T-20 ਗੇਂਦਬਾਜ਼ਾਂ ਦੀ ਸਭ ਤੋਂ ਵਧੀਆ ਰੈਕਿੰਗ ‘ਚ ਪਹੁੰਚੇ ਕੁਲਦੀਪ ਤੇ ਰਾਸ਼ਿਦ

ਨਵੀਂ ਦਿੱਲੀ – ਕਲਾਈ ਦਾ ਸਰਵਸ਼੍ਰੇਸ਼ਠ ਸਪੀਨਰ ਕੁਲਦੀਪ ਯਾਦਵ ICC T-20 ਗੇਂਦਬਾਜ਼ਾਂ ਦੀ ਰੈਕਿੰਗ ਵਿੱਚ ਦੂਜੇ ਸਥਾਨ ‘ਤੇ ਪਹੁੰਚ ਗਿਆ ਹੈ। ਇੱਕ ਟੀਮ ਦੇ ਤੌਰ ‘ਤੇ, ਨਿਊ ਜ਼ੀਲੈਂਡ ਤੋਂ ਸੀਰੀਜ਼ ਹਾਰਨ ਮਗਰੋਂ ਦੋ ਅੰਕ ਘਟਣ ਦੇ ਬਾਵਜੂਦ, ਭਾਰਤ ICC T-20 ਰੈਕਿੰਗ ਵਿੱਚ ਪਾਕਿਸਤਾਨ ਤੋਂ ਬਾਅਦ ਦੂਜੇ ਸਥਾਨ ‘ਤੇ ਬਣਿਆ ਹੋਇਆ ਹੈ।
ਕੁਲਦੀਪ ਨੇ ਨਿਊ ਜ਼ੀਲੈਂਡ ਖ਼ਿਲਾਫ਼ ਆਖ਼ਰੀ ਵਨ ਡੇ ਵਿੱਚ 26 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ ਸਨ। ਭਾਰਤ ਉਹ ਮੈਚ 4 ਦੋੜਾਂ ਨਾਲ ਅਤੇ ਸੀਰੀਜ਼ 1-2 ਨਾਲ ਹਾਰ ਗਿਆ ਸੀ। ਅਫ਼ਗ਼ਾਨਿਸਤਾਨ ਦਾ ਲੈੱਗ ਸਪਿਨਰ ਰਾਸ਼ਿਦ ਖਾਨ ਰੈਂਕਿੰਗ ਵਿੱਚ ਪਹਿਲੇ ਸਥਾਨ ‘ਤੇ ਹੈ। ਸਿਖਰ 10 ਵਿੱਚ ਭਾਰਤ ਦਾ ਕੋਈ ਹੋਰ ਗੇਂਦਬਾਜ਼ ਨਹੀਂ। ਕੁਲਦੀਪ ਦੇ ਸਪਿਨ ਜੋੜੀਦਾਰ ਯੁਜ਼ਵੇਂਦਰ ਚਹਿਲ ਛੇ ਸਥਾਨ ਹੇਠਾਂ ਡਿੱਗ ਕੇ 17ਵੇਂ ਨੰਬਰ ‘ਤੇ ਹੈ ਜਦਕਿ ਭੁਵਨੇਸ਼ਵਰ ਕੁਮਾਰ 18ਵੇਂ ਸਥਾਨ ‘ਤੇ ਬਣਿਆ ਹੋਇਆ ਹੈ।
ਬੱਲੇਬਾਜ਼ਾਂ ਵਿੱਚ ਭਾਰਤੀ ਉੱਪ ਕਪਤਾਨ ਰੋਹਿਤ ਸ਼ਰਮਾ ਤਿੰਨ ਸਥਾਨ ਚੜ੍ਹਿਐ ਅਤੇ ਕੇ.ਐਲ. ਰਾਹੁਲ ਤਿੰਨ ਸਥਾਨ ਹੇਠਾਂ ਡਿਗਿਐ। ਪਾਕਿਸਤਾਨ ਦਾ ਬਾਬਰ ਆਜ਼ਮ ਸਿਖਰ ‘ਤੇ ਹੈ। ਰੋਹਿਤ ਸੱਤਵੇਂ ਅਤੇ ਰਾਹੁਲ ਦੱਸਵੇਂ ਜਦਕਿ ਸ਼ਿਖਰ ਧਵਨ 11ਵੇਂ ਸਥਾਨ ‘ਤੇ ਹੈ। ਨਿਊ ਜ਼ੀਲੈਂਡ ਵਿਰੁੱਧ ਲੜੀ ਵਿੱਚੋਂ ਬਾਹਰ ਰਿਹਾ ਵਿਰਾਟ ਕੋਹਲੀ ਚਾਰ ਸਥਾਨ ਡਿੱਗ ਕੇ ਜ਼ਿੰਮਬਾਬਵੇ ਦੇ ਹੈਮਿਲਟਨ ਮਸਾਕਾਜਾ ਨਾਲ ਸਾਂਝੇ 19ਵੇਂ ਸਥਾਨ ‘ਤੇ ਹੈ। ਲੈਗ ਸਪਿਨਰ ਕਰੁਣਾਲ ਪੰਡਯਾ 39 ਸਥਾਨ ਚੜ੍ਹ ਕੇ ਕਰੀਅਰ ਦੀ ਸਭ ਤੋਂ ਵਧੀਆ 58ਵੀਂ ਰੈਂਕਿੰਗ ‘ਤੇ ਹੈ। ਨਿਊ ਜ਼ੀਲੈਂਡ ਦਾ ਕਪਤਾਨ ਕੇਨ ਵਿਲੀਅਮਸਨ ਇੱਕ ਸਥਾਨ ਚੜ੍ਹ ਕੇ 12ਵੇਂ, ਰੌਸ ਟੇਲਰ ਸੱਤ ਸਥਾਨ ਚੜ੍ਹ ਕੇ 51ਵੇਂ ਅਤੇ ਟਿਮ ਸੀਫ਼ਰਟ 87 ਸਥਾਨਾਂ ਦੀ ਛਲਾਂਗ ਲਗਾ ਕੇ 83ਵੇਂ ਸਥਾਨ ‘ਤੇ ਹੈ।