ਸ਼ਮਸ਼ਾਨਘਾਟ ਨੇੜੇ ਲਿਜਾ ਕੇ ਮੁੰਡੇ ਦੇ ਮਾਰੀਆਂ ਕਿਰਚਾਂ!

ਸ੍ਰੀ ਮੁਕਤਸਰ ਸਾਹਿਬ : ਨੇੜਲੇ ਪਿੰਡ ਨੰਦਗੜ੍ਹ ਵਿਖੇ ਆਪਸੀ ਰੰਜਿਸ਼ ਦੇ ਚੱਲਦਿਆਂ ਇੱਕ ਨੌਜਵਾਨ ‘ਤੇ ਕਿਰਚ ਨਾਲ ਜਾਨਲੇਵਾ ਹਮਲਾ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਪੀੜਤ ਦੇ ਬਿਆਨਾਂ ਦੇ ਅਧਾਰ ‘ਤੇ ਪਿੰਡ ਦੇ ਹੀ 3 ਨੌਜਵਾਨਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਫਿਲਹਾਲ ਸਾਰੇ ਮੁਲਜ਼ਮ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹਨ।
​ਪੁਲਸ ਨੂੰ ਦਿੱਤੇ ਬਿਆਨਾਂ ਵਿਚ ਪੀੜਤ ਨਵਨੀਤ ਸਿੰਘ (ਪੁੱਤਰ ਰਾਜ ਸਿੰਘ, ਵਾਸੀ ਨੰਦਗੜ੍ਹ) ਨੇ ਦੱਸਿਆ ਕਿ ਲੰਘੀ 15 ਜੁਲਾਈ 2026 ਦੀ ਰਾਤ ਕਰੀਬ 8 ਵਜੇ ਉਹ ਆਪਣੇ ਘਰ ਮੌਜੂਦ ਸੀ। ਇਸ ਦੌਰਾਨ ਪਿੰਡ ਦੇ ਹੀ ਰਵੀ ਸਿੰਘ ਅਤੇ ਅਮਨਦੀਪ ਸਿੰਘ ਉਰਫ ਹਾਮੂੰ ਨੇ ਉਸ ਨੂੰ ਆਵਾਜ਼ ਮਾਰ ਕੇ ਘਰੋਂ ਬਾਹਰ ਬੁਲਾਇਆ ਅਤੇ ਕੋਈ ਗੱਲ ਕਰਨ ਬਹਾਨੇ ਪੈਦਲ ਹੀ ਪਿੰਡ ਦੇ ਸ਼ਮਸ਼ਾਨਘਾਟ ਕੋਲ ਲੈ ਗਏ।
​ਉੱਥੇ ਪਹੁੰਚ ਕੇ ਦੋਵਾਂ ਨੇ ਨਵਨੀਤ ਨਾਲ ਬਹਿਸਬਾਜ਼ੀ ਅਤੇ ਗਾਲੀ-ਗਲੋਚ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਅਮਨਦੀਪ ਸਿੰਘ ਹਾਮੂੰ ਨੇ ਨਵਨੀਤ ਸਿੰਘ ਨੂੰ ਅੱਗਿਓਂ ਜ਼ੋਰ ਦੀ ਜੱਫੀ ਪਾ ਕੇ ਫੜ ਲਿਆ, ਜਦਕਿ ਰਵੀ ਸਿੰਘ ਨੇ ਆਪਣੀ ਲੋਅਰ (ਪੈਂਟ) ਵਿੱਚੋਂ ਲੋਹੇ ਦੀ ਕਿਰਚ ਕੱਢ ਕੇ ਨਵਨੀਤ ‘ਤੇ ਜਾਨਲੇਵਾ ਵਾਰ ਕਰ ਦਿੱਤੇ। ​​ਰਵੀ ਸਿੰਘ ਵੱਲੋਂ ਕੀਤੇ ਗਏ ਵਾਰਾਂ ਕਾਰਨ ਪਹਿਲਾ ਜ਼ਖ਼ਮ ਨਵਨੀਤ ਦੀ ਗਰਦਨ ਦੇ ਹੇਠਾਂ ਰੀੜ੍ਹ ਦੀ ਹੱਡੀ ‘ਤੇ ਅਤੇ ਦੂਜਾ ਵਾਰ ਖੱਬੀ ਵੱਖੀ ‘ਤੇ ਲੱਗਾ। ਹਮਲੇ ਕਾਰਨ ਨਵਨੀਤ ਲਹੂ-ਲੁਹਾਨ ਹੋ ਕੇ ਜ਼ਮੀਨ ‘ਤੇ ਡਿੱਗ ਗਿਆ। ਇਸੇ ਦੌਰਾਨ ਮੁਲਜ਼ਮਾਂ ਦਾ ਤੀਜਾ ਸਾਥੀ ਸੁਰਿੰਦਰ ਸਿੰਘ ਉਰਫ ਸੋਡੀ ਵੀ ਮੋਟਰਸਾਈਕਲ ‘ਤੇ ਉੱਥੇ ਪਹੁੰਚ ਗਿਆ ਅਤੇ ਪੀੜਤ ਨੂੰ ਬੁਰਾ-ਭਲਾ ਕਹਿਣ ਲੱਗਾ।
​ਪੀੜਤ ਨੇ ਦੱਸਿਆ ਕਿ ਰੌਲਾ ਸੁਣ ਕੇ ਉਸ ਦੇ ਦੋਸਤ ਗੁਰਭੇਜ ਸਿੰਘ ਅਤੇ ਰਾਜਨ ਸਿੰਘ ਮੌਕੇ ‘ਤੇ ਪਹੁੰਚ ਗਏ। ਉਨ੍ਹਾਂ ਨੂੰ ਆਉਂਦੇ ਦੇਖ ਤਿੰਨੇ ਮੁਲਜ਼ਮ (ਰਵੀ ਸਿੰਘ, ਅਮਨਦੀਪ ਸਿੰਘ ਅਤੇ ਸੁਰਿੰਦਰ ਸਿੰਘ ਸੋਡੀ) ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਆਪਣੇ ਹਥਿਆਰਾਂ ਸਮੇਤ ਮੋਟਰਸਾਈਕਲ ‘ਤੇ ਸਵਾਰ ਹੋ ਕੇ ਮੌਕੇ ਤੋਂ ਫ਼ਰਾਰ ਹੋ ਗਏ। ​​ਘਟਨਾ ਤੋਂ ਬਾਅਦ ਜ਼ਖ਼ਮੀ ਨਵਨੀਤ ਸਿੰਘ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਹਸਪਤਾਲ ਤੋਂ ਮਿਲੇ ਡਾਕਟਰੀ ਰੁੱਕੇ ਅਤੇ ਪੀੜਤ ਦੇ ਬਿਆਨਾਂ ਦੇ ਅਧਾਰ ‘ਤੇ ਪੁਲਸ ਵੱਲੋਂ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਬਲਦੇਵ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਪੁਲਸ ਮੁਤਾਬਕ ਮੁਲਜ਼ਮਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਹ ਪੁਲਿਸ ਦੀ ਗ੍ਰਿਫ਼ਤ ਵਿੱਚ ਹੋਣਗੇ।