ਕੋਹਲੀ ਨਾਲ ਤੁਲਨਾ ਕਰਨ ‘ਤੇ ਕੀ ਕਿਹਾ ਬਾਬਰ ਆਜ਼ਮ ਨੇ?

ਲਾਹੌਰ – ਕ੍ਰਿਕਟ ਜਗਤ ਵਿੱਚ ਪਿਛਲੇ ਕੁੱਝ ਸਾਲਾਂ ਵਿੱਚ ਜੇਕਰ ਕੋਈ ਬੱਲੇਬਾਜ਼ ਆਪਣੀ ਕਲਾ ਦਾ ਪ੍ਰਦਰਸ਼ਨ ਕਰਦਾ ਹੈ ਤਾਂ ਉਸ ਦੀ ਤੁਲਨਾ ਭਾਰਤੀ ਟੀਮ ਦੇ ਮੌਜੂਦਾ ਕਪਤਾਨ ਅਤੇ ਦੁਨੀਆ ਦੇ ਨੰਬਰ ਇੱਕ ਬੱਲੇਬਾਜ਼ ਵਿਰਾਟ ਕੋਹਲੀ ਨਾਲ ਕੀਤੀ ਜਾਂਦੀ ਹੈ। ਹਾਲਾਂਕਿ ਇਸ ਸੂਚੀ ਵਿੱਚ ਇੱਕ ਨਾਂ ਬਾਬਰ ਆਜ਼ਮ ਦਾ ਵੀ ਹੈ ਜਿਸ ਦੀ ਲਗਾਤਾਰ ਤੁਲਨਾ ਇਸ ਖਿਡਾਰੀ ਨਾਲ ਕੀਤੀ ਜਾਂਦੀ ਰਹੀ ਹੈ। ਅਜਿਹੇ ‘ਚ ਇਸ ਮੁੱਦੇ ‘ਤੇ ਬਾਰ-ਬਾਰ ਕੋਹਲੀ ਨਾਲ ਨਾਂ ਜੋੜਨ ‘ਤੇ ਆਜ਼ਮ ਨੇ ਕਿਹਾ, ”ਮੇਰੀ ਕੋਹਲੀ ਨਾਲ ਤੁਲਨਾ ਕਰਨੀ ਬੰਦ ਕਰੋ, ਪਲੀਜ਼!”
ਪਿਛਲੇ 2-3 ਸਾਲਾਂ ਵਿੱਚ ਜੇਕਰ ਦੇਖੀਏ ਤਾਂ ਬਾਬਰ ਨੇ ਆਪਣੀ ਬੱਲੇਬਾਜ਼ੀ ਦੇ ਦਮ ‘ਤੇ ਪਾਕਿਸਤਾਨ ਨੂੰ ਕਈ ਮੈਚ ਜਿਤਾਏ ਹਨ ਅਤੇ ਪੂਰੀ ਦੁਨੀਆ ਵਿੱਚ ਆਪਣੀ ਬੱਲੇਬਾਜ਼ੀ ਦਾ ਲੋਹਾ ਮਨਵਾਇਆ ਹੈ। ਬਾਬਰ ਨੇ ਇੱਕ ਵੈੱਬਸਾਈਟ ਨਾਲ ਗੱਲਬਾਤ ਦੌਰਾਨ ਕਿਹਾ, ”ਲੋਕ ਅਕਸਰ ਮੇਰੀ ਤੁਲਨਾ ਵਿਰਾਟ ਕੋਹਲੀ ਨਾਲ ਕਰਦੇ ਹਨ ਪਰ ਵਿਰਾਟ ਬਹੁਤ ਵੱਡੇ ਖਿਡਾਰੀ ਹਨ। ਮੈਨੂੰ ਨਹੀਂ ਲਗਦਾ ਕਿ ਮੈਂ ਕਿਤੇ ਵੀ ਵਿਰਾਟ ਦੋ ਨੇੜੇ ਹਾਂ। ਵਿਰਾਟ ਮੌਜੂਦਾ ਸਮੇਂ ਕਰੀਅਰ ਦੀ ਸਰਵਸ੍ਰੇਸ਼ਠ ਫ਼ੌਰਮ ‘ਚ ਹੈ। ਉਹ ਟੈੱਸਟ ਅਤੇ ਵਨ ਡੇ ਵਿੱਚ ਨੰਬਰ ਇੱਕ ਸਥਾਨ ‘ਤੇ ਹੈ।” ਇੱਥੇ ਵਰਨਣਯੋਗ ਹੈ ਕਿ ਬਾਬਰ ਆਜ਼ਮ ਇਸ ਸਮੇਂ T-20 ਰੈਂਕਿੰਗ ਵਿੱਚ ਨੰਬਰ ਇੱਕ ਸਥਾਨ ‘ਤੇ ਹੈ। ਉਹ ਵਨ ਡੇ ਰੈਂਕਿੰਗ ਵਿੱਚ, ਪਰ, ਉਹ ਹਾਲੇ ਨੰਬਰ ਪੰਜ ‘ਤੇ ਹੀ ਪਹੁੰਚਿਐ।
ਬਾਬਰ ਨੇ ਅੱਗੇ ਕਿਹਾ, ”ਮੈਂ ਹਾਲੇ ਆਪਣਾ ਕਰੀਅਰ ਸ਼ੁਰੂ ਕੀਤਾ ਹੈ ਜਦਕਿ ਵਿਰਾਟ ਕਰੀਅਰ ਵਿੱਚ ਬਹੁਤ ਕੁੱਝ ਹਾਸਿਲ ਕਰ ਚੁੱਕਾ ਹੈ। ਮੈਨੂੰ ਅਜੇ ਬਹੁਤ ਕੁੱਝ ਸਿੱਖਣ ਦੀ ਜ਼ਰੂਰਤ ਹੈ। ਜੇਕਰ ਮੈਂ ਵਿਰਾਟ ਕੋਹਲੀ ਦੀ ਤਰ੍ਹਾਂ ਪ੍ਰਦਰਸ਼ਨ ਕਰਨ ‘ਚ ਸਫ਼ਲ ਰਿਹਾ ਤਾਂ ਹੀ ਮੇਰੀ ਤੁਲਨਾ ਉਸ ਨਾਲ ਕੀਤੀ ਜਾਣੀ ਚਾਹੀਦੀ ਹੈ। ਫ਼ਿਲਹਾਲ ਵਿਰਾਟ ਨਾਲ ਮੇਰੀ ਤੁਲਨਾ ਨਹੀਂ ਹੋ ਸਕਦੀ।”
ਬਾਬਰ ਆਜ਼ਮ T-20 ਕਰੀਅਰ ਦੇ 29 ਮੈਚਾਂ ਵਿੱਚ 53.72 ਦੀ ਔਸਤ ਨਾਲ 1,182 ਦੌੜਾਂ ਬਣਾ ਚੁੱਕਾ ਹੈ। ਵਨ ਡੇ ਵਿੱਚ ਬਾਬਰ ਦੇ ਬੱਲੇ ਨਾਲ 59 ਮੈਚਾਂ ਵਿੱਚ 51.29 ਦੀ ਔਸਤ ਨਾਲ 2, 462 ਦੌੜਾਂ ਨਿਕਲੀਆਂ ਹਨ। ਟੈੱਸਟ ਕ੍ਰਿਕਟ ਵਿੱਚ ਉਸ ਦਾ ਪ੍ਰਦਰਸ਼ਨ ਇੰਨਾ ਖ਼ਾਸ ਨਹੀਂ। ਬਾਬਰ ਆਜ਼ਮ ਨੇ ਟੈੱਸਟ ਕਰੀਅਰ ਦੇ 21 ਮੈਚਾਂ ਵਿੱਚ 35.28 ਦੀ ਔਸਤ ਨਾਲ 1, 235 ਦੌੜਾਂ ਬਣਾਈਆਂ ਹਨ।