ਤੀਜੇ ਟੈੱਸਟ ‘ਚ ਕਦਮ ਰੱਖਦੇ ਹੀ ਸਮਿਥ ਰਚੇਗਾ ਇਤਿਹਾਸ

ਲੰਡਨ: ਆਸਟ੍ਰੇਲੀਆ ਨੇ ਐਸ਼ੇਜ਼ ਸੀਰੀਜ਼ ਦੇ ਪਹਿਲੇ ਦੋ ਟੈੱਸਟ ਜਿੱਤ ਕੇ ਮਹੱਤਵਪੂਰਣ ਬੜ੍ਹਤ ਬਣਾ ਲਈ ਹੈ, ਅਤੇ ਸੀਰੀਜ਼ ਦਾ ਤੀਜਾ ਟੈੱਸਟ 6 ਜੁਲਾਈ ਤੋਂ ਲੀਡਜ਼ ਦੇ ਹੈਡਿੰਗਲੇ ‘ਚ ਖੇਡਿਆ ਜਾਵੇਗਾ। ਆਸਟ੍ਰੇਲੀਆ ਜਿੱਥੇ ਐਸ਼ੇਜ਼ ਸੀਰੀਜ਼ ਦਾ ਤੀਜਾ ਟੈੱਸਟ ਜਿੱਤ ਕੇ ਸੀਰੀਜ਼ ‘ਤੇ ਕਬਜ਼ਾ ਕਰਨਾ ਚਾਹੇਗਾ, ਉਥੇ ਆਸਟ੍ਰੇਲੀਆ ਦਾ ਦਿੱਗਜ ਬੱਲੇਬਾਜ਼ ਸਟੀਵ ਸਮਿਥ ਤੀਜੇ ਟੈੱਸਟ ਦੌਰਾਨ ਇਤਿਹਾਸ ਰਚਣ ਵਾਲਾ ਹੈ। ਇਹ ਸਟੀਵ ਸਮਿਥ ਦਾ ਅੰਤਰਰਾਸ਼ਟਰੀ ਕ੍ਰਿਕਟ ‘ਚ 100ਵਾਂ ਟੈੱਸਟ ਮੈਚ ਹੋਵੇਗਾ, ਅਤੇ ਉਹ 100 ਟੈੱਸਟ ਮੈਚ ਖੇਡਣ ਵਾਲਾ 75ਵੇਂ ਖਿਡਾਰੀ ਬਣ ਜਾਵੇਗਾ। ਇਸ ਦੇ ਨਾਲ ਹੀ 100ਵੇਂ ਟੈੱਸਟ ‘ਚ ਉਹ ਇੱਕ ਵੱਡਾ ਰਿਕਾਰਡ ਵੀ ਆਪਣੇ ਨਾਂ ਦਰਜ ਕਰ ਲਵੇਗਾ।
ਸਮਿਥ 100ਵੇਂ ਟੈੱਸਟ ‘ਚ ਤੋੜ ਦੇਵੇਗਾ ਬ੍ਰਾਇਨ ਲਾਰਾ ਦਾ ਰਿਕਾਰਡ
ਸਟੀਵ ਸਮਿਥ ਐਸ਼ੇਜ਼ ਸੀਰੀਜ਼ ਦੇ ਤੀਜੇ ਟੈੱਸਟ ‘ਚ ਕਦਮ ਰੱਖਣ ਦੇ ਨਾਲ ਹੀ ਵੈੱਸਟ ਇੰਡੀਜ਼ ਦੇ ਮਹਾਨ ਬੱਲੇਬਾਜ਼ ਬ੍ਰਾਇਨ ਲਾਰਾ ਦਾ ਰਿਕਾਰਡ ਤੋੜ ਦੇਵੇਗਾ। ਦਰਅਸਲ 100 ਟੈੱਸਟ ਮੈਚਾਂ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਲਾਰਾ ਦੇ ਨਾਂ ਹੈ। ਲਾਰਾ ਨੇ 100 ਟੈੱਸਟਾਂ ‘ਚ 8,916 ਦੌੜਾਂ ਬਣਾਈਆਂ ਸਨ ਜਦਕਿ ਸਟੀਵ ਸਮਿਥ ਨੇ 99 ਟੈੱਸਟਾਂ ‘ਚ 9,113 ਦੌੜਾਂ ਬਣਾਈਆਂ ਹਨ। ਜਿਵੇਂ ਹੀ ਸਮਿਥ ਆਪਣੇ ਅਗਲੇ ਟੈੱਸਟ ਮੈਚ ਲਈ ਮੈਦਾਨ ‘ਚ ਉਤਰੇਗਾ ਤਾਂ ਉਹ 100 ਟੈੱਸਟ ਮੈਚਾਂ ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਆਪਣੇ ਨਾਂ ਕਰ ਲਵੇਗਾ, ਅਤੇ ਉਹ ਵੀ ਬਿਨਾ ਕੋਈ ਰਨ ਬਣਾਏ।
100 ਟੈੱਸਟ ਮੈਚਾਂ ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਟੌਪ-ਪੰਜ
ਬ੍ਰਾਇਨ ਲਾਰਾ-8,916 ਦੌੜਾਂ; ਕੁਮਾਰ ਸੰਗਾਕਾਰਾ-8,651 ਦੌੜਾਂ; ਯੂਨਿਸ ਖ਼ਾਨ-8,640 ਦੌੜਾਂ; ਰਾਹੁਲ ਦ੍ਰਾਵਿੜ-8,553 ਦੌੜਾਂ; ਮੈਥਿਊ ਹੇਡਨ-8,508 ਦੌੜਾਂ।
ਸਟੀਵ ਸਮਿਥ ਦਾ ਟੈੱਸਟ ਕਰੀਅਰ
ਆਸਟ੍ਰੇਲੀਆ ਦੇ ਮਹਾਨ ਬੱਲੇਬਾਜ਼ ਸਟੀਵ ਸਮਿਥ ਨੇ ਹੁਣ ਤਕ 99 ਟੈੱਸਟ ਮੈਚਾਂ ‘ਚ 59.56 ਦੀ ਸ਼ਾਨਦਾਰ ਔਸਤ ਨਾਲ ਕੁੱਲ 9,113 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਦੇ ਬੱਲੇ ਤੋਂ 32 ਸੈਂਕੜੇ ਅਤੇ 37 ਅਰਧ ਸੈਂਕੜੇ ਨਿਕਲ ਚੁੱਕੇ ਹਨ।