ਨਵੀਂ ਦਿੱਲੀ: ਪਾਕਿਸਤਾਨ ਕ੍ਰਿਕਟ ਬੋਰਡ (PCB) ਨੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੂੰ ਪੱਤਰ ਲਿਖ ਕੇ ਅਕਤੂਬਰ-ਨਵੰਬਰ ‘ਚ ਹੋਣ ਵਾਲੇ ਵਨਡੇ ਵਿਸ਼ਵ ਕੱਪ ‘ਚ ਹਿੱਸਾ ਲੈਣ ਲਈ ਭਾਰਤ ਦੀ ਯਾਤਰਾ ਕਰਨ ਦੀ ਅਧਿਕਾਰਿਕ ਇਜਾਜ਼ਤ ਮੰਗੀ ਹੈ। ਇੱਕ ਰਿਪੋਰਟ ਅਨੁਸਾਰ, PCB ਨੇ ਇਹ ਪੱਤਰ ਗ੍ਰਹਿ ਅਤੇ ਵਿਦੇਸ਼ ਮੰਤਰਾਲੇ ਨੂੰ ਵੀ ਭੇਜਿਆ ਹੈ। ਬੋਰਡ ਨੇ ਰਾਸ਼ਟਰੀ ਟੀਮ ਦੇ ਭਾਰਤ ਦੌਰੇ ‘ਤੇ ਸਲਾਹ ਮੰਗੀ ਹੈ। ਬੋਰਡ ਨੇ ਇਹ ਵੀ ਪੁੱਛਿਆ ਹੈ ਕਿ ਕੀ ਸਰਕਾਰ ਨੂੰ ਪਾਕਿਸਤਾਨ ਦੇ ਮੈਚਾਂ ਲਈ ਚੁਣੇ ਗਏ ਪੰਜ ਸਥਾਨਾਂ ‘ਚੋਂ ਕਿਸੇ ‘ਤੇ ਕੋਈ ਇਤਰਾਜ਼ ਹੈ।
PCB ਨੇ ਕਿਹਾ ਕਿ ਪਿਛਲੇ ਮੰਗਲਵਾਰ ਵਿਸ਼ਵ ਕੱਪ ਦੇ ਕਾਰਜਕ੍ਰਮ ਦੀ ਘੋਸ਼ਣਾ ਦੇ ਤੁਰੰਤ ਬਾਅਦ ਉਨ੍ਹਾਂ ਨੇ ਅੰਤਰ-ਸੂਬਾਈ ਤਾਲਮੇਲ ਮੰਤਰਾਲੇ (IPC) ਦੇ ਜ਼ਰੀਏ ਆਪਣੇ ਸਰਪ੍ਰਸਤ ਪ੍ਰਧਾਨ ਮੰਤਰੀ ਮੁਹੰਮਦ ਸ਼ਾਹਬਾਜ਼ ਸ਼ਰੀਫ਼ ਨੂੰ ਇੱਕ ਪੱਤਰ ਲਿਖਿਆ।” ਅਸੀਂ ਇਹ ਪੱਤਰ ਵਿਦੇਸ਼ ਮੰਤਰਾਲਾ ਅਤੇ ਗ੍ਰਹਿ ਮੰਤਰਾਲੇ ਨੂੰ ਵੀ ਭੇਜਿਆ ਹੈ। ਅਸੀਂ ਉਨ੍ਹਾਂ ਤੋਂ ਵਿਸ਼ਵ ਕੱਪ ‘ਚ ਹਿੱਸਾ ਲੈਣ ਦੀ ਇਜਾਜ਼ਤ ਮੰਗੀ ਹੈ।” ਉਨ੍ਹਾਂ ਅੱਗੇ ਕਿਹਾ, ”ਭਾਰਤ ਦਾ ਦੌਰਾ ਕਰਨ ਅਤੇ ਸਾਡੇ ਮੈਚਾਂ ਦੇ ਸਥਾਨ ‘ਤੇ ਖੇਡਣ ਨੂੰ ਲੈ ਕੇ ਇਜਾਜ਼ਤ ਦੇਣ ਦਾ ਫ਼ੈਸਲਾ ਪਾਕਿਸਤਾਨ ਸਰਕਾਰ ਦਾ ਇੱਕ ਵਿਸ਼ੇਸ਼ ਅਧਿਕਾਰ ਹੈ। ਸਾਨੂੰ ਆਪਣੀ ਸਰਕਾਰ ਦੇ ਫ਼ੈਸਲੇ ‘ਤੇ ਪੂਰਨ ਭਰੋਸਾ ਹੈ, ਅਤੇ ਜੋ ਵੀ ਸਲਾਹ ਦਿੱਤੀ ਜਾਵੇਗੀ ਅਸੀਂ ਉਸ ਦੀ ਪਾਲਣਾ ਕਰਾਂਗੇ।”
ਉਨ੍ਹਾਂ ਕਿਹਾ, ”ਇਹ ਪੂਰੀ ਤਰ੍ਹਾਂ ਨਾਲ ਪਾਕਿਸਤਾਨ ਸਰਕਾਰ ‘ਤੇ ਨਿਰਭਰ ਕਰਦਾ ਹੈ ਕਿ ਉਹ ਅਗਲੇ ਕਦਮਾਂ ‘ਤੇ ਸਾਨੂੰ ਸਲਾਹ ਦੇਣ ਤੋਂ ਪਹਿਲਾਂ ਉਹ ਕਿਹੜੀ ਪ੍ਰਕਿਰਿਆ ਦੀ ਪਾਲਣਾ ਕਰਨਾ ਚਾਹੁੰਦੀ ਹੈ। ਇਸ ਲਈ ਜੇਕਰ ਆਯੋਜਨ ਸਥਾਨਾਂ ਦਾ ਮੁਆਇਨਾ ਕਰਨ ਅਤੇ ਪ੍ਰਬੰਧਕਾਂ ਨਾਲ ਮੁਲਾਕਾਤ ਕਰਨ ਲਈ ਭਾਰਤ ‘ਚ ਇੱਕ ਅਗਾਊਂ ਟੀਮ ਭੇਜਣ ਦੀ ਜ਼ਰੂਰਤ ਹੋਈ ਤਾਂ PCB ਅਜਿਹਾ ਹੀ ਕਰੇਗਾ। ਇਹ ਫ਼ੈਸਲਾ ਪੂਰੀ ਤਰ੍ਹਾਂ ਸਰਕਾਰ ਦਾ ਹੋਵੇਗਾ।” ਰਿਪੋਰਟ ਮੁਤਾਬਿਕ ਇਹ ਪੱਤਰ 26 ਜੂਨ ਨੂੰ ਲਿਖਿਆ ਗਿਆ ਸੀ। ਇਸ ‘ਚ ਇਹ ਵੀ ਕਿਹਾ ਗਿਆ ਹੈ ਕਿ PCB ਨੇ ਪਾਕਿਸਤਾਨ ਦੇ ਮੈਚਾਂ ਦਾ ਸਮਾਂ ਸਰਕਾਰ ਨਾਲ ਸਾਂਝਾ ਕੀਤਾ ਹੈ।












