤੇ ਉਹ ਇੱਕ ਅਧਿਕਾਰਿਤ ਸੁਰ ‘ਚ ਬੋਲਦੇ ਹਨ, ਭਾਵੇਂ ਉਹ ਸਾਨੂੰ ਬੇਵਕੂਫ਼ ਹੀ ਕਿਓਂ ਨਾ ਬਣਾ ਰਹੇ ਹੋਣ। ਇਸ ਵਕਤ ਕਿਸੇ ਅਜਿਹੀ ਜ਼ਿਦ ਪ੍ਰਤੀ ਜ਼ਰੂਰ ਸੁਚੇਤ ਰਹੀਓ ਜੋ ਜ਼ਾਹਿਰਾ ਤੌਰ ‘ਤੇ ਕੋਈ ਠੋਸ ਦਲੀਲ ਤਾਂ ਪੇਸ਼ ਨਹੀਂ ਕਰਦੀ, ਪਰ ਫ਼ਿਰ ਵੀ ਜੋ ਇੱਕ ਧਾਰਣਾ ‘ਤੇ ਅਧਾਰਤ ਹੈ।
ਰੇਤਾ ਦੇ ਸੂਪ, ਪੱਥਰਾਂ ਦੇ ਸ਼ੋਰਬੇ ਅਤੇ, ਮਿੱਠੇ ਵਿੱਚ, ਰੋੜਿਆਂ ਨਾਲ ਭਰੇ ਹੋਏ ਸਮੋਸਿਆਂ ਬਾਰੇ ਕੀ ਖ਼ਿਆਲ ਹੈ ਤੁਹਾਡਾ? ਸੁਆਦੀ ਲੱਗਦੈ ਨਾਂ ਸੁਣਨ ‘ਚ? ਅਤੇ ਤੁਸੀਂ ਜਿੰਨਾ ਚਾਹੋ ਲੂਣ, ਮਿਰਚ ਅਤੇ ਖੰਡ ਦਾ ਇਸਤੇਮਾਲ ਕਰ ਸਕਦੇ ਹੋ। ਕੁਝ ਲੋਕ ਕਹਿੰਦੇ ਨੇ ਕਿ ਜੇ ਤੁਸੀਂ ਸੀਜ਼ਨਿੰਗ ਦੀ ਖੁਲ੍ਹ ਕੇ ਵਰਤੋਂ ਕਰੋ ਤਾਂ ਕੋਈ ਵੀ ਮੈਨਿਊ ਸੁਆਦੀ ਬਣ ਸਕਦੈ। ਜਾਂ ਘੱਟੋ ਘੱਟ, ਜਾਪਦਾ ਤਾਂ ਇੰਝ ਹੀ ਹੈ ਕਿ ਉਹ ਇਹੋ ਕਹਿ ਰਹੇ ਨੇ। ਟੁੱਟੇ ਹੋਏ ਦੰਦਾਂ ਰਾਹੀਂ ਸ਼ਬਦਾਂ ਨੂੰ ਸੁਣਨਾ ਵੀ ਤਾਂ ਔਖਾ ਹੋ ਜਾਂਦੈ। ਜੇਕਰ ਇਹ ਪਕਵਾਨ ਕਿਸੇ ਕੈਫ਼ੇ ਵਲੋਂ ਪੇਸ਼ ਕੀਤੇ ਜਾ ਰਹੇ ਹੁੰਦੇ ਤਾਂ ਤੁਸੀਂ ਫ਼ੌਰਨ ਉਸ ਸਥਾਨ ਨੂੰ ਛੱਡ ਕੇ ਕਿਸੇ ਹੋਰ ਜਗ੍ਹਾ ਚਲੇ ਜਾਣਾ ਸੀ। ਫ਼ਿਰ ਤੁਸੀਂ ਉਨ੍ਹਾਂ ਦੇ ਬਰਾਬਰ ਦੀਆਂ ਚੀਜ਼ਾਂ ਨੂੰ ਕਬੂਲ ਕਿਓਂ ਕਰ ਰਹੇ ਹੋ? ਤੁਸੀਂ ਕਿਸੇ ਅਜਿਹੀ ਚੀਜ਼ ਨੂੰ ਪਸੰਦ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜਿਸ ਨੂੰ ਤੁਸੀਂ ਪਚਾ ਨਹੀਂ ਸਕੋਗੇ। ਅਤੇ ਤੁਹਾਡੇ ਕੋਲ ਇੱਕ ਹੋਰ ਵਿਕਲਪ ਵੀ ਹੈ।
