ਕਿਚਨਰ: ਆਲਰਾਊਂਡਰ ਸ਼ਿਵਮ ਦੂਬੇ ਨੇ ਕਿਹਾ ਕਿ ਇੰਡੀਅਨ ਪ੍ਰੀਮੀਅਰ ਲੀਗ (IPL) ਇਸ ਸਾਲ ਜੂਨ ‘ਚ ਵੈੱਸਟ ਇੰਡੀਜ਼ ਅਤੇ ਅਮਰੀਕਾ ‘ਚ ਹੋਣ ਵਾਲੇ T-20 ਵਿਸ਼ਵ ਕੱਪ ਲਈ ਭਾਰਤੀ ਟੀਮ ਦੀਆਂ ਤਿਆਰੀਆਂ ‘ਚ ਅਹਿਮ ਭੂਮਿਕਾ ਨਿਭਾਏਗੀ। ਪਿਛਲੇ ਸਾਲ ਦੇ ਵਨਡੇਅ ਵਿਸ਼ਵ ਕੱਪ ਤੋਂ ਬਾਅਦ ਭਾਰਤ ਨੇ ਸਿਰਫ਼ ਚਾਰ T-20 ਮੈਚ ਖੇਡੇ ਸਨ।
ਦੂਬੇ ਨੇ ਕਿਹਾ, ”IPL-2024 ਸਾਡੇ ਸਾਰਿਆਂ ਲਈ ਬਹੁਤ ਮਹੱਤਵਪੂਰਣ ਹੋਵੇਗਾ ਕਿਉਂਕਿ ਹੁਣ ਸਾਡੇ ਲਈ ਵਰਲਡ ਕੱਪ ਤੋਂ ਪਹਿਲਾਂ ਹੋਰ ਕੋਈ T-20 ਸਰੀਜ਼ ਖੇਡਣੀ ਬਾਕੀ ਨਹੀਂ ਰਹਿ ਗਈ। IPL ਇੱਕ ਵੱਡਾ ਪਲੈਟਫ਼ੌਰਮ ਹੈ ਅਤੇ ਜੇਕਰ ਤੁਸੀਂ ਉਸ ‘ਚ ਚੰਗਾ ਪ੍ਰਦਰਸ਼ਨ ਕਰਦੇ ਹੋ ਤਾਂ ਤੁਹਾਨੂੰ ਰਾਸ਼ਟਰੀ ਟੀਮ ‘ਚ ਜਗ੍ਹਾ ਬਣਾਉਣ ਦਾ ਮੌਕਾ ਮਿਲਦਾ ਹੈ। ਉਸ ਨੇ ਕਿਹਾ, ”ਟੀਮ ਦੀ ਯੋਜਨਾਬੰਦੀ ਅਤੇ ਤਾਲਮੇਲ ‘ਤੇ ਕੰਮ ਚੱਲ ਰਿਹਾ ਹੈ।”
ਅਸੀਂ ਜਿੰਨਾ ਜ਼ਿਆਦਾ T-20 ਮੈਚ ਖੇਡਦੇ ਹਾਂ, ਅਸੀਂ ਉਸ ਨੂੰ ਫ਼ੌਰਮੈਟ ਨੂੰ ਹੋਰ ਬਿਹਤਰ ਢੰਗ ਨਾਲ ਸਮਝ ਸਕਾਂਗੇ। ਦੂਬੇ ਖ਼ੁਦ ਵੀ T-20 ਵਿਸ਼ਵ ਕੱਪ ਲਈ ਭਾਰਤੀ ਟੀਮ ‘ਚ ਜਗ੍ਹਾ ਬਣਾਉਣ ਦੀ ਦੌੜ ‘ਚ ਹੈ। ਇਸ ਬਾਰੇ ਪੁੱਛੇ ਜਾਣ ‘ਤੇ ਉਸ ਨੇ ਕਿਹਾ ਕਿ ਉਹ ਬਹੁਤਾ ਅੱਗੇ ਦੀ ਨਹੀਂ ਸੋਚ ਰਿਹਾ ਅਤੇ ਆਉਣ ਵਾਲੇ ਮੈਚਾਂ ‘ਤੇ ਧਿਆਨ ਦੇ ਰਿਹਾ ਹੈ। ਉਸ ਨੇ ਕਿਹਾ, ”ਟੀਮ ‘ਚ ਖੇਡਣ ਵਾਲੇ ਕਿਸੇ ਵੀ ਖਿਡਾਰੀ ਦਾ ਉਦੇਸ਼ ਵਿਸ਼ਵ ਕੱਪ ਖੇਡਣਾ ਹੁੰਦਾ ਹੈ।”
ਵਿਸ਼ਵ ਕੱਪ ਖੇਡਣਾ ਯਕੀਨੀ ਤੌਰ ‘ਤੇ ਮੇਰੇ ਦਿਮਾਗ਼ ‘ਚ ਹੈ, ਪਰ ਇਹ ਅਜੇ ਬਹੁਤ ਦੂਰ ਹੈ। ਫ਼ਿਲਹਾਲ ਮੇਰਾ ਟੀਚਾ ਮੈਚ ‘ਚ ਚੰਗਾ ਪ੍ਰਦਰਸ਼ਨ ਕਰਨਾ ਹੈ।” ਦੁਬੇ ਨੇ ਅਫ਼ਗ਼ਾਨਿਸਤਾਨ ਖ਼ਿਲਾਫ਼ ਜਿੱਤੀ ਹਾਲੀਆ T-20 ਸੀਰੀਜ਼ ‘ਚ ਆਪਣੇ ਹਰਫ਼ਨਮੌਲਾ ਪ੍ਰਦਰਸ਼ਨ ਲਈ ਨਾਮਣਾ ਖੱਟਿਆ ਸੀ।












