ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਸੰਸਦ ਦਾ ਮਾਨਸੂਨ ਸੈਸ਼ਨ ਅਤੇ ਮੌਸਮ ਦਾ ਮਾਨਸੂਨ, ਦੋਵੇਂ ਹੀ ਚੰਗੇ ਅਤੇ ਫਾਇਦੇਮੰਦ ਰਹਿਣਗੇ। ਉਨ੍ਹਾਂ ਨੇ ਸਾਰੇ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਪੂਰੇ ਮਨ ਨਾਲ ਸਦਨ ਦੀ ਕਾਰਵਾਈ ‘ਚ ਹਿੱਸਾ ਲੈਣ। ਸੰਸਦ ਸੈਸ਼ਨ ਸ਼ੁਰੂ ਹੋਣ ਤੋਂ ਕੁਝ ਮਿੰਟ ਪਹਿਲਾਂ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਪੀ.ਐੱਮ. ਮੋਦੀ ਨੇ ਇਹ ਵੀ ਕਿਹਾ ਕਿ ਪੱਛਮੀ ਏਸ਼ੀਆ ਦੇ ਝਗੜੇ ਨੇ ਭਾਰਤ ਲਈ ਬਹੁਤ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ, ਕਿਉਂਕਿ ਭਾਰਤ ਊਰਜਾ ਦੇ ਆਯਾਤ ‘ਤੇ ਨਿਰਭਰ ਹੈ।
ਉਨ੍ਹਾਂ ਕਿਹਾ ਕਿ ਪੱਛਮੀ ਏਸ਼ੀਆ ਦੇ ਝਗੜੇ ਤੋਂ ਪੈਦਾ ਹੋਏ ਸੰਕਟ ਦੇ ਬਾਵਜੂਦ ਭਾਰਤ ਨੇ 7.7 ਫੀਸਦੀ ਦੀ ਵਿਕਾਸ ਦਰ ਹਾਸਲ ਕੀਤੀ ਹੈ। ਉਨ੍ਹਾਂ ਕਿਹਾ,”ਸਾਨੂੰ ਉਮੀਦ ਹੈ ਕਿ ਮਾਨਸੂਨ ਅਤੇ ਸੰਸਦ ਦਾ ਮਾਨਸੂਨ ਸੈਸ਼ਨ, ਦੋਵੇਂ ਹੀ ਚੰਗੇ ਅਤੇ ਫਾਇਦੇਮੰਦ ਰਹਿਣਗੇ… ਮੈਂ ਸਾਰੇ ਸੰਸਦ ਮੈਂਬਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਮਾਨਸੂਨ ਸੈਸ਼ਨ ਦੀ ਕਾਰਵਾਈ ‘ਚ ਪੂਰੇ ਮਨ ਨਾਲ ਹਿੱਸਾ ਲੈਣ।”
ਪ੍ਰਧਾਨ ਮੰਤਰੀ ਨੇ ਆਪਣੀ ਸਰਕਾਰ ਦੀਆਂ ਸੁਧਾਰ ਸੰਬੰਧੀ ਪਹਿਲਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਨ੍ਹਾਂ ਕਦਮਾਂ ਨੇ ਨੌਜਵਾਨਾਂ ‘ਚ ਸਾਹਸ ਪੈਦਾ ਕੀਤਾ ਹੈ ਅਤੇ ਉਨ੍ਹਾਂ ਨੂੰ ਜ਼ਿਕਰਯੋਗ ਕੰਮ ਕਰਨ ਲਈ ਪ੍ਰੇਰਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਇਕ ਮਹੀਨੇ ‘ਚ ਦੇਸ਼ ਨੇ ਪੁਲਾੜ ਸਮੇਤ ਕਈ ਖੇਤਰਾਂ ‘ਚ ਉਪਲੱਬਧੀਆਂ ਪ੍ਰਾਪਤ ਕੀਤੀਆਂ ਅਤੇ ਦੇਸ਼ ਨੂੰ ਮਾਣ ਮਹਿਸੂਸ ਕਰਾਉਣ ਵਾਲੀਆਂ ਉਪਲੱਬਧੀਆਂ ਦਾ ਸਿਲਸਿਲਾ ਜਾਰੀ ਹੈ। ਹਾਈਡ੍ਰੋਜਨ ਟਰੇਨ ਨੂੰ ਵੱਡੀ ਉਪਲੱਬਧੀ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਵਿਗਿਆਨੀ ਦੇਸ਼ ਲਈ ਕੰਮ ਕਰ ਰਹੇ ਹਨ ਅਤੇ 28 ਸਾਲ ਦੇ ਨੌਜਵਾਨਾਂ ਨੇ ਪੁਲਾੜ ‘ਚ ਝੰਡਾ ਗੱਡ ਦਿੱਤਾ ਹੈ।