ਤੁਹਾਨੂੰ ਭੁੱਖ ਲੱਗੀ ਹੋਈ ਹੈ। ਤੁਸੀਂ ਮਿਸੋ ਸੂਪ ਆਰਡਰ ਕਰਦੇ ਹੋ। ਵੇਟਰ ਤੁਹਾਡੇ ਲਈ ਮਿਨੇਸਟ੍ਰੋਨੀ ਸੂਪ ਲੈ ਆਉਂਦਾ ਹੈ। ਕੀ ਤੁਹਾਨੂੰ ਇਸ ਨਾਲ ਕੋਈ ਸਮੱਸਿਆ ਹੈ? ਸ਼ਾਇਦ, ਜੇ ਕਿਸੇ ਗੰਭੀਰ ਖ਼ੁਰਾਕੀ ਕਾਰਨ ਕਰ ਕੇ, ਤੁਸੀਂ ਇਨ੍ਹਾਂ ਦੋਹਾਂ ‘ਚੋਂ ਇੱਕ ਖਾ ਸਕਦੇ ਹੋਵੋ ਪਰ ਦੂਜਾ ਨਹੀਂ। ਨਹੀਂ ਤਾਂ, ਇਹ ਸਿਰਫ਼ ਸੁਆਦ ਅਤੇ ਤਰਜੀਹ ਦਾ ਹੀ ਤਾਂ ਮਾਮਲਾ ਹੈ, ਹੈ ਕਿ ਨਾ? ਤੁਹਾਨੂੰ ਸਮੱਸਿਆ ਕੇਵਲ ਤਾਂ ਹੀ ਪੇਸ਼ ਆਵੇਗੀ ਜੇ ਤੁਸੀਂ ਕੋਈ ਵੀ ਵਿਕਲਪ ਸਵੀਕਾਰ ਕਰਨ ਲਈ ਤਿਆਰ ਹੀ ਨਾ ਹੋਵੋ। ਅਤੇ ਜੇਕਰ ਅਜਿਹਾ ਹੈ ਤਾਂ ਸਮੱਸਿਆ ਤੁਹਾਡੀ ਸਥਿਤੀ ‘ਚ ਨਹੀਂ, ਉਹ ਤੁਹਾਡੇ ਖ਼ੁਦ ਵਿੱਚ ਹੈ। ਇਹ ਤੁਹਾਡੀ ਰੂਹ ਦੇ ਸੋਚਣ ਲਈ ਸਿਰਫ਼ ਥੋੜ੍ਹੀ ਜਿੰਨੀ ਖ਼ੁਰਾਕ ਹੈ ਜੋ ਤੁਹਾਡੇ ਭਾਵਨਾਤਮਕ ਜੀਵਨ ‘ਚ ਕਿਸੇ ਵੀ ਸਮੇਂ ਬਹੁਤ ਲਾਹੇਵੰਦ ਸਾਬਿਤ ਹੋ ਸਕਦੀ ਹੈ। ਵਧੇਰੇ ਲਚਕਦਾਰ ਬਣੋ।
ਕੁਝ ਅਮੀਰ ਲੋਕ ਤਰੁਟੀਆਂ ਰਹਿਤ ਹੀਰੇ ਇਕੱਠੇ ਕਰਨ ਦਾ ਸ਼ੌਂਕ ਪਾਲ ਲੈਂਦੇ ਹਨ। ਉਹ ਪਦਾਰਥਕ ਸੰਸਾਰ ਦੇ ਇੱਕ ਛੋਟੇ ਜਿਹੇ ਹਿੱਸੇ ਦੇ ਮਾਲਕ ਬਣ ਕੇ ਇੱਕ ਅਜੀਬ ਜਿਹੀ ਕਿਸਮ ਦਾ ਮਾਣ ਮਹਿਸੂਸ ਕਰਦੇ ਹਨ ਜੋ, ਸਿਧਾਂਤਕ ਤੌਰ ‘ਤੇ, ਸੰਪੂਰਨ ਹੁੰਦਾ ਹੈ। ਪਰ ਜੇਕਰ ਅਸਲ ਮਾਇਨੇ ‘ਚ ਦੇਖਿਆ ਜਾਵੇ ਤਾਂ ਇਸ ਸੰਸਾਰ ਦੀਆਂ ਕਮੀਆਂ-ਪੇਸ਼ੀਆਂ ਸਾਨੂੰ ਕਿਤੇ ਵਧੇਰੇ ਸੰਤੁਸ਼ਟੀ ਦੇ ਕੇ ਜਾਂਦੀਆਂ ਹਨ। ਸਾਬਿਤ ਕਰਨ ਜਾਂ ਸੁਧਾਰਣ ਲਈ ਕੁਝ ਵੀ ਬਾਕੀ ਨਾ ਹੋਣ ਦੀ ਸੂਰਤ ‘ਚ ਕੁਝ ਵੀ ਦਿਲਚਸਪ ਨਹੀਂ ਰਹਿੰਦਾ। ਅਤੇ ਕਲਪਨਾ ਕਰੋ ਕਿ ਚਾਰਾਂ ਪਾਸਿਆਂ ਤੋਂ ਤੁਹਾਨੂੰ ਪਿਆਰ ਅਤੇ ਪ੍ਰਸ਼ੰਸਾ ਹੀ ਮਿਲ ਰਹੀ ਹੋਵੇ ਤਾਂ ਉਸ ‘ਚ ਚੁਣੌਤੀ, ਵਿਵਾਦ ਅਤੇ ਉਤੇਜਕ ਟਕਰਾਅ ਕਿੱਥੋਂ ਆਵੇਗਾ? ਆਪਣੀ ਦੁਨੀਆਂ ‘ਚ ਉਸ ਸਭ ਤੋਂ ਵੀ ਖ਼ੁਸ਼ ਰਹੋ ਜੋ ਸੰਪੂਰਨ ਤੋਂ ਕੁਝ ਘੱਟ ਜਾਪਦਾ ਹੈ। ਉਹ ਜਾਦੂ ਦਾ ਹਿੱਸਾ ਹੈ।